ਕਰਨਾਲ (ਸਮਾਜ ਵੀਕਲੀ): ਪਾਨੀਪਤ ਦੇ ਕਸਬਾ ਇਸਰਾਨਾ ਵਿੱਚ ਅੱਜ ਦੁਪਹਿਰ ਵਾਪਰੇ ਹਾਦਸੇ ਵਿੱਚ ਤਿੰਨ ਜਣੇ ਜ਼ਿੰਦਾ ਸੜ ਗਏ। ਇਹ ਹਾਦਸਾ ਰੋਹਤਕ ਕੌਮੀ ਹਾਈਵੇਅ ’ਤੇ ਇਸਰਾਨਾ ਦੀ ਨਵੀਂ ਅਨਾਜ ਮੰਡੀ ਨੇੜੇ ਵਾਪਰਿਆ। ਇਸ ਦੌਰਾਨ ਇੱਕ ਕਾਰ ਦੀ ਟਰੱਕ ਨਾਲ ਟੱਕਰ ਹੋਣ ਮਗਰੋਂ ਕਾਰ ਨੂੰ ਅੱਗ ਲੱਗ ਗਈ, ਜਿਸ ਕਾਰਨ ਕਾਰ ਸਵਾਰ ਤਿੰਨ ਵਿਅਕਤੀਆਂ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ। ਪ੍ਰਤੱਖਦਰਸ਼ੀਆਂ ਨੇ ਦੱਸਿਆ ਕਿ ਟੱਕਰ ਹੁੰਦੇ ਸਾਰ ਹੀ ਕਾਰ ਨੂੰ ਅੱਗ ਲੱਗ ਗਈ ਅਤੇ ਕਾਰ ਲੌਕ ਹੋ ਗਈ, ਜਿਸ ਕਾਰਨ ਕਾਰ ’ਚ ਸਵਾਰ ਤਿੰਨੋਂ ਜਣੇ ਕਾਰ ਦੇ ਅੰਦਰ ਫਸ ਗਏ ਤੇ ਉਨ੍ਹਾਂ ਦੀ ਜ਼ਿੰਦਾ ਸੜਨ ਕਾਰਨ ਮੌਤ ਹੋ ਗਈ।
ਪੁਲੀਸ ਜਾਂਚ ਵਿੱਚ ਸਾਹਮਣੇ ਆਇਆ ਕਿ ਕਾਰ (ਐੱਚਆਰ10-ਏਸੀ 5675) ਸੀਐੱਨਜੀ ’ਤੇ ਸੀ, ਜਿਸ ਕਾਰਨ ਟੱਕਰ ਹੁੰਦੇ ਹੀ ਉਸ ਨੂੰ ਅੱਗ ਲੱਗ ਗਈ। ਪੁਲੀਸ ਨੇ ਫਾਇਰ ਬ੍ਰਿਗੇਡ ਵਿਭਾਗ ਨੂੰ ਸੂਚਨਾ ਦਿੱਤੀ, ਜਿਸ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਦੋਂ ਤੱਕ ਕਾਰ ਸਵਾਰਾਂ ਦੀ ਮੌਤ ਹੋ ਚੁੱਕੀ ਸੀ। ਪਾਨੀਪਤ ਦੀ ਏਐੱਸਪੀ ਪੂਜਾ ਵਸ਼ਿਸ਼ਟ ਅਤੇ ਡੀਐੱਸਪੀ ਟਰੈਫਿਕ ਸੰਦੀਪ ਕੁਮਾਰ ਨੇ ਦੱਸਿਆ ਕਿ ਜਦ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਕਾਰ ’ਚ ਸਵਾਰ ਤਿੰਨੋਂ ਜਣੇ ਸੜ ਚੁੱਕੇ ਸਨ। ਇਹ ਗੱਡੀ ਸੋਨੀਪਤ ਦੇ ਅਜੈ ਪੁੱਤਰ ਸਤਪਾਲ ਦੇ ਨਾਮ ’ਤੇ ਰਜਿਸਟਰਡ ਦੱਸੀ ਜਾ ਰਹੀ ਹੈ। ਪੁਲੀਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਹਾਦਸੇ ਦੇ ਬਾਅਦ ਮੁਲਜ਼ਮ ਚਾਲਕ ਟਰੱਕ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly