(ਸਮਾਜ ਵੀਕਲੀ)- ਪੱਤਰਕਾਰੀ ਕੋਈ ਸੌਖਾ ਕੰਮ ਨਹੀਂ । ਇਸ ਕਿੱਤੇ ਵਿੱਚੋਂ ਵਿਚਰਦਿਆਂ ਬਹੁਤ ਜੌਖਮ ਉਠਾਉਣੇ ਪੈਂਦੇ ਹਨ ਤੇ ਕਈ ਵਾਰ ਬਿਨਾ ਵਜਹ ਹੀ ਲੋਕਾਂ ਦੀਆ ਖਰੀਆਂ ਖੋਟੀਆਂ ਸੁਣਨੀਆਂ ਪੈਂਦੀਆਂ ਹਨ । ਕਈ ਵਾਰ ਸੱਚ ਦੀ ਖੋਜ ਕਰਕੇ ਕਿਸੇ ਕਵਰ ਸਟੋਰੀ ਨੂੰ ਛਾਪਣ ਤੋਂ ਬਾਅਦ ਬਿਨਾ ਕਾਰਨ ਧਿਰ ਜਾਂ ਧੜੇਬਾਜ਼ੀ ਨਾਲ ਰਲੇ ਹੋਣ ਦੇ ਦੋਸ਼ ਵੀ ਲੱਗਦੇ ਹਨ, ਪਰ ਕਾਫ਼ਲਾ ਬੇਰੋਕ ਚੱਲਦਾ ਰਹਿੰਦਾ ਹੈ । ਲਓ ਪੇਸ਼ ਹੈ ਮੇਰੀ ਇਕ ਯਾਦਗਾਰੀ ਘਟਨਾ ਜੋ ਕਿ ਪੱਤਰਕਾਰੀ ਦੇ ਖੇਤਰ ਨਾਲ ਹੀ ਸੰਬੰਧਿਤ ਹੈ ।
ਹੈਲੋ! ਕੋਣ ਬੋਲਦੇ ਹੋ ਜੀ ? ਫ਼ੋਨ ਦੀ ਘੰਟੀ ਵਜਦਿਆਂ ਹੀ ਮੈਂ ਫ਼ੋਨ ਅਨਸਰ ਕਰਦਿਆਂ ਪੁੱਛਿਆ ਤਾਂ ਅੱਗੋਂ ਜਵਾਬ ਮਿਲਿਆ, “ਮੈਂ ਡਾਕਟਰ ਫੌਜਾ ਸਿੰਘ ਦਲੇਰ (ਨਕਲੀ ਨਾਮ) ਬੋਲਦਾਂ, ਕੀ ਮੈਂ ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ ਨਾਲ ਗੱਲ ਕਰ ਰਿਹਾਂ ?” ਹਾਂ ਜੀ, ਡਾਕਟਰ ਸਾਹਿਬ, ਤੁਸੀਂ ਸ਼ਿੰਗਾਰਾ ਸਿੰਘ ਨਾਲ ਹੀ ਗੱਲ ਕਰ ਰਹੇ ਹੋ, ਕੀ ਹਾਲ ਚਾਲ ਹੈ ? ਹਾਲ ਵੀ ਠੀਕ ਹੈ ਤੇ ਚਾਲ ਵੀ ਹਾਲ ਦੀ ਘੜੀ ਠੀਕ ਹੈ । ਡਾਕਟਰ ਫੌਜਾ ਸਿੰਘ ਨੇ ਗੱਲ ਅੱਗੇ ਤੋਰਦਿਆਂ ਕਿਹਾ ਕਿ ਮੈਂ ਤੁਹਾਨੂੰ ਇਸ ਕਰਕੇ ਫ਼ੋਨ ਕੀਤਾ ਹੈ ਕਿ ਤੁਹਾਡੇ ਵੱਲੋਂ ਲੰਡਨ ਵਾਲੇ ਕਵੀ ਮੇਲੇ ਦੀ ਜੋ ਰਿਪੋਰਟ ਛਾਪੀ ਗਈ ਹੈ, ਉਸ ਵਿੱਚ ਮੇਰਾ ਪੂਰਾ ਨਾਮ ਛਾਪਣ ਦੀ ਬਜਾਏ ਸਿਰਫ ਡਾਕਟਰ ਫੌਜਾ ਦਲੇਰ ਕਰਕੇ ਛਾਪ ਦਿੱਤਾ ਗਿਆ ਹੈ ਜਦ ਕਿ ਇਕ ਕਵੀ ਵਜੋਂ ਮੇਰਾ ਪੂਰਾ ਨਾਮ ਹੀ ਚਲਦਾ ਹੈ । ਮੈਂ ਡਾਕਟਰ ਦਲੇਰ ਸਾਹਿਬ ਤੋਂ ਖਿਮਾ ਜਾਚਨਾ ਕਰਦਿਆਂ ਕਿਹਾ ਕਿ ਅਗਲੀ ਵਾਰ ਪੂਰਾ ਖਿਆਲ ਰੱਖਿਆ ਜਾਵੇਗਾ । ਕੁਝ ਮਹੀਨੇ ਬੀਤ ਗਏ, ਇੰਗਲੈਂਡ ਦੇ ਇਕ ਹੋਰ ਸ਼ਹਿਰ ਵਿੱਚ ਆਯੋਜਿਤ ਸਾਹਿਤਕ ਸਮਾਗਮ ਵਿੱਚ ਡਾ ਫੌਜਾ ਸਿੰਘ ਨਾਲ ਫੇਰ ਮੇਲ ਹੋ ਗਿਆ ਤੇ ਇਸ ਵਾਰ ਉਹਨਾ ਨੇ ਮੈਨੂੰ ਤਾਕੀਦ ਕੀਤੀ ਕਿ ਨਾਮ ਪੂਰਾ ਹੀ ਲਿਖਿਆ ਜਾਵੇ । ਮੈਂ ਉਸ ਸਾਹਿਤਕ ਸਮਾਗਮ ਦੀ ਰਿਪੋਰਟ ਤਿਆਰ ਕਰਦਿਆਂ ਇਸ ਗੱਲ ਦਾ ਖ਼ਾਸ ਖਿਆਲ ਰੱਖਿਆ ਤੇ ਰਿਪੋਰਟ ਅਖਬਾਰ ਨੂੰ ਭੇਜ ਦਿੱਤੀ । ਡਾ ਫੌਜਾ ਸਿੰਘ ਦਾ ਫੇਰ ਫ਼ੋਨ ਆਇਆ ਤੇ ਨਰਾਜ਼ ਹੋ ਕੇ ਬੋਲੇ, ਭਾਈ ਸਾਹਿਬ, ਮੇਰੇ ਵੱਲੋਂ ਤਾਕੀਦ ਕਰਨ ਦੇ ਬਾਵਜੂਦ, ਇਸ ਵਾਰ ਫੇਰ ਤੁਸੀਂ ਮੇਰਾ ਨਾਮ ਗਲਤ ਛਾਪ ਦਿੱਤਾ । ਮੈਂ ਪੁਛਿਆ ਕਿ ਇਸ ਵਾਰ ਕੀ ਗੱਲ ਹੋ ਗਈ ਤਾਂ ਉਸ ਨੇ ਦੱਸਿਆ ਕਿ ਇਸ ਵਾਰ ਉਹਨਾਂ ਦਾ ਨਾਮ ਡਾਕਟਰ ਫੌਜਾ ਸਿੰਘ ਹੀ ਛਾਪਿਆਂ ਗਿਆ ਹੈ, ਨਾਲ “ਦਲੇਰ” ਨਹੀਂ ਲਿਖਿਆ । ਮੈਂ ਉਹਨਾ ਨੂੰ ਦਿਲਬਰੀ ਦਿੱਤੀ ਕਿ ਕੋਈ ਗੱਲ ਨਹੀਂ ਤੁਸੀ ਤਾਂ ਹੈ ਹੀ “ਦਲੇਰ” ਹੋ ਤੇ ਇਸ ਦੇ ਨਾਲ ਹੀ ਫਿਰ ਖਿਮਾ ਜਾਚਨਾ ਕੀਤੀ ਭਾਵੇਂ ਇਸ ਵਾਰ ਮੇਰੀ ਕੋਈ ਗਲਤੀ ਨਹੀਂ ਸੀ ਬਲਕਿ ਅਖਬਾਰ ਦੇ ਸੰਪਾਦਕ ਨੇ ਜਗਾ ਦੀ ਘਾਟ ਕਾਰਨ ਕੁਝ ਕੁ ਨਾਵਾਂ ਦੀ ਕਾਂਟ ਛਾਂਟ ਕੀਤੀ ਸੀ । ਇਸ ਤੋ ਬਾਅਦ ਤਿੰਨ ਹੋਰ ਸਮਾਗਮਾਂ ਦੀਆ ਰਿਪੋਰਟਾਂ ਵਿੱਚ ਵੀ ਉਹਨਾਂ ਨਾਲ ਏਹੀ ਕੁੱਜ ਵਾਪਰਿਆ, ਉਹਨਾਂ ਵਿੱਚ ਇਕ ਰਿਪੋਰਟ ਵਿੱਚ ਉਹਨਾਂ ਦਾ ਨਾਮ ਇਕੱਲਾ ਫੌਜਾ ਦਲੇਰ ਛਾਪਿਆ ਗਿਆ ਤੇ ਦੂਜੇ ਵਿੱਚ ਡਾਕਟਰ ਦਲੇਰ ਕਰਕੇ ਛਪਿਆ ਤੇ ਤੀਜੀ ਰਿਪੋਰਟ ਵਿੱਚ ਨਾਮ ਤਾਂ ਸਹੀ ਸੀ ਤੇ “ਡਾਕਟਰ ਫੌਜਾ ਸਿੰਘ ਦਲੇਰ” ਛਪਿਆ ਹੋਇਆ ਸੀ, ਪਰ ਨਾਮ ਦੇ ਨਾਲ ਇਸ ਵਾਰ “ਕਵੀ” ਨਹੀਂ ਲੱਗਾ ਹੋਇਆ ਸੀ ਜਿਸ ਨੂੰ ਦੇਖ ਕੇ ਕਵੀ ਡਾਕਟਰ ਫੌਜਾ ਸਿੰਘ ਦਲੇਰ ਦਾ ਗ਼ੁੱਸਾ ਸੱਤਵੇਂ ਅਸਮਾਨ ‘ਤੇ ਜਾ ਚੜਿਆ ਤੇ ਇਸ ਵਾਰ ਫ਼ੋਨ ਕਰਕੇ ਉਹਨਾਂ ਨੇ ਮੇਰੇ ਨਾਲ ਰਸਮੀ ਦੁਆ ਸਲਾਮ ਕਰਨ ਦੀ ਬਜਾਏ ਸਿੱਧਾ ਹੀ ਮੈਨੂੰ ਅੱਗੇ ਧਰਦਿਆਂ ਕਿਹਾ ਕਿ “ਮੈਂ ਜਾਣਦਾ ਹਾਂ ਕਿ ਤੁਸੀ ਮੇਰੇ ਨਾਲ ਇਹ ਸਭ ਕੁੱਜ ਜਾਣ ਬੁਝਕੇ ਇਸ ਕਰਕੇ ਕਰ ਰਹੇ ਹੋ ਤਾਂ ਕਿ ਸਾਹਿਤਕ ਹਲਕਿਆ ਚ ਮੇਰਾ ਨਾਮ ਨਾ ਬਣ ਸਕੇ । ਮੈਂ ਉਹਨਾ ਨੂੰ ਇਹ ਦੱਸਦਿਆਂ ਕਿ ਇਸ ਵਾਰ ਤਾਂ ਉਹਨਾਂ ਦਾ ਨਾਮ ਬਿਲਕੁਲ ਸਹੀ ਛਪਿਆ ਹੈ ਤੇ ਪਿਛਲੀਆਂ ਗਲਤੀਆਂ ਵਾਸਤੇ ਮੁਆਫੀ ਪਹਿਲਾਂ ਹੀ ਮੰਗ ਲਈ ਗਈ ਸੀ ਤਾਂ ਉਹਨਾਂ ਨੇ ਕਿਹਾ ਮੈਂ ਯੂ ਕੇ ਦਾ ਇਕ ਸਥਾਪਤ ਕਵੀ ਹਾਂ ਤੇ ਮੈਨੂੰ ਹੈਰਾਨੀ ਹੈ ਕਿ ਤੁਸੀ ਮੇਰੇ ਨਾਮ ਨਾਲ “ਕਵੀ” ਲਿਖਣਾ ਕਿਵੇਂ ਭੁੱਲ ਜਾਂਦੇ ਹੋ ! ਉਹਨਾ ਇਹ ਵੀ ਕਿਹਾ ਕਿ ਯੂ ਕੇ ਦੇ ਕਾਵਿ ਹਲਕਿਆਂ ਚ ਇਸ ਵੇਲੇ ਉਹਨਾਂ ਦੀ ਪੂਰੀ ਚੜਤ ਹੈ, ਸਾਹਿਤਕ ਹਲਕੇ ਉਸਦੀ ਕਵਿਤਾ ਬਹੁਤ ਪਸੰਦ ਕਰਦੇ ਹਨ, ਇਸ ਕਰਕੇ ਅਖਬਾਰ ਵਿੱਚ ਅੱਧਾ ਪਚੱਧਾ ਨਾਮ ਛਾਪਣ ਨਾਲ ਜਾਂ ਉਸ ਨੂੰ “ ਕਵੀ” ਨਾ ਲਿਖਣ ਨਾਲ ਉਸ ਨੂੰ ਕੋਈ ਵੀ ਫਰਕ ਨਹੀਂ ਪੈਂਦਾ ਤੇ ਇਸ ਗੱਲ ਦੀ ਉਹ ਹੁਣ ਬਹੁਤੀ ਪ੍ਰਵਾਹ ਵੀ ਨਹੀਂ ਕਰਦੇ । ਪਰ ਜੇ ਕੋਈ ਵਾਰ ਵਾਰ ਉਹਨਾਂ ਦਾ ਨਾਮ ਵਿਗਾੜਨ ਦੀ ਕੋਸ਼ਿਸ਼ ਕਰੇਗਾ ਤਾਂ ਉਸ ਨੂੰ ਚੇਤਾਵਨੀ ਦੇਂਦਾ ਹਾਂ ਕਿ ਅੱਗੋਂ ਤੋਂ ਅਜਿਹਾ ਨਾ ਕਰੇ ਨਹੀਂ ਤਾਂ ਉਹ ਇਸ ਸੰਬੰਧ ਚ ਕਾਨੂੰਨੀ ਸਲਾਹ ਮਸ਼ਵਰਾ ਲੈਣ ਵਾਸਤੇ ਮਜਬੂਰ ਹੋਣਗੇ । ਇਸ ਦੇ ਨਾਲ ਹੀ ਡਾਕਟਰ ਸਾਹਿਬ ਨੇ ਕੁੱਜ ਹੋਰ ਵੀ ਖਰੀਆ ਖੋਟੀਆਂ ਸੁਣਾਈਆਂ ਤੇ ਮੇਰੇ ਉੱਤੇ ਪੂਰਾ ਨਜ਼ਲਾ ਝਾੜਿਆ ਤੇ ਮੇਰੀ ਗੱਲ ਸੁਣੇ ਬਿਨਾ ਹੀ ਫ਼ੋਨ ਕੱਟ ਗਏ । ਮੈਂ ਬੈਠਾ ਸੋਚ ਰਿਹਾ ਸਾਂ ਕਿ ਕਵੀ ਡਾ ਫ਼ੌਜਾ ਸਿੰਘ ਦਲੇਰ ਬਹੁਤ ਸਾਰੀਆਂ ਗੱਲਾਂ ਆਪਸ ਵਿਰੋਧੀ ਹੀ ਕਰਕੇ ਚੱਲਦੇ ਬਣੇ । ਭਾਵੇਂ ਉਹਨਾ ਦੇ ਨਾਮ ਦੇ ਮਾਮਲੇ ਚ ਮੇਰੀ ਕੋਈ ਗਲਤੀ ਨਹੀਂ ਸੀ, ਪਰ ਫੇਰ ਵੀ ਉਹਨਾ ਕੋਲੋਂ ਖਿਮਾ ਜਾਚਨਾ ਕਰਦਾ ਰਿਹਾ । ਮੈਂ ਇਹ ਵੀ ਸੋਚ ਰਿਹਾ ਸੀ ਕਿ ਡਾਕਟਰ ਫੌਜਾ ਸਿੰਘ, ਜਿਸ ਦਲੇਰੀ ਤੇ ਬੇਬਾਕੀ ਨਾਲ ਮੈਨੂੰ ਕਾਨੂੰਨੀ ਕਾਰਵਾਈ ਦੀ ਧਮਕੀ ਦੇ ਗਏ, ਉਸ ਹਿਸਾਬ ਨਾਲ ਉਹ ਆਪਣੇ ਆਪ ਨੂੰ ਇਕ ਕਵੀ, ਫੌਜੀ, ਸਿੰਘ ਤੇ ਦਲੇਰ ਵੀ ਬਾਬਤ ਕਰ ਗਏ ਜਿਸ ਕਾਰਨ ਇਹ ਘਟਨਾ ਕੁਝ ਸਾਲ ਬੀਤ ਜਾਣ ਦੇ ਬਾਵਜੂਦ ਵੀ ਮੇਰੇ ਜ਼ਿਹਨ ਚ ਅੱਜ ਤੱਕ ਤਰੋ ਤਾਜਾ ਹੈ ਤੇ “ਕਵੀ ਡਾਕਟਰ ਫੌਜਾ ਸਿੰਘ ਦਲੇਰ” ਮੇਰੇ ਬੜੇ ਚੰਗੇ ਮਿੱਤਰ ਹਨ, ਚੰਗੇ ਭਲੇ ਤੰਦਰੁਸਤ ਹਨ ਤੇ ਮਿਲਦੇ ਗਿਲਦੇ ਵੀ ਰਹਿੰਦੇ ਹਨ ।
ਪ੍ਰੋ ਸ਼ਿੰਗਾਰਾ ਸਿੰਘ ਢਿੱਲੋਂ
01/07/2021