(ਸਮਾਜ ਵੀਕਲੀ)
ਵਲਵਲਾ ਸ਼ਬਦ ਆਪਣੇ ਆਪ ਵਿੱਚ ਸਿੱਧੇ ਤੌਰ ਤੇ ਸਿਰਫ਼ ਮਨ ਨਾਲ ਹੀ ਸਬੰਧ ਰੱਖਦਾ ਹੈ।ਅਸਲ ਵਿੱਚ ਮਨੋਵਿਗਿਆਨਕ ਦ੍ਰਿਸ਼ਟੀਕੋਣ ਜਾਂ ਫ਼ਲਸਫ਼ੇ ਦੇ ਅਧਾਰ ਤੇ ਦੇਖੀਏ ਤਾਂ ਵਲਵਲਾ ਜਿਸ ਨੂੰ ਭਾਵਨਾ ਵੀ ਕਿਹਾ ਜਾਂਦਾ ਹੈ ਜਾਂ ਫਿਰ ਕਈ ਲੋਕ ਜਜ਼ਬਾ ਵੀ ਕਹਿ ਦਿੰਦੇ ਹਨ ,ਜੋ ਹਰ ਮਨੁੱਖ ਦਾ ਅੰਤਰਮੁਖੀ ਅਤੇ ਸੁਚੇਤ ਅਨੁਭਵ ਹੁੰਦਾ ਹੈ ।ਇਹ ਮਨੁੱਖ ਦੁਆਰਾ ਜੀਵਨ ਵਿੱਚ ਵਿਚਰਦੇ ਹੋਏ ਮਾਨਸਿਕ ਤੌਰ ਤੇ ਵੱਖ ਵੱਖ ਅਨੁਭਵਾਂ ਅਨੁਸਾਰ ਬਦਲਦੀਆਂ ਮਾਨਸਿਕ ਸਥਿਤੀਆਂ ਦੇ ਭਾਵ ਹੁੰਦੇ ਹਨ। ਵਲਵਲੇ ਨੂੰ ਆਮ ਤੌਰ ਉੱਤੇ ਮੂਡ, ਸੁਭਾਅ, ਸ਼ਖ਼ਸੀਅਤ, ਮਿਜ਼ਾਜ ਅਤੇ ਪ੍ਰੇਰਨਾ ਨਾਲ਼ ਜੁੜਿਆ ਹੋਇਆ ਅਤੇ ਇੱਕ-ਦੂਜੇ ਉੱਤੇ ਅਸਰ ਪਾਉਂਦਾ ਸਮਝਿਆ ਜਾਂਦਾ ਹੈ। ਵਲਵਲਿਆਂ ਤੋਂ ਉਤਪੰਨ ਹੋਣ ਵਾਲੀਆਂ ਪ੍ਰੇਰਨਾਂ ਭਾਵੇਂ ਅਗਾਂਹ-ਵਧੂ ਹੋਣ ਜਾਂ ਪਿਛਾਂਹ-ਹਟੂ ਇਹਨਾਂ ਉਪਰ ਵਲਵਲਿਆਂ ਦਾ ਇੱਕ ਵੱਡਾ ਹੱਥ ਹੁੰਦਾ ਹੈ।
ਈਰਖਾ, ਅਕੇਵਾਂ,ਉਦਾਸੀ, ਖ਼ੁਸ਼ੀ,ਉਮੀਦ,ਗੁੱਸਾ,ਚਾਹਤ, ਚਿੰਤਾ, ਜਗਿਆਸਾ, ਚੜ੍ਹਦੀ ਕਲਾ, ਢਹਿੰਦੀ ਕਲਾ,ਡਰ, ਨਫ਼ਰਤ, ਨਿਰਾਸ਼ਾ, ਪਿਆਰ, ਬੇਪ੍ਰਵਾਹੀ, ਮੋਹ, ਰੋਮਾਂਸ,ਵਾਸਨਾ, ਸ਼ਰਮ, ਸ਼ੱਕ,ਸੋਗ,ਹੈਰਾਨੀ,ਬੇਵਸਾਹੀ,ਬੇਵਸੀ ਸਭ ਵਲਵਲੇ ਹੀ ਤਾਂ ਹਨ। ਮਨੁੱਖ ਜਿਹੋ ਜਿਹੇ ਹਾਲਾਤਾਂ ਵਿੱਚੋਂ ਗੁਜ਼ਰ ਰਿਹਾ ਹੁੰਦਾ ਹੈ,ਉਸ ਤਰ੍ਹਾਂ ਦੇ ਹੀ ਉਸ ਦੇ ਮਨ ਅੰਦਰ ਵਲਵਲੇ ਉਪਜਣ ਲੱਗਦੇ ਹਨ।ਹਰ ਵਿਅਕਤੀ ਦੀ ਬਹੁਤੀ ਉਮਰ ਵਲਵਲਿਆਂ ਦੇ ਅਧਾਰ ਤੇ ਹੀ ਹੀ ਚੱਲਦੀ ਹੈ।ਕਿਤੇ ਨਫ਼ਰਤਾਂ ਵਿੱਚੋਂ ਜੇ ਕਿਤੇ ਪਿਆਰ ਦਾ ਵਲਵਲਾ ਉੱਠ ਪਵੇ ਤਾਂ ਰਿਸ਼ਤਿਆਂ ਨੂੰ ਜੋੜ ਦਿੰਦਾ ਹੈ ਤੇ ਚੜਦੀ ਕਲਾ ਵੱਲ ਲੈ ਤੁਰਦਾ ਹੈ,ਜੇ ਕਿਤੇ ਨਫ਼ਰਤਾਂ ਵਿੱਚੋਂ ਈਰਖਾ ਦਾ ਵਲਵਲਾ ਉਪਜ ਪਵੇ ਤਾਂ ਇਹ ਬਰਬਾਦੀ ਦੇ ਰਾਹ ਖੋਲ੍ਹ ਦਿੰਦਾ ਹੈ।
ਜ਼ਰੂਰੀ ਨਹੀਂ ਕਿ ਮਨੁੱਖ ਦੇ ਅੰਦਰ ਇਕੱਲੇਪਣ ਦੌਰਾਨ ਹੀ ਵਲਵਲੇ ਉਪਜਦੇ ਹਨ। ਕਈ ਵਾਰ ਭਾਰੀ ਇਕੱਠ ਵਿੱਚ ਵੀ ਇੱਕ ਵਿਅਕਤੀ ਉੱਪਰ ਹੀ ਪਿਆਰ, ਨਫ਼ਰਤ,ਗੁੱਸਾ ਜਾਂ ਕਿਸੇ ਹੋਰ ਤਰ੍ਹਾਂ ਦਾ ਵਲਵਲਾ ਉਪਜਦਾ ਹੀ ਰਹਿੰਦਾ ਹੈ। ਮਨੁੱਖ ਦੇ ਮਨ ਦੇ ਅੰਦਰਲੇ ਵਲਵਲੇ ਸਾਗਰਾਂ ਵਿੱਚ ਉੱਠਣ ਵਾਲੀਆਂ ਛੱਲਾਂ ਵਾਂਗ ਉਛਾਲੇ ਮਾਰਦੇ ਹਨ।ਵਲਵਲਾ ਪਲ ਵਿੱਚ ਮਨ ਅੰਦਰ ਉਪਜੇ ਵੇਗ ਨੂੰ ਉਚਾਈਆਂ ਤੇ ਲੈ ਜਾਂਦਾ ਹੈ ਤੇ ਅਗਲੇ ਹੀ ਪਲ ਉਹ ਸ਼ਾਂਤ ਸਮਤਲ ਖੜੋਤ ਵਿੱਚ ਆ ਜਾਂਦਾ ਹੈ। ਮਨ ਦੇ ਵਲਵਲਿਆਂ ਵਿੱਚ ਬਹੁਤ ਉਧੇੜ- ਬੁਣ ਚੱਲਦੀ ਰਹਿੰਦੀ ਹੈ। ਆਪਣੇ ਆਪ ਹੀ ਅੰਦਰੋਂ ਸਵਾਲ ਉਪਜਦੇ ਹਨ ਤੇ ਆਪਣੇ ਆਪ ਹੀ ਜਵਾਬ ਲੱਭੇ ਜਾਂਦੇ ਹਨ।ਇਸ ਤਰ੍ਹਾਂ ਅੰਤਰਮੁਖੀ ਸਵਾਲ ਜਵਾਬ ਦੇ ਸਿਲਸਿਲਿਆਂ ਤੋਂ ਕਈ ਵੱਡੀਆਂ ਵੱਡੀਆਂ ਸਮੱਸਿਆਵਾਂ ਦੇ ਹੱਲ ਵੀ ਲੱਭ ਪੈਂਦੇ ਹਨ,ਨਵੀਆਂ ਨਵੀਆਂ ਖੋਜਾਂ ਕੀਤੀਆਂ ਜਾਂਦੀਆਂ ਹਨ।
ਵਲਵਲਾ ਅਕਸਰ ਮਨੁੱਖ ਦੇ ਵਰਤਮਾਨ ਪਲ ਦੇ ਮੂਡ ਤੇ ਵੀ ਨਿਰਭਰ ਕਰਦਾ ਹੈ। ਮਿਸਾਲ ਦੇ ਤੌਰ ਤੇ ਲੜਾਈ ਝਗੜੇ ਜਾਂ ਜੋਸ਼ੀਲੀਆਂ ਗਤੀਵਿਧੀਆਂ ਦੇਖਣ ਤੋਂ ਕੁਝ ਚਿਰ ਬਾਅਦ ਤੱਕ ਬਹੁਤ ਹੀ ਨਿਮਰਤਾ ਜਾਂ ਮਿਠਾਸ ਵਾਲ਼ਾ ਵਲਵਲਾ ਉਪਜਣ ਓਨਾਂ ਹੀ ਅਸੰਭਵ ਹੁੰਦਾ ਹੈ ਜਿਵੇਂ ਦਹੀਂ ਨੂੰ ਬਿਨਾਂ ਰਿੜਕੇ ਮੱਖਣ ਕੱਢਣਾ ਅਸੰਭਵ ਹੁੰਦਾ ਹੈ।ਵਲਵਲਾ ਹਰ ਮਨੁੱਖ ਦੇ ਆਪਣੇ ਆਪਣੇ ਸੁਭਾਅ ਵਿੱਚੋਂ ਉਪਜਦਾ ਹੈ। ਸੜੀਅਲ ਅਤੇ ਖਿਝੂ ਸੁਭਾਅ ਦੇ ਲੋਕ ਅਕਸਰ ਉਹਨਾਂ ਦੁਆਲ਼ੇ ਹੱਸ ਖੇਡ ਰਹੇ ਲੋਕਾਂ ਨੂੰ ਦੇਖ ਕੇ ਘੱਟ ਹੀ ਖੁਸ਼ ਹੁੰਦੇ ਹਨ।ਬਹੁਤਾ ਕਰਕੇ ਤਾਂ ਉਹ ਲੋਕ ਹੋਰਾਂ ਨੂੰ ਹੱਸਦਿਆਂ ਨੂੰ ਦੇਖ ਕੇ ਅੰਦਰ ਹੀ ਅੰਦਰ ਖਿੱਝਦੇ ਸੜਦੇ ਰਹਿੰਦੇ ਹਨ। ਵਲਵਲਾ ਹਰ ਮਨੁੱਖ ਦੀ ਸ਼ਖ਼ਸੀਅਤ ਮੁਤਾਬਕ ਹੀ ਪੈਦਾ ਹੁੰਦਾ ਹੈ ਅਤੇ ਇਹ ਵਲਵਲੇ ਸ਼ਖ਼ਸ਼ੀਅਤਾਂ ਨੂੰ ਨਿਖਾਰਨ ਜਾਂ ਵਿਗਾੜਨ ਵਿੱਚ ਵੀ ਸਹਾਈ ਹੁੰਦੇ ਹਨ। ਚੜ੍ਹਦੀ ਕਲਾ ਵਿੱਚ ਰਹਿਣ ਵਾਲ਼ੀਆਂ ਸ਼ਖ਼ਸੀਅਤਾਂ ਵਿੱਚ ਹਮੇਸ਼ਾਂ ਚੜ੍ਹਦੀ ਕਲਾ ਦੇ ਭਾਵ ਹੀ ਉਪਜਦੇ ਹਨ ਜੋ ਉਹੋ ਜਿਹੀਆਂ ਸ਼ਖ਼ਸੀਅਤਾਂ ਨੂੰ ਦਿਨ ਬ ਦਿਨ ਨਿਖਾਰ ਕੇ ਹੋਰ ਚੜ੍ਹਦੀ ਕਲਾ ਵੱਲ ਲੈ ਜਾਂਦੇ ਹਨ।
ਖੁਸ਼ ਮਿਜਾਜ਼ ਜਾਂ ਦੁਖੀ ਵਿਅਕਤੀਆਂ ਦੇ ਮਨਾਂ ਵਿੱਚ ਇੱਕੋ ਜਿਹੇ ਵਲਵਲੇ ਨਹੀਂ ਪੈਦਾ ਹੋ ਸਕਦੇ। ਹਰ ਮਨੁੱਖ ਦੇ ਵਲਵਲਿਆਂ ਤੋਂ ਪ੍ਰੇਰਨਾ ਪੈਦਾ ਹੁੰਦੀ ਹੈ। ਵਲਵਲੇ ਸਕਾਰਾਤਮਕ ਸੋਚ ਵਾਲੇ ਉਪਜ ਰਹੇ ਹਨ ਤਾਂ ਮਨੁੱਖ ਦੀ ਸ਼ਖ਼ਸੀਅਤ ਅਗਾਂਹਵਧੂ ਸੋਚ ਵਾਲੀ ਬਣ ਜਾਂਦੀ ਹੈ,ਜੇ ਉਹੀ ਵਲਵਲੇ ਨਾਕਾਰਾਤਮਕ ਅਤੇ ਢਹਿੰਦੀ ਕਲਾ ਵਾਲੇ ਹੋਣ ਤਾਂ ਉਹ ਉਸ ਨੂੰ ਨਿਰਾਸ਼ਤਾ ਦੇ ਡੂੰਘੇ ਖੂਹ ਵਿੱਚ ਉਤਾਰਦੇ ਹੋਏ ਇੱਕ ਦਿਨ ਡੋਬ ਕੇ ਰੱਖ ਦਿੰਦੇ ਹਨ। ਮਨੁੱਖ ਅਗਰ ਇੱਛਾ ਸ਼ਕਤੀ ਨੂੰ ਪ੍ਰਬਲ ਕਰਕੇ ਮਨ ਦੇ ਵਲਵਲਿਆਂ ਨੂੰ ਸ਼ਾਂਤ ਕਰਨਾ ਸਿੱਖ ਜਾਵੇ ਤਾਂ ਉਹ ਨਿਰਾਸ਼ਤਾ ਦੀਆਂ ਗਹਿਰਾਈਆਂ ਵਿੱਚ ਡੁੱਬਦੇ ਮਨ ਨੂੰ ਮੰਜ਼ਿਲਾਂ ਵੱਲ ਵਧਦੇ ਪੰਧਾਂ ‘ਤੇ ਤੁਰਨਾ ਸਿਖਾ ਸਕਦਾ ਹੈ। ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly