ਸਮੇਂ ਦੀ ਲੋੜ ਹੈ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਣਾ ।।

(ਸਮਾਜ ਵੀਕਲੀ)

ਜਿਵੇ ਕਿ ਅਸੀ ਸਾਰੇ ਬਾਖੂਬੀ ਜਾਣਦੇ ਹਾਂ ਕਿ ਤਕਨਾਲੋਜੀ ਦੇ ਬਦਲਦੇ ਵਕਤ ਨੇ ਅਜੋਕੇ ਸਮਾਜ ਵਿੱਚ ਕੀ ਸਥਾਨ ਹਾਸਲ ਕਰ ਲਿਆ ਹੈ । ਛੋਟੇ ਛੋਟੇ ਬੱਚਿਆਂ ਤੋਂ ਲੈ ਨੌਜਵਾਨ ਵਰਗ ਦੇ ਲੋਕ ਤਕਨਾਲੋਜੀ ਦੇ ਜੰਜਾਲ ਵਿੱਚ ਕੁੱਝ ਇਸ ਪ੍ਰਕਾਰ ਫਸ ਚੁੱਕੇ ਹਨ ਜੋ ਆਪਣੇ ਮੂਲ , ਵਿਰਸੇ , ਨੈਤਿਕ ਕਦਰਾਂ – ਕੀਮਤਾਂ , ਪਰਿਵਾਰ ਅਤੇ ਗੁਰਬਾਣੀ ਤੋਂ ਬਹੁਤ ਦੂਰ ਹੁੰਦੇ ਜਾ ਰਹੇ ਹਨ । ਜੇ ਕਿਸੇ ਬੱਚੇ ਨੂੰ ਉਸ ਦੇ ਪਿਤਾ ਦਾ ਦਾਦੇ – ਪੜਦਾਦੇ ਦਾ ਨਾਂ ਪੁਛਿਆ ਜਾਵੇ ਤਾਂ ਉਸ ਨੂੰ ਜਵਾਬ ਨਹੀ ਆਉਂਦਾ ਪਰ ਇਸ ਦੇ ਉਲਟ ਫੋਨ ਵਿੱਚ ਆਇਆ ਕੋਈ ਨਵਾਂ ਐਪ ਜਾਂ ਗੇਮ ਹੋਵੇ ਤਾਂ ਬੱਚਿਆਂ ਨੂੰ ਉਸ ਬਾਰੇ ਜਾਣਕਾਰੀ ਬਹੁਤ ਚੰਗੀ ਤਰ੍ਹਾਂ ਹੁੰਦੀ ।

ਇਸਦੇ ਨਾਲ ਹੋਰ ਅਨੇਕਾਂ ਸਵਾਲ ਵੀ ਉੱਠਦੇ ਹਨ ਜਿਵੇਂ ਕਿ ਰੁਝਾਨ ਭਰੀ ਜਿੰਦਗੀ ਵਿੱਚ ਮਾਂ ਬਾਪ ਕੋਲ ਸਮਾਂ ਦੀ ਬਹੁਤ ਘਾਟ ਹੈ ਤੇ ਸਮਾਂ ਦੀ ਘਾਟ ਕਾਰਨ ਹੀ ਅਸੀ ਚੀਜਾਂ ਨੂੰ ਸੰਭਾਲ ਨਹੀ ਪਾਉਂਦੇ । ਪਰ ਅਸੀਂ ਕੁਝ ਵੀ ਨਾਕਾਰ ਨਹੀ ਸਕਦੇ । ਬਸ ਹਮੇਸ਼ਾ ਇਕ ਨਿੱਕੀ ਜਿਹੀ ਕੋਸ਼ਿਸ਼ ਕਰਦੇ ਰਹੋ ਜੋ ਕਦੇ ਨਾ ਕਦੇ ਕਿਸੇ ਵੱਡੇ ਸਬਕ ਦੇ ਰੂਪ ਵਿੱਚ ਜਰੂਰ ਸਾਹਮਣੇ ਆਏਗੀ । ਅਗਰ ਬੱਚੇ ਸਾਡੇ ਹਨ ਤਾਂ ਉਹਨਾ ਦਾ ਆਉਣ ਵਾਲਾ ਭਵਿੱਖ ਵੀ ਅਸੀ ਹੀ ਸੰਵਾਰਨਾ ਹੈ । ਜੇਕਰ ਅਸੀ ਵਿਅਸਤ ਹੋਣ ਦਾ ਠੱਪਾ ਲਗਾ ਕੇ ਅਗਾਂਹ ਭੱਜ ਦੇ ਰਹਾਂਗੇ ਤਾਂ ਉਸ ਦੇ ਫਲਸਰੂਪ ਸਾਡੇ ਕੋਲ ਕੁਝ ਨਹੀ ਬਚੇਗਾ । ਨੌਜਵਾਨੀ ਸਿਰਫ ਫੋਨਾਂ ਤੇ ਨਸ਼ਿਆ ਦੀ ਆਦੀ ਬਣੇਗੀ ।

ਅਜੋਕੇ ਸਮੇਂ ਵਿੱਚ ਮਾਂ ਪਿਉ ਨੂੰ ਬਹੁਤ ਵੱਡੀ ਜਰੂਰਤ ਮਹਿਸੂਸ ਹੋਵੇ ਕਿ ਸਾਡੇ ਬੱਚਿਆਂ ਨੂੰ ਇਤਿਹਾਸ ਨਾਲ ਜੋੜ ਕੇ ਉਹਨਾਂ ਨੂੰ ਸ਼ਹੀਦੀਆਂ , ਕੁਰਬਾਨੀਆਂ ਦਾ ਫਲਸਫਾ ਤੋਂ ਜਾਣੂ ਕਰਵਾਈਆ ਜਾਵੇ । ਫੋਨ ਦੀ ਉਚਿਤ ਵਰਤੋਂ ਕਰਨ ਮਗਰੋਂ ਉਹਨਾਂ ਨੂੰ ਬਜ਼ੁਰਗਾਂ ਨਾਲ ਜਾਂ ਗੁਰਬਾਣੀ ਦੇ ਲੜ ਲਾਇਆ ਜਾਵੇ । ਜੇਕਰ ਇਸ ਤਰ੍ਹਾਂ ਹਮੇਸ਼ਾ ਬੱਚਿਆਂ ਦਾ ਮਾਰਗ ਦਰਸ਼ਨ ਹੁੰਦਾ ਰਹੇ ਤਾਂ ਉਹ ਗਲਤ ਰਾਹ ਵੱਲ ਕਦੇ ਪੈਰ ਨਹੀ ਪੁੱਟਣਗੇ । ਇਕ ਚੰਗੇ ਨਾਗਰਿਕ ਦੀ ਤਰ੍ਹਾਂ ਹਰ ਕਦਮ ਤੇ ਆਪਣੇ ਫਰਜ ਨਿਭਾਉਣਗੇ । ਉਂਝ ਬੱਚੇ ਦੀ ਜਿੰਦਗੀ ਵਿੱਚ ਮਾਂ ਪਿਉ ਤੋਂ ਮਗਰੋਂ ਦੂਜਾ ਸਥਾਨ ਇਕ ਸਕੂਲ ਅਤੇ ਅਧਿਆਪਕ ਦਾ ਵੀ ਹੁੰਦਾ ਹੈ ਅਤੇ ਇਕ ਚੰਗਾ ਅਧਿਆਪਕ ਹੀ ਚੰਗੀ ਸਿੱਖਿਆ ਦੇ ਨਾਲ ਬੱਚੇ ਨੂੰ ਚੰਗਾ ਨਾਗਰਿਕ ਬਣਾ ਸਕਦਾ ਹੈ । ਘਰ ਦੇ ਨਾਲ ਨਾਲ ਬੱਚਿਆਂ ਨੂੰ ਸਕੂਲ ਵਿੱਚ ਅਜਿਹੀ ਸਿੱਖਿਆ ਦਿੱਤੀ ਜਾਵੇ ਤਾਂ ਜੋ ਬੱਚੇ ਆਪਣੇ ਵਿਰਸੇ ਅਤੇ ਇਤਿਹਾਸ ਨੂੰ ਭੁਲਾ ਕੇ ਲੱਚਰਤਾ, ਨਸ਼ੇ, ਬੇਅਦਬੀ ਅਤੇ ਬਦਤਮੀਜ਼ੀ ਦੇ ਰੁਝਾਨ ਵੱਲ ਨਾ ਜਾਣ ।

ਅੱਜ ਕੱਲ੍ਹ ਬੱਚਿਆਂ ਨੂੰ ਗੁਰੂ ਦੇ ਨਾਂ ਯਾਦ ਨਹੀ ਹੋਣਗੇ ਪਰ ਮਾਨਸਿਕਤਾ ਤੇ ਮਾੜਾ ਅਸਰ ਪਾਉਣ ਵਾਲਾ ਗਾਣਾ ਬੱਚਿਆਂ ਦੀ ਜੁਬਾਨ ਤੇ ਹਮੇਸ਼ਾ ਹੁੰਦਾ ਹੈ । ਕੀ ਅਸੀ ਇਸਤੋਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਜਾਂ ਨਸਲ ਮਹਿਫੂਜ ਹੈ ? ਨਹੀ ! ਜੇਕਰ ਇਹ ਸਭ ਇਸ ਤਰ੍ਹਾਂ ਚਲਦਾ ਰਿਹਾ ਜਾਂ ਇਸ ਰੁਖ ਨੂੰ ਨਾ ਮੋੜਿਆ ਗਿਆ ਤਾਂ ਸਾਡਾ ਵਿਰਸਾ, ਸੱਭਿਆਚਾਰ ਤੇ ਇਤਿਹਾਸ ਵਖਤ ਦੀਆਂ ਕਿਤਾਬਾਂ ਦੇ ਵਰਕਿਆਂ ਤੇ ਹੀ ਲਿਖਿਆ ਰਹਿ ਜਾਏਗਾ ਤੇ ਤਕਨੀਕ ਆਪਣੇ ਅਨੋਖੇ ਤੇ ਮਾਰੂ ਹਥਿਆਰ ਨਾਲ ਨੌਜਵਾਨੀ ਨੂੰ ਗੁਲਾਮੀ ਤੇ ਜੰਜੀਰ ਵਿੱਚ ਬੰਨ੍ਹ ਕੇ ਰੱਖ ਲਵੇਗੀ ਅਤੇ ਬਾਕੀ ਰਹਿੰਦੀ ਕਸਰ, ਨਸ਼ੇ ਪੰਜਾਬ ਦੀ ਹਿੱਕ ਉਤੇ ਨੱਚਦੇ ਮਿਲਣਗੇ ਤੇ ਪੰਜਾਬ ਨੂੰ ਸੰਭਾਲਣ ਵਾਲੀ ਜਵਾਨੀ ਸੜਕਾਂ ਤੇ ਨਾਲੀਆਂ ਦੇ ਕੰਢਿਆਂ ਉਤੇ ਮਿਲੇਗੀ ।

ਸੋ ਹੁਣ ਸਾਨੂੰ ਸਭ ਨੂੰ ਭਾਵੇ ਸਾਰੇ ਸਮਾਜ ਨੂੰ ਲੋੜ ਹੈ ਕਿ ਅਸੀ ਆਪਣੇ ਪੰਜਾਬ ਨੂੰ ਤੇ ਉਸ ਦੀ ਰੰਗਤ ਨੂੰ ਬਰਕਰਾਰ ਰੱਖਣ ਲਈ ਕੁਰੀਤੀਆਂ ਨੂੰ ਸਾੜ ਕੇ ਆਪਣੇ ਬੱਚਿਆਂ ਨੂੰ ਗੁਰੂ ਦੇ ਇਤਿਹਾਸ ਤੇ ਗੁਰਬਾਣੀ ਨਾਲ ਜੋੜੀਏ । ਉਹਨਾ ਨੂੰ ਆਪਣੇ ਇਤਿਹਾਸ ਤੋਂ ਜਾਣੂ ਕਰਵਾਈਏ ਤਾਂ ਜੋ ਸਾਡਾ ਬੁਢਾਪੇ ਕਿਸੇ ਪਛਤਾਵੇ ਵਿੱਚ ਨਾ ਗੁਜਰੇ ।

ਸਿਮਰਨਜੀਤ ਕੌਰ ਸਿਮਰ
ਫੋਨ :- 7814433063

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article‘ਘਰ ਦੀ ਸਫਾਈ’
Next articleਏਹੁ ਹਮਾਰਾ ਜੀਵਣਾ ਹੈ -105