ਸਮਰਾਲਾ (ਸਮਾਜ ਵੀਕਲੀ) : ਇਥੋਂ ਦੇ ਬਾਈਪਾਸ ’ਤੇ ਦੇਰ ਰਾਤ ਦੋ ਕਾਰਾਂ ਦੀ ਸਿੱਧੀ ਟੱਕਰ ਵਿੱਚ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਗੰਭੀਰ ਜ਼ਖ਼ਮੀ 4 ਹੋਰ ਵਿਅਕਤੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ’ਚ ਮੁੱਢਲੀ ਸਹਾਇਤਾ ਤੋਂ ਵੱਖ-ਵੱਖ ਹਸਪਤਾਲਾਂ ਵਿੱਚ ਰੈਫਰ ਕੀਤਾ ਗਿਆ ਹੈ, ਜਿਥੇ ਉਨ੍ਹਾਂ ਦੀ ਹਾਲਤ ਵੀ ਨਾਜ਼ੁਕ ਦੱਸੀ ਜਾ ਰਹੀ ਹੈ। ਮਾਛੀਵਾੜਾ ਨਿਵਾਸੀ ਪਰਿਵਾਰ ਦੀ ਲੜਕੀ ਪ੍ਰੀਤੀ ਕੌਰ ਸਮਰਾਲਾ ਨੇੜਲੇ ਪਿੰਡ ਸਿਹਾਲਾ ਵਿਖੇ ਵਿਆਹੀ ਹੋਈ ਹੈ।
ਉੁਸ ਨੇ ਦੇਰ ਰਾਤ ਆਪਣੇ ਸਹੁਰੇ ਘਰ ਝਗੜਾ ਹੋਣ ’ਤੇ ਮਾਪਿਆਂ ਨੂੰ ਫੋਨ ਕਰਕੇ ਸੱਦਿਆ। ਪ੍ਰੀਤੀ ਦੇ ਮਾਤਾ, ਚਾਚਾ-ਚਾਚੀ ਅਤੇ ਇੱਕ ਹੋਰ ਗੁਆਢੀ ਕਾਰ ਵਿੱਚ ਸਵਾਰ ਹੋ ਕੇ ਰਾਤ ਨੂੰ ਧੀ ਦੇ ਸਹੁਰੇ ਪਰਿਵਾਰ ਪੁੱਜੇ ਅਤੇ ਉੱਥੋਂ ਆਪਣੀ ਧੀ ਪ੍ਰੀਤੀ ਨੂੰ ਨਾਲ ਲੈ ਕੇ ਰਾਤ ਕਰੀਬ 10 ਵਜੇ ਵਾਪਸ ਮਾਛੀਵਾੜਾ ਨੂੰ ਪਰਤ ਰਹੇ ਸਨ, ਜਿਵੇ ਹੀ ਉਨ੍ਹਾਂ ਦੀ ਕਾਰ ਸਮਰਾਲਾ ਬਾਈਪਾਸ ’ਤੇ ਪੁੱਜੀ ਤਾਂ ਸਾਹਮਣੇ ਤੋਂ ਆ ਰਹੀ ਹੋਰ ਤੇਜ਼ ਰਫ਼ਤਾਰ ਕਾਰ ਨਾਲ ਸਿੱਧੀ ਟੱਕਰ ਹੋ ਗਈ। ਟੱਕਰ ਇੰਨੀ ਭਿਆਨਕ ਸਾਬਤ ਹੋਈ ਕਿ ਇਸ ਹਾਦਸੇ ਵਿੱਚ ਪ੍ਰੀਤੀ ਦੀ ਮਾਂ ਚਰਨਜੀਤ ਕੌਰ (44), ਚਾਚਾ ਸਰਬਜੀਤ ਸਿੰਘ (40) ਅਤੇ ਚਾਚੀ ਰਮਨਦੀਪ ਕੌਰ (38) ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਪ੍ਰੀਤੀ (25) ਅਤੇ ਗੁਆਂਢੀ ਮੱਖਣ ਸਿੰਘ ਸਮੇਤ ਦੂਜੀ ਕਾਰ ਵਿੱਚ ਸਵਾਰ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।
ਸਿਵਲ ਹਸਪਤਾਲ ਦੇ ਐਮਰਜੰਸੀ ਮੈਡਕੀਲ ਅਫ਼ਸਰ ਡਾ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਰਾਤ ਕਰੀਬ 10 ਵਜੇ ਇਸ ਹਾਦਸੇ ਵਿੱਚ ਜ਼ਖਮੀ ਹੋਏ ਵਿਅਕਤੀਆਂ ਨੂੰ ਲਿਆਂਦਾ ਗਿਆ। ਤਿੰਨ ਵਿਅਕਤੀਆਂ ਦੀ ਤਾਂ ਮੌਤ ਹੋ ਚੁੱਕੀ ਸੀ, ਜਦਕਿ ਪ੍ਰੀਤੀ ਅਤੇ ਮੱਖਣ ਸਿੰਘ ਵਾਸੀ ਮਾਛੀਵਾੜਾ ਸਮੇਤ ਕੋਟਕਪੂਰਾ ਦੇ ਰਹਿਣ ਵਾਲੇ ਹੈਪੀ ਅਤੇ ਪਵਨਦੀਪ ਕੁਮਾਰ ਨੂੰ ਮੁੱਢਲੀ ਡਾਕਟਰੀ ਸਹਾਇਤਾ ਤੋਂ ਬਾਅਦ ਗੰਭੀਰ ਹਾਲਤ ਵੇਖਦੇ ਹੋਏ ਲੁਧਿਆਣਾ ਰੈਫਰ ਕਰ ਦਿੱਤਾ ਗਿਆ। ਇਸ ਹਾਦਸੇ ’ਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੂਜੇ ਪਾਸੇ ਤੋਂ ਆ ਰਹੀ ਕਾਰ ਦੀ ਰਫ਼ਤਾਰ ਬਹੁਤ ਤੇਜ਼ ਸੀ, ਜਿਸ ਕਾਰਨ ਹਾਦਸਾ ਹੋਇਆ। ਪ੍ਰੀਤੀ (25) ਦੀ ਹਾਲਤ ਵੀ ਕਾਫੀ ਗੰਭੀਰ ਹੈ। ਪਹਿਲਾਂ ਉਸ ਨੂੰ ਲੁਧਿਆਣਾ ਅਤੇ ਉੱਥੋਂ ਪਟਿਆਲਾ ਦੇ ਸਰਕਾਰੀ ਹਸਪਤਾਲ ਭੇਜਿਆ ਗਿਆ ਪਰ ਬਾਅਦ ਵਿੱਚ ਪੀਜੀਆਈ ਚੰਡੀਗੜ੍ਹ ਭੇਜ ਦਿੱਤਾ।
ਪੁਲੀਸ ਨੇ ਲਾਸ਼ਾਂ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀਆਂ ਹਨ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly