(ਸਮਾਜ ਵੀਕਲੀ)
ਵਤਨੋਂ ਤੁਰ ਜਾਣ ਵਾਲਿਓ,
ਮੁੜ ਫੇਰਾ ਕਦੇ ਪਾ ਜਾਇਓ।
ਮਾਪਿਆਂ ਦੇ ਸੁੰਨੇ ਵਿਹੜੇ,
ਰੌਣਕ ਜਿਹੀ ਲਾ ਜਾਇਓ।
ਵਤਨੋਂ ਤੁਰ….
ਘਰਦਿਆਂ ਤੋਂ ਦੂਰ ਹੋ ਕੇ,
ਰੋਂਦੇ ਤਾਂ ਹੋਣੇ ਈ ਆ।
ਜਿੰਨੀ ਵੀ ਜਾਨ ਤੋੜ ਲਓ,
ਪੱਲੇ ਤਾਂ ਰੋਣੇ ਈ ਆ।
ਡਾਲਰਾਂ ਤੇ ਪੋਂਡਾਂ ਵਾਲ਼ੀ,
ਚਮਕ ਹੀ ਦਿਖਾ ਜਾਇਓ।
ਵਤਨੋਂ ਤੁਰ…
ਬਾਪੂ ਦੀ ਸੋਟੀ ਡਿੱਗ ਪਈ,
ਅੰਮੜੀ ਦੇ ਕੰਬਦੇ ਹੱਥ।
ਪਿੰਡਾਂ ਵਿੱਚ ਉੱਲੂ ਬੋਲਣ,
ਖ਼ਾਲੀ ਪਈ ਰੋਵੇ ਸੱਥ।
ਬੁੱਝਦੇ ਹੋਏ ਦੀਵਿਆਂ ਵਿੱਚ,
ਛਿੱਟ ਤੇਲ ਦੀ ਪਾ ਜਾਇਓ।
ਵਤਨੋਂ ਤੁਰ….
ਸ਼ਗਨਾਂ ਦੇ ਦਿਨ ਭੈਣਾਂ ਦੇ,
ਵੀਰਾਂ ਬਿਨ ਸੁੰਨੇ ਰਹਿ ਗਏ।
ਛੁੱਟੀ ਨਹੀਂ ਮਿਲਣੀ ਛੇਤੀ,
ਜਾਂਦੇ ਹੋਏ ਆਪੇ ਕਹਿ ਗਏ।
ਰੁੱਸੀਆਂ ਉਹਨਾਂ ਭੈਣਾਂ ਤੋਂ,
ਰੱਖੜੀ ਬੰਨ੍ਹਵਾ ਜਾਇਓ।
ਵਤਨੋਂ ਤੁਰ….-
ਉੱਡਦੇ ਜਹਾਜ਼ ਨੂੰ ਤੱਕਦੇ,
ਬੱਚੇ ਵੀ ਉੱਡ ਜਾਂਦੇ ਨੇ।
ਘੁੱਟਕੇ ਜੋ ਹੱਥ ਫੜੇ ਸੀ,
ਹੱਥਾਂ ‘ਚੋਂ ਛੁੱਟ ਜਾਂਦੇ ਨੇ।
ਇੱਕੋ ਅਰਮਾਨ ਹੈ ਬਚਿਆ,
ਲਾਂਬੂ ਆ ਕੇ ਲਾ ਜਾਇਓ।
ਵਤਨੋਂ ਤੁਰ ਜਾਣ ਵਾਲਿਓ,
ਮੁੜ ਫੇਰਾ ਕਦੇ ਪਾ ਜਾਇਓ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly