(ਸਮਾਜ ਵੀਕਲੀ)
ਸੰਗਰੂਰ, (ਰਮੇਸ਼ਵਰ ਸਿੰਘ)- ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 29 ਅਗਸਤ ਦਿਨ ਐਤਵਾਰ ਨੂੰ ਸੁਤੰਤਰ ਭਵਨ ਸੰਗਰੂਰ ਵਿਖੇ ਹਰਮਨ ਪਿਆਰੇ ਨਾਵਲਕਾਰ ਮੇਘ ਗੋਇਲ ਦੀ ਯਾਦ ਨੂੰ ਸਮਰਪਿਤ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਭਾਸ਼ਾ ਵਿਭਾਗ ਪੰਜਾਬ ਵੱਲੋਂ ਦਿੱਤੇ ਜਾਂਦੇ ‘ਸ਼੍ਰੋਮਣੀ ਪੰਜਾਬੀ ਪੁਰਸਕਾਰਾਂ ਦੀ ਪੰਜਾਬੀ ਦੇ ਵਿਕਾਸ/ਵਿਨਾਸ਼ ਵਿੱਚ ਭੂਮਿਕਾ’ ਵਿਸ਼ੇ ’ਤੇ ਵਿਚਾਰ-ਚਰਚਾ ਕੀਤੀ ਜਾਵੇਗੀ। ਇਸ ਸਮਾਗਮ ਵਿੱਚ ਇਸ ਮੁੱਦੇ ਨੂੰ ਉਭਾਰਨ ਵਾਲੀ ਸੰਸਥਾ ਪੰਜਾਬੀ ਭਾਸ਼ਾ ਪਾਸਾਰ ਭਾਈਚਾਰਾ ਦੇ ਸੰਚਾਲਕ ਉੱਘੇ ਨਾਵਲਕਾਰ ਮਿੱਤਰ ਸੈਨ ਮੀਤ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਣਗੇ। ਵਿਚਾਰ ਚਰਚਾ ਵਿੱਚ ਪ੍ਰੋ. ਇੰਦਰਪਾਲ ਸਿੰਘ, ਦੇਵਿੰਦਰ ਸਿੰਘ ਸੇਖਾ, ਡਾ. ਮੀਤ ਖਟੜਾ, ਡਾ. ਸੁਖਵਿੰਦਰ ਸਿੰਘ ਪਰਮਾਰ, ਜਗਤਾਰ ਬੈਂਸ, ਮੂਲ ਚੰਦ ਸ਼ਰਮਾ ਅਤੇ ਜੰਗੀਰ ਸਿੰਘ ਰਤਨ ਆਦਿ ਬੁੱਧੀਜੀਵੀ ਹਿੱਸਾ ਲੈਣਗੇ। ਇਸ ਸਮਾਗਮ ਵਿੱਚ ਪ੍ਰੋ. ਇੰਦਰਪਾਲ ਸਿੰਘ ਵੱਲੋਂ ਸੰਪਾਦਿਤ ਮਿੱਤਰ ਸੈਨ ਮੀਤ ਦੀ ਪੁਸਤਕ ‘ਸ਼੍ਰੋਮਣੀ ਪੁਰਸਕਾਰ ਅਤੇ ਸਾਹਿਤਕ ਸਿਆਸਤ’, ਡਾ. ਮੀਤ ਖਟੜਾ ਦਾ ਮਿੰਨੀ-ਕਹਾਣੀ-ਸੰਗ੍ਰਹਿ ‘ਅਹਿਸਾਸ ਦੇ ਰਹਿਤਲ’, ਉੱਭਰਦੇ ਕਲਮਕਾਰ ਜਸਪ੍ਰੀਤ ਕੌਰ ਗੁਰਨਾ ਅਤੇ ਮਨਦੀਪ ਖਾਨਪੁਰੀ ਦਾ ਕਾਵਿ-ਸੰਗ੍ਰਹਿ ‘ਆਫ਼ਤਾਬ’ ਲੋਕ ਅਰਪਣ ਕੀਤੇ ਜਾਣਗੇ। ਇਸ ਮੌਕੇ ਸਾਹਿਤਕ ਖੇਤਰ ਵਿੱਚ ਫ਼ੈਲ ਰਹੇ ਸਿਆਸੀ ਪ੍ਰਦੂਸ਼ਣ ਦੇ ਖ਼ਿਲਾਫ਼ ਜ਼ੋਰਦਾਰ ਆਵਾਜ਼ ਬੁਲੰਦ ਕਰਨ ਲਈ ਮਾਂ ਬੋਲੀ ਪੰਜਾਬੀ ਦੇ ਸਿਰੜੀ ਸਪੂਤ ਮਿੱਤਰ ਸੈਨ ਮੀਤ ਨੂੰ ਸਭਾ ਵੱਲੋਂ ਸਨਮਾਨਿਤ ਵੀ ਕੀਤਾ ਜਾਵੇਗਾ।