ਕਾਲ,ਕਾਲ਼ ਅਤੇ ਅਕਾਲ ਸ਼ਬਦਾਂ ਦੀ ਆਪਸੀ ਸਾਂਝ ਅਤੇ ਵਖਰੇਵਾਂ

ਜਸਵੀਰ ਸਿੰਘ ਪਾਬਲਾ

ਜਸਵੀਰ ਸਿੰਘ ਪਾਬਲਾ

(ਸਮਾਜ ਵੀਕਲੀ) ਓਪਰੀ ਨਜ਼ਰੇ ਦੇਖਿਆਂ ਭਾਵੇਂ ਇੰਞ ਜਾਪਦਾ ਹੈ ਕਿ ਉਪਰੋਕਤ ਸਿਰਲੇਖ ਵਾਲ਼ੇ ਇਹ ਤਿੰਨੇ ਸ਼ਬਦ ਵੱਖ-ਵੱਖ ਹਨ। ਇਹਨਾਂ ਦੇ ਅਰਥ ਵੀ ਵੱਖੋ-ਵੱਖਰੇ ਹਨ ਤੇ ਅਰਥਾਂ ਪੱਖੋਂ ਇਹਨਾਂ ਦੀ ਕੋਈ ਆਪਸੀ ਸਾਂਝ ਵੀ ਦਿਖਾਈ ਨਹੀਂ ਦਿੰਦੀ ਪਰ ਅਸਲੀਅਤ ਇਹ ਹੈ ਕਿ ਇਹ ਤਿੰਨੇ ਸ਼ਬਦ ਇੱਕ ਹੀ ਮੂਲ ਸ਼ਬਦ “ਕਾਲ” ਤੋਂ ਬਣੇ ਹੋਏ “ਅਕਾਲ” ਸ਼ਬਦ ਤੋਂ ਹੀ ਹੋਂਦ ਵਿੱਚ ਆਏ ਹਨ। ਸਭ ਤੋਂ ਵੱਡੀ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਤਿੰਨਾਂ ਸ਼ਬਦਾਂ ਵਿੱਚ ਕਾਲ ਸ਼ਬਦ ਦੇ ਅਰਥ ਵੀ ਸਾਂਝੇ ਹਨ। ਇਹਨਾਂ ਵਿਚਲਾ ਸਾਂਝਾ ਸ਼ਬਦ “ਕਾਲ” ਸੰਸਕ੍ਰਿਤ ਮੂਲ ਦਾ ਸ਼ਬਦ ਹੈ ਜਿਸ ਦੇ ਅਰਥ ਹਨ- ਸਮਾਂ। ਇਸੇ ਸ਼ਬਦ ਤੋਂ ਹੀ “ਅਕਾਲ” ਸ਼ਬਦ ਵੀ ਬਣਿਆ ਹੋਇਆ ਹੈ। ਸਿੱਖ ਧਰਮ ਨਾਲ਼ ਸੰਬੰਧਿਤ ਲੋਕ ਇੱਕ-ਦੂਜੇ ਨੂੰ ਮਿਲ਼ਨ ਸਮੇਂ “ਸਤਿ ਸ੍ਰੀ ਅਕਾਲ” ਸ਼ਬਦਾਂ ਦਾ ਇਸਤੇਮਾਲ ਕਰਦੇ ਹਨ। ਸਿੱਖਾਂ ਦੇ ਗੜਗੱਜ-ਬੋਲੇ “ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ” ਵਿੱਚ ਵੀ ਇਹ ਸ਼ਬਦ ਸ਼ਾਮਲ ਹਨ। ਇਹਨਾਂ ਸਾਰੇ ਸ਼ਬਦਾਂ ਵਿੱਚ “ਅਕਾਲ” ਸ਼ਬਦ “ਅਕਾਲ ਪੁਰਖ” ਅਰਥਾਤ ਪਰਮਾਤਮਾ ਲਈ ਵਰਤਿਆ ਗਿਆ ਹੈ।
ਅਕਾਲ (ਅ+ਕਾਲ) ਸ਼ਬਦ ਦੀ ਬਣਾਵਟ ਤੋਂ ਪਤਾ ਲੱਗਦਾ ਹੈ ਕਿ ਇਹ ਸ਼ਬਦ “ਕਾਲ” (ਸਮਾਂ) ਸ਼ਬਦ ਤੋਂ ਹੀ ਬਣਿਆ ਹੋਇਆ ਹੈ। ਭੂਤ ਕਾਲ, ਵਰਤਮਾਨ ਕਾਲ ਅਤੇ ਭਵਿੱਖਤ ਕਾਲ ਆਦਿ ਸ਼ਬਦ ਵੀ ਇਸੇ ਤੋਂ ਹੀ ਬਣੇ ਹੋਏ ਹਨ।  ਅਕਾਲ ਸ਼ਬਦ ਵਿੱਚ ਇਸੇ ਕਾਲ ਸ਼ਬਦ ਦੇ ਅੱਗੇ ਕਿਉਂਕਿ ਅ ਅਗੇਤਰ ਲੱਗਿਆ ਹੋਇਆ ਹੈ ਅਤੇ ਇਸ ਅਗੇਤਰ (ਅ) ਦੇ ਅਰਥ ਹੁੰਦੇ ਹਨ: ਬਿਨਾਂ, ਮੁਕਤ ਜਾਂ ਰਹਿਤ ਆਦਿ ਇਸ ਲਈ ਇਸ “ਅਕਾਲ” (ਅ+ ਕਾਲ= ਬਿਨਾਂ ਜਾਂ ਰਹਿਤ + ਸਮਾਂ) ਸ਼ਬਦ ਦੇ ਅਰਥ ਬਣੇ: “ਸਮੇਂ ਦੇ ਬੰਧਨਾਂ ਤੋਂ ਮੁਕਤ”। ਇੱਥੇ “ਅਕਾਲ” ਸ਼ਬਦ, ਅਕਾਲ ਪੁਰਖ ਅਰਥਾਤ ਪਰਮਾਤਮਾ ਲਈ ਵਰਤਿਆ ਗਿਆ ਹੈ ਜੋਕਿ ਸਮੇਂ ਦੇ ਬੰਧਨਾਂ ਤੋਂ ਮੁਕਤ ਭਾਵ ਜਨਮ-ਮਰਨ ਦੇ ਚੱਕਰਾਂ ਤੋਂ ਰਹਿਤ ਹੈ। “ਸਤਿ ਸ੍ਰੀ ਅਕਾਲ” ਸ਼ਬਦਾਂ ਵਿੱਚ ਸੱਚੇ ਅਕਾਲ ਪੁਰਖ (ਪਰਮਾਤਮਾ) ਦੀ ਵਡਿਆਈ ਕੀਤੀ ਗਈ ਹੈ। “ਅਕਾਲੀ” ਅਤੇ “ਅਕਾਲ ਤਖ਼ਤ” ਸ਼ਬਦ ਵੀ ਇਸੇ ਤੋਂ ਹੀ ਬਣੇ  ਹੋਏ ਹਨ। ਅਕਾਲ ਸ਼ਬਦ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਕਈ ਵਾਰ ਆਇਆ ਹੈ, ਜਿਵੇਂ:
–ਅਕਾਲ ਮੂਰਤਿ ਅਜੂਨੀ ਸੈਭੰ॥
–ਅਕਾਲ ਪੁਰਖ ਅਗਾਧਿ ਬੋਧ॥
ਕੁਝ ਲੋਕਾਂ ਦਾ ਵਿਚਾਰ ਹੈ ਕਿ “ਸਤਿ ਸ੍ਰੀ ਅਕਾਲ” ਸ਼ਬਦਾਂ ਵਿੱਚ ਸਹੀ ਸ਼ਬਦ ਅਕਾਲ ਨਹੀ ਸਗੋਂ “ਆਕਾਲ” ਹੈ। ਇਹ ਧਾਰਨਾ ਸਰਾਸਰ ਗ਼ਲਤ ਹੈ। ਇਸ ਦਾ ਕਾਰਨ ਇਹ ਹੈ ਕਿ ਅਕਾਲ ਸ਼ਬਦ ਵਿੱਚ ਵਰਤੇ ਗਏ “ਅ” ਅਗੇਤਰ ਵਾਂਗ “ਆ”  ਵੀ ਇੱਕ ਅਗੇਤਰ ਹੈ ਜਿਸ ਦੇ ਅਰਥ “ਅ” ਅਗੇਤਰ ਦੇ ਅਰਥਾਂ ਤੋਂ ਉਲਟ; ਸਮੇਤ ਜਾਂ ਨਾਲ਼ ਆਦਿ ਹੁੰਦੇ ਹਨ। ਇਸ ਨਾਲ਼ ਬਣਨ ਵਾਲ਼ੇ ਕੁਝ ਸ਼ਬਦ ਹਨ: ਆਧਾਰ, ਆਸਾਰ, ਆਕਾਰ, ਆਵੇਸ਼, ਆਭਾਸ, ਆਲੋਚਨਾ, ਆਕ੍ਰਿਤੀ ਆਦਿ। ਇਸ ਲਈ ਜੇਕਰ ਅਸੀਂ “ਅਕਾਲ” ਦੀ ਥਾਂ “ਆਕਾਲ” ਸ਼ਬਦ ਲਿਖਾਂਗੇ ਤਾਂ “ਆਕਾਲ” ਦੇ ਅਰਥ ਹੋ ਜਾਣਗੇ- ਮੌਤ ਸਹਿਤ ਅਰਥਾਤ ਜਿਸ ਦੀ ਮੌਤ ਯਕੀਨੀ ਹੋਵੇ। ਸੋ, ਜੇਕਰ ਮੌਤ ਯਕੀਨੀ ਹੈ ਤਾਂ ਇਹ ਗੱਲ ਵੀ ਸਪਸ਼ਟ ਹੈ ਕਿ ਉਸ ਨੇ ਜਨਮ ਵੀ ਜ਼ਰੂਰ ਲਿਆ ਹੋਵੇਗਾ ਜਦਕਿ “ਅਕਾਲ” ਦੇ ਅਰਥ ਹਨ- ਜਿਹੜਾ ਜਨਮ-ਮਰਨ ਦੇ ਬੰਧਨਾਂ ਤੋਂ ਮੁਕਤ ਹੋਵੇ। ਇਹੋ-ਜਿਹੀ ਤਾਂ ਕੇਵਲ ਇੱਕ ਹੀ ਹਸਤੀ ਮੰਨੀ ਗਈ ਹੈ- ਪਰਮਾਤਮਾ। ਇਸ ਪ੍ਰਕਾਰ “ਅਕਾਲ” ਦੀ ਥਾਂ ‘ਤੇ ਅਸੀਂ ਇਸ ਦੇ ਵਿਰੋਧੀ ਸ਼ਬਦ “ਆਕਾਲ” ਨੂੰ ਕਿਸੇ ਵੀ ਤਰ੍ਹਾਂ ਨਾਲ਼ ਸਹੀ ਨਹੀਂ ਠਹਿਰਾ ਸਕਦੇ। ਦੂਜੀ ਗੱਲ ਇਹ ਵੀ ਹੈ ਕਿ ਆਕਾਲ ਸ਼ਬਦ (“ਪੰਜਾਬੀ ਸ਼ਬਦ-ਰੂਪ ਤੇ ਸ਼ਬਦ-ਜੋੜ ਕੋਸ਼” ਅਨੁਸਾਰ)  ਪੰਜਾਬੀ ਦਾ ਟਕਸਾਲੀ ਜਾਂ ਮਿਆਰੀ ਸ਼ਬਦ ਵੀ ਨਹੀਂ ਹੈ। ਸੋ, ਇਸ ਗੱਲ ਦਾ ਉੱਤਰ ਤਾਂ ਕੇਵਲ ਉਹ ਲੋਕ ਹੀ ਦੇ ਸਕਦੇ ਹਨ ਜਿਹੜੇ “ਅਕਾਲ” ਦੀ ਥਾਂ ‘ਤੇ “ਆਕਾਲ” ਸਬਦ ਦੇ ਮੁਦਈ ਹਨ।
“ਕਾਲ” ਨਾਲ਼ ਮਿਲ਼ਦਾ-ਜੁਲ਼ਦਾ ਦੂਜਾ ਸ਼ਬਦ ਹੈ- ਕਾਲ਼। ਇਹਨਾਂ ਦੋਂਹਾਂ ਸ਼ਬਦਾਂ ਵਿੱਚ ਫ਼ਰਕ ਕੇਵਲ ਏਨਾ ਹੈ ਕਿ “ਕਾਲ਼” ਸ਼ਬਦ ਦੇ “ਲ” ਪੈਰ ਬਿੰਦੀ ਲੱਗੀ ਹੋਈ ਹੈ ਜਦਕਿ “ਕਾਲ” ਸ਼ਬਦ ਬਿੰਦੀ-ਮੁਕਤ ਹੈ। ਪੈਰ-ਬਿੰਦੀ ਵਾਲ਼ੇ “ਕਾਲ਼” ਸ਼ਬਦ ਦੇ ਅਰਥ ਹਨ- ਮੌਤ। ਪਰ ਮੂਲ ਰੂਪ ਵਿੱਚ ਇਹ ਸ਼ਬਦ ਵੀ ਉਪਰੋਕਤ ਸ਼ਬਦ ਅਕਾਲ ਦਾ ਹੀ ਸੰਖੇਪ ਰੂਪ ਹੈ। ਪੈਰ-ਬਿੰਦੀ ਲੱਗਣ ਕਾਰਨ ਇਸ (ਕਾਲ਼) ਦੇ ਅਰਥ “ਸਮਾਂ” ਤੋਂ ਬਦਲ ਕੇ “ਮੌਤ” ਹੋ ਗਏ ਹਨ। ਇਸੇ ਕਾਰਨ ਮੌਤ ਦੇ ਅਰਥਾਂ ਨੂੰ ਪ੍ਰਗਟਾਉਣ ਲਈ ਪੰਜਾਬੀ ਵਿੱਚ “ਅਕਾਲ-ਚਲਾਣਾ” ਸ਼ਬਦਾਂ ਦੀ ਵਰਤੋਂ ਵੀ ਕੀਤੀ ਜਾਂਦੀ ਹੈ। “ਅਕਾਲ-ਚਲਾਣਾ” ਸ਼ਬਦਾਂ ਵਿੱਚ ਅਕਾਲ (ਅ+ਕਾਲ= ਬਿਨਾਂ/ਬੇਵਕਤ + ਕਾਲ/ਮੌਤ)= ਸਹੀ ਸਮੇਂ ਤੋਂ ਪਹਿਲਾਂ ਆਏ “ਕਾਲ਼” ਸ਼ਬਦ ਦੇ ਅਰਥ ਹਨ- ਬੇਵਕਤੀ ਮੌਤ। ਅਕਾਲ ਚਲਾਣਾ ਕਰ ਗਏ ਵਿਅਕਤੀ ਦੇ ਸਤਿਕਾਰ ਵਜੋਂ ਉਸ ਦੀ ਮੌਤ ਨੂੰ “ਮੌਤ” ਨਹੀਂ ਸਗੋਂ “ਅਕਾਲ ਚਲਾਣਾ” ਅਰਥਾਤ “ਬੇਵਕਤੀ ਮੌਤ” ਹੀ ਆਖਿਆ ਜਾਂਦਾ ਹੈ। ਦਰਅਸਲ ਇਹਨਾਂ ਸ਼ਬਦਾਂ ਰਾਹੀਂ ਮਿਰਤਕ ਵਿਅਕਤੀ ਬਾਰੇ ਇਹ ਅਹਿਸਾਸ ਕਰਵਾਇਆ ਜਾਂਦਾ ਹੈ ਕਿ ਸੰਬੰਧਿਤ ਵਿਅਕਤੀ ਦੀ ਘਰ-ਪਰਿਵਾਰ ਅਤੇ ਸਮਾਜ ਨੂੰ ਅਜੇ ਹੋਰ ਵੀ ਲੋੜ ਸੀ। ਇਸ ਪ੍ਰਕਾਰ ਪੰਜਾਬੀਆਂ ਨੇ ਅਕਾਲ ਸ਼ਬਦ ਨੂੰ ਸੰਖੇਪ ਕਰ ਕੇ ਅਰਥਾਤ ਅਕਾਲ ਸ਼ਬਦ ਵਿੱਚੋਂ ਅ ਅੱਖਰ ਹਟਾ ਕੇ ਅਤੇ ਲ ਪੈਰ ਬਿੰਦੀ ਪਾ ਕੇ ਆਪਣੇ ਉਚਾਰਨ ਮੁਤਾਬਕ ਇਸ ਨੂੰ “ਕਾਲ਼” ਬਣਾ ਲਿਆ ਹੈ।
ਯਾਦ ਰਹੇ ਕਿ “ਲ਼” ਅੱਖਰ ਗੁਰਮੁਖੀ ਲਿਪੀ ਵਿੱਚ ਭਾਵੇਂ ਨਵਾਂ ਹੈ ਪਰ ਪੰਜਾਬੀ ਬੋਲ-ਚਾਲ ਦੀ ਭਾਸ਼ਾ ਵਿੱਚ ਇਸ ਦੀ ਵਰਤੋਂ ਸੈਂਕੜੇ ਨਹੀਂ ਸਗੋਂ ਵਿਦਵਾਨਾਂ ਅਨੁਸਾਰ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਤੋਂ ਹੀ ਹੋ ਰਹੀ ਹੈ। ਹਿੰਦੀ ਵਿੱਚ ਇਹਨਾਂ ਸ਼ਬਦਾਂ  ਦੇ ਹੀ ਸਮਾਨਾਂਤਰ (ਅਕਾਲ ਚਲਾਣੇ ਲਈ) “ਅਸਾਮਯਿਕ ਮੌਤ” (ਬੇਵਕਤੀ ਮੌਤ) ਦੀ ਵਰਤੋਂ ਕੀਤੀ ਜਾਂਦੀ ਹੈ।
ਇਹਨਾਂ ਸ਼ਬਦਾਂ ਦਾ ਹੀ ਤੀਜਾ ਸਜਾਤੀ ਸ਼ਬਦ ਹੈ – “ਕਾਲ਼” (ਕਾਲ਼ ਪੈ ਜਾਣਾ) ਅਰਥਾਤ ਅਚਾਨਕ ਅਜਿਹਾ ਸਮਾਂ ਆ ਜਾਣਾ ਜਦੋਂ ਕਿਸੇ ਕਾਰਨ ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਕਮੀ ਹੋ ਜਾਵੇ। ਇਹ ਸ਼ਬਦ ਵੀ ਪਹਿਲੇ ਦੋ ਸ਼ਬਦਾਂ ਵਾਂਗ ਕਾਲ ਤੋਂ ਬਣੇ “ਅਕਾਲ” ਸ਼ਬਦ ਤੋਂ ਹੀ ਬਣਿਆ ਹੋਇਆ ਹੈ ਅਤੇ ਮੂਲ ਰੂਪ ਵਿੱਚ ਇਸ ਲਈ ਸਹੀ ਸ਼ਬਦ “ਅਕਾਲ ਪੈ ਜਾਣਾ” ਹਨ। ਇਸ “ਅਕਾਲ” (ਅ+ਕਾਲ) ਸ਼ਬਦ ਨੂੰ ਹੀ ਉਪਰੋਕਤ “ਕਾਲ਼” ਸ਼ਬਦ ਵਾਂਗ ਸੰਖੇਪ ਰੂਪ ਵਿੱਚ ਉਚਾਰਨ ਕਰਦਿਆਂ ਪੰਜਾਬੀਆਂ ਨੇ ਇਸ ਵਿਚਲਾ  “ਅ” ਅੱਖਰ ਤਿਆਗ ਦਿੱਤਾ ਹੈ ਅਤੇ “ਲ” ਅੱਖਰ ਦੇ ਪੈਰ-ਬਿੰਦੀ ਪਾ ਕੇ “ਕਾਲ਼” ਬਣਾ ਲਿਆ ਹੈ। ਇਸ ਪ੍ਰਕਾਰ ਇਹ ਸ਼ਬਦ ਵੀ “ਕਾਲ” (ਸਮਾਂ) ਸ਼ਬਦ ਦੇ ਮੂਲ ਅਰਥਾਂ ਸਮਾਂ ਤੋਂ ਤਬਦੀਲ ਹੋ ਕੇ ਹੀ “ਕਾਲ਼” ਬਣਿਆ ਹੈ। ਇਸ ਤੀਜੇ “ਅਕਾਲ” (ਅ+ਕਾਲ= ਬਿਨਾਂ/ਰਹਿਤ+ ਸਮਾਂ) ਸ਼ਬਦ ਦੇ ਅਰਥ ਹਨ – ਬੁਰਾ ਸਮਾਂ। ਅ ਅਗੇਤਰ ਇੱਥੇ ਵੀ ਉਪਰੋਕਤ ਸ਼ਬਦ “ਕਾਲ਼” ਵਾਂਗ ਕਿਸੇ ਚੀਜ਼ ਦੀ ਘਾਟ ਜਾਂ ਕਿਸੇ ਚੀਜ਼ ਤੋਂ ਰਹਿਤ ਹੋਣਾ, ਵਾਂਝਿਆਂ ਰਹਿ ਜਾਣਾ ਜਾਂ ਕਿਸੇ ਚੀਜ਼ ਦੀ ਕਮੀ ਹੋ ਜਾਣ ਦੇ ਅਰਥ ਹੀ ਪ੍ਰਦਾਨ ਕਰ ਰਿਹਾ ਹੈ। ਇਸ ਪ੍ਰਕਾਰ ਮੂਲ ਸ਼ਬਦ “ਕਾਲ” ਦੇ ਅਰਥ ਭਾਵੇਂ ਇੱਥੇ ਵੀ “ਸਮਾਂ” ਹੀ ਹਨ ਪਰ ਪਹਿਲੇ ਸ਼ਬਦ “ਕਾਲ਼” (ਮੌਤ) ਵਾਂਗ ਪੰਜਾਬੀਆਂ ਨੇ ਇਸ ਨੂੰ ਵੀ ਛਾਂਗ ਕੇ ਅਕਾਲ ਤੋਂ “ਕਾਲ਼” (ਕਾਲ਼ ਪੈ ਜਾਣਾ) ਬਣਾ ਲਿਆ ਹੈ। ਇਸ ਪ੍ਰਕਾਰ ਅਕਾਲ ਸ਼ਬਦ ਤੋਂ ਬਣੇ ਇਸ “ਕਾਲ਼” ਸ਼ਬਦ ਦੇ ਅਰਥ ਹੁੰਣ ਇੱਥੇ “ਸਧਾਰਨ ਸਮਾਂ” ਨਹੀਂ ਰਹਿ ਗਏ ਸਗੋਂ ਇਹਨਾਂ ਤੋਂ ਬਦਲ ਕੇ “ਅਸਧਾਰਨ ਸਮਾਂ” ਜਾਂ “ਬੁਰਾ ਸਮਾਂ” ਵਿੱਚ ਬਦਲ ਗਏ ਹਨ। ਹਿੰਦੀ ਵਿੱਚ ਵੀ ਅਕਾਲ ਸ਼ਬਦ ਲਈ ਇਹਨਾਂ ਹੀ ਅਰਥਾਂ ਦੇ ਇੱਕ ਸਮਾਨਾਰਥੀ ਸ਼ਬਦ ਹੈ- ਅਸਮਯ ਜਿਸ ਦੇ “ਹਿੰਦੀ-ਪੰਜਾਬੀ ਕੋਸ਼” (ਪੰ. ਯੂ. ਪ.) ਅਨੁਸਾਰ ਅਰਥ ਹਨ- ਲਾਚਾਰੀ ਵਾਲ਼ਾ ਔਖਾ ਜਾਂ ਬੁਰਾ ਵਕਤ ਅਰਥਾਤ ਜਦੋਂ ਕਿਸੇ ਕਾਰਨ ਦੋ ਡੰਗ ਦੀ ਰੋਟੀ ਚਲਾਉਣੀ ਵੀ ਦੂਭਰ ਹੋ ਜਾਵੇ।
ਇਸ ਪ੍ਰਕਾਰ ਅਸੀਂ ਦੇਖਦੇ ਹਾਂ ਕਿ ਸਮੇਂ, ਸੰਦਰਭ ਅਤੇ ਪਰਿਸਥਿਤੀਆਂ ਅਨੁਸਾਰ ਅਕਾਲ ਸ਼ਬਦ ਵਿਚਲੇ “ਕਾਲ” ਸ਼ਬਦ ਦੇ ਅਰਥ ਉਪਰੋਕਤ ਤਿੰਨਾਂ ਹੀ ਸ਼ਬਦਾਂ ਵਿੱਚ ਭਾਵੇਂ ਕਿਸੇ ਹੱਦ ਤੱਕ ਭਿੰਨ ਹੋ ਗਏ ਹਨ ਪਰ ਇਹਨਾਂ ਸਾਰੇ ਸ਼ਬਦਾਂ ਵਿੱਚ ਪਰੋਖ ਰੂਪ ਵਿੱਚ ਕਾਲ ਸ਼ਬਦ “ਸਮਾਂ” ਦੇ ਅਰਥਾਂ ਵਿੱਚ ਸਪਸ਼ਟ ਰੂਪ ਵਿੱਚ ਮੌਜੂਦ ਹੈ।
ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਕਈ ਵਾਰ ਸ਼ਬਦ ਭਾਵੇਂ ਕੇਵਲ ਇੱਕ (ਅਕਾਲ ਵਾਂਗ) ਹੀ ਹੋਵੇ ਪਰ ਵੱਖ-ਵੱਖ ਕਾਰਨਾਂ ਕਰਕੇ ਕਈ ਵਾਰ ਉਸ ਦੇ ਰੂਪ ਅਤੇ ਅਰਥਾਂ ਵਿੱਚ ਜ਼ਰਾ ਜਿੰਨੀ ਤਬਦੀਲੀ ਆ ਜਾਂਦੀ ਹੈ ਜਿਸ ਨਾਲ਼ ਉਸ ਦੇ ਅਰਥਾਂ ਵਿੱਚ ਵੀ ਤਬਦੀਲੀ ਆ ਜਾਂਦੀ ਹੈ, ਜਿਵੇਂ ਇੱਥੇ”ਅਕਾਲ” ਸ਼ਬਦ ਅਤੇ ਉਸ ਦੇ ਅਰਥਾਂ ਵਿੱਚ ਵਾਪਰਿਆ ਹੈ। ਦਰਅਸਲ ਇਹ ਸਾਰੀ ਖੇਡ ਧੁਨੀਆਂ ਤੇ ਉਹਨਾਂ ਦੇ ਅਰਥਾਂ ਦੀ ਹੀ ਹੈ ਜਿਸ ਨੂੰ ਕਿ ਬਰੀਕਬੀਨੀ ਨਾਲ਼ ਸਮਝਣ ਅਤੇ ਆਤਮਸਾਤ ਕਰਨ ਦੀ ਲੋੜ ਹੈ।
……………………
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ. 98884-03052.

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਤੂੰ ਤੇ ਮੈਂ ?*
Next articleਸ਼ੁਭ ਸਵੇਰ ਦੋਸਤੋ