ਚੰਡੀਗੜ੍ਹ, (ਸਮਾਜ ਵੀਕਲੀ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਆਈਐੱਸਆਈ ਦੀ ਸ਼ਹਿ ਪ੍ਰਾਪਤ ਅਤਿਵਾਦੀ ਗਰੋਹ ਦੇ ਚਾਰ ਹੋਰ ਮੈਂਬਰਾਂ ਦੀ ਗ੍ਰਿਫ਼ਤਾਰੀ ਮਗਰੋਂ ਪੰਜਾਬ ਵਿੱਚ ਹਾਈ ਅਲਰਟ ਜਾਰੀ ਕਰਨ ਦੇ ਆਦੇਸ਼ ਦਿੱਤੇ ਹਨ। ਗਰੋਹ ਦੇ ਇਹ ਮੈਂਬਰ ਪਿਛਲੇ ਮਹੀਨੇ ਆਈਈਡੀ ਟਿਫਨ ਬੰਬ ਨਾਲ ਤੇਲ ਟੈਂਕਰ ਨੂੰ ਉਡਾਉਣ ਦੀ ਕੋਸ਼ਿਸ਼ ਵਿੱਚ ਸ਼ਾਮਲ ਸਨ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਡੀਜੀਪੀ ਨੂੰ ਖ਼ਾਸ ਕਰ ਕੇ ਭੀੜ ਵਾਲੀਆਂ ਥਾਵਾਂ ’ਤੇ ਠੋਸ ਸੁਰੱਖਿਆ ਪ੍ਰਬੰਧ ਯਕੀਨੀ ਬਣਾਉਣ ਲਈ ਕਿਹਾ ਹੈ।
ਡੀਜੀਪੀ ਦਿਨਕਰ ਗੁਪਤਾ ਨੇ ਅੱਜ ਇੱਥੇ ਦੱਸਿਆ ਕਿ ਇਸ ਮਾਮਲੇ ਵਿੱਚ ਇੱਕ ਪਾਕਿਸਤਾਨੀ ਖ਼ੁਫ਼ੀਆ ਅਧਿਕਾਰੀ ਸਣੇ ਦੋ ਪਾਕਿਸਤਾਨੀ ਅਤਿਵਾਦੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਨੂੰ ਪਹਿਲਾਂ ਗ੍ਰਿਫ਼ਤਾਰ ਕੀਤਾ ਗਿਆ ਸੀ। ਡੀਜੀਪੀ ਨੇ ਦੱਸਿਆ ਕਿ ਇਸ ਅਤਿਵਾਦੀ ਗਰੋਹ ਨਾਲ ਸਬੰਧਿਤ ਤਿੰਨ ਮੁਲਜ਼ਮਾਂ ਦੀ ਪਛਾਣ ਪਾਕਿਸਤਾਨ ਆਧਾਰਿਤ ਆਈਐੱਸਵਾਈਐੱਫ ਦੇ ਮੁਖੀ ਲਖਬੀਰ ਸਿੰਘ, ਉਥੋਂ ਦੇ ਹੀ ਇੱਕ ਹੋਰ ਬਾਸ਼ਿੰਦੇ ਕਾਸਿਮ ਅਤੇ ਮੋਗਾ ਜ਼ਿਲ੍ਹੇ ਦੇ ਪਿੰਡ ਰੋਡੇ ਦੇ ਵਸਨੀਕ ਲਖਬੀਰ ਸਿੰਘ ਰੋਡੇ ਉਰਫ਼ ਬਾਬਾ ਵਜੋਂ ਹੋਈ ਹੈ, ਜੋ ਇਸ ਵੇਲੇ ਪਾਕਿਸਤਾਨ ’ਚ ਰਹਿ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੱਲ੍ਹ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਦੀ ਪਛਾਣ ਰੂਬਲ ਸਿੰਘ ਵਾਸੀ ਪਿੰਡ ਭਾਖਾ ਤਾਰਾ ਸਿੰਘ, ਵਿੱਕੀ ਭੁੱਟੀ ਵਾਸੀ ਬੱਲ੍ਹਰਵਾਲ, ਮਲਕੀਤ ਸਿੰਘ ਵਾਸੀ ਉਗਰ ਔਲਖ ਤੇ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਉਗਰ ਔਲਖ ਵਜੋਂ ਹੋਈ ਹੈ।
ਜ਼ਿਕਰਯੋਗ ਹੈ ਕਿ ਕਤਲ ਕੇਸ ’ਚ ਲੋੜੀਂਦੇ ਰੂਬਲ ਨੂੰ ਅੰਬਾਲਾ ਤੋਂ ਅਤੇ ਬਾਕੀ ਤਿੰਨਾਂ ਨੂੰ ਅਜਨਾਲਾ ਤੇ ਅੰਮ੍ਰਿਤਸਰ ਅਧੀਨ ਪੈਂਦੇ ਪਿੰਡਾਂ ਤੋਂ ਕਾਬੂ ਕੀਤਾ ਗਿਆ ਹੈ। ਇਨ੍ਹਾਂ ਦੇ ਪੰਜਵੇਂ ਸਾਥੀ ਗੁਰਮੁਖ ਬਰਾੜ ਨੂੰ ਇਸ ਤੋਂ ਪਹਿਲਾਂ ਕਪੂਰਥਲਾ ਪੁਲੀਸ ਨੇ ਬੀਤੀ 20 ਅਗਸਤ ਨੂੰ ਕਾਬੂ ਕੀਤਾ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly