(ਸਮਾਜ ਵੀਕਲੀ) ਮੱਝਾਂ ਗਾਵਾਂ ਚਾਰਨ ਵਾਲੇ ਮੁੰਡੇ ਨੂੰ ਪੜ੍ਹਾਉਣ ਦੀ ਸਰਕਾਰੀ ਨੌਕਰੀ ਮਿਲ ਜਾਵੇ, ਖ਼ੁਸ਼ੀ ਤਾਂ ਆਪੇ ਹੋਣੀ ਸੀ। ਇੱਕ ਤਾਂ ਬਚਪਨ ਤੋਂ ਹੀ ਸਖ਼ਤ ਮਿਹਨਤ ਕਰਨ ਦੀ ਆਦਤ ਪਈ ਹੋਈ ਸੀ। ਦੂਜਾ ਮੇਰੇ ਸੂਝਵਾਨ ਅਤੇ ਨਾਮਵਰ ਅਧਿਆਪਕਾਂ ਦੀ ਸੰਗਤ ਦਾ ਡੂੰਘਾ ਪ੍ਰਭਾਵ ਸੀ। ਪੜ੍ਹਾਉਣ ਤੋਂ ਜਦੋਂ ਵੀ ਮੈਂ ਵਿਹਲਾ ਹੋਣਾ, ਖੁਰਪਾ ਚੁੱਕ ਕੇ ਫ਼ੁੱਲ ਬੂਟਿਆਂ ਦੀਆਂ ਕਿਆਰੀਆਂ ਵੱਲ ਹੋ ਜਾਂਦਾ। ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਨਾਲ਼ ਕਿਸੇ ਨਾ ਕਿਸੇ ਵਿਸ਼ੇ ‘ਤੇ ਬੋਲਣ ਦਾ ਮੈਨੂੰ ਇੱਕ ਅਮਲ ਜਿਹਾ ਪੈ ਗਿਆ ਸੀ। ਸਕੂਲ ਦੇ ਵਿਦਿਆਰਥੀ ਵੀ ਮੇਰੀ ਗੱਲ ਨੂੰ ਬੜੇ ਗਹੁ ਨਾਲ਼ ਸੁਣਦੇ ਸਨ। ਉਦੋਂ ਮੈਨੂੰ ਸਰਵਿਸ ਵਿੱਚ ਜੁਆਇੰਨ ਕੀਤਿਆਂ ਦੋ ਕੁ ਮਹੀਨੇ ਹੀ ਲੰਘੇ ਸਨ। ਭਾਵੇਂ ਚੌਂਕੀਦਾਰ ਦੀ ਡਿਊਟੀ ਸਵੇਰੇ ਸਕੂਲ ਲੱਗਣ ਸਮੇਂ ਖ਼ਤਮ ਹੋ ਜਾਂਦੀ ਹੈ। ਪਰੰਤੂ ਪਤਾ ਨਹੀਂ ਕਿਉਂ, ਉਹ ਸਵੇਰ ਦੀ ਸਭਾ ਦੇ ਅੰਤ ਤੱਕ ਇੱਕ ਪਾਸੇ ਖੜ੍ਹੋ ਕੇ ਸਭਾ ਦਾ ਸਾਰਾ ਪ੍ਰੋਗਰਾਮ ਸੁਣਦਾ ਰਹਿੰਦਾ ਸੀ। ਜਿਉਂ ਹੀ ਸਭਾ ਖ਼ਤਮ ਹੁੰਦੀ, ਉਹ ਘਰ ਚਲਾ ਜਾਂਦਾ। ਇੱਕ ਦਿਨ ਸਕੂਲ ਵਿੱਚ ਛੁੱਟੀ ਹੋਣ ਤੋਂ ਦਸ ਕੁ ਮਿੰਟ ਪਹਿਲਾਂ ਉਹ ਮੇਰੇ ਕੋਲ ਆਇਆ। ਤੇ ਬਹੁਤ ਹੀ ਗਰੀਬੜਾ ਜਿਹਾ ਹੋ ਕੇ ਕਹਿੰਦਾ- “ਸਾਹਿਬ ਜੀ, ਮੇਰੀ ਇੱਕ ਅਰਜੀ ਲਿਖ ਦੋਂ ਗੇ ਜੀ?”
“ਹਾਂ ਹਾਂ। ਜ਼ਰੂਰ। ਪਰੰਤੂ ਅਰਜੀ ਲਿਖਾਉਣੀ ਕੀਹਦੇ ਨਾਂ ਹੈ?” ਮੈਂ ਪੁੱਛਿਆ।
“ਸਾਹਿਬ ਜੀ, ਮੈਂ ਆਪਣਾ ਛੋਟਾ ਜਿਹਾ ਘਰ ਬਣਾਇਆ ਹੈ। ਬਿਜਲੀ ਦਾ ਮੀਟਰ ਲਗਵਾਉਣਾ ਹੈ ਜੀ।”
ਮੈਂ ਉਸੇ ਵੇਲੇ ਅਰਜੀ ਲਿਖਣ ਬੈਠ ਗਿਆ। ਜਦੋਂ ਤੱਕ ਅਰਜੀ ਪੂਰੀ ਲਿਖੀ ਗਈ ਸੀ, ਤਦ ਤੱਕ ਸਕੂਲ ਵਿੱਚ ਛੁੱਟੀ ਹੋ ਚੁੱਕੀ ਸੀ। ਸਾਰਾ ਸਟਾਫ਼ ਆਪੋ ਆਪਣੀ ਹਾਜਰੀ ਲਾ ਕੇ ਜਾ ਚੁੱਕਾ ਸੀ। ਮੈਂ ਦਫ਼ਤਰ ‘ਚ ਆਪਣੀ ਹਾਜਰੀ ਲਾਈ। ਬੈਗ ਚੁੱਕਿਆ। ਤੇ ਬੱਸ ਅੱਡੇ ਵੱਲ ਤੁਰ ਪਿਆ। ਰੋਜ਼ਾਨਾ ਮਿਲਣ ਵਾਲ਼ੀ ਬੱਸ ਕਦੋਂ ਦੀ ਲੰਘ ਚੁੱਕੀ ਸੀ। ਅਗਲੀ ਬੱਸ ਲਗਪਗ ਚਾਲ਼ੀ ਮਿੰਟ ਬਾਅਦ ਆਈ। ਮੈਂ ਬੱਸ ਚੜ੍ਹ ਕੇ ਆਪਣੀ ਮੰਜ਼ਿਲ ਦੇ ਰਾਹ ਪੈ ਗਿਆ। ਸਾਡਾ ਸੱਤ ਕੁ ਪੁਰਸ਼ ਸਟਾਫ਼ ਮੈਂਬਰਾਂ ਦਾ ਵੱਖਰਾ ਗਰੁੱਪ ਸੀ। ਅਗਲੇ ਦਿਨ ਮੈਂ ਜਿਉਂ ਹੀ ਚਾਹ ਪੀਣ ਲਈ ਗਰੁੱਪ ਮੈਂਬਰਜ਼ ਕੋਲ ਗਿਆ, ਉਨ੍ਹਾਂ ਵਿੱਚੋਂ ਕਈਆਂ ਦੀਆਂ ਨਜ਼ਰਾਂ ਮੈਨੂੰ ਬਦਲੀਆਂ-ਬਦਲੀਆਂ ਜਿਹੀਆਂ ਲੱਗੀਆਂ। ਮੈਂ ਆਪਣਾ ਚਾਹ ਵਾਲ਼ਾ ਕੱਪ ਚੁੱਕਿਆ। ਤੇ ਬਾਹਰ ਵੱਲ ਨੂੰ ਤੁਰ ਪਿਆ। ਅਚਾਨਕ ਕੁੰਢੀਆਂ ਮੁੱਛਾਂ ਵਾਲ਼ੇ ਨੇ ਮੈਨੂੰ ਅਵਾਜ਼ ਮਾਰ ਕੇ ਰੋਕ ਲਿਆ। ਮੈਂ ਉਹਨੀਂ ਪੈਰੀਂ ਮੁੜ ਆਇਆ। ਉਹ ਬੋਲਿਆ- “ਸਰ, ਕੱਲ੍ਹ ਤੁਸੀਂ ਅਰਜੀ ਲਿਖਣ ਬੈਠ ਗਏ ਸੀ। ਥੋਡੀ ਤਾਂ ਬੱਸ ਲੰਘ ਗਈ ਹੋਣੀਂ ਐਂ?””ਹਾਂ ਜੀ! ਬੱਸ ਤਾਂ ਲੰਘ ਗਈ ਸੀ। ਪਰੰਤੂ ਅਗਲੀ ਬੱਸ ਆਉਣ ਤੱਕ ਮੈਂ ਪਿੱਪਲ ਹੇਠ ਬਹਿ ਇੱਕ ਕਿਤਾਬ ਪੜ੍ਹਨ ਲੱਗ ਗਿਆ ਸੀ। ਇਸ ਲਈ ਮੈਨੂੰ ਤਾਂ ਪਤਾ ਈ ਨੀਂ ਲੱਗਿਆ ਕਿ ਚਾਲ਼ੀ ਮਿੰਟ ਕਦੋਂ ਲੰਘ ਗਏ।””ਡਾਕਟਰ ਸਾਹਿਬ, ਗੱਲ ਏਹ ਨੀਂ ਹੈ ਕਿ ਤੁਸੀਂ ਕਿਤਾਬ ਪੜ੍ਹਦੇ ਰਹੇ ਤੇ ਤੁਹਾਨੂੰ ਸਮੇਂ ਦਾ ਪਤਾ ਨੀਂ ਲੱਗਿਆ। ਗੱਲ ਤਾਂ ਇਹ ਹੈ ਕਿ ਤੁਹਾਨੂੰ ਕੀ ਲੋੜ ਪਈ ਸੀ, ਉਹਦੀ ਅਰਜੀ ਲਿਖਣ ਦੀ? ਤੁਹਾਡੇ ਤੋਂ ਪਹਿਲਾਂ ਉਹਨੇ ਸਾਨੂੰ ਵੀ ਤਾਂ ਕਿਹਾ ਸੀ, ਅਰਜੀ ਲਿਖਣ ਨੂੰ। ਅਸੀਂ ਤਾਂ ਕਿਸੇ ਨੇ ਨੀਂ ਲਿਖੀ ਉਹਦੀ ਅਰਜੀ। ਡਾ. ਸਾਹਿਬ ਤੁਸੀਂ ਹੈਗੇ, ਯੂਨੀਵਰਸਿਟੀ ਪੜ੍ਹੇ ਲਿਖੇ। ਥੋਨੂੰ ਪਿੰਡਾਂ ਦੇ ਸਾਬ ਕਿਤਾਬ ਦਾ ਬਹੁਤਾ ਥਹੁ ਪਤਾ ਨੀਂ ਹੈਗਾ। ਏਹਨਾਂ ਲਾਗੀ ਤਿੱਥੀਆਂ ਨੂੰ ਬਹੁਤਾ ਮੂੰਹ ਨੀਂ ਲੌਂਦੇ ਅਸੀਂ। ਗਾਂਹ ਤੋਂ ਤੁਸੀਂ ਵੀ ਟਰਕਾ ਦਿਆ ਕਰਿਓ।” ਉਹਦੀਆਂ ਗੱਲਾਂ ਸੁਣ ਕੇ ਮੈਨੂੰ ਗੁੱਸਾ ਤਾਂ ਬਹੁਤ ਚੜ੍ਹਿਆ। ਫ਼ੇਰ ਅਚਾਨਕ ਮੇਰੇ ਜ਼ਿਹਨ ਵਿੱਚ ਆਇਆ ਕਿ ਜਿਸ ਵਿਅਕਤੀ ‘ਤੇ ਤੂੰ ਆਪਣਾ ਗੁੱਸਾ ਕੱਢਣ ਲਈ ਤਿਆਰ ਹੈਂ, ਉਹਦਾ ਤੇ ਤੇਰਾ ਕੀ ਮੁਕਾਬਲਾ? ਪਰੰਤੂ ਚਾਹ ਦਾ ਭਰਿਆ ਭਰਾਇਆ ਕੱਪ ਮੈਂ ਉੱਥੇ ਈ ਰੱਖ ਦਿੱਤਾ। ਬਾਹਰ ਜਾਂਦਿਆਂ ਮੈਂ ਕੇਵਲ ਇੱਕੋ ਵਾਕ ਬੋਲਿਆ- “ਜੇ ਇਨ੍ਹਾਂ ਪਵਿੱਤਰ ਵਿੱਦਿਅਕ ਸੰਸਥਾਵਾਂ ਵਿੱਚ ਪੜ੍ਹਾਉਣ ਵਾਲ਼ਿਆਂ ਦੀ ਸੋਚ ਏਨੀਂ ਛੋਟੀ ਹੈ, ਤਦ ਵਿਦਿਆਰਥੀ ਚੰਗੀ ਸੋਚ ਲਈ ਕਿੱਥੇ ਜਾਣਗੇ?” ਮੁੜ ਉਸ ਗਰੁੱਪ ਵਿੱਚ ਚਾਹ ਪੀਣੀਂ ਤਾਂ ਦੂਰ, ਮੈਂ ਉਨ੍ਹਾਂ ਨਾਲ਼ ਬੈਠਣਾ ਈਂ ਬੰਦ ਕਰ ਦਿੱਤਾ ਸੀ।
ਡਾ. ਇਕਬਾਲ ਸਿੰਘ ਸਕਰੌਦੀ।
84276-85020.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj


