ਨਵੀਂ ਦਿੱਲੀ (ਸਮਾਜ ਵੀਕਲੀ):
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਜਿਹੜੇ ਆਗੂ ਹਕੀਕਤ ਅਤੇ ਭਾਜਪਾ ਦਾ ਸਾਹਮਣਾ ਕਰਨ ਤੋਂ ਡਰਦੇ ਹਨ, ਉਹ ਪਾਰਟੀ ਛੱਡਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਕਿ ਪਾਰਟੀ ਤੋਂ ਬਾਹਰਲੇ ਨਿਡਰ ਆਗੂਆਂ ਨੂੰ ਕਾਂਗਰਸ ’ਚ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸ ਦੇ ਸੋਸ਼ਲ ਮੀਡੀਆ ਵਰਕਰਾਂ ਨੂੰ ਆਨਲਾਈਨ ਸੰਬੋਧਨ ਕਰਦਿਆਂ ਰਾਹੁਲ ਨੇ ਜਯੋਤਿਰਦਿੱਤਿਆ ਸਿੰਧੀਆ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਹੜੇ ਡਰਦੇ ਸਨ, ਉਨ੍ਹਾਂ ਪਾਰਟੀ ਛੱਡ ਦਿੱਤੀ ਹੈ। ਉਨ੍ਹਾਂ ਕਿਹਾ,‘‘ਕਈ ਲੋਕ ਹਨ ਜੋ ਡਰਦੇ ਨਹੀਂ ਹਨ ਪਰ ਉਹ ਕਾਂਗਰਸ ਤੋਂ ਬਾਹਰ ਹਨ।
ਇਹ ਸਾਰੇ ਲੋਕ ਸਾਡੇ ਹਨ। ਉਨ੍ਹਾਂ ਨੂੰ ਨਾਲ ਜੋੜੋ ਅਤੇ ਪਾਰਟੀ ਅੰਦਰ ਜਿਹੜੇ ਡਰਦੇ ਹਨ, ਉਨ੍ਹਾਂ ਨੂੰ ਬਾਹਰ ਕੱਢਿਆ ਜਾਵੇ।’’ ਕਾਂਗਰਸ ਆਗੂ ਨੇ ਕਿਹਾ ਕਿ ਡਰਪੋਕ ਆਗੂ ਆਰਐੱਸਐੱਸ ਦੇ ਲੋਕ ਹਨ ਅਤੇ ਉਨ੍ਹਾਂ ਨੂੰ ਪਾਰਟੀ ਛੱਡ ਕੇ ਚਲੇ ਜਾਣਾ ਚਾਹੀਦਾ ਹੈ। ‘ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਪਾਰਟੀ ਨੂੰ ਨਿਡਰ ਲੋਕਾਂ ਦੀ ਲੋੜ ਹੈ ਅਤੇ ਇਹੋ ਕਾਂਗਰਸ ਦੀ ਵਿਚਾਰਧਾਰਾ ਹੈ।’ ਸੂਤਰਾਂ ਮੁਤਾਬਕ ਸਿੰਧੀਆ ਦੀ ਮਿਸਾਲ ਦਿੰਦਿਆਂ ਵਰਕਰਾਂ ਨੂੰ ਦੱਸਿਆ ਕਿ ਸਿੰਧੀਆ ਨੇ ਆਪਣਾ ਘਰ ਬਚਾਉਣਾ ਸੀ ਅਤੇ ਉਹ ਡਰਿਆ ਹੋਇਆ ਸੀ ਜਿਸ ਕਾਰਨ ਉਹ ਆਰਐੱਸਐੱਸ ’ਚ ਸ਼ਾਮਲ ਹੋ ਗਿਆ।
ਜ਼ਿਕਰਯੋਗ ਹੈ ਕਿ ਬੀਤੇ ਕੁਝ ਸਮੇਂ ਦੌਰਾਨ ਜਿਤਿਨ ਪ੍ਰਸਾਦ, ਨਾਰਾਇਣ ਰਾਣੇ, ਰਾਧਾਕ੍ਰਿਸ਼ਨਾ ਵਿਖੇ ਪਾਟਿਲ ਅਤੇ ਖੁਸ਼ਬੂ ਸੁੰਦਰ ਵਰਗੇ ਆਗੂ ਕਾਂਗਰਸ ਛੱਡ ਕੇ ਭਾਜਪਾ ’ਚ ਚਲੇ ਗਏ ਹਨ। ਇਹ ਪਹਿਲੀ ਵਾਰ ਹੈ ਕਿ ਰਾਹੁਲ ਗਾਂਧੀ ਨੇ ਕਾਂਗਰਸ ਦੇ ਸੋਸ਼ਲ ਮੀਡੀਆ ਵਿਭਾਗ ਦੇ ਕਰੀਬ 3500 ਪਾਰਟੀ ਵਰਕਰਾਂ ਨੂੰ ਸੰਬੋਧਨ ਕੀਤਾ ਹੈ। ਰਾਹੁਲ ਨੇ ਸੋਸ਼ਲ ਮੀਡੀਆ ਮੈਂਬਰਾਂ ਨੂੰ ਕਿਹਾ ਕਿ ਉਹ ਉਨ੍ਹਾਂ ਦੇ ਭਰਾਵਾਂ ਵਰਗਾ ਹੈ ਅਤੇ ਉਸ ਨਾਲ ਗੱਲ ਕਰਨ ਤੋਂ ਉਹ ਨਾ ਡਰਨ। ਉਨ੍ਹਾਂ ਕਿਹਾ ਕਿ ਕਾਂਗਰਸ ਸਾਰਿਆਂ ਨੂੰ ਬਰਾਬਰ ਦੇ ਹੱਕ ਦੇਣਾ ਚਾਹੁੰਦੀ ਹੈ ਜਦਕਿ ਆਰਐੱਸਐੱਸ ਸਿਰਫ਼ ਕੁਝ ਨੂੰ ਲਾਭ ਪਹੁੰਚਾਉਣਾ ਚਾਹੁੰਦੀ ਹੈ। ਪਾਰਟੀ ਦੇ ਸੀਨੀਅਰ ਆਗੂ ਅਤੇ ਤਿਲੰਗਾਨਾ ਦੇ ਸਾਬਕਾ ਮੁਖੀ ਉੱਤਮ ਕੁਮਾਰ ਰੈੱਡੀ ਨੇ ਮਹਾਤਮਾ ਗਾਂਧੀ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਰਾਹੁਲ ਗਾਂਧੀ ਉਨ੍ਹਾਂ ਦੇ ਨਕਸ਼ੇ ਕਦਮ ’ਤੇ ਚੱਲ ਰਹੇ ਹਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly