(ਸਮਾਜ ਵੀਕਲੀ)
ਗੁਨਾਹਾਂ ਤੇ ਪਰਦੇ ਪਾ ਲਏਂਗਾ,
ਬੇਸ਼ਕ ਸਭ ਤੋਂ ਛੁਪਾ ਲਏਂਗਾ।
ਹਿਸਾਬ ਤਾਂ ਆਖ਼ਰ ਦੇਣਾ ਪੈਣਾ,
ਕਦ ਤੱਕ ਦੱਸ ਲੁਕਾ ਲਏਂਗਾ?
ਹੌਲ਼ੀ-ਹੌਲ਼ੀ ਨਬੇੜਨ ਲੱਗ ਜਾ,
ਕਰਜ਼ਾ ਕੁਝ ਕੁ ਚੁਕਾ ਲਏਂਗਾ।
ਈਮਾਨ ਨੂੰ ਜ਼ਿੰਦਾ ਕਰ ਕੇ ਵੇਖ਼,
ਆਖ਼ਰੀ ਕਿਸ਼ਤ ਮੁਕਾ ਲਏਂਗਾ।
ਧੌਣ ‘ਚੋਂ ਸਰੀਆ ਕੱਢ ਕੇ ਬਾਹਰ,
ਸਿਰ ਨੂੰ ਜੇਕਰ ਝੁਕਾ ਲਏਂਗਾ।
ਪੱਥਰ ਬਣਕੇ ਖੜ੍ਹ ਗਿਆ ਜਿੱਥੇ,
ਪਾਣੀ ਦਾ ਰਾਹ ਰੁਕਾ ਲਏਂਗਾ।
ਮਿਹਨਤ ਦਾ ਚੱਕਾ ਤੇਜ਼ ਕਰਕੇ,
ਹੋਣੀ ਦਾ ਗੇੜ ਘੁੰਮਾ ਲਏਂਗਾ।
‘ਮਨਜੀਤ’ ਦਾ ਕਹਿਣਾ ਮੰਨੇ ਜੇ,
ਦਿਲ ਦੇ ਸ਼ੌਂਕ ਪੁਗਾ ਲਏਂਗਾ।
ਮਨਜੀਤ ਕੌਰ ਧੀਮਾਨ, ਸ਼ੇਰਪੁਰ, ਲੁਧਿਆਣਾ।
ਸੰ:9464633059