ਰੋਪੜ (ਸਮਾਜ ਵੀਕਲੀ) (ਰੋਮੀ ਘੜਾਮਾਂ) ਅੱਜ ਪ੍ਰੈਸ-ਨੋਟ ਜਾਰੀ ਕਰਦੇ ਹੋਏ ਸੀਟੂ (ਸੈਂਟਰ ਆਫ਼ ਇੰਡੀਅਨ ਟਰੇਡ ਯੂਨੀਅਨਸ) ਦੇ ਸੂਬਾ ਪ੍ਰਧਾਨ ਕਾਮਰੇਡ ਮਹਾਂ ਸਿੰਘ ਰੌੜੀ ਤੇ ਸਕੱਤਰ ਕਾ. ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਚੱਲ ਰਹੀ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਵਿੱਚ ਕਿਰਤ ਸੁਧਾਰ ਦੇ ਨਾਂ ‘ਤੇ ਕਿਰਤ ਕਾਨੂੰਨ 1958 ਦੀ ਉਲੰਘਣਾ ਕਰਕੇ ਛੋਟੇ ਕਾਰੋਬਾਰੀਆਂ ਕੋਲ਼ ਕੰਮ ਕਰਦੇ ਕਿਰਤੀਆਂ ਨੂੰ ਮਾਲਕਾਂ ਦੇ ਗੁਲਾਮ ਬਣਾਉਣ ਦਾ ਰਾਹ ਖੋਲ੍ਹਿਆ ਹੈ। ਜਿਸ ਦਾ ਸੀਟੂ ਪੁਰਜ਼ੋਰ ਵਿਰੋਧ ਕਰਦੀ ਹੈ। ਜਿੱਥੇ ਕੇਂਦਰ ਸਰਕਾਰ ਵੱਲੋਂ ਕਿਰਤੀ ਪੱਖੀ 29 ਕਿਰਤ ਕਾਨੂੰਨ ਖਤਮ ਕਰ ਕੇ ਮਜ਼ਦੂਰ ਮਾਰੂ ਚਾਰ ਕੋਡ ਬਣਾਏ ਹਨ। ਉਥੇ ਹੀ ਪੰਜਾਬ ਸਰਕਾਰ ਨੇ ਉਸ ਤੋਂ ਵੀ ਦੋ ਕਦਮ ਅੱਗੇ ਜਾ ਕੇ ਕਿਰਤੀ ਵਰਗ ਨੂੰ ਮਾਲਕਾਂ ਦੇ ਰਹਿਮੋਕਰਮ ਕਰਮ ‘ਤੇ ਛੱਡਣ ਦਾ ਰਾਹ ਅਖਤਿਆਰ ਕੀਤਾ ਹੈ। ਕੇਂਦਰ ਵੱਲੋਂ ਬਣਾਏ ਚਾਰ ਕੋਡਾਂ ਨੂੰ ਰੱਦ ਕਰਵਾਉਣ ਲਈ ਸੀਟੂ ਸਮੇਤ ਕੇਂਦਰੀ ਟਰੇਡ ਯੂਨੀਅਨਾਂ ਅਤੇ ਮੁਲਾਜ਼ਮ ਫੈਡਰੇਸ਼ਨਾਂ ਵੱਲੋਂ 09 ਜੁਲਾਈ ਨੂੰ ਦੇਸ਼-ਵਿਆਪੀ ਹੜਤਾਲ ਦਾ ਸੱਦਾ ਦਿੱਤਾ ਹੈ। ਪੰਜਾਬ ਸਰਕਾਰ ਵਿਰੁੱਧ ਵੀ ਕਿਰਤੀਆਂ ਵੱਲੋਂ ਸਥਾਨਕ ਪੱਧਰ ‘ਤੇ ਤਿੱਖਾ ਵਿਰੋਧ ਕੀਤਾ ਜਾਵੇਗਾ। ਇਸ ਮੌਕੇ ਸੀਟੂ ਜ਼ਿਲ੍ਹਾ ਨਵਾਂਸ਼ਹਿਰ ਦੇ ਜਨਰਲ ਸਕੱਤਰ ਕਾਮਰੇਡ ਜਸਵੰਤ ਸਿੰਘ ਸੈਣੀ, ਸਵਰਾਜ ਮਾਜ਼ਦਾ ਕੰਟਰੈਕਟ ਡਰਾਈਵਰ ਵਰਕਰ ਯੂਨੀਅਨ ਦੇ ਜਨਰਲ ਸਕੱਤਰ ਪ੍ਰਮਿੰਦਰ ਸਿੰਘ ਕੰਗ, ਰੋਪੜ ਜ਼ਿਲ੍ਹਾ ਆਗੂ ਕਾ. ਰਾਮ ਸਿੰਘ ਸੈਣੀਮਾਜਰਾ, ਉਸਾਰੀ ਮਜ਼ਦੂਰਾਂ ਦੇ ਆਗੂ ਕਾ. ਪੇ੍ਮ ਚੰਦ ਜੱਟਪੁਰਾ ਅਤੇ ਹੋਰ ਹਮਖਿਆਲ ਸਾਥੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



