(ਸਮਾਜ ਵੀਕਲੀ)-ਬੇਸ਼ੱਕ ਸਮੇਂ ਦੀ ਰਫਤਾਰ ਬੜੀ ਤੇਜ਼ ਹੈ ਪਰ ਇਹ ਸਹਿਜੇ ਹੀ ਆਪਣੀ ਚਾਲੇ ਤੁਰਦਾ ਹੈ । ਇਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਤਾਂ ਨਹੀਂ ਆਉਂਦਾ ਪਰ ਇਹ ਕਈ ਵਾਰੀ ਆਪਣੇ-ਆਪ ਨੂੰ ਦੁਹਰਾਉਂਦਾ ਜਰੂਰ ਰਹਿੰਦਾ ਹੈ ਜਾ ਇੰਜ ਕਹੀਏ ਕੁਝ ਉਹ ਪਲ ਜੋ ਯਾਦ ਬਣ ਚੁੱਕੇ ਹੁੰਦੇ ਹਨ ,ਕਦੇ ਕਦਾਈਂ ਮੁੜ ਇੰਨ ਬਿਨ ਉਵੇਂ ਸਾਹਮਣੇ ਆ ਖਲੋਂਦੇ ਹਨ।ਪਿਛਲੇ ਦਿਨੀਂ ਕੁਝ ਮੇਰੇ ਨਾਲ ਵੀ ਇੰਝ ਹੀ ਹੋਇਆ ਜਦ 30 ਸਾਲ ਪਹਿਲਾਂ ਦੀ ਇਕ ਖੁਸ਼ਗਵਾਰ ਯਾਦ ਫਿਲਮ ਵਾਂਗ ਦਿਲ ਦੇ ਚਿੱਤਰਪੱਟ ਤੇ ਘੁੰਮ ਗਈ, ਓਹਨੀਂ ਦਿਨੀਂ ਮੈਂ ਫਾਰਮਾਸਿਸਟ ਵਜੋਂ ਪੰਜਾਬ ਦੇ ਸਿਹਤ ਵਿਭਾਗ ‘ਚ ਨੌਕਰ ਸਾਂ।ਅਸਾਡਾ ਪੁਸ਼ਤੈਨੀ ਧੰਦਾ ਗਹਿਣੇ ਬਣਾਉਣ ਦਾ ਹੈ ਮੇਰੇ ਦੂਸਰੇ ਚਾਰੇ ਭਰਾ ਸਵਰਨਕਾਰੀ ਦਾ ਕੰਮ ਕਰਦੇ ਸਨ ਤੇ ਅੱਜ ਵੀ ਕਰਦੇ ਹਨ।ਮੈਂ ਇਕੱਲਾ ਹੀ ਸਰਕਾਰੀ ਨੌਕਰ ਸਾਂ। ਇੱਕ ਦਿਨ ਮੇਰੇ ਪਿਤਾ ਜੀ ਦੇ ਮਨ ਵਿੱਚ ਪਤਾ ਨਹੀਂ ਕੀ ਆਇਆ ਉਹਨਾਂ ਸਹਿਜ ਸੁਭਾਅ ਹੀ ਪੁੱਛ ਲਿਆ, “ਭਾਈ ਤੇਰੀ ਤਨਖਾਹ ਕਿੰਨੀ ਹੈ”? ਮੈਂ ਕਿਹਾ ਜੀ ਕੱਟ ਕਟਾ ਕੇ 4200 ਕੁ ਸੌ ਮਿਲ ਜਾਂਦੀ ਹੈ । ਸੁਣ ਕੇ ਮੇਰੇ ਪਿਤਾ ਜੀ ਕੁਝ ਚਿੰਤਾਤੁਰ ਹੋ ਗਏ ਉਹਨਾਂ ਨੂੰ ਸ਼ਾਇਦ ਇਸ ਤਰ੍ਹਾਂ ਲੱਗਿਆ ਜਿਵੇਂ ਐਨੀ ਕੁ ਆਮਦਨ ਨਾਲ ਮੇਰਾ ਗੁਜ਼ਾਰਾ, ਮੁਸ਼ਕਿਲ ਚਲਦਾ ਹੋਵੇਗਾ ਜਾਂ ਆਰਥਿਕ ਪੱਖੋਂ ਪੰਜਾਂ ਭਰਾਵਾਂ ਚੋਂ ਮੈਂ ਫਾਡੀ ਰਹਿ ਗਿਆ ਹੋਵਾਂ । ਦਰਅਸਲ ਉਹ ਆਪ 1955 ਦੇ ਗ੍ਰੈਜੂਏਟ ਸਨ ਪਰ ਉਹਨਾਂ ਨੌਕਰੀ ਨਾਲੋਂ ਪੁਸ਼ਤੈਨੀ ਧੰਦੇ ਨੂੰ ਹੀ ਪਹਿਲ ਦਿੱਤੀ ਸੀ ,ਉਹਨਾਂ ਦਾ ਆਪਣਾ ਗੁਜਾਰਾ ਸੋਹਣਾ ਚਲਦਾ ਸੀ ਤੇ ਉਹਨਾਂ ਮੇਰੇ ਦੂਜੇ ਭਰਾਵਾਂ ਨੂੰ ਵੀ ਸਵਰਨਕਾਰੀ ਦੇ ਵਧੀਆ ਕਾਰੋਬਾਰ ਚ ਪਾਇਆ । ਪਰਿਵਾਰ ਚੋਂ ਮੈਂ ਹੀ ਸਰਕਾਰੀ ਨੌਕਰ ਸਾਂ । ਉਹਨਾਂ ਨੂੰ ਲੱਗਿਆ ਕਿ ਮੈਨੂੰ ਵੀ ਸਵਰਨਕਾਰੀ ਚ ਪਾਉਣਾ ਚਾਹੀਦਾ ਸੀ। ਇਹ ਸੋਚ ਉਹਨਾਂ ਬੇਸ਼ੱਕ ਮੈਨੂੰ ਨੌਕਰੀ ਛੱਡਣ ਲਈ ਤਾਂ ਨਾ ਕਿਹਾ ਪਰ ਮੈਨੂੰ ਹੁਕਮ ਕਰ ਦਿੱਤਾ ਵੀ ਜਦੋਂ ਵੀ ਵਕਤ ਮਿਲੇ, ਦੁਕਾਨ ਤੇ ਜਾਇਆ ਕਰ ! ਆਪਣਾ ਕੰਮ ਸਿੱਖ ਲੈ। ਕਿਸੇ ਵੇਲੇ ਕੰਮ ਆਊ।ਖੈਰ ਮੈਂ ਪਿਤਾ ਜੀ ਦਾ ਕਹਿਣਾ ਸਿਰ ਮੱਥੇ ਮੰਨ ਕੇ , ਆਪਣੇ ਛੋਟੇ ਭਰਾ ਨੂੰ ਉਸਤਾਦ ਧਾਰ ਲਿਆ । ਪਿਤਾ ਜੀ ਦੇ ਹੁਕਮ ਮੁਤਾਬਕ ਗਹਿਣੇ ਬਣਾਉਣ ‘ਚ ਚੰਗਾ ਕਾਰੀਗਰ (ਸੁਨਿਆਰ) ਬਣ ਗਿਆ ਸਾਂ। ਹੁਣ ਜਦ ਮੈਂ ਫਾਰਮੇਸੀ ਅਫਸਰ ਵਜੋਂ ਸੇਵਾਮੁਕਤ ਹੋਣ ਉਪਰੰਤ ਆਪਣੇ ਬੇਟੇ ਕੋਲ ,ਜੋ ਕਿ ਟਰਾਂਸਪੋਰਟ ਦੇ ਕਾਰੋਬਾਰ ਚ ਹੈ, ਮਾਂਟ੍ਰਿਆਲ ਆਇਆ ਹੋਇਆ ਹਾਂ ।ਕੱਲ ਉਹ ਮੈਨੂੰ ਆਪਣਾ ਟਰਾਲਾ ਵਿਖਾਉਣ ਲੈ ਗਿਆ, ਟਰਾਂਸਪੋਰਟ ਮੇਰੇ ਲਈ ਨਵਾਂ ਕਾਰੋਬਾਰ ਹੈ ਮੈਂ ਉਤਸੁਕਤਾ ਵੱਸ ਕੁਝ ਜਾਣਕਾਰੀ ਹਾਸਲ ਕਰਨ ਲਈ ਸਵਾਲ ਤੇ ਸਵਾਲ ਪੁੱਛ ਰਿਹਾ ਸਾਂ।ਬੇਟਾ ਆਪਣੇ ਕਾਰੋਬਾਰ ਚ ਪੂਰੀ ਤਰ੍ਹਾਂ ਸੰਤੁਸ਼ਟ ਹੈ।ਹਰ ਸਵਾਲ ਦਾ ਜਵਾਬ ਖੁਸ਼ੀ ਦੇ ਰੌਂਅ ਚ ਦੇ ਰਿਹਾ ਸੀ। ਹਰ ਸੰਤੁਸ਼ਟ ਬੰਦੇ ਨੂੰ ਆਪਣਾ ਕਾਰੋਬਾਰ ਉਂਜ ਵੀ ਜਿਆਦਾ ਵਧੀਆ ਲਗਦਾ ਹੈ,ਉਹ ਮੁਸਕਰਾ ਕੇ ਕਹਿਣ ਲੱਗਿਆ “ਪਾਪਾ ਆਓ ਤੁਹਾਨੂੰ ਟਰਾਲਾ ਸਿਖਾਵਾਂ,ਛੇਤੀ ਸਿੱਖ ਜਾਉਂਗੇ ,ਸਿੱਖ ਲਉ ਕਦੇ ਕੰਮ ਆਊਗਾ”।ਮੈਂ ਹੱਸ ਕੇ ਕਿਹਾ “ਪੁੱਤ ਤੇਰੇ ਦਾਦਾ ਜੀ ਦੇ ਕਹਿਣ ਤੇ ਮੈਂ ਸੁਨਿਆਰ ਬਣ ਗਿਆ, ਤੇਰੇ ਕਹਿਣ ਤੇ ਡਰਾਈਵਰ ਬਣ ਜਾਣੈ, ਪਹਿਲਾਂ ਤੇਰੇ ਚਾਚੇ ਨੂੰ ਉਸਤਾਦ ਧਾਰਿਆ ਸੀ ਹੁਣ ਤੈਨੂੰ ਉਸਤਾਦ ਮੰਨਿਆ” ਏਨਾ ਕਹਿ ਕੇ ਸਟੇਰਿੰਗ ਤੇ ਜਾ ਬੈਠਾ।ਜਦੋਂ ਮੈਂ ਨੌਜਵਾਨ ਸਾਂ ਤਾਂ ਮੈਨੂੰ ਮੇਰੇ ਪਿਤਾ ਜੀ ਕੁਝ ਨਵਾਂ ਸਿੱਖਣ ਲਈ ਪ੍ਰੇਰਦੇ ਰਹੇ ਅਤੇ ਹੁਣ ਜਦੋਂ ਮੈਂ ਸੇਵਾਮੁਕਤ ਹਾਂ ਤਾਂ ਮੇਰਾ ਨੌਜਵਾਨ ਪੁੱਤਰ ਵੀ ਮੈਨੂੰ ਕੁਝ ਨਵਾਂ ਸਿੱਖਣ ਲਈ ਪ੍ਰੇਰਿਤ ਕਰ ਰਿਹਾ ਹੈ, ਦੋਸਤੋ ਸਿੱਖਣ ਸਿਖਾਉਣ ਦੀ ਕੋਈ ਵਿਸ਼ੇਸ਼ ਉਮਰ ਨਹੀਂ ਹੁੰਦੀ, ਸਾਰੀ ਜਿੰਦਗੀ ਬੰਦਾ ਸਿਖਿਆਰਥੀ ਰਹੇ ਤਾਂ ਉਤਸ਼ਾਹ ਬਣਿਆ ਰਹਿੰਦਾ ਹੈ ਕੁਝ ਨਵਾਂ ਕਰਨ ਲਈ….ਨਵੇਂ ਯਾਦਗਾਰੀ ਪਲ ਜੁੜਦੇ ਰਹਿੰਦੇ ਨੇ ਜ਼ਿੰਦਗੀ ਵਿੱਚ।
ਜ਼ਿੰਦਗੀ ਜਿੰਦਾਬਾਦ !
ਅਮਰਜੀਤ ਸਿੰਘ ਜੀਤ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly