(ਸਮਾਜ ਵੀਕਲੀ)

ਵਕਤ ਦੀ ਚਪੇੜ
ਘਰ ਦੀ ਨਿੱਤ ਵਰਤੋਂ ਦਾ ਸਾਮਾਨ ਖਰੀਦਣ ਪਿੱਛੋਂ ਜਦ ਮੈਂ ਸ਼ਰਮਾ ਸਵੀਟ ਸ਼ਾਪ ਮਾਹਿਲਪੁਰ ਤੋਂ ਬੱਚਿਆਂ ਲਈ ਮਠਿਆਈ ਦਾ ਡੱਬਾ ਲੈ ਕੇ ਪਿੱਛੇ ਮੁੜਿਆ, ਤਾਂ ਮੈਂ ਵੇਖਿਆ, ਇੱਕ ਔਰਤ ਮਠਿਆਈ ਲੈਣ ਲਈ ਸ਼ਾਪ ਵਿੱਚ ਦਾਖਲ ਹੋ ਰਹੀ ਸੀ। ਉਹ ਔਰਤ ਮੈਡਮ ਕਰਮਜੀਤ ਸੀ, ਜੋ ਦਸ ਸਾਲ ਪਹਿਲਾਂ ਮੇਰੇ ਨਾਲ ਸਰਕਾਰੀ ਹਾਈ ਪੋਜੇਵਾਲ ਪੜ੍ਹਾਉਂਦੀ ਸੀ। ਕੁੱਝ ਸਮੇਂ ਬਾਅਦ ਮੈਂ ਬਦਲੀ ਕਰਵਾ ਕੇ ਆਪਣੇ ਪਿੰਡ ਦੇ ਸਰਕਾਰੀ ਹਾਈ ਸਕੂਲ ਆ ਗਿਆ ਸਾਂ। ਉੱਥੇ ਉਸ ਨੇ ਆਪਣੇ ਸਕੂਲ ਦੇ ਕਲਰਕ ਪਰਮਿੰਦਰ ਸਿੰਘ ਨਾਲ ਅੰਤਰ ਜਾਤੀ ਵਿਆਹ ਕਰਵਾ ਲਿਆ ਸੀ। ਭਾਵੇਂ ਕਲਰਕ ਪਰਮਿੰਦਰ ਸਿੰਘ ਦਾ ਰੰਗ ਗੋਰਾ ਸੀ, ਪਰ ਉਹ ਰੱਜ ਕੇ ਸ਼ਰਾਬ ਪੀਣ ਵਾਲਾ, ਹੇਰਾਫੇਰੀ ਕਰਨ ਵਾਲਾ ਤੇ ਵੱਧ, ਘੱਟ ਬੋਲਣ ਵਾਲਾ ਬੰਦਾ ਸੀ। ਮੈਨੂੰ ਵੇਖ ਕੇ ਮੈਡਮ ਕਰਮਜੀਤ ਨੇ ਆਪਣਾ ਸਿਰ ਸਤਿਕਾਰ ਵਜੋਂ ਝੁਕਾਇਆ। ਮੇਰੇ ਹਾਲ ਪੁੱਛਣ ਤੇ ਉਸ ਨੇ ਦੱਸਿਆ,” ਵਿਆਹ ਤੋਂ ਛੇ ਸਾਲ ਬਾਅਦ ਮੇਰੇ ਪਤੀ ਦੀ ਜ਼ਿਆਦਾ ਸ਼ਰਾਬ ਪੀਣ ਨਾਲ ਮੌਤ ਹੋ ਗਈ ਸੀ। ਇੱਕ ਬੇਟੀ ਹੋਈ ਸੀ, ਉਹ ਵੀ ਰੱਬ ਨੇ ਖੋਹ ਲਈ। ਹੁਣ ਮੈਂ ਘਰ ਵਿੱਚ ਕੱਲੀ ਰਹਿੰਦੀ ਆਂ। ਵਿਆਹ ਕਰਵਾਣ ਦਾ ਸੁਆਦ ਨ੍ਹੀ ਆਇਆ। ਉਸ ਵੇਲੇ ਜਜ਼ਬਾਤੀ ਹੋ ਕੇ ਮੈਂ ਪਰਮਿੰਦਰ ਨਾਲ ਵਿਆਹ ਕਰਵਾਣ ਦਾ ਫੈਸਲਾ ਕਰ ਲਿਆ ਸੀ। ਹੁਣ ਪਤਾ ਲੱਗਦਾ, ਮੇਰਾ ਫੈਸਲਾ ਕਿੰਨਾ ਗਲਤ ਸੀ। ਮੈਂ ਤੁਹਾਡੀ ਵਿਆਹ ਦੀ ਪਰਪੋਜਲ ਨਾ ਮੰਨ ਕੇ ਮੈਂ ਆਪਣੇ ਪੈਰੀਂ ਆਪ ਕੁਹਾੜਾ ਮਾਰਿਆ ਸੀ। ਹੁਣ ਮੈਨੂੰ ਵਕਤ ਦੀ ਚਪੇੜ ਨੇ ਆਪਣੀ ਗਲਤੀ ਦਾ ਅਹਿਸਾਸ ਕਰਵਾ ਦਿੱਤਾ ਆ । ਜੇ ਹੋ ਸਕੇ, ਤਾਂ ਮੈਨੂੰ ਮਾਫ ਕਰ ਦਿਉ। ਮਈ ਦਿਵਸ ਦੀ ਛੁੱਟੀ ਹੋਣ ਕਾਰਨ ਇੱਥੇ ਮੈਂ ਆਪਣੀ ਭੈਣ ਨੂੰ ਮਿਲਣ ਆਈ ਆਂ। ਉਸ ਨਾਲ ਚਾਰ ਗੱਲਾਂ ਕਰਕੇ ਦਿਲ ਦਾ ਭਾਰ ਹੌਲਾ ਹੋ ਜਾਊਗਾ।” ਇਹ ਗੱਲਾਂ ਕਰਦੀ ਉਹ ਬੜੀ ਭਾਵੁਕ ਹੋ ਗਈ ਸੀ। ਫਿਰ ਉਹ ਆਪਣੇ ਆਪ ਨੂੰ ਸੰਭਾਲ ਕੇ , ਸ਼ਾਪ ਤੋਂ ਮਠਿਆਈ ਦਾ ਡੱਬਾ ਲੈ ਕੇ, ਮੈਨੂੰ ਬੁਲਾ ਕੇ ਆਪਣੀ ਭੈਣ ਦੇ ਘਰ ਜਾਣ ਲਈ ਸਕੂਟਰੀ ਸਟਾਰਟ ਕਰਕੇ ਤੁਰ ਪਈ।
**********
ਘਰ ਦੀ ਰਾਖੀ
ਮੈਂ ਨਾਸ਼ਤਾ ਕਰਕੇ ਹਟਿਆ ਹੀ ਸਾਂ ਕਿ ਅੰਮ੍ਰਿਤਸਰ ਤੋਂ ਮੇਰੇ ਭਾਣਜੇ ਜਸਵਿੰਦਰ ਦਾ ਫੋਨ ਆ ਗਿਆ। ਸਭ ਦੀ ਰਾਜੀ, ਖੁਸ਼ੀ ਪੁੱਛਣ ਪਿੱਛੋਂ ਉਸ ਨੇ ਆਖਿਆ, “ਮਾਮੀ ਜੀ ਨਾਲ ਗੱਲ ਤਾਂ ਕਰਾਇਓ।”
“ਉਹ ਤਾਂ ਹੁਸ਼ਿਆਰਪੁਰ ਮੁੰਡੇ, ਬਹੂ ਨਾਲ ਵਿਆਹ ਗਏ ਆ। ਮੈਂ ਹੀ ਘਰ ਕੱਲਾ ਆਂ।” ਮੈਂ ਜਵਾਬ ਦਿੱਤਾ।
” ਤੁਸੀਂ ਵਿਆਹ ਕਿਉਂ ਨੀ ਗਏ? ਤੁਹਾਨੂੰ ਵੀ ਤਾਂ ਵਿਆਹ ਜਾਣਾ ਚਾਹੀਦਾ ਸੀ।”
“ਤੈਨੂੰ ਪਤਾ ਈ ਆ, ਅਸੀਂ ਦੋ ਕੁ ਮਹੀਨਿਆਂ ਤੋਂ ਨਵੇਂ ਘਰ ‘ਚ ਰਹਿਣ ਲੱਗੇ ਆਂ। ਅੱਜ ਕੱਲ੍ਹ ਚੋਰ ਬਹੁਤ ਸਰਗਰਮ ਹੋਏ ਪਏ ਆ। ਇਸ ਲਈ ਘਰ ਦੀ ਰਾਖੀ ਕਰਨ ਲਈ ਇਕ ਬੰਦੇ ਦਾ ਘਰ ਰਹਿਣਾ ਜਰੂਰੀ ਸੀ।”
” ਮਾਮਾ ਜੀ, ਤੁਸੀਂ ਤਾਂ ਪੁਰਾਣੇ ਸਮਿਆਂ ਦੀਆਂ ਗੱਲਾਂ ਕਰਦੇ ਆਂ। ਚੁੱਪ ਕਰਕੇ ਕੈਮਰੇ ਲੁਆ ਲੈਣੇ ਸੀ। ਫੇਰ ਕਿਸੇ ਨੂੰ ਘਰ ਦੀ ਰਾਖੀ ਕਰਨ ਲਈ ਘਰ ਰਹਿਣ ਦੀ ਲੋੜ ਨਹੀਂ ਸੀ ਪੈਣੀ।”
” ਜਸਵਿੰਦਰ ਇਹ ਦੱਸ ਜਿੱਥੇ ਕੈਮਰੇ ਲੱਗੇ ਹੁੰਦੇ ਆ ਉੱਥੇ ਚੋਰੀ ਨੀ ਹੁੰਦੀ। ਅੱਜ ਕੱਲ੍ਹ ਚੋਰ ਆਪਣੇ ਨੱਕ, ਮੂੰਹ ਢੱਕ ਕੇ ਆਂਦੇ ਆ, ਉਨ੍ਹਾਂ ਦੀਆਂ ਕੱਲੀਆਂ ਅੱਖਾਂ ਹੀ ਦਿਸਦੀਆਂ ਹੁੰਦੀਆਂ ਆਂ। ਐਸੀ ਹਾਲਤ ਵਿੱਚ ਕੈਮਰੇ ਕੀ ਕਰਨਗੇ? ਆਪਣੀ ਰਾਖੀ ਆਪ ਹੀ ਕਰਨ ‘ਚ ਭਲਾ ਆ।”
” ਗੱਲ ਤਾਂ ਤੁਹਾਡੀ ਠੀਕ ਆ, ਮਾਮਾ ਜੀ।” ਇਹ ਕਹਿ ਕੇ ਮੇਰੇ ਭਾਣਜੇ ਨੇ ਫੋਨ ਕੱਟ ਦਿੱਤਾ।
*************
ਠੀਕ ਆ ਡੈਡੀ ਜੀ
ਕੁਲਜਿੰਦਰ ਸਿੰਘ ਦਾ ਛੋਟਾ ਲੜਕਾ ਹਰਪ੍ਰੀਤ ਪਿੰਡ ਦੇ ਸਰਕਾਰੀ ਹਾਈ ਸਕੂਲ ਵਿੱਚ ਸੱਤਵੀਂ ਕਲਾਸ ਵਿੱਚ ਪੜ੍ਹਦਾ ਹੈ। ਅੱਜ ਦੀਵਾਲੀ ਹੋਣ ਕਰਕੇ ਸਕੂਲ ਵਿੱਚ ਛੁੱਟੀ ਸੀ। ਕੁਲਜਿੰਦਰ ਸਿੰਘ ਨੇ ਉਸ ਨੂੰ ਆਖਿਆ,” ਹਰਪ੍ਰੀਤ ਜੇ ਪਟਾਕੇ ਲੈਣੇ ਆਂ ਤਾਂ ਆ ਤੈਨੂੰ ਮਜਾਰੀ ਤੋਂ ਪਟਾਕੇ ਲੈ ਕੇ ਦੇ ਦਿਆਂ। ਫੇਰ ਰਾਤ ਨੂੰ ਮੈਨੂੰ ਕਹੀਂ ਨਾ ਕਿ ਡੈਡੀ ਨੇ ਮੈਨੂੰ ਪਟਾਕੇ ਵੀ ਲੈ ਕੇ ਨਹੀਂ ਦਿੱਤੇ।” ਇਹ ਸੁਣ ਕੇ ਹਰਪ੍ਰੀਤ ਇਕ ਦਮ ਬੋਲ ਪਿਆ,” ਡੈਡੀ ਜੀ, ਐਤਕੀਂ ਮੈਂ ਪਟਾਕੇ ਨਹੀਂ ਲੈਣੇ। ਸਾਡੇ ਪੰਜਾਬੀ ਵਾਲੇ ਮਾਸਟਰ ਕਹਿੰਦੇ ਸੀ ਕਿ ਪਟਾਕਿਆਂ ਦੇ ਧੂੰਏਂ ਨਾਲ ਪ੍ਰਦੂਸ਼ਣ ਫੈਲਦਾ ਆ। ਉਨ੍ਹਾਂ ਦੀ ਆਵਾਜ਼ ਨਾਲ ਮਰੀਜ਼ਾਂ ਨੂੰ ਬੇਆਰਾਮੀ ਹੁੰਦੀ ਆ, ਪਸ਼ੂ, ਪੰਛੀ ਡਰ ਜਾਂਦੇ ਆ, ਸਾਡੇ ਕੰਨ ਵੀ ਬੋਲ਼ੇ ਹੋ ਸਕਦੇ ਆ। ਆਤਸ਼ਬਾਜ਼ੀਆਂ ਲਾਗੇ ਦੇ ਘਰਾਂ ਵਿੱਚ ਡਿੱਗ ਜਾਂਦੀਆਂ ਆਂ ਤੇ ਅੱਗਾਂ ਲੱਗ ਜਾਂਦੀਆਂ ਆਂ।” ਹਰਪ੍ਰੀਤ ਦੀਆਂ ਗੱਲਾਂ ਸੁਣ ਕੇ ਕੁਲਜਿੰਦਰ ਸਿੰਘ ਬੜਾ ਖੁਸ਼ ਹੋਇਆ। ਉਸ ਨੂੰ ਯਾਦ ਹੈ , ਪਿਛਲੀ ਦੀਵਾਲੀ ਤੇ ਹਰਪ੍ਰੀਤ ਨੇ ਉਸ ਦਾ ਹਜ਼ਾਰ ਰੁਪਿਆ ਪਟਾਕਿਆਂ ਤੇ ਖਰਚਾ ਦਿੱਤਾ ਸੀ।
” ਚੱਲ ਫੇਰ ਏਦਾਂ ਕਰ, ਤੂੰ ਪਟਾਕੇ ਨਾ ਲਈਂ, ਮੋਮਬੱਤੀਆਂ ਤੇ ਫੁੱਲਝੜੀਆਂ ਲੈ ਲਈਂ।” ਕੁਲਜਿੰਦਰ ਸਿੰਘ ਨੇ ਆਖਿਆ।
ਹਰਪ੍ਰੀਤ ਇਕ ਦਮ ਮੰਨ ਗਿਆ ਅਤੇ ਉਹ ਕੁਲਜਿੰਦਰ ਸਿੰਘ ਨਾਲ ਮੋਮਬੱਤੀਆਂ ਤੇ ਫੁੱਲਝੜੀਆਂ ਲੈਣ ਲਈ ਮਜਾਰੀ ਨੂੰ ਤੁਰ ਪਿਆ। ਮਜਾਰੀ ਪਹੁੰਚ ਕੇ ਉਸ ਨੇ ਦੋਹੀਂ ਪਾਸੀਂ ਨਜ਼ਰਾਂ ਦੌੜਾਈਆਂ। ਦੁਕਾਨਦਾਰਾਂ ਨੇ ਛੋਟੇ, ਵੱਡੇ ਪਟਾਕੇ, ਅਨਾਰ, ਚੱਕੀਆਂ, ਆਤਸ਼ਬਾਜ਼ੀਆਂ, ਫੁੱਲਝੜੀਆਂ ਤੇ ਮੋਮਬੱਤੀਆਂ ਬੈਂਚਾਂ ਤੇ ਸਜਾ ਕੇ ਰੱਖੀਆਂ ਹੋਈਆਂ ਸਨ। ਅਚਾਨਕ ਕੁਲਜਿੰਦਰ ਸਿੰਘ ਦਾ ਹੱਥ ਫੜ ਕੇ ਉਹ ਆਖਣ ਲੱਗਾ,” ਡੈਡੀ ਜੀ, ਔਹ ਸਾਮ੍ਹਣੇ ਸਾਡੇ ਪੰਜਾਬੀ ਵਾਲੇ ਮਾਸਟਰ ਤੇ ਉਨ੍ਹਾਂ ਦਾ ਮੁੰਡਾ ਪਟਾਕਿਆਂ ਦੀ ਦੁਕਾਨ ਤੇ ਪਤਾ ਨਹੀਂ ਕਿਉਂ ਖੜ੍ਹੇ ਆ?”
” ਪੁੱਤ ਉਹ ਦੁਕਾਨ ਤੇ ਖੜ੍ਹੇ ਨਹੀਂ, ਉਨ੍ਹਾਂ ਨੇ ਵੀ ਪਟਾਕਿਆਂ ਦੀ ਦੁਕਾਨ ਪਾਈ ਹੋਈ ਆ। ਅੱਜ ਕੱਲ੍ਹ ਲੋਕ ਆਖਦੇ ਕੁਝ ਹੋਰ ਆ, ਕਰਦੇ ਕੁਝ ਹੋਰ ਆ। ਪਰ ਤੂੰ ਉਨ੍ਹਾਂ ਨੂੰ ਦੇਖ ਕੇ ਹੁਣ ਆਪਣਾ ਮਨ ਨਾ ਬਦਲ ਲਈਂ। ਜੋ ਕੁਝ ਲੈਣ ਆਇਆਂ, ਲੈ ਲੈ।”
” ਠੀਕ ਆ ਡੈਡੀ ਜੀ।” ਹਰਪ੍ਰੀਤ ਨੇ ਹੌਲੀ ਜਹੀ ਆਖਿਆ।
ਉਸ ਨੇ ਦੋ ਮੋਮਬੱਤੀਆਂ ਦੇ ਪੈਕਟ ਤੇ ਦੋ ਫੁੱਲਝੜੀਆਂ ਦੇ ਪੈਕਟ ਲਏ ਤੇ ਕੁਲਜਿੰਦਰ ਸਿੰਘ ਨਾਲ ਘਰ ਵੱਲ ਨੂੰ ਵਾਪਸ ਤੁਰ ਪਿਆ।
ਮਹਿੰਦਰ ਸਿੰਘ ਮਾਨ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ ਕੈਨਾਲ ਰੋਡ ਨਵਾਂ ਸ਼ਹਿਰ – 144514
ਫੋਨ- 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



