ਸ੍ਰੀਨਗਰ (ਸਮਾਜ ਵੀਕਲੀ): ਜੰਮੂ-ਕਸ਼ਮੀਰ ਦੇ ਸ੍ਰੀਨਗਰ ਦੇ ਪੰਥਾ ਚੌਕ ਇਲਾਕੇ ‘ਚ ਅੱਜ ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਾਲੇ ਹੋਏ ਮੁਕਾਬਲੇ ‘ਚ ਜੈਸ਼-ਏ-ਮੁਹੰਮਦ ਦੇ ਤਿੰਨ ਅਤਿਵਾਦੀ ਮਾਰੇ ਗਏ ਅਤੇ ਚਾਰ ਸੁਰੱਖਿਆ ਕਰਮੀ ਜ਼ਖ਼ਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ 13 ਦਸੰਬਰ ਨੂੰ ਜੇਵਾਨ ਖੇਤਰ ਵਿੱਚ ਪੁਲੀਸ ਬੱਸ ਉੱਤੇ ਹੋਏ ਹਮਲੇ ਵਿੱਚ ਸ਼ਾਮਲ ਸੀ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਹ ਤਿੰਨੇ ਅਤਿਵਾਦੀ ਸ੍ਰੀਨਗਰ ਦੇ ਪੰਥਾ ਚੌਕ ਵਿੱਚ ਮੁਕਾਬਲੇ ਵਿੱਚ ਮਾਰੇ ਗਏ। ਮੁਕਾਬਲੇ ਵਿੱਚ ਤਿੰਨ ਪੁਲੀਸ ਮੁਲਾਜ਼ਮ ਅਤੇ ਕੇਂਦਰੀ ਰਿਜ਼ਰਵ ਪੁਲੀਸ ਬਲ (ਸੀਆਰਪੀਐੱਫ) ਦਾ ਜਵਾਨ ਵੀ ਜ਼ਖ਼ਮੀ ਹੋ ਗਿਆ। ਉਨ੍ਹਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਕਸ਼ਮੀਰ ਦੇ ਪੁਲੀਸ ਇੰਸਪੈਕਟਰ ਜਨਰਲ (ਆਈਜੀਪੀ) ਵਿਜੇ ਕੁਮਾਰ ਨੇ ਦੱਸਿਆ ਕਿ ਮਾਰੇ ਗਏ ਅਤਿਵਾਦੀਆਂ ਵਿੱਚੋਂ ਇੱਕ ਦੀ ਪਛਾਣ ਜੈਸ਼-ਏ-ਮੁਹੰਮਦ ਦੇ ਸੁਹੇਲ ਅਹਿਮਦ ਰਾਥੇਰ ਵਜੋਂ ਹੋਈ ਹੈ। ਆਈਜੀਪੀ ਨੇ ਟਵੀਟ ਕੀਤਾ, ‘ਸੁਹੇਲ ਜੇਵਾਨ ਅਤਿਵਾਦੀ ਹਮਲੇ ‘ਚ ਸ਼ਾਮਲ ਸੀ। ਜੇਵਾਨ ਹਮਲੇ ‘ਚ ਸ਼ਾਮਲ ਸਾਰੇ ਅਤਿਵਾਦੀ ਮਾਰੇ ਗਏ ਹਨ। ਦੋ ਅਤਿਵਾਦੀ ਵੀਰਵਾਰ ਨੂੰ ਅਨੰਤਨਾਗ ‘ਚ ਹੋਏ ਮੁਕਾਬਲੇ ‘ਚ ਮਾਰੇ ਗਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly