ਇਉਂ ਸ਼ੁਰੂ ਹੋਇਆ ਮੇਰੇ ਲਿਖਣ ਦਾ ਸਫ਼ਰ

ਸੁਖਦੇਵ ਸਿੰਘ ਭੁੱਲੜ 

ਸੁਖਦੇਵ ਸਿੰਘ ਭੁੱਲੜ 

(ਸਮਾਜ ਵੀਕਲੀ) ਗੱਲ 1981-82 ਦੀ ਏ, ਜਦ ਮੈਂ ਦਸਵੀਂ ਵਿੱਚ ਪੜ੍ਹਦਾ ਸਾਂ। ਸਾਨੂੰ ਸਿਲੇਬਸ ਵਿੱਚ ਨਾਵਲ ‘ਤੂਤਾਂ ਵਾਲਾ ਖੂਹ’ ਲੱਗਾ ਸੀ।ਇਸ ਤੋਂ ਪਹਿਲਾਂ ‘ਸੂਹੀਆਂ’ ਨਾਵਲ ਸਿਲੇਬਸ ਦਾ ਸ਼ਿੰਗਾਰ ਸੀ।ਜੇ ਮੈਂ ਭੁੱਲਦਾ ਨਾ ਹੋਵਾਂ ਤਾਂ ਇਹ ਗਿਆਨੀ ਭਜਨ ਸਿੰਘ ਦਾ ਲਿਖਿਆ ਸੀ। ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਪਹਿਲਾਂ ਨਾਵਲ ਇਹ ਸੂਹੀਆ ਪੜ੍ਹਿਆ ਏ।ਉਸ ਤੋਂ ਬਾਅਦ ਤੂਤਾਂ ਵਾਲਾ ਖੂਹ  ਤੇ ਫਿਰ ਤੀਜਾ ਨਾਵਲ ‘ਬੰਜ਼ਰ ਧਰਤੀ ਟਹਿਕਦਾ ਫੁੱਲ’ ਪੜ੍ਹਿਆ।ਇਸ ਤੋਂ ਬਾਅਦ ਮੈਨੂੰ ਨਾਵਲ ਪੜ੍ਹਨ ਦਾ ਚਸਕਾ ਪੈ ਗਿਆ। ਇਹ ਚਸਕਾ ਈ ਮੇਰੇ ਨਾਵਲਕਾਰ ਬਣਨ ਦਾ ਸਬੱਬ ਬਣਿਆ।

   ਇਹ ਤਿੰਨ ਨਾਵਲ ਪੜ੍ਹਨ ਉਪਰੰਤ ਮੈਂ ਹੋਰ ਨਾਵਲ ਦੀ ਭਾਲ਼ ਕਰਨ ਲੱਗਾ ਤਾਂ ਇੱਕ ਮਿੱਤਰ ਨੇ ਨਾਨਕ ਸਿੰਘ ਦੇ ਲਿਖੇ ਨਾਵਲ ‘ਚਿੱਟਾ ਲਹੂ’ ਦੀ ਬਹੁਤ ਤਾਰੀਫ਼ ਕੀਤੀ। ਮੈਂ ਵੀ ਇਸ ਨਾਵਲ ਨੂੰ ਪੜ੍ਹਣ ਲਈ ਉਤਾਵਲਾ ਹੋ ਗਿਆ।ਕਈ ਦੋਸਤਾਂ-ਮਿੱਤਰਾਂ ਤੋਂ ਪੁੱਛਿਆ-ਦੱਸਿਆ, ਪਰ ਕੋਈ ਗੱਲ ਨਾ ਬਣੀ। ਨਵਾਂ-ਨਵਾਂ ਸ਼ੌਕ ਜਾਗਿਆ ਸੀ, ਮਗਰ ਮਾਇਆ ਪੱਖੋਂ ਛੜੇ-ਛੜਾਂਗ ਹੋਣ ਕਰਕੇ ਮੁੱਲ ਖਰੀਦਣਾ ਵੱਸੋਂ ਬਾਹਰੀ ਗੱਲ ਸੀ।ਕਈ ਦਿਨ ਲੰਘ ਗਏ। ਨਾਵਲ ਪੜ੍ਹਨ ਦੀ ਇੱਛਾ ਮਰੀ ਨਹੀਂ, ਸਗੋਂ ਹੋਰ ਵੀ ਵੱਧ ਗਈ।ਰੋਮਨ ਵਾਲੇ ਆਖਦੇ ਹਨ-‘ਦੇਰੀ ਨਾਲ ਇਛਾਵਾਂ ਦੀ ਅੱਗ ਹੋਰ ਭੜਕਦੀ ਏ।’

   ਕਾਫ਼ੀ ਸੋਚਣ ਤੋਂ ਬਾਅਦ ਇੱਕ ਸਕੀਮ ਬਣੀ ਕਿ ਕਿਤਾਬ ਲੈਣ ਦੇ ਬਹਾਨੇ ਮਾਤਾ ਤੋਂ ਪੰਜ ਰੁਪਏ ਮੰਗੇ ਜਾਣ। ਮਾੜੀ-ਮੋਟੀ ਪੁੱਛ-ਦੱਸ ਮਗਰੋਂ ਪੰਜ ਰੁਪਏ ਮਿਲ ਗਏ।ਬੜੀ ਖੁਸ਼ੀ ਹੋਈ। ਚਿੱਤ ਕਰਦਾ ਸੀ ਕਿ ਉੱਡ ਕੇ ਸ਼ਹਿਰ ਚਲਾ ਜਾਵਾਂ ਤੇ ਸਬੱਬ ਵੀ ਬਣ ਗਿਆ। ਸਾਡੇ ਪਿੰਡ ਤੋਂ ਭਗਤਾ ਸ਼ਹਿਰ ਕਰੀਬ ਅੱਠ-ਨੌਂ ਕਿਲੋਮੀਟਰ ਦੂਰ ਏ।ਮੈਂ ਸਿੱਧਾ ਪ੍ਰਵੀਨ ਬੁੱਕ ਡੀਪੂ ‘ਤੇ ਗਿਆ।ਨਾਵਲ ਪੜ੍ਹਨ ਦੀ ਇੱਛਾ ਸਬਰ ਦੀਆਂ ਸਾਰੀਆਂ ਹੱਦਾਂ ਪਾਰ ਕਰ ਚੁੱਕੀ ਸੀ। ਬੱਸ ਇੱਕ ਈ ਸੋਚ ਸੀ ਕਿ ਜਿੰਨੀ ਛੇਤੀ ਹੋ ਸਕੇ, ਨਾਵਲ ਲੈ ਕੇ ਪੜ੍ਹਨਾ ਸ਼ੁਰੂ ਕਰਾਂ ਤੇ ਜਾ ਕੇ ਨਾਵਲ ਦੀ ਮੰਗ ਕੀਤੀ।

      “ਕਿਸ ਕਲਾਸ ਵਿੱਚ ਪੜ੍ਹਦਾ ਏ, ਕਾਕੇ ?” ਓਥੇ ਇੱਕ ਬੈਠੇ ਸ਼ਖਸ ਨੇ ਪੁੱਛਿਆ, ਉਹ ਦੀ ਦਾੜ੍ਹੀ ਕੱਤਰੀ ਤੇ ਮੁੱਛਾਂ ਖੜ੍ਹੀਆਂ ਸਨ।

    “ਦਸਵੀਂ ਚ !” ਮੈਂ ਉੱਤਰ ਮੋੜਿਆ।ਉਹ ਕੌਣ ਸੀ ? ਮੈਨੂੰ ਉੱਕਾ ਹੀ ਪਤਾ ਨਹੀਂ ਸੀ।ਨਾ ਹੀ ਮੈਂ ਕਦੇ ਪਹਿਲਾਂ ਉਸਨੂੰ ਮਿਲਿਆ ਸੀ। ਇਹ ਤਾਂ ਬਾਅਦ ਵਿੱਚ ਪਤਾ ਲੱਗਾ ਕਿ ਉਨ੍ਹਾਂ ਦਾ ਨਾਂ ਰਣਜੀਤ ਸਿੰਘ ਪ੍ਰੀਤ ਸੀ। ਲੇਖਕ ਹੋਣ ਦੇ ਨਾਲ-ਨਾਲ ਸਕੂਲ ਵਿੱਚ ਮਾਸਟਰ ਸੀ।ਖੇਡ ਤੇ ਖਿਡਾਰੀਆਂ ਬਾਰੇ ਉਨ੍ਹਾਂ ਦੇ ਲੇਖ ਅਖ਼ਬਾਰਾਂ-ਮੈਗਜ਼ੀਨਾਂ ਵਿੱਚ ਆਮ ਛਪਦੇ ਸਨ।

    “ਅੱਗੇ ਵੀ ਕੋਈ ਨਾਵਲ ਪੜ੍ਹਿਆ ਏ ਕਿ ਨਹੀਂ ?” ਮਾਸਟਰ ਪ੍ਰੀਤ ਦਾ ਦੂਜਾ ਸੁਆਲ ਸੀ।

    “ਤਿੰਨ ਪੜ੍ਹੇ ਆ।”

    “ਕਿਹੜੇ-ਕਿਹੜੇ ?” ਉਸ ਨੇ ਅਗਲਾ ਸੁਆਲ ਕੀਤਾ।

     “ਸੂਹੀਆ, ਤੂਤਾਂ ਵਾਲਾ ਖੂਹ ਤੇ ਬੰਜਰ ਧਰਤੀ ਟਹਿਕਦਾ ਫੁੱਲ !” ਮੈਂ ਫਟਾਫਟ ਦੱਸ ਦਿੱਤਾ।

     “ਬੰਜਰ ਧਰਤੀ ਟਹਿਕਦਾ ਫੁੱਲ ਨਾਵਲ ਦਾ ਇਹ ਸਿਰਲੇਖ ਕਿਉਂ ਰੱਖਿਆ ?” ਮਾਸਟਰ ਪ੍ਰੀਤ ਦਾ ਸੁਆਲ ਸੀ। ਉਹ ਮੇਰੇ ਵੱਲ ਦੇਖ ਰਿਹਾ ਸੀ।

    “ਨਾਵਲ ਵਿਚਲੇ ਮੁੱਖ ਪਾਤਰ ਤੋਤੀ ਦਾ ਜੀਵਨ ਬੰਜ਼ਰ ਧਰਤੀ ਵਰਗਾ ਏ ਤੇ ਨਾਵਲ ਵਿਚਲੀ ਗੁਨੀ ਅਥਵਾ ਜੁਗਨੀ ਤੋਤੀ ਦੇ ਵੈਰਾਨ ਜੀਵਨ ਵਿੱਚ ਟਹਿਕਦਾ ਫੁੱਲ ਏ।” ਮੈਂ ਸਹਿਜ ਸੁਭਾਅ ਹੀ ਉੱਤਰ ਮੋੜਿਆ।

    “ਵਾਹ !” ਮਾਸਟਰ ਪ੍ਰੀਤ ਨੇ ਮੈਨੂੰ ਸ਼ਾਬਾਸ਼ ਦਿੰਦਿਆਂ ਕਿਹਾ, “ਤੂੰ ਤਾਂ ਪੱਕਾ ਨਾਵਲਕਾਰ ਏਂ ?” ਉਹਦੇ ਚਿਹਰੇ ‘ਤੇ ਮੁਸਕਰਾਹਟ ਫ਼ੈਲ ਗਈ।

      ਮਗਰ ਮੈਂ ਸ਼ਰਮਾ ਗਿਆ। ਸ਼ਾਇਦ ਮਾਸਟਰ ਜੀ ਨੇ ਮੇਰੀ ਤਾਰੀਫ਼ ਕੁਝ ਜ਼ਿਆਦਾ ਈ ਕਰ ਦਿੱਤੀ ਸੀ। ਕਹਾਵਤ ਏ: ਤਾਰੀਫ਼ ਬੰਦੇ ਨੂੰ ਬੇਕਾਰ ਕਰ ਦਿੰਦੀ ਏ।

    “ਤੈਨੂੰ ਇੱਕ ਨਾਵਲ ਦਿੰਨੇ ਆ। ਉਹ ਪੜ੍ਹ ਕੇ ਦੱਸੀਂ ਕਿ ਏਹਦਾ ਨਾਂ ‘ਕੱਚੀਆਂ ਕੈਲਾਂ’ ਕਿਉਂ ਰੱਖਿਆ ਏ ?” ਤੇ ਉਸ ਆਪਣਾ ਲਿਖਿਆ ਨਾਵਲ ਦੁਕਾਨਦਾਰ ਨੂੰ ਦੇਣ ਲਈ ਕਿਹਾ, ਉਹ ਇੱਕ ਛੋਟਾ ਜਿਹਾ ਨਾਵਲ ਸੀ।ਜਿਸਦੀ ਕੀਮਤ ਮੈਥੋਂ ਤਿੰਨ ਰੁਪਏ ਲਏ।ਮੈਂ ਅਣਮੰਨੇ ਜਿਹੇ ਮਨ ਨਾਲ ਉਹ ਨਾਵਲ ਲੈ ਲਿਆ।ਅਸਲ ਵਿੱਚ ਮੈਂ ਚਿੱਟਾ ਲਹੂ ਹੀ ਪੜ੍ਹਣਾ ਚਾਹੁੰਦਾ ਸੀ।ਮਗਰ ਇਹ ਨਾਵਲ ਬਦੋਬਦੀ ਕਹਿ ਲਓ ਜਾਂ ਫਿਰ ਜ਼ਬਰਦਸਤੀ ਠੋਸਿਆ ਗਿਆ ਸੀ। ਪਤਾ ਨਹੀਂ, ਮੈਂ ਨਾਂਹ ਕਿਉਂ ਨਹੀਂ ਕਰ ਸਕਿਆ ? ਮੈਂ ਝੇਪ ਜਿਹੀ ਵਿੱਚ ਈ ਨਾ-ਚਾਹੁੰਦੇ ਹੋਏ ਵੀ ਨਾਵਲ ਲੈ ਲਿਆ। ਪ੍ਰੰਤੂ ਮੇਰੀ ਸੁਰਤ ਅਜੇ ਵੀ ਚਿੱਟਾ ਲਹੂ ਨਾਵਲ ਵਿੱਚ ਈ ਖੁੱਭੀ ਹੋਈ ਸੀ। ਮੈਂ ਜਿਸ ਉਤਸ਼ਾਹ ਨਾਲ ਸ਼ਹਿਰ ਗਿਆ ਸੀ, ਉਹ ਗੱਲ ਬਣੀ ਨਹੀਂ ਸੀ।

    ਉਹ ਨਾਵਲ ਮੈਂ ਦੋ ਘੰਟਿਆਂ ਵਿੱਚ ਪੜ੍ਹ ਦਿੱਤਾ। ਪੜ੍ਹਨ ਦਾ ਏਨਾ ਚਸਕਾ ਸੀ/ਏ ਕਿ ਜੋ ਵੀ ਕਿਤਾਬ ਹੱਥ ਆਈ, ਬੱਸ ਪੜ੍ਹ ਕੇ ਛੱਡਦਾ ਸੀ। ਜਿੰਨਾ ਚਿਰ ਪੜ੍ਹ ਨਾ ਲੈਂਦਾ, ਚੈਨ ਈ ਨਹੀਂ ਸੀ ਆਉਂਦਾ। ਹੁਣ ਵੀ ਸੌਣ ਤੋਂ ਪਹਿਲਾਂ ਕੋਈ ਨਾ ਕੋਈ ਕਿਤਾਬ ਜ਼ਰੂਰ ਪੜ੍ਹਦਾਂ।ਉਹ ਨਾਵਲ ਕਈ ਵਾਰ ਪੜ੍ਹਿਆ। ਮਗਰ ‘ਚਿੱਟਾ ਲਹੂ’ ਪੜ੍ਹਨ ਦੀ ਇੱਛਾ ਅਜੇ ਵੀ ਜ਼ਿੰਦਾ ਸੀ।ਸੁਰਤ ਓਥੇ ਈ ਘੁੰਮ ਰਹੀ ਸੀ। ਉਹ ਖ੍ਰੀਦਣ ਲਈ ਫਿਰ ਭਗਤੇ ਸ਼ਹਿਰ ਦਾ ਰੁਖ਼ ਕੀਤਾ। ਦੁਕਾਨ ‘ਤੇ ਪਹੁੰਚਿਆ। ਅੱਗੇ ਮਾਸਟਰ ਪ੍ਰੀਤ ਬੈਠੇ ਮਿਲ਼ੇ। ਉਨ੍ਹਾਂ ਮੈਨੂੰ ਪੈਂਦੀ ਸੱਟੇ ਪਛਾਣ ਲਿਆ ਤੇ ਬੋਲੇ-“ਹਾਂ ਬਈ, ਕੀ ਹਾਲ ਚਾਲ ਐ ਤੇਰਾ ? ਪੜ੍ਹ ਲਿਆ ਨਾਵਲ ?”

     “ਹਾਂ ਜੀ ! ਪੜ੍ਹ ਲਿਆ।” ਮੈਂ ਸੰਖੇਪ ਜਿਹਾ ਉੱਤਰ ਦਿੱਤਾ।

     “ਕੀ ਰੀਜ਼ਲਟ ਕੱਢਿਆ ?” ਉਸ ਬੜੀ ਉਤਸੁਕਤਾ ਨਾਲ ਪੁੱਛਿਆ, ਉਹਦੇ ਚਿਹਰੇ ‘ਤੇ ਮੁਸਕਰਾਹਟ ਦਾ ਮਾਹੌਲ ਦੇਖਿਆ ਜਾ ਸਕਦਾ ਸੀ।

     “ਇਹ ਤਾਂ ਮੈਂ ਕਹਿ ਨਹੀਂ ਸਕਦਾ ਕਿ ਠੀਕ ਐ ਜਾਂ ਗ਼ਲਤ, ਪਰ ਮੈਂ ਜੋ ਸਿੱਟਾ ਕੱਢਿਆ ਏ, ਉਹ ਇਸ ਤਰ੍ਹਾਂ ਹੈ।” ਮੈਂ ਉੱਤਰ ਮੋੜਦਿਆਂ ਕਿਹਾ, “ਨਾਵਲ ਵਿਚਲੇ ਮੁੱਖ ਪਾਤਰ ਕੱਚੀ ਉਮਰ ਦੇ ਹਨ ਤੇ ਪ੍ਰਾਇਮਰੀ ਤੋਂ ਮਿਡਲ ਕਲਾਸ ਦੇ ਵਿਦਿਆਰਥੀ ਹਨ। ਜਿਨ੍ਹਾਂ ਲਈ ਤੁਸੀਂ ਕੱਚੀਆਂ ਕੈਲਾਂ ਸ਼ਬਦ ਵਰਤਿਆ ਏ। ਦੇਖਿਆ ਜਾਵੇ ਤਾਂ ਤੁਹਾਡਾ ਵੀ ਏਹ ਪਹਿਲਾ ਨਾਵਲ ਏ।ਤੁਸੀਂ ਵੀ ਕੱਚੀ ਕੈਲ ਹੋ। ਅੱਗੇ ਤੁਸੀਂ ਦੱਸ ਦਿਓ।” ਮੈਂ ਆਪਣੀ ਗੱਲ ਮੁਕਾਈ ਤੇ ਮਾਸਟਰ ਪ੍ਰੀਤ ਦੇ ਪ੍ਰਤੀਕਰਮ ਦੀ ਉਡੀਕ ਕਰਨ ਲੱਗਾ।

     “ਵੈਰੀ ਗੁੱਡ! ਬਿਲਕੁਲ ਸਹੀ ਕਿਹਾ ਏ।” ਉਸ ਖੁਸ਼ ਹੋ ਕੇ ਕਿਹਾ, “ਮੈਂ ਦਾਅਵੇ ਨਾਲ ਕਹਿ ਸਕਦਾ ਕਿ ਤੂੰ ਨਾਵਲ ਲਿਖ ਸਕਦੈਂ।” ਮੈਂ ਮਹਿਸੂਸ ਕੀਤਾ ਕਿ ਜਿਵੇਂ ਮਾਸਟਰ ਜੀ ਹੋਰਾਂ ਮੇਰੀ ਲੋੜ ਤੋਂ ਵੱਧ ਤਾਰੀਫ਼ ਕਰ ਦਿੱਤੀ ਏ। ਉਹ ਅਤਿ ਦੇ ਖੁਸ਼ ਸਨ।

    “ਜੀ !” ਮੈਂ ਬੱਸ ਏਨਾ ਹੀ ਕਹਿ ਸਕਿਆ।ਸਹੀ ਪੁੱਛੋ ਤਾਂ ਮੈਨੂੰ ਕੋਈ ਜਵਾਬ ਨਾ ਔਹੜਿਆ ਕਿ ਮੈਂ ਕੀ ਬੋਲਾਂ ? ਸ਼ਾਇਦ ਮਾਸਟਰ ਪ੍ਰੀਤ ਨੇ ਮੇਰੇ ਕੱਦ ਤੋਂ ਵੱਡੀ ਗੱਲ ਕਹਿ ਦਿੱਤੀ ਸੀ।

    “ਏਹ ਸੋਲਾਂ ਆਨੇ ਸੱਚ ਏ ਕਿ ਤੂੰ ਨਾਵਲ ਲਿਖ ਸਕਦੈਂ।” ਉਸ ਦੁਆਰਾ ਫਿਰ ਆਪਣੇ ਸ਼ਬਦ ਦੁਹਰਾਏ।ਫਿਰ ਕੁਝ ਹੋਰ ਗੱਲਾਂ ਵੀ ਕੀਤੀਆਂ।ਮਗਰ ਮੇਰਾ ਧਿਆਨ ਉਸ ਦੁਆਰਾ ਕਹੇ ਗਏ ਸ਼ਬਦਾਂ ਵਿੱਚ ਈ ਅਟਕਿਆ ਹੋਇਆ ਸੀ।ਫਿਰ ਨਾਵਲ ਲੈ ਕੇ ਵਾਪਸ ਮੁੜਿਆ। ਹੁਣ ਮੇਰਾ ਧਿਆਨ ਨਾਵਲ ਪੜ੍ਹਨ ਵਿੱਚ ਘੱਟ ਤੇ ਨਾਵਲ ਲਿਖਣ ਦੀ ਵਿਉਂਤਬੰਦੀ ਵਿੱਚ ਜ਼ਿਆਦਾ ਖੁੱਭਿਆ ਹੋਇਆ ਸੀ।ਚੱਤੇ ਪਹਿਰ ਏਹੀ ਖਿਆਲ ਮਨ ਵਿੱਚ ਘੁੰਮਦੇ ਰਹਿੰਦੇ।

    ‘ਕੀ ਮੈਂ ਨਾਵਲ ਲਿਖ ਸਕਦਾਂ ?’ ਮੈਂ ਆਪਣੇ ਆਪ ਤੋਂ ਪੁੱਛਦਾ।ਸੱਚੀ ਗੱਲ ਤਾਂ ਇਹ ਹੈ ਕਿ ਉਸ ਦਿਨ ਤੋਂ ਪਹਿਲਾਂ ਮੈਨੂੰ ਕੁੱਝ ਵੀ ਪਤਾ ਨਹੀਂ ਸੀ ਕਿ ਨਾਵਲ ਕਿਸ ਬਲਾਅ ਦਾ ਨਾਂ ਏ ? ਕਹਾਣੀ ਕੀ ਹੁੰਦੀ ਏ ? ਸਿਰਫ਼ ਗੀਤਾਂ ਬਾਰੇ ਮਾੜੀ ਮੋਟੀ ਜਾਣਕਾਰੀ ਜ਼ਰੂਰ ਸੀ ਤੇ ਤੁਕਬੰਦੀ ਕਰ ਲੈਂਦਾ ਸੀ। ਮਗਰ ਨਾਵਲ ਲਿਖਣ ਦਾ ਖਿਆਲ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਆਇਆ।ਮਾਸਟਰ ਪ੍ਰੀਤ ਦੇ ਕਹਿਣ ਤੋਂ ਬਾਅਦ ਨਾਵਲ ਲਿਖਣ ਦਾ ਜਨੂੰਨ ਪਾਗਲਪਨ ਦੀ ਹੱਦ ਤੱਕ ਪਹੁੰਚ ਚੁੱਕਾ ਸੀ।ਕਲਾਸ ਵਿੱਚ ਪੜ੍ਹਦਿਆਂ, ਕੰਮ-ਕਾਰ ਕਰਦਿਆਂ, ਰਸਤੇ ਵਿੱਚ ਆਉਂਦਿਆਂ-ਜਾਂਦਿਆਂ, ਖਾਂਦਿਆਂ-ਪੀਂਦਿਆਂ, ਬਹਿੰਦਿਆਂ-ਉਠਦਿਆਂ, ਸੌਂਦਿਆਂ-ਜਾਗਦਿਆਂ, ਬੱਸ ਇੱਕ ਈ ਸੁਆਲ ਮਨ ਵਿੱਚ ਘੁੰਮਦਾ ਰਹਿੰਦਾ।ਉਹ ਸੀ, ਨਾਵਲ ਕਿਵੇਂ ਲਿਖਾਂ ? ਕਹਾਣੀ ਕਿਵੇਂ ਬਣਾਵਾਂ ? ਸ਼ੁਰੂ ਕਿਵੇਂ ਕਰਾਂ ਤੇ ਕਿੱਥੋਂ ਕਰਾਂ ? ਅਜਿਹੇ ਅਨੇਕਾਂ ਸੁਆਲ ਉਪਜਦੇ ਰਹਿੰਦੇ। ਮਗਰ ਕੋਈ ਗੱਲ ਨਹੀਂ ਸੀ ਬਣ ਰਹੀ।

    ਅੰਤ ਇੱਕ ਦਿਨ ਨਾਵਲ ਦੀ ਸ਼ੁਰੂਆਤ ਕੀਤੀ, ਮਗਰ ਦੋ ਸਫਿਆਂ ਤੋਂ ਵੱਧ ਲਿਖ ਨਾ ਸਕਿਆ। ਜਿਵੇਂ ਲਿਖਣ ਵਾਸਤੇ ਸ਼ਬਦ ਈ ਮੁੱਕ ਗਏ ਸਨ।ਇਸ ਤਰ੍ਹਾਂ ਇੱਕ ਵਾਰ ਨਹੀਂ, ਅਨੇਕਾਂ ਵਾਰ ਹੋਇਆ।ਵੱਖ-ਵੱਖ ਕਹਾਣੀ ‘ਤੇ ਲਿਖਣ ਦੀ ਜ਼ੋਰ ਅਜ਼ਮਾਈ ਕੀਤੀ, ਮਗਰ ਸਿੱਟਾ ਉਹੀ ਨਿਕਲਿਆ, ‘ਢਾਕ ਦੇ ਤੀਨ ਪੱਤੇ।’ ਬੱਸ ਦੋ ਕੁ ਸਫ਼ੇ ਲਿਖ ਕੇ, ਹੱਥ ਖੜ੍ਹੇ ਹੋ ਜਾਂਦੇ।ਕਈ ਵਰਕੇ ਕਾਲੇ ਕਰਨ ‘ਤੇ ਵੀ ਹੱਥ ਪੱਲੇ ਕੁਝ ਨਾ ਪਿਆ। ਗੱਲ ਓਥੇ ਈ ਖੜ੍ਹੀ ਸੀ।

     ‘ਕਿਵੇਂ ਕਰਾਂ ? ਬੜੀ ਨਮੋਸ਼ੀ ਵਾਲੀ ਗੱਲ ਏ। ਅਜੇ ਤਾਂ ਸ਼ੁਕਰ ਕਰ, ਮਨਾ ! ਕਿਸੇ ਨੂੰ ਨਾਵਲ ਲਿਖਣ ਬਾਰੇ ਪਤਾ ਨਹੀਂ ਵਰਨਾ ਟਿੱਚਰਾਂ ਕਰ-ਕਰ ਠਿੱਠ ਕਰਨਾ ਸੀ।’ ਇਨ੍ਹਾਂ ਸੋਚਾਂ ਵਿੱਚ ਉਲਝਿਆਂ ਕਈ ਮਹੀਨੇ ਬੀਤ ਗਏ, ਪਰ ਨਾਵਲ ਲਿਖਣ ਵਾਲਾ ਕੀੜਾ ਜਿਉਂ ਦਾ ਤਿਉਂ ਬਰਕਰਾਰ ਸੀ। ਮਾਸਟਰ ਜੀ ਦੇ ਕਹੇ ਸ਼ਬਦ ਮੇਰੇ ਮਨ ਵਿੱਚ ਖਲਬਲੀ ਮਚਾ ਰਹੇ ਸਨ। ਇਸ ਖਿੱਚੋਤਾਣ ਵਿੱਚ ਦਸਵੀਂ ਜਮਾਤ ਵੀ ਪਾਸ ਕਰ ਲਈ, ਪਰ ਨਾਵਲ ਦਾ ਕੋਈ ਮੂੰਹ-ਸਿਰ ਨਾ ਬਣਿਆ।ਅਗਲੇ ਸਾਲ ਪੜ੍ਹਾਈ ਵੱਲੋਂ ਛੁੱਟੀ ਸੀ ਤੇ ਦੱਸਵੀਂ ਕਰਨ ਉਪਰੰਤ ਗਿਆਨੀ ਦਾ ਇਮਤਿਹਾਨ ਪਾਸ ਕਰ ਲਿਆ।ਗਿਆਨੀ ਕਰਨ ਨਾਲ ਮੈਨੂੰ ਨਾਵਲ, ਕਹਾਣੀ, ਕਵਿਤਾ ਲਿਖਣ ਦੀ ਕਾਫੀ ਤੋਂ ਜ਼ਿਆਦਾ ਜਾਣਕਾਰੀ ਮਿਲੀ।ਫਿਰ ਇੱਕ ਕਹਾਣੀ ਤਰਾਸ਼ੀ ਤੇ ਨਾਵਲ ਲਿਖ ਲਿਆ।ਨਾਵਲ ਵਿੱਚ ਕਿੰਨੀਆਂ ਕਮੀਆਂ ਸਨ ? ਇਹ ਤਾਂ ਮੈਨੂੰ ਉਸ ਵਕਤ ਪਤਾ ਲੱਗਾ, ਜਦ ਮੈਂ ਨਾਵਲ ਛਪਵਾਉਣ ਲਈ ਭਾਈ ਚਤਰ ਸਿੰਘ ਹੋਰਾਂ ਦੀ ਫਰਮ ‘ਤੇ ਅੰਮ੍ਰਿਤਸਰ ਗਿਆ।ਉਨ੍ਹਾਂ ਨੇ ਕਾਫ਼ੀ ਕੁੱਝ ਦੱਸਿਆ।ਉਨ੍ਹਾਂ ਮੈਨੂੰ ਨਾਵਲ ਲਿਖਣ ਦੀ ਤਕਨੀਕ ਸਿੱਖਣ ਲਈ ਬੂਟਾ ਸਿੰਘ ਸ਼ਾਦ ਕੋਲ ਜਾਣ ਦੀ ਸਲਾਹ ਦਿੱਤੀ।ਸ਼ਾਦ ਉਸ ਵਕਤ ਬੰਬਈ ਰਹਿੰਦਾ ਸੀ।ਭਾਈ ਚਤਰ ਸਿੰਘ ਹੋਰਾਂ ਨੇ ਜ਼ਿੰਮੇਵਾਰੀ ਵੀ ਲਈ ਕਿ ਅਸੀਂ ਸ਼ਾਦ ਨੂੰ ਕਹਿ ਦਿਆਂਗੇ।ਉਹ ਤੇਰੀ ਪੂਰੀ ਮਦਦ ਕਰੇਗਾ। ਮਗਰ ਬੰੰਬਈ ਜਾਣ ਤੋਂ ਮੈਂ ਇੱਕ ਦਮ ਨਾਂਹ ਕਰ ਦਿੱਤੀ।ਫਿਰ ਉਨ੍ਹਾਂ ਮੈਨੂੰ ਸ਼ਮਸ਼ੇਰ ਸੰਧੂ ਨੂੰ ਮਿਲਣ ਲਈ ਕਿਹਾ। ਸ਼ਮਸ਼ੇਰ ਸੰਧੂ ਸ਼ਾਇਦ ਉਸ ਸਮੇਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਸੀ ਤੇ ਉਹ ਚੰਡੀਗੜ੍ਹ ਸੀ।ਮੈਂ ਮਿਲਣ ਲਈ ‘ਹਾਂ’ ਕਰ ਦਿੱਤੀ ਤੇ ਉਨ੍ਹਾਂ ਮੈਨੂੰ ਸ਼ਮਸ਼ੇਰ ਸੰਧੂ ਦਾ ਐਡਰੈੱਸ ਦੇ ਦਿੱਤਾ।ਮਿਲਣ ਦੇ ਇਰਾਦੇ ਨਾਲ ਮੈਂ ਚੰਡੀਗੜ੍ਹ ਗਿਆ ਜ਼ਰੂਰ, ਪਰ ਮਿਲ ਨਹੀਂ ਸਕਿਆ।ਅਸਲ ਵਿੱਚ ਕੋਸ਼ਿਸ਼ ਵੀ ਨਹੀਂ ਕੀਤੀ, ਬੱਸ ਦੋ ਦਿਨ ਤੁਰ-ਫਿਰ ਕੇ ਵਾਪਸ ਪਿੰਡ ਆ ਗਿਆ।

     ਮਗਰ ਨਾਵਲ ਲਿਖਣ ਦਾ ਭੂਤ ਸਿਰ ‘ਤੇ ਸਵਾਰ ਸੀ।ਜਿਹੜਾ ਕਿਸੇ ਵੀ ਤਰ੍ਹਾਂ ਖਹਿੜਾ ਨਹੀਂ ਸੀ ਛੱਡ ਰਿਹਾ।ਇਸ ਉਲਝਣ ਵਿੱਚ ਫਸਿਆਂ ਸੰਨ ਪਚਾਸੀ ਵੀ ਅੱਧੋਂ ਵੱਧ ਬੀਤ ਗਿਆ ਸੀ। ਪੱਕਾ ਤਾਂ ਯਾਦ ਨਹੀਂ ਕਿ ਅਕਤੂਬਰ ਸੀ ਜਾਂ ਨਵੰਬਰ, ਪਰ ਹੈ ਇਨ੍ਹਾਂ ਦੋਹਾਂ ਮਹੀਨਿਆਂ ਚੋਂ ਇੱਕ ਮਹੀਨਾ ! ਮੈਂਨੂੰ ਇੱਕ ਵਿਆਹ ‘ਤੇ ਜਾਣ ਦਾ ਮੌਕਾ ਮਿਲਿਆ। ਵਿਆਹ ਵਿੱਚ ਆਏ ਸਿਆਣੇ ਬਜ਼ੁਰਗ ਵਿਹੜੇ ਵਿੱਚ ਬੈਠੇ ਗੱਲਾਂ ਕਰ ਰਹੇ ਸੀ।ਇੱਕ ਤਾਜ਼ੀ ਘਟੀ ਘਟਨਾ ਦਾ ਜ਼ਿਕਰ ਹੋ ਰਿਹਾ ਸੀ।ਕਹਾਣੀ ਦਿਲਚਸਪ ਸੀ ਤੇ ਬਜ਼ੁਰਗਾਂ ਦੇ ਪੇਸ਼ ਕਰਨ ਦਾ ਢੰਗ ਉਸ ਤੋਂ ਵੀ ਕਿਤੇ ਜ਼ਿਆਦਾ ਦਿਲਚਸਪ ਸੀ। ਉਹ ਘਟਨਾ ਕਿਵੇਂ ਵਾਪਰੀ, ਕੋਈ ਪਤਾ ਨਹੀਂ। ਬਜ਼ੁਰਗਾਂ ਤੋਂ ਵਿਸਥਾਰ ਸਹਿਤ ਪੁੱਛਣ ਦੀ ਹਿੰਮਤ ਨੇ ਕਦੇ ਸੋਚਿਆ ਵੀ ਨਹੀਂ। ਉਨ੍ਹਾਂ ਸਮਿਆਂ ਵਿੱਚ ਬਜ਼ੁਰਗ ਬਾਪੂਆਂ ਦੇ ਸਾਹਮਣੇ ਬੋਲਣ ਜਾਂ ਕਿਸੇ ਸੰਵੇਦਨਸ਼ੀਲ ਘਟਨਾ ਬਾਰੇ ਗੱਲ ਕਰਨੀ, ਸ਼ਰਮ ਮਹਿਸੂਸ ਕੀਤੀ ਜਾਂਦੀ ਸੀ। ਇਸ ਝੇਪ ਕਰਕੇ ਮੈਂ ਖੁੱਲ੍ਹ ਕੇ ਗੱਲ ਕਰਨੋਂ ਝਿਜਕਦਾ ਰਿਹਾ।ਪਰ ਉਸ ਕਹਾਣੀ ਦੀਆਂ ਕੁਝ ਗੱਲਾਂ ਮੇਰੇ ਜ਼ਿਹਨ ਦੀ ਸਕਰੀਨ ਦਾ ਸ਼ਿੰਗਾਰ ਬਣ ਗਈਆਂ ਸਨ।ਜਿਨ੍ਹਾਂ ਨੂੰ ਆਧਾਰ ਬਣਾ ਕੇ, ਮੈਂ ਨਾਵਲ ਸ਼ੁਰੂ ਕਰ ਲਿਆ। ਸ਼ੁਰੂ ਕਾਹਦਾ ਕਰਿਆ, ਇੱਕ ਹਫ਼ਤੇ ‘ਚ ‘ਕਲਯੁੱਗ’ ਨਾਵਲ ਪੂਰਾ ਕਰ ਲਿਆ।ਮੈਂਨੂੰ ਖ਼ੁਦ ਨੂੰ ਯਕੀਨ ਨਹੀਂ ਸੀ ਹੋ ਰਿਹਾ ਕਿ ਐਨੀ ਛੇਤੀ ਨਾਵਲ ਲਿਖਿਆ ਕਿਵੇਂ ਗਿਆ ? ਮੈਂ ਅੰਤਾਂ ਦਾ ਖੁਸ਼ ਸੀ ਤੇ ਇਸ ਖੁਸ਼ੀ ਨੂੰ ਅੱਠ ਚੰਦ ਓਦੋਂ ਲੱਗੇ, ਜਦੋਂ ਉਹ ਨਾਵਲ ਛਾਪਣ ਲਈ ਭਾਈ ਚਤਰ ਸਿੰਘ ਹੋਰਾਂ ਨੇ ਪਾਸ ਕਰ ਲਿਆ।ਮੇਰੀ ਅਸੀਮ ਖੁਸ਼ੀ ਦਾ ਕੋਈ ਹੱਦ ਬੰਨਾ ਨਾ ਰਿਹਾ, ਜਦ ਉਹ ਨਾਵਲ ਜਨਵਰੀ ਛਿਆਸੀ ਵਿੱਚ ਛਪ ਕੇ ਮਾਰਕਿਟ ਵਿੱਚ ਆ ਗਿਆ।ਉਸ ਦਿਨ ਤੋਂ ਬਾਅਦ ਮੈਂ ਪਿੱਛੇ ਮੁੜ ਕੇ ਨਹੀਂ ਦੇਖਿਆ।ਜ਼ਿੰਦਗੀ ਦੇ ਤੱਤੇ-ਠੰਡੇ ਰੁਝੇਵਿਆਂ ਨਾਲ ਦੋ-ਚਾਰ ਹੁੰਦਿਆਂ ‘ਚੋਰੀ ਦਾ ਫੁੱਲ’, ‘ਰੂਹੀ’, ‘ਜਨਰਲ ਲਾਭ ਸਿੰਘ’, ‘ਖ਼ੂਨ ਦੀ ਮਹਿੰਦੀ’, ‘ਬੰਬ ਬਲਾਸਟ’, ‘ਪੰਥ ਵੱਸੇ ਮੈਂ ਉੱਜੜਾਂ’ ਤੇ ‘ਏ ਕੇ ਸੰਤਾਲੀ’ ਨਾਵਲ ਲਿਖੇ। ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲਿਆ।

     ਏਥੋਂ ਤੱਕ ਪਹੁੰਚਦਿਆਂ ਨਾਵਲ ਲਿਖਣ ਦਾ ਅਭਿਆਸ ਏਨਾ ਹੋ ਚੁੱਕਾ ਏ ਕਿ ਹੁਣ ਨਾਵਲ ਲਿਖਣਾ ਮਹਿਜ਼ ਇੱਕ ਖੇਡ ਲੱਗਦੀ ਏ।ਕਿਸੇ ਵੀ ਵਿਸ਼ੇ ‘ਤੇ ਲਿਖਣ ਲੱਗਿਆਂ ਕੋਈ ਦਿੱਕਤ ਨਹੀਂ ਹੁੰਦੀ।ਸੱਚ ਮੰਨਿਓ, ਮੈਨੂੰ ਕਹਾਣੀ ਲਿਖਣੀ ਔਖੀ ਲੱਗਦੀ ਏ, ਪਰ ਨਾਵਲ ਲਿਖਣਾ ਨਹੀਂ। ਨਾਵਲ ਤੋਂ ਇਲਾਵਾ ਵਾਰਤਕ ਦੀਆਂ ਤਿੰਨ ਪੁਸਤਕਾਂ ਵੀ ਲਿਖੀਆਂ ਤੇ ਛਪੀਆਂ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 400ਸਾਲਾ ਦਿਵਸ ਨੂੰ ਸਮਰਪਿਤ ‘ਬਾਣੀ ਮਹਾ ਪੁਰਖ ਕੀ’ ਪੁਸਤਕ ਲਿਖੀ, ਜਿਹੜੀ ਦੂਜੀ ਵਾਰ ਛਪ ਚੁੱਕੀ ਏ।ਫਿਰ ਜ਼ਫ਼ਰਨਾਮਾ ਦਿਵਸ ਦੀ ਤੀਜੀ ਸ਼ਤਾਬਦੀ ਨੂੰ ਮੁੱਖ ਰੱਖ ਕੇ ‘ਜ਼ਫ਼ਰਨਾਮਾ: ਜਨਮ ਤੇ ਵਿਕਾਸ’ ਲਿਖ ਕੇ, ਸੰਗਤਾਂ ਨੂੰ ਮੁੱਫਤ ਵੰਡੀ। ਇਸ ਦੀ ਦੂਜੀ ਐਡੀਸ਼ਨ ਸਹਿਜ ਪਬਲੀਕੇਸ਼ਨਜ਼ ਸਮਾਣਾ ਵਾਲਿਆਂ ਨੇ ਛਾਪੀ ਸੀ। ਤੀਜੀ ਪੁਸਤਕ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨਾਲ ਸਬੰਧਤ ‘ਬਾਦਸ਼ਾਹ ਦਰਵੇਸ਼’ ਛਪੀ। ਵਾਰਤਕ ਤੋਂ ਇਲਾਵਾ ਇੱਕ ਗੀਤ ਤੇ ਕਵਿਤਾਵਾਂ ਦੀ ਕਿਤਾਬ ‘ਸੰਤ ਮਹਿਮਾ’ ਵੀ ਪਾਠਕਾਂ ਦੀ ਕਚਹਿਰੀ ਵਿੱਚ ਪੇਸ਼ ਕੀਤੀ। ਜਿਸ ਵਿੱਚੋਂ ਕੁੱਝ ਗੀਤ ਢਾਡੀ ਸਿੰਘਾਂ ਨੇ ਰਿਕਾਰਡ ਵੀ ਕਰਵਾਏ।

  ਪੜ੍ਹਨ ਦੇ ਨਾਲ-ਨਾਲ ਹੁਣ ਲਿਖਣ ਦਾ ਰੋਗ ਵੀ ਲੱਗ ਚੁੱਕਾ ਏ। ਬੇਸ਼ੱਕ ਕਬੀਲਦਾਰੀ ਦੇ ਕੰਮਾਂ-ਕਾਰਾਂ ਵਿੱਚ ਮੱਤ ਮਾਰੀ ਰਹਿੰਦੀ ਏ, ਪਰ ਫਿਰ ਵੀ ਕਿਸੇ ਨਾ ਕਿਸੇ ਖੁੰਜ ਚੋਂ ਸਮਾਂ ਕੱਢ ਈ ਲਈਦਾ ਏ। ‘ਰੱਬਾ ਲੱਗ ਨਾ ਕਿਸੇ ਨੂੰ ਜਾਵੇ, ਗੁੜ ਨਾਲੋਂ ਇਸ਼ਕ ਮਿੱਠਾ’ ਝੱਸ ਪੂਰਾ ਕਰਨ ਲਈ ਨਿੱਕੀ ਜਿਹੀ ਕਾਪੀ ਜੇਬ ਵਿੱਚ ਈ ਰੱਖਦਾਂ। ਕਾਗਜ਼ ਦੀ ਹਿੱਕ ‘ਤੇ ਉੱਕਰੇ ਸ਼ਬਦ ਜਦੋਂ ਕਿਸੇ ਅਖਬਾਰ ਜਾਂ ਮੈਗਜ਼ੀਨ ਵਿੱਚ ਛਪਦੇ ਹਨ ਤਾਂ ਦਿਲ ਸਕੂਨ ਨਾਲ ਭਰ ਜਾਂਦਾ ਏ। ਰੂਹ ਖੀਵੀ ਹੋ ਜਾਂਦੀ ਏ।

   ਕਈ ਵਾਰ ਸੋਚਦਾ ਹਾਂ ਕਿ ਵਾਹਿਗੁਰੂ ਨੇ ਕੀ ਤੋਂ ਕੀ ਕਰ ਦਿੱਤਾ ਏ ? ਨਿੱਕੀ ਜਿਹੀ ਘਟਨਾ ਤੋਂ ਗੱਲ ਤੁਰੀ ਤੇ ਸਾਹਿਤ ਦਾ ਸਫ਼ਰ ਅੱਜ ਇਸ ਮੁਕਾਮ ‘ਤੇ ਪਹੁੰਚ ਚੁੱਕਾ ਏ।ਕਹਾਣੀ ਇਸ ਕਦਰ ਕਰਵਟ ਲਏਗੀ, ਇਹ ਤਾਂ ਕਦੇ ਸੋਚਿਆ ਵੀ ਨਹੀਂ ਸੀ। ਕਹਾਣੀ ਕਿੱਧਰ ਦੀ ਕਿੱਧਰ ਚਲੀ ਗਈ ? ਗੀਤ ਵਾਲੇ ਨੇ ਕਿੰਨਾ ਸੋਹਣਾ ਲਿਖਿਆ ਏ, ‘ਜਿਨ੍ਹਾਂ ਰਾਹਾਂ ਦੀ ਮੈਂ ਸਾਰ ਨਾ ਜਾਣਾ, ਉਹਨੀਂ ਰਾਹੀਂ ਸਾਨੂੰ ਤੁਰਨਾ ਪਿਆ।’ ਵਾਹਿਗੁਰੂ ਦਾ ਸ਼ੁਕਰ ਏ, ਜਿਸ ਨੇ ਚਾਰ ਅੱਖਰ ਲਿਖਣ ਦੀ ਸੋਝੀ ਬਖਸ਼ੀ।

            ਸੁਖਦੇਵ ਸਿੰਘ ਭੁੱਲੜ 

           ਸੁਰਜੀਤ ਪੁਰਾ ਬਠਿੰਡਾ

           9417046117

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleहैदराबाद का विलय: मुक्ति या राजतंत्र से लोकतंत्र की ओर यात्रा?
Next articleਸੁੱਖ ਦਾ ਗਾਇਆ ਗੀਤ ‘ਮੇਰੇ ਮਾਲਕਾ’ ਚਰਚਾ ਵਿੱਚ ਸੋਸ਼ਲ ਮੀਡੀਆ ਤੇ ਖੱਟ ਰਿਹਾ ਵਾਹ ਵਾਹ