ਰੂਪਨਗਰ (ਸਮਾਜ ਵੀਕਲੀ): ਇੱਥੋਂ ਦੀ ਪਾਵਰ ਕਲੋਨੀ ਵਿੱਚ ਸਥਿਤ ਇਕ ਕੁਆਰਟਰ ਵਿੱਚੋਂ ਅੱਜ ਦੇਰ ਸ਼ਾਮ ਪੁਲੀਸ ਨੂੰ ਮਹਿਲਾ ਡਾਕਟਰ ਅਤੇ ਉਸ ਦੇ ਮਾਤਾ-ਪਿਤਾ ਦੀਆਂ ਲਾਸ਼ਾਂ ਮਿਲੀਆਂ ਹਨ। ਇਸ ਸਬੰਧੀ ਐੱਸ.ਪੀ. (ਡੀ) ਹਰਵੀਰ ਸਿੰਘ ਅਟਵਾਲ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਾਵਰ ਕਲੋਨੀ ਦੇ ਟਾਈਪ-4 ਦੇ ਮਕਾਨ ਨੰਬਰ-64 ਨੇੜਿਓਂ ਬਦਬੂ ਆ ਰਹੀ ਹੈ। ਪੁਲੀਸ ਨੇ ਜਦੋਂ ਕੁਆਰਟਰ ਖੋਲ੍ਹ ਕੇ ਦੇਖਿਆ ਤਾਂ ਇੱਕ ਲੜਕੀ ਅਤੇ ਔਰਤ ਸਣੇ ਤਿੰਨ ਲਾਸ਼ਾਂ ਕੁਆਰਟਰ ਅੰਦਰ ਪਈਆਂ ਸਨ। ਉਨ੍ਹਾਂ ਕਿਹਾ ਕਿ ਮੁੱਢਲੀ ਜਾਂਚ ਦੌਰਾਨ ਪਤਾ ਲੱਗਿਆ ਕਿ ਲਾਸ਼ਾਂ ’ਤੇ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਸਨ। ਉਨ੍ਹਾਂ ਦੱਸਿਆ ਕਿ ਲਾਸ਼ਾਂ ਦੀ ਹਾਲਤ ਬਹੁਤ ਜ਼ਿਆਦਾ ਖ਼ਰਾਬ ਹੋ ਚੁੱਕੀ ਸੀ।
ਮ੍ਰਿਤਕਾਂ ਦੀ ਪਛਾਣ ਸਿਵਲ ਹਸਪਤਾਲ ਸ੍ਰੀ ਆਨੰਦਪੁਰ ਸਾਹਿਬ ਵਿੱਚ ਤਾਇਨਾਤ ਮੈਡੀਕਲ ਅਫ਼ਸਰ ਚਰਨਜੀਤ ਕੌਰ, ਉਸ ਦੇ ਪਿਤਾ ਮਾਸਟਰ ਹਰਚਰਨ ਸਿੰਘ ਅਤੇ ਮਾਤਾ ਪਰਮਜੀਤ ਕੌਰ ਵਜੋਂ ਹੋਈ ਹੈ।
ਪੁਲੀਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕਾ ਡਾ. ਚਰਨਜੀਤ ਕੌਰ ਦਾ ਭਰਾ ਪ੍ਰਭਜੋਤ ਸਿੰਘ ਜੋ ਖ਼ੁਦ ਵੀ ਪੀਜੀਆਈ ਚੰਡੀਗੜ੍ਹ ਵਿੱਚ ਤਾਇਨਾਤ ਹੈ, ਘਰੋਂ ਗਾਇਬ ਹੈ ਇਸ ਵਾਸਤੇ ਪੁਲੀਸ ਦੇ ਸ਼ੱਕ ਦੀ ਸੂਈ ਪ੍ਰਭਜੋਤ ਸਿੰਘ ਵੱਲ ਘੁੰਮ ਰਹੀ ਹੈ। ਉਨ੍ਹਾਂ ਦੱਸਿਆ ਕਿ ਇਹ ਕਤਲ 9 ਤੇ 10 ਤਰੀਕ ਦੀ ਦਰਮਿਆਨੀ ਰਾਤ ਨੂੰ ਕੀਤੇ ਗਏ ਹੋ ਸਕਦੇ ਹਨ, ਕਿਉਂਕਿ ਡਾ. ਚਰਨਜੀਤ ਕੌਰ 9-10 ਅਪਰੈਲ ਦੀ ਦਰਮਿਆਨੀ ਰਾਤ ਨੂੰ ਐਮਰਜੈਂਸੀ ਡਿਊਟੀ ’ਤੇ ਸੀ। ਉਹ 10 ਅਪਰੈਲ ਨੂੰ ਸਵੇਰ ਵੇਲੇ ਡਿਊਟੀ ਤੋਂ ਆਪਣੇ ਘਰ ਪਰਤੀ ਸੀ।
ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਰੂਪਨਗਰ ਵਿੱਚ ਪਹੁੰਚਾਏ ਜਾਣ ਤੋਂ ਬਾਅਦ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਨ੍ਹਾਂ ਕਤਲਾਂ ਦਾ ਜਲਦੀ ਹੀ ਸੁਰਾਗ ਲਗਾ ਲਿਆ ਜਾਵੇਗਾ। ਡਾ. ਚਰਨਜੀਤ ਕੌਰ ਦਾ ਪਿਤਾ ਹਰਚਰਨ ਸਿੰਘ ਥਰਮਲ ਪਲਾਂਟ ਰੂਪਨਗਰ ਦੇ ਸਕੂਲ ਤੋਂ ਅਧਿਆਪਕ ਵਜੋਂ ਸੇਵਾਮੁਕਤ ਹੋਇਆ ਸੀ ਅਤੇ ਉਹ ਇਸ ਵੇਲੇ ਆਪਣੇ ਪਰਿਵਾਰ ਸਣੇ ਸੇਵਾਮੁਕਤ ਕੋਟੇ ਅਧੀਨ ਪਾਵਰ ਕਲੋਨੀ ਵਿੱਚ ਮਕਾਨ ਲੈ ਕੇ ਰਹਿ ਰਹੇ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly