ਆਗਾਮੀ ਚੋਣਾਂ ਜਿੱਤਣ ਲਈ ਭਾਜਪਾ ਖ਼ਿਲਾਫ਼ ਇਕਜੁੱਟ ਹੋਣ ਦਾ ਵੇਲਾ: ਸੋਨੀਆ

Congress interim chief Sonia Gandhi

 

  • ਕਾਂਗਰਸ ਸਣੇ 19 ਵਿਰੋਧੀ ਪਾਰਟੀਆਂ ਦੀ ਹੋਈ ਆਨਲਾਈਨ ਬੈਠਕ
  • ਮੋਦੀ ਸਰਕਾਰ ’ਤੇ ਲੋਕ ਹਿੱਤਾਂ ਉਤੇ ਚਰਚਾ ਤੋਂ ਭੱਜਣ ਦਾ ਦੋਸ਼ ਲਾਇਆ

ਨਵੀਂ ਦਿੱਲੀ, (ਸਮਾਜ ਵੀਕਲੀ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਅੱਜ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਕਿਹਾ ਕਿ ਹੁਣ ਸਿਆਸੀ ਮਜਬੂਰੀਆਂ ਤੋਂ ਉੱਪਰ ਉੱਠ 2024 ਦੀਆਂ ਲੋਕ ਸਭਾ ਚੋਣਾਂ ਜਿੱਤਣ ਦੇ ‘ਇਕੋ-ਇਕ ਮੰਤਵ’ ਨੂੰ ਸਾਕਾਰ ਕਰਨ ਦਾ ਸਮਾਂ ਆ ਗਿਆ ਹੈ। ਕਾਂਗਰਸ ਪ੍ਰਧਾਨ ਨੇ ਅੱਜ ਭਾਜਪਾ ਵਿਰੋਧੀ ਤਾਕਤਾਂ ਦੇ ਵਿਆਪਕ ਏਕੇ ਦਾ ਸੱਦਾ ਵੀ ਦਿੱਤਾ। ਸੋਨੀਆ ਨੇ ਕਿਹਾ ਕਿ ‘ਦੇਸ਼ ਦੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਆਪਣੇ ਵਿਅਕਤੀਗਤ ਤੇ ਸਮੂਹਿਕ ਸੰਕਲਪ ਉਤੇ ਮੁੜ ਜ਼ੋਰ ਦੇਣ ਦਾ ਸਭ ਤੋਂ ਢੁੱਕਵਾਂ ਮੌਕਾ ਹੈ। ਮੈਂ ਇਹੀ ਕਹਾਂਗੀ ਕਿ ਕਾਂਗਰਸ ਵੱਲੋਂ ਕੋਈ ਕਮੀ ਨਹੀਂ ਛੱਡੀ ਜਾਵੇਗੀ।’ ਕਾਂਗਰਸ ਪ੍ਰਧਾਨ ਨੇ 19 ਵਿਰੋਧੀ ਪਾਰਟੀਆਂ ਨੂੰ 2024 ਦੀਆਂ ਲੋਕ ਸਭਾ ਚੋਣਾਂ ਲਈ ਇਕਜੁੱਟ ਹੋਣ ਦਾ ਸੱਦਾ ਦਿੱਤਾ ਤੇ ਕਿਹਾ ਕਿ ਦੇਸ਼ ਦੀਆਂ ਸੰਵਿਧਾਨਕ ਤਜਵੀਜ਼ਾਂ ਤੇ ਸੁਤੰਤਰਤਾ ਅੰਦੋਲਨ ਦੀਆਂ ਕਦਰਾਂ-ਕੀਮਤਾਂ ਵਿਚ ਵਿਸ਼ਵਾਸ ਰੱਖਣ ਵਾਲੀ ਸਰਕਾਰ ਦੇ ਗਠਨ ਲਈ ਵਿਰੋਧੀ ਪਾਰਟੀਆਂ ਨੂੰ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠਣਾ ਪਵੇਗਾ।

ਕਾਂਗਰਸ ਪ੍ਰਧਾਨ ਨੇ ਕਿਹਾ ‘ਯਕੀਨੀ ਤੌਰ ਉਤੇ ਸਾਡਾ ਟੀਚਾ 2024 ਦੀਆਂ ਲੋਕ ਸਭਾ ਚੋਣਾਂ ਹਨ। ਸਾਨੂੰ ਦੇਸ਼ ਨੂੰ ਇਕ ਅਜਿਹੀ ਸਰਕਾਰ ਦੇਣ ਦੇ ਮੰਤਵ ਨਾਲ ਯੋਜਨਾਬੱਧ ਤਰੀਕੇ ਨਾਲ ਅੱਗੇ ਵਧਣ ਦੀ ਲੋੜ ਹੈ ਜੋ ਆਜ਼ਾਦੀ ਲਈ ਚੱਲੇ ਅੰਦੋਲਨ ਦੀਆਂ ਕਦਰਾਂ-ਕੀਮਤਾਂ ਤੇ ਸੰਵਿਧਾਨਕ ਸਿਧਾਂਤਾਂ ਤੇ ਕਦਰਾਂ ਕੀਮਤਾਂ ਉਤੇ ਵਿਸ਼ਵਾਸ ਕਰਦੀ ਹੋਵੇ।’ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਕ ਚੁਣੌਤੀ ਹੈ ਪਰ ਅਸੀਂ ਮਿਲ-ਜੁਲ ਕੇ ਇਸ ਤੋਂ ਪਾਰ ਪਾ ਸਕਦੇ ਹਾਂ ਕਿਉਂਕਿ ਮਿਲ ਕੇ ਕੰਮ ਕਰਨ ਤੋਂ ਇਲਾਵਾ ਹੋਰ ਕੋਈ ਬਦਲ ਨਹੀਂ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਦੀਆਂ ਆਪਣੀਆਂ ਮਜਬੂਰੀਆਂ ਹਨ ਪਰ ਹੁਣ ਸਮਾਂ ਆ ਗਿਆ ਹੈ ਕਿ ਜਦ ਰਾਸ਼ਟਰ ਹਿੱਤ ਇਹ ਮੰਗ ਕਰਦਾ ਹੈ ਕਿ ਅਸੀਂ ਆਪਣੀਆਂ ਮਜਬੂਰੀਆਂ ਤੋਂ ਉੱਪਰ ਉੱਠੀਏ। ਵਿਰੋਧੀ ਪਾਰਟੀਆਂ ਦੀ ਇਸ ਵਰਚੁਅਲ ਬੈਠਕ ਵਿਚ ਐਨਸੀਪੀ ਦੇ ਸ਼ਰਦ ਪਵਾਰ, ਟੀਐਮਸੀ ਦੀ ਮਮਤਾ ਬੈਨਰਜੀ, ਸ਼ਿਵ ਸੈਨਾ ਦੇ ਊਧਵ ਠਾਕਰੇ ਤੇ ਡੀਐਮਕੇ ਦੇ ਐਮ.ਕੇ. ਸਟਾਲਿਨ ਨੇ ਹਿੱਸਾ ਲਿਆ।

ਕਾਂਗਰਸ ਪ੍ਰਧਾਨ ਸੋਨੀਆ ਸਣੇ 19 ਵਿਰੋਧੀ ਧਿਰਾਂ ਦੇ ਆਗੂਆਂ ਨੇ ਡਿਜੀਟਲ ਬੈਠਕ ਵਿਚ ਸੰਸਦ ਦੇ ਹਾਲੀਆ ਮੌਨਸੂਨ ਇਜਲਾਸ ਦੌਰਾਨ ਨਜ਼ਰ ਆਈ ਵਿਰੋਧੀ ਧਿਰਾਂ ਦੀ ਇਕਜੁੱਟਤਾ ਦਾ ਜ਼ਿਕਰ ਕੀਤਾ ਤੇ ਕਿਹਾ ‘ਮੈਨੂੰ ਭਰੋਸਾ ਹੈ ਕਿ ਇਹ ਇਕਜੁੱਟਤਾ ਸੰਸਦ ਦੇ ਅਗਲੇ ਸੈਸ਼ਨਾਂ ਵਿਚ ਵੀ ਬਣੀ ਰਹੇਗੀ। ਪਰ ਵਿਆਪਕ ਸਿਆਸੀ ਜੰਗ ਸੰਸਦ ਤੋਂ ਬਾਹਰ ਲੜੀ ਜਾਣੀ ਹੈ। ਸੋਨੀਆ ਨੇ ਕਿਹਾ ਕਿ ਮੌਨਸੂਨ ਇਜਲਾਸ ਸਰਕਾਰ ਦੇ ਹੰਕਾਰੀ ਰਵੱਈਏ ਕਾਰਨ ਨਹੀਂ ਚੱਲ ਸਕਿਆ। ਸਰਕਾਰ ਲੋਕ ਹਿੱਤ ਨਾਲ ਜੁੜੇ ਕਈ ਅਹਿਮ ਮੁੱਦਿਆਂ ਜਿਵੇਂ ਕਿ ‘ਕਿਸਾਨ ਵਿਰੋਧੀ’ ਖੇਤੀ ਕਾਨੂੰਨਾਂ, ਪੈਗਾਸਸ, ਮਹਿੰਗਾਈ ’ਤੇ ਚਰਚਾ ਤੋਂ ਮੁੱਕਰਦੀ ਰਹੀ ਹੈ। ਸੰਘਵਾਦ ਤੇ ਲੋਕਤੰਤਰ ਲਈ ਪੈਦਾ ਹੋਏ ਖ਼ਤਰਿਆਂ ’ਤੇ ਵੀ ਵਿਚਾਰ-ਚਰਚਾ ਨਹੀਂ ਕੀਤੀ ਗਈ।

ਸੋਨੀਆ ਨੇ ਮੀਟਿੰਗ ਵਿਚ ਕਿਹਾ ਕਿ ਵਿਰੋਧੀ ਧਿਰਾਂ ਦੇ ਸੰਘਰਸ਼ ਤੋਂ ਬਾਅਦ ਸਰਕਾਰ ਨੂੰ ਟੀਕਿਆਂ ਦੀ ਖ਼ਰੀਦ ਵਿਚ ਕੁਝ ਬਦਲਾਅ ਕਰਨੇ ਪਏ ਸਨ। ਮੀਟਿੰਗ ਵਿਚ ਹੇਮੰਤ ਸੋਰੇਨ (ਜੇਐਮਐਮ), ਫਾਰੂਕ ਅਬਦੁੱਲਾ (ਐਨਸੀ) ਤੇ ਮਹਿਬੂਬਾ ਮੁਫ਼ਤੀ (ਪੀਡੀਪੀ), ਸੀਤਾਰਾਮ ਯੇਚੁਰੀ (ਸੀਪੀਐਮ), ਡੀ. ਰਾਜਾ (ਸੀਪੀਆਈ), ਸ਼ਰਦ ਯਾਦਵ (ਐਲਜੇਡੀ) ਨੇ ਵੀ ਹਿੱਸਾ ਲਿਆ। ਬੈਠਕ ਵਿਚ ‘ਆਪ’, ‘ਬਸਪਾ’ ਤੇ ‘ਸਪਾ’ ਦੇ ਆਗੂ ਹਾਜ਼ਰ ਨਹੀਂ ਸਨ। ਇਸੇ ਦੌਰਾਨ ਬੈਠਕ ਵਿਚ ਆਰਜੇਡੀ ਆਗੂ ਤੇਜਸਵੀ ਯਾਦਵ ਨੇ ਕਿਹਾ ਕਿ ਖੇਤਰੀ ਪਾਰਟੀਆਂ ਨੂੰ ਉਨ੍ਹਾਂ ਇਲਾਕਿਆਂ ਵਿਚ ਤਰਜੀਹ ਮਿਲਣੀ ਚਾਹੀਦੀ ਹੈ ਜਿੱਥੇ ਉਹ ਮਜ਼ਬੂਤ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਚੋਣਾਂ ਦੇ ਮਾਮਲੇ ਵਿਚ ਧਾਰ ਤਿੱਖੀ ਕਰਨ ਤੇ ਨਵੇਂ ਤੌਰ-ਤਰੀਕੇ ਅਪਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੇ ਏਜੰਡੇ ਉਤੇ ਹੀ ਚੋਣ ਲੜਨੀ ਚਾਹੀਦੀ ਹੈ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਣਜੀਤ ਸਿੰਘ ਖੋਜੇਵਾਲ ਵੱਲੋਂ ਸੰਤਪੁਰਾ ਨਿਵਾਸੀਆਂ ਨਾਲ ਵਿਚਾਰ ਵਟਾਂਦਰਾ ਮੀਟਿੰਗ ਕੀਤੀ ਗਈ
Next articleਹੋਰਨਾਂ ਪਾਰਟੀਆਂ ਦਾ ਆਸਰਾ ਲੈਣ ਲਈ ਮਜਬੂਰ ਹੋਈ ਕਾਂਗਰਸ: ਭਾਜਪਾ