*ਤਿੰਨ ਰੋਜ਼ਾ ਸੂਬਾਈ ਵਿਦਿਆਰਥੀ ਵਿਗਿਆਨਕ ਚੇਤਨਾ ਕੈਂਪ ਸਫਲਤਾ ਪੂਰਵਕ ਸੰਪੰਨ*

*ਤਿੰਨ ਰੋਜ਼ਾ ਸੂਬਾਈ ਵਿਗਿਆਨਕ ਚੇਤਨਾ ਕੈਂਪ ਵਿੱਚ ਸ਼ਾਮਲ ਹੋਏ ਵਿਦਿਆਰਥੀਆਂ ਦੇ ਸਨਮਾਨ ਦੀ ਝਲਕ*।
*ਚੇਤਨਾ ਦੇ ਚਾਨਣ ਨਾਲ ਭਵਿੱਖ ਰੁਸ਼ਨਾਉਣ ਦਾ ਦੇ ਗਿਆ ਸਬਕ*
ਬਰਨਾਲਾ  (ਸਮਾਜ ਵੀਕਲੀ) ਸਥਾਨਕ ਤਰਕਸ਼ੀਲ ਭਵਨ ਵਿੱਚ ਤਰਕਸ਼ੀਲ ਸੁਸਾਇਟੀ ਪੰਜਾਬ ਦੀ ਪਹਿਲਕਦਮੀ ਤੇ ਵਿਦਿਆਰਥੀ ਵਰਗ ਨੂੰ ਸੋਚਣ, ਸਮਝਣ ਤੇ ਪਰਖਣ ਦੀ ਸੁਚੱਜੀ ਆਦਤ ਪਾ ਕੇ ਉਨ੍ਹਾਂ ਦੇ ਮਨਾਂ ਵਿੱਚੋਂ ਅਗਿਆਨਤਾ ਤੇ ਅੰਧਵਿਸ਼ਵਾਸਾਂ ਦਾ ਹਨੇਰਾ ਦੂਰ ਕਰਨ ਲਈ ਲਗਾਇਆ ਗਿਆ ਤਿੰਨ ਰੋਜ਼ਾ ਸੂਬਾਈ ਵਿਦਿਆਰਥੀ ਚੇਤਨਾ ਕੈਂਪ ਸਫਲਤਾ ਪੂਰਵਕ ਸੰਪੰਨ ਹੋਇਆ।ਕੈਂਪ ਦੇ ਤਿੰਨੇ ਦਿਨ ਭਰ ਵੱਖ ਵੱਖ ਸ਼ੈਸ਼ਨਾਂ ਵਿੱਚ ਚੇਤਨਾ, ਗਿਆਨ ਦੀ ਚਰਚਾ ਦਾ ਪ੍ਰਵਾਹ ਲਗਾਤਾਰ ਚਲਦਾ ਰਿਹਾ।ਚੰਗੇਰੀ ਜੀਵਨ ਜਾਂਚ ਤੇ ਚਰਚਾ ਕਰਦਿਆਂ ਅਧਿਐਨ ਕਰਨਾ, ਚੰਗਾ ਕਰਨ ਦੀ ਆਦਤ ਪਾਉਣਾ ਤੇ ਜ਼ਿੰਦਗੀ ਦਾ ਕੋਈ ਮਕਸਦ ਮਿਥ ਕੇ ਨਵੇਂ ਰਾਹ ਤਲਾਸ਼ਣ ਨੂੰ ਜਸਵੰਤ ਮੁਹਾਲੀ    ਸਫਲਤਾ ਵੱਲ ਜਾਂਦਾ ਰਾਹ ਦੱਸਿਆ।ਨਾਮਵਰ ਤਰਕਸ਼ੀਲ ਚਿੰਤਕ ਤੇ ਲੇਖਕ ਰਾਜਪਾਲ ਸਿੰਘ ਨੇ   ਜੀਵ ਵਿਕਾਸ ਦੀ ਪ੍ਰਕਿਰਿਆ ਤੇ ਚਰਚਾ ਕਰਦਿਆਂ ਪਹਿਲੇ ਮਨੁੱਖ ਦੇ ਹੋਂਦ ਵਿੱਚ ਆਉਣ ਦੀ ਕਹਾਣੀ ਨੂੰ ਭਾਵਪੂਰਤ ਤੇ ਸੌਖੇਰੇ ਢੰਗ ਨਾਲ ਸਮਝਾਇਆ।ਜਿਸ ਨੇ ਵਿਦਿਆਰਥੀਆਂ ਦੇ ਮਨ ਮਸਤਕ ਤੇ ਚੇਤਨਾ ਦੀ ਨਵੀਂ ਇਬਾਰਤ ਲਿਖੀ।
         ਕੈਂਪ ਵਿੱਚ ਪੁਸਤਕਾਂ ਪੜ੍ਹਨ ਬਾਰੇ ਸੇਵਾ ਮੁਕਤ ਡੀਨ ਭਾਸ਼ਾਵਾਂ ਡਾ. ਰਾਜਿੰਦਰ ਪਾਲ ਸਿੰਘ ਨੇ  ਵਿਦਿਆਰਥੀਆਂ ਨੂੰ ਪੁਸਤਕਾਂ ਦੇ ਸੰਗ ਸਾਥ ਕਰਨ ਦੀ ਪ੍ਰੇਰਨਾ ਦਿੱਤੀ।ਉਨ੍ਹਾਂ ਨਾਲ ਪੁਸਤਕਾਂ ਪੜ੍ਹਨ ਨਾਲ ਮਿਲਦੀ ਸੁਹਜ, ਸਿਆਣਪ ਤੇ ਸਫਲਤਾ ਬਾਰੇ ਰੌਚਿਕ ਢੰਗ ਨਾਲ ਸਮਝਾਇਆ।
  ਚਮਤਕਾਰਾਂ ਪਿੱਛੇ ਵਿਗਿਆਨ ਵਿਸ਼ੇ ਤੇ ਨੈਸ਼ਨਲ ਐਵਾਰਡੀ ਲੈਕਚਰਾਰ ਜਸਵਿੰਦਰ ਸਿੰਘ ਪਟਿਆਲਾ ਨੇ ਰੌਚਿਕ ਢੰਗ ਤਰੀਕੇ ਨਾਲ ਵਿਦਿਆਰਥੀਆਂ ਦੇ ਮਨਾਂ ਵਿਚਲੇ ਸਾਰੇ ਸ਼ੰਕੇ ਨਵਿਰਤ ਕੀਤੇ।ਉਨ੍ਹਾਂ ਆਖਿਆ ਕਿ ਮਨੁੱਖੀ ਜੀਵਨ ਦੀ ਕਾਇਆ ਕਲਪ ਕਰਨ ਦਾ ਸਿਹਰਾ ਵਿਗਿਆਨ ਨੂੰ ਜਾਂਦਾ ਹੈ।ਕੈਂਪ ਵਿੱਚ ਵਿਦਿਆਰਥੀਆਂ ਕਸਰਤ, ਸਿਹਤ,ਜੀਵਨ ਨਾਲ ਜੋੜਨ ਤੇ ਮਾਨਵਤਾ ਲਈ ਜਿਉਣ ਬਾਰੇ ਮਨੋਜ ਮਲਿਕ ਦਾ ਉੱਦਮ ਸਰਾਹੁਣਯੋਗ ਰਿਹਾ।
        ਕੈਂਪ ਵਿੱਚ ਤਰਕਸ਼ੀਲ   ਸੁਸਾਇਟੀ ਦੇ ਸੂਬਾ ਜਥੇਬੰਦਕ ਮੁਖੀ ਰਾਜਿੰਦਰ ਭਦੌੜ ਨੇ ਮਾਨਸਿਕ ਰੋਗਾਂ,ਬ੍ਰੇਨ ਪੀਡੀਆ ਤੇ ਪ੍ਰਚਲਿਤ ਅੰਧਵਿਸ਼ਵਾਸਾਂ ਬਾਰੇ ਤਰਕਸ਼ੀਲ ਨਜ਼ਰੀਏ ਤੋਂ ਮੁਲਾਂਕਣ ਕਰਦਿਆਂ ਵਿਦਿਅਰਥੀਆਂ ਨੂੰ ਵਿਗਿਆਨਕ ਸੋਚ ਅਪਣਾਉਣ ਲਈ ਪ੍ਰੇਰਿਆ।ਚੇਤਨਾ ਕੈਂਪ ਵਿੱਚ ਰਾਮ ਕੁਮਾਰ ਪਟਿਆਲ਼ਾ ਨੇ ਜਾਦੂ ਕਲਾ ਦੇ ਭੇਦ ਸਮਝਾਉਣ ਲਈ ਆਪਣੀਆਂ ਦਿਲਚਸਪ ਪੇਸ਼ਕਾਰੀਆਂ ਨਾਲ ਦਰਸਾਇਆ ਕਿ ਵਿਗਿਆਨ ਵਾਪਰਨ ਵਾਲੀ ਹਰ ਘਟਨਾ ਪਿੱਛੇ ਕੋਈ ਨਾ ਕੋਈ ਕਾਰਣ ਹੁੰਦਾ ਹੈ।ਜਦ ਕਿ ਚਮਤਕਾਰਾਂ ਦੀ ਆਪਣੇ ਆਪ ਵਿੱਚ ਕੋਈ ਹੋਂਦ ਨਹੀਂ ਹੁੰਦੀ।ਕੈਂਪ ਦੌਰਾਨ  ਡਾ. ਗਗਨਦੀਪ ਸਿੰਘ ਐੱਮ.ਡੀ.ਨੇ ਨਸ਼ਿਆਂ ਦੇ ਜ਼ਿੰਦਗੀ ਤੇ ਸਮਾਜ ਤੇ ਪੈ ਰਹੇ ਬੁਰੇ ਪ੍ਰਭਾਵਾਂ ਬਾਰੇ ਭਾਵਪੂਰਤ ਵਿਚਾਰ ਰੱਖੇ।ਇਤਿਹਾਸ ਬਾਰੇ ਤੱਥਾਂ ਸਮੇਤ ਚਰਚਾ ਕਰਦਿਆਂ ਬਲਬੀਰ ਲੌਂਗੋਵਾਲ ਨੇ ਦੇਸ਼ ਭਗਤਾਂ ਦੀ ਕੁਰਬਾਨੀਆਂ ਤੇ ਸੁਪਨਿਆਂ, ਆਦਰਸ਼ਾਂ ਬਾਰੇ ਵਿਸਥਾਰ ਨਾਲ ਦੱਸਿਆ। ਕੈਂਪ ਦੌਰਾਨ ਪ੍ਰਿੰਸੀਪਲ ਹਰਿੰਦਰ ਕੌਰ ਮੁਹਾਲੀ ਤੇ ਸੁਰਜੀਤ ਟਿੱਬਾ ਦੀ ਅਗਵਾਈ ਵਿੱਚ ਕੁਇਜ਼ ਮੁਕਾਬਲਾ ਕਰਵਾਇਆ ਗਿਆ। ਜੋਗਿੰਦਰ ਕੁੱਲੇਵਾਲ ਦੀ ਅਗਵਾਈ ਵਿੱਚ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਵਿੱਚ ਆਪੋ ਆਪਣੀ ਕਲਾ ਦਾ ਪ੍ਰਗਟਾਵਾ ਕੀਤਾ।ਕੈਂਪ ਵਿਦਿਆਰਥੀਆਂ ਨੂੰ ਚੇਤਨਾ ਦੇ ਚਾਨਣ ਨਾਲ ਭਵਿੱਖ ਰੁਸ਼ਨਾਉਣ ਦਾ ਦਿੱਤਾ ਸਬਕ ਦੇ ਗਿਆ।
       ਕੈਂਪ ਦੀ ਸਮਾਪਤੀ ਕੁਇਜ਼ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਤੇ ਸ਼ਾਮਲ ਹੋਏ ਸਾਰੇ ਵਿਦਿਅਰਥੀਆਂ ਨੂੰ ਮੈਡਲ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।ਮੰਚ ਸੰਚਾਲਨ ਦੀ ਜ਼ਿੰਮੇਵਾਰੀ ਗੁਰਪ੍ਰੀਤ ਸ਼ਹਿਣਾ ਤੇ ਸੁਰਜੀਤ ਟਿੱਬਾ ਨੇ ਨਿਭਾਈ ਜਦ ਕਿ ਰਾਜੇਸ਼ ਅਕਲੀਆ,ਸੰਦੀਪ ਧਾਰੀਵਾਲ ਭੋਜਾਂ, ਅਜੀਤ ਪ੍ਰਦੇਸੀ,ਮਾਸਟਰ ਪਰਮਵੇਦ,ਕੁਲਦੀਪ ਨੈਣੇਵਾਲ,ਪ੍ਰਵੀਨ ਜੰਡਵਾਲਾ, ਕੁਲਜੀਤ ਡੰਗਰ ਖੇੜਾ ਅਵਤਾਰ ਦੀਪ, ਕੇਵਲ ਜੀਦਾ, ਜਰਨੈਲ ਧੌਲਾ, ਬਿੰਦਰ ਧਨੌਲਾ ਤੇ ਗਿਆਨ ਸਿੰਘ ਬਠਿੰਡਾ ਆਦਿ  ਆਗੂਆਂ ਨੇ ਵੀ ਚੇਤਨਾ ਕੈਂਪ ਦੀ ਸਫਲਤਾ ਲਈ ਆਪਣਾ ਰੋਲ ਨਿਭਾਇਆ।
ਮਾਸਟਰ ਪਰਮਵੇਦ 
ਜੋਨ ਜਥੇਬੰਦਕ ਮੁਖੀ 
 ਤਰਕਸ਼ੀਲ ਸੁਸਾਇਟੀ ਪੰਜਾਬ 
9417422349
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਡਰਾਈ ਡੇ
Next articleਏ. ਐੱਸ. ਆਈ ਸੁਖਵਿੰਦਰਪਾਲ ਸਿੰਘ ਮੁਲਤਾਨੀ ਬਣੇ ਸਬ ਇੰਸਪੈਕਟਰ