ਆਪਣੇ ਆਪ ਨੂੰ ਐਨੇ ਚੰਗੇ ਬਣਾਓ ਕਿ ਤੁਹਾਨੂੰ ਸਾਜਿਸ਼ਾਂ ਕਰਨੀਆਂ ਹੀ ਨਾ ਪੈਣ
ਅਨੰਤ ਗਿੱਲ (ਭਲੂਰ)
(ਸਮਾਜ ਵੀਕਲੀ) ਸਰਪੰਚੀ ਦੀਆਂ ਚੋਣਾਂ ਆਪਣੇ ਆਖਰੀ ਪੜਾਅ ਉੱਤੇ ਹਨ।ਚੋਣ ਪ੍ਰਚਾਰ ਬੀਤੇ ਕੱਲ੍ਹ ਸ਼ਾਮ ਤੋਂ ਬੰਦ ਹੋ ਚੁੱਕਾ ਹੈ।ਪਿਛਲੇ ਕੁਝ ਦਿਨਾਂ ਤੋਂ ਹਰ ਗਲੀ ਮੋੜ ਤੋਂ ਮਿੰਟ ਮਿੰਟ ਬਾਅਦ ਪ੍ਰਚਾਰ ਕਰ ਰਹੇ ਜੀਪਾਂ ਗੱਡੀਆਂ ਉੱਤੇ ਲੱਗੇ ਸਪੀਕਰਾਂ ਦੇ ਚੁੱਪ ਹੋਣ ਨਾਲ ਪਿੰਡਾਂ ਵਿਚਲੇ ਰੌਲੇ ਰੱਪੇ ਵਾਲੇ ਮਹੌਲ ਤੋਂ ਛੁਟਕਾਰਾ ਮਿਲ ਗਿਆ ਹੈ ।ਚੋਣ ਪ੍ਰਚਾਰ ਦੀ ਭੱਜ ਦੌੜ ਤੋਂ ਵਿਹਲੇ ਹੋ ਕੇ ਲੋਕ ਹੱਟਾਂ ਸੱਥਾਂ ਅਤੇ ਮੋੜਾਂ ਉੱਤੇ ਬਹਿ ਕੇ ਬੜੀ ਗੰਭੀਰਤਾ ਨਾਲ ਵਿਚਾਰ ਚਰਚਾ ਵਿੱਚ ਰੁੱਝ ਗਏ ਹਨ, ਹਰ ਇੱਕ ਨੂੰ ਆਪਣੇ ਉਮੀਦਵਾਰ ਉੱਪਰ ਭਰੋਸਾ ਤੇ ਜਿੱਤ ਜਾਣ ਦੀ ਉਮੀਦ ਹੈ।ਬਹੁਤ ਸਾਰੇ ਪਿੰਡਾਂ ਵਿੱਚ ਐਤਕੀਂ ਲੜਾਈ ਝਗੜੇ ਦੀਆਂ ਖਬਰਾਂ ਵੀ ਮਿਲੀਆਂ ਹਨ। ਬਹੁਤ ਸਾਰੇ ਪਿੰਡਾਂ ਵਿੱਚ ਸਰਬਸੰਮਤੀ ਨਾਲ ਸਰਪੰਚ/ਮੈਂਬਰ ਚੁਣ ਲਏ ਗਏ ਹਨ।ਬਹੁਤ ਪਿੰਡਾਂ ਵਿੱਚ ਆਪਣੀ ਦਿਸਦੀ ਹਾਰ ਨਾਲ ਵਰਕਰਾਂ ਵਿੱਚ ਤਲਖੀ ਵੀ ਮਹਿਸੂਸ ਕੀਤੀ ਗਈ ਹੈ।ਕਈ ਪਿੰਡਾਂ ਵਿੱਚ ਕਿਸੇ ਇੱਕ ਦੇ ਮੁਕਾਬਲੇ ਕੋਈ ਦੂਜਾ ਸਰਪੰਚ ਖੜ੍ਹਾ ਹੀ ਨਹੀਂ ਹੋਇਆ। ਕਈ ਪਿੰਡਾਂ ਵਿੱਚ ਇੱਕ ਨਹੀਂ ਪੰਜ ਪੰਜ ਵਿਅਕਤੀ ਸਰਪੰਚੀ ਦੀ ਚੋਣ ਲੜ ਰਹੇ ਹਨ। ਗੱਲ ਕੀ ਪਿੰਡ ਪਿੰਡ ਦੀ ਆਪਣੀ ਵੱਖਰੀ ਕਹਾਣੀ ਹੈ ਪਰ ਇਸ ਵਾਰ ਲੋਕ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਸੁਹਿਰਦ ਅਤੇ ਸੂਝਵਾਨ ਹੋ ਗਏ ਹਨ। ਹਰ ਇੱਕ ਨੂੰ ਪਤਾ ਹੈ ਕਿ ਚੰਗੇ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਵਿੱਚ ਹੀ ਸਭ ਦਾ ਭਲਾ ਹੈ ।
ਸਰਪੰਚੀ ਇੱਕ ਵੱਡੀ ਜਿੰਮੇਵਾਰੀ ਹੈ ਜਿਸਨੂੰ ਨਿਭਾਉਣਾ ਹਾਰੀ ਸਾਰੀ ਦੇ ਵੱਸ ਦੀ ਗੱਲ ਨਹੀਂ ।ਸਰਪੰਚੀ ਦੀ ਇਹ ਵੱਡੀ ਜਿੰਮੇਵਾਰੀ ਕਿਸੇ ਸੁਹਿਰਦ ਨੂੰ ਹੀ ਮਿਲਣੀ ਚਾਹੀਦੀ ਹੈ ਬੇਸ਼ੱਕ ਉਹ ਤੁਹਾਡੀ ਆਪਣੀ ਮਨਪਸੰਦ ਪਾਰਟੀ ਵਿੱਚੋਂ ਹੋਵੇ ਤੇ ਭਾਵੇਂ ਨਾ। ਸਭ ਦਾ ਫਰਜ ਬਣਦਾ ਹੈ ਕਿ ਆਪਣਾ ਇੱਕ ਇੱਕ ਕੀਮਤੀ ਵੋਟ ਪਾ ਕੇ ਆਪਣੇ ਪਿੰਡ ਲਈ ਸਰਪੰਚ ਦੀ ਚੋਣ ਕਰੋ। ਸਰਪੰਚ ਦੀ ਚੋਣ ਪਾਰਟੀਬਾਜ਼ੀ ਨੂੰ ਪਾਸੇ ਰੱਖ ਕੇ ਕਰਨਾ ਹੀ ਸਾਡੇ ਅਤੇ ਸਾਡੇ ਪਿੰਡ ਲਈ ਬਿਹਤਰ ਹੈ।ਇਸ ਵਾਰ ਸਾਡੇ ਪਿੰਡਾਂ ਦੇ ਸੂਝਵਾਨ ਨੌਜਵਾਨਾਂ ਨੇ ਸਰਪੰਚੀ ਲਈ ਕਦਮ ਅੱਗੇ ਵਧਾਏ ਹਨ।ਵੱਡਿਆ ਦਾ ਉਹਨਾਂ ਨੂੰ ਆਸ਼ੀਰਵਾਦ ਦੇਣਾ ਬਣਦਾ ਹੈ।ਉੰਝ ਵੀ ਬਹੁਤੇ ਪਿੰਡਾਂ ਵਿੱਚ ਪਿਛਲੇ ਪੰਦਰਾਂ ਵੀਹਾਂ ਸਾਲਾਂ ਤੋਂ ਬਣਦੇ ਆ ਰਹੇ ਸਰਪੰਚਾਂ ਕੋਲੋਂ ਹਾਲੇ ਤੱਕ ਪਿੰਡਾਂ ਦੀਆਂ ਗਲੀਆਂ ਨਾਲੀਆਂ ਹੀ ਠੀਕ ਨਹੀਂ ਹੋ ਸਕੀਆਂ ਇਸ ਲਈ ਅੱਜ ਨੌਜਵਾਨਾਂ ਨੂੰ ਸਰਪੰਚੀ ਦਾ ਅਹੁਦਾ ਸੌਂਪਣ ਦਾ ਸਮਾਂ ਹੈ। ਕਿਉਂਕਿ ਉਹ ਪਿਛਲੇ ਲੰਬੇ ਸਮੇਂ ਤੋਂ ਆਪਣੇ ਪਿੰਡ ਦੇ ਮੰਦੜੇ ਹਾਲ ਨਾਲ ਖਿਝੇ ਹੋਏ ਹਨ ਤੇ ਆਪਣੇ ਪਿੰਡ ਨੂੰ ਵੀ ਸੋਹਣੇ ਪਿੰਡਾਂ ਵਰਗਾ ਸੋਹਣਾ ਬਣਾਉਣ ਦਾ ਚਾਅ ਆਪਣੇ ਨੈਣਾਂ ਵਿੱਚ ਸਜਾਈ ਬੈਠੇ ਹਨ।
ਉਹਨਾਂ ਨੂੰ ਪਤਾ ਹੈ ਕਿ ਸਾਡੇ ਪਿੰਡਾਂ ਵਿੱਚ ਆਈਆਂ ਕਿੰਨੀਆਂ ਗਰਾਂਟਾਂ ਹੋਸ਼ੇ ਮੈਂਬਰਾਂ ਜਾਂ ਸਰਪੰਚਾਂ ਦੀ ਅਣਗਹਿਲੀ ਅਤੇ ਆਪਸੀ ਅਣਬਣ ਕਾਰਨ ਵਾਪਸ ਮੁੜ ਗਈਆਂ ਹਨ। ਤੇ ਇਸੇ ਕਰਕੇ ਉਹ ਅੱਜ ਸਰਪੰਚੀ ਲੈਣ ਖਾਤਿਰ ਹੀ ਘਰਾਂ ਤੋਂ ਬਾਹਰ ਨਹੀਂ ਨਿਕਲੇ ਸਗੋਂ ਲੰਬੇ ਸਮੇਂ ਤੋਂ ਹੀ ਆਪਣੇ ਪਿੰਡ ਦੇ ਦੁੱਖ ਸੁੱਖ ਵਿੱਚ ਸ਼ਰੀਕ ਹੋਏ ਹਨ। ਉਹਨਾਂ ਨੇ ਆਪਣੇ ਪਿੰਡ ਨੂੰ ਨੇੜੇ ਹੋ ਕੇ ਵੇਖਿਆ ਹੈ, ਸਮਝਿਆ ਹੈ, ਜਾਣਿਆ ਹੈ, ਪਿੰਡ ਵਾਸੀਆਂ ਅਤੇ ਪਿੰਡ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਫ਼ੈਸਲਾ ਕਰ ਲਿਆ ਹੈ। ਅਸਲੀਅਤ ਵਿੱਚ ਜਿਹੜੇ ਸੱਚ ਦੇ ਪਾਂਧੀ ਆ ,ਜਿਹੜੇ ਦਿਲੋਂ ਆਪਣੇ ਪਿੰਡ ਨਾਲ ਜੁੜੇ ਹੋਏ ਆ ਉਹਨਾਂ ਨੂੰ ਅੱਜ ਹੀ ਪਤਾ ਹੈ ਕਿ ਉਹਨਾਂ ਦੀ ਜਿੱਤ ਯਕੀਨੀ ਹੈ। ਪਿੰਡ ਵਾਸੀਆਂ ਦੇ ਦਿਲਾਂ ਨੂੰ ਵੀ ਪਤਾ ਈ ਹੁੰਦਾ ਹੈ ਕਿ ਪਿੰਡ ਦੀ ਬਿਹਤਰੀ ਕਿਸਦੇ ਨਾਲ ਹੈ।ਇਸ ਲਈ ਕੱਲ੍ਹ ਤੱਕ ਅਸੀਂ ਕਿੱਥੇ ਅਤੇ ਕਿਸ ਨਾਲ ਸੀ ਇਹ ਗੱਲ ਪਾਸੇ ਰੱਖ ਕੇ ਵੋਟ ਪਾਉਣ ਲੱਗਿਆਂ ਆਪਣੇ ਜਮੀਰ, ਆਪਣੇ ਦਿਲ ਨੂੰ ਇੱਕ ਵਾਰ ਪੁੱਛਣਾ ਜਰੂਰ ਬਣਦਾ ਹੈ ਕਿ ਅਸੀਂ ਜਿਸ ਨੂੰ ਚੁਣ ਰਹੇ ਹਾਂ ਕੀ ਉਹ ਸਾਡੇ ਅਤੇ ਸਾਡੇ ਪਿੰਡ ਲਈ ਬਿਹਤਰ ਹੈ ਜਾਂ ਨਹੀਂ। ਖਾਸ ਕਰਕੇ ਬੀਬੀਆਂ ਭੈਣਾਂ ਹੁਣ ਤੱਕ ਹਮੇਸ਼ਾ ਆਪਣੇ ਘਰਦਿਆਂ ਦੇ ਆਖਣ ਮੁਤਾਬਿਕ ਹੀ ਆਪਣੀ ਵੋਟ ਪਾਉਂਦੀਆਂ ਆਈਆਂ ਹਨ ਪਰ ਜੇ ਉਹਨਾਂ ਨੂੰ ਸਾਫ ਸਾਫ ਪਤਾ ਹੈ ਕਿ ਕਿਹੜਾ ਵਿਅਕਤੀ ਸਰਪੰਚ ਬਣਨ ਦੇ ਯੋਗ ਹੈ ਤਾਂ ਵੋਟ ਓਸੇ ਨੂੰ ਹੀ ਪਾਓ।ਆਪਣੀ ਵੋਟ ਦਾ ਦੁਰਉਪਯੋਗ ਕਦੇ ਨਾ ਹੋਣ ਦਿਓ।
ਇਹ ਗੱਲ ਵੀ ਬਹੁਤ ਖਾਸ ਅਤੇ ਅਹਿਮ ਹੈ ਕਿ ਕੁਝ ਲੋਕ ਸਿਰਫ ਤੇ ਸਿਰਫ ਦੂਜਿਆਂ ਨੂੰ ਹਰਾਉਣ ਲਈ ਚੋਣ ਮੈਦਾਨ ਵਿੱਚ ਉੱਤਰੇ ਹਨ। ਸੋਚੋ ਜੇ ਉਹ ਸੁਹਿਰਦ ਹੁੰਦੇ ਤਾਂ ਚੋਣ ਮੈਦਾਨ ਵਿੱਚ ਜਿੱਤਣ ਲਈ ਆਉਂਦੇ ਦੂਜਿਆਂ ਨੂੰ ਹਰਾਉਣ ਲਈ ਨਹੀਂ। ਜੇ ਉਹ ਆਪਣੇ ਆਪ ਲਈ ਹੀ ਸੁਹਿਰਦ ਨਹੀਂ ,ਤਾਂ ਪਿੰਡ ਦਾ ਭਲਾ ਕਰ ਸਕਣਾ ਉਹਨਾਂ ਦੇ ਵੱਸ ਦੀ ਗੱਲ ਹੀ ਨਹੀਂ।ਇਸ ਲੲੀ ਸੁਚੇਤ ਹੋਵੋ, ਸੁਚੇਤ ਰਹੋ। ਯਾਦ ਰੱਖੋ ਜਿਹਾ ਬੀਜਾਂਗੇ ਤਿਹਾ ਵੱਢਾਂਗੇ।
ਆਖਿਰ ਵਿੱਚ ਇਹ ਕੇ ਜਿਹੜੇ ਨੌਜਵਾਨ ਸਰਪੰਚੀ ਦੇ ਬਿਲਕੁਲ ਦਾਅਵੇਦਾਰ ਹਨ,ਜੇ ਕੋਝੀਆਂ ਹਰਕਤਾਂ ਤੇ ਕੋਝੀਆਂ ਸਾਜਿਸ਼ਾਂ ਦੇ ਸ਼ਿਕਾਰ ਹੋ ਕੇ ਹਾਰ ਵੀ ਜਾਂਦੇ ਹਨ ਤਾਂ ਉਦਾਸ ਨਾ ਹੋਇਓ,,,,ਜਿੱਤ ਹਾਰ ਬਣੀ ਹੋਈ ਹੈ,ਲੱਭੀਏ ਤਾਂ ਹਾਰਾਂ ਵਿੱਚੋਂ ਵੀ ਬਹੁਤ ਕੁਝ ਲੱਭ ਜਾਂਦਾ।ਕੋਝੀਆਂ ਹਰਕਤਾਂ ਤੇ ਸਾਜਿਸ਼ਾਂ ਕਰਨ ਵਾਲਿਆਂ ਦੀ ਐਨੀ ਔਕਾਤ ਨਹੀਂ ਹੁੰਦੀ ਕਿ ਉਹ ਸਿੱਧੇ ਮੱਥੇ ਤੁਹਾਨੂੰ ਮੈਦਾਨ ਵਿੱਚ ਟੱਕਰਣ ਇਸ ਲਈ ਉਹ ਪਹਿਲਾਂ ਈ ਅੰਦਰੋਂ ਹਾਰੇ ਹੋਏ ਹੁੰਦੇ ਆ ਤੇ ਉਹਨਾਂ ਦੀ ਜਿੱਤ ਕੋਈ ਬਹੁਤੇ ਮਾਇਨੇ ਨਹੀਂ ਰੱਖਦੀ, ਲੋਕਾਂ ਨੂੰ ਸਭ ਪਤਾ ਹੁੰਦਾ,, ਬਿਲਕੁਲ ਵੀ ਉਦਾਸ ਨਹੀਂ ਹੋਣਾ,,,,,,,,
ਤੇ ਸਾਜਿਸ਼ਾਂ ਕਰਕੇ ਜਿੱਤ ਦੀ ਉਮੀਦ ਕਰਨ ਵਾਲਿਆਂ ਨੂੰ ਏਹੀ ਆਖਾਂਗੀ ਕਿ ਇਹ ਚੰਗੀ ਗੱਲ ਨਹੀਂ, ਆਪਣੇ ਆਪ ਨੂੰ ਐਨਾ ਚੰਗਾ ਬਣਾਓ ਕਿ ਤੁਹਾਨੂੰ ਸਾਜਿਸ਼ਾਂ ਕਰਨੀਆਂ ਹੀ ਨਾ ਪੈਣ,,ਯਾਦ ਰੱਖੋ ਕਿ ਸਾਜਿਸ਼ਾਂ ਕਦੇ ਸੋਹਣੀਆਂ ਮਿਸਾਲਾਂ ਨਹੀਂ ਬਣ ਸਕਦੀਆਂ, ਉਹ ਸਾਜਿਸ਼ਾਂ ਹੀ ਰਹਿੰਦੀਆਂ,,,,
ਸਾਰੇ ਪੰਜਾਬ ਦੇ ਸਾਰੇ ਸ਼ੇਰਬੱਗੇ ਪੁੱਤਾਂ ਨੂੰ ਢੇਰ ਸਾਰੀਆਂ ਦੁਆਵਾਂ,ਤੇ ਸਰਪੰਚੀ ਲਈ ਅਗਾਊਂ ਮੁਬਾਰਕਾਂ ਵਾਹਿਗੁਰੂ ਤੁਹਾਡੇ ਅੰਗ ਸੰਗ ਸਹਾਈ ਹੋਵੇ,,, ਚੜ੍ਹਦੀਕਲਾ ਬਖਸ਼ੇ ਤੇ ਤੁਸੀਂ ਆਪਣੇ ਸੋਹਣੇ ਸੁਪਨਿਆਂ ਨੂੰ ਸਾਕਾਰ ਕਰ ਸਕੋ ਪਿੰਡਾਂ ਦੀ ਨੁਹਾਰ ਬਦਲ ਦਿਓ,,,, ਮਾਵਾਂ ਦੀਆਂ ਬੁੱਕਲਾਂ ਵਿੱਚੋਂ ਨਸ਼ਿਆਂ ਨਾਲ ਬੁਝ ਚੱਲੇ ਚਿਰਾਗਾਂ ਨੂੰ ਪਹਿਲ ਦੇ ਆਧਾਰ ‘ਤੇ ਬਚਾ ਲਿਓ,,,,,,,ਤੁਹਾਥੋਂ ਪੰਜਾਬ ਦੇ ਸੋਹਣੇ ਭਵਿੱਖ ਦੀਆਂ ਢੇਰ ਸਾਰੀਆਂ ਉਮੀਦਾਂ ਨਾਲ……..
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly