(ਸਮਾਜ ਵੀਕਲੀ)- ਸੁਖਮਨੀ ਤੇ ਹਰਮਨ ਦੋਵੇਂ ਭੈਣਾਂ ਵਿਆਹੀਆਂ ਗਈਆਂ ਸਨ। ਉਹਨਾਂ ਦਾ ਸਹੁਰਿਆਂ ਤੋਂ ਸਾਲ – ਛੇ ਮਹੀਨੇ ਬਾਅਦ ਹੀ ਪੇਕਿਆਂ ਦੇ ਗੇੜਾ ਲੱਗਦਾ ਸੀ। ਉਂਝ ਤਾਂ ਉਹ ਵੀ ਆਪਣੀ ਕਬੀਲਦਾਰੀ ਵਿੱਚ ਰੁੱਝੀਆਂ ਹੋਈਆਂ ਸਨ। ਉਹਨਾਂ ਦੇ ਦੋ ਭਰਾ ਹਰਦੀਪ ਤੇ ਜਸਦੀਪ ਸਨ। ਉਹਨਾਂ ਦੀ ਬੇਬੇ ਆਪਣੇ ਜਵਾਕਾਂ ਵਿੱਚ ਪਿਆਰ ਬਣਾਈ ਰੱਖਣ ਲਈ ਕਦੇ ਵੱਡੇ ਮੁੰਡੇ ਨੂੰ ਤੇ ਕਦੇ ਛੋਟੇ ਨੂੰ ਭੈਣਾਂ ਕੋਲ਼ ਕਦੇ ਤੀਆਂ ਦਾ ਸੰਧਾਰਾ ਦੇ ਕੇ ਜਾਂ ਲੋਹੜੀ ਵੇਲੇ ਦਾ ਸੰਧਾਰਾ ਦੇ ਕੇ ਭੇਜ ਦਿੰਦੀ। ਕੁੜੀਆਂ ਦਾ ਪੇਕਿਆਂ ਤੇ ਤਾਂ ਇਹਨਾਂ ਦਿਨਾਂ ਵਿੱਚ ਹੀ ਮਾਣ ਹੁੰਦਾ ਹੈ ਜਦ ਉਹ ਸਹੁਰੇ ਘਰ ਵਿੱਚ ਆਪਣੇ ਆਪ ਨੂੰ ਵੱਡਾ ਵੱਡਾ ਸਮਝਦੀ ਹੈ। ਸੁਖਮਨੀ ਦੇ ਸਹੁਰੇ ਤਾਂ ਬਹੁਤ ਚੰਗੇ ਸਨ ਕਿਉਂਕਿ ਉਨ੍ਹਾਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਸੀ ਕਿ ਉਸ ਦੇ ਪੇਕੇ ਸੰਧਾਰਾ ਦੇ ਕੇ ਗਏ ਹਨ ਜਾਂ ਨਹੀਂ। ਪਰ ਹਰਮਨ ਦੇ ਸਹੁਰੇ ਤਾਂ ਪੇਕਿਆਂ ਦਾ ਨਾਂ ਲੈ ਲੈ ਕੇ ਹਰ ਵੇਲੇ ਉਸ ਨੂੰ ਨੀਵਾਂ ਦਿਖਾਉਣ ਦਾ ਮੌਕਾ ਲੱਭਦੇ ਰਹਿੰਦੇ ਸਨ।
ਜਦ ਤੱਕ ਬੇਬੇ ਤਕੜੀ ਪਈ ਸੀ ਤੇ ਸਾਰੀ ਕਮਾਈ ਉਸ ਦੇ ਹੱਥ ਵਸ ਸੀ ਉਹ ਆਪ ਸਾਰਾ ਸਮਾਨ ਖ੍ਰੀਦ ਕੇ ਮੁੰਡਿਆਂ ਨੂੰ ਦੇ ਕੇ ਆਪਣੀਆਂ ਧੀਆਂ ਕੋਲ ਸੰਧਾਰਾ ਦੇਣ ਭੇਜ ਦਿੰਦੀ । ਪਰ ਜਿਵੇਂ ਹੀ ਬੁਢਾਪੇ ਕਾਰਨ ਉਸ ਦੀ ਸਿਹਤ ਵਿੱਚ ਦਿਨੋ ਦਿਨ ਗਿਰਾਵਟ ਆਉਣ ਲੱਗੀ ਤਾਂ ਉਸ ਨੇ ਕੁੜੀਆਂ ਨੂੰ ਵਾਰੀ ਵਾਰੀ ਫ਼ੋਨ ਕਰਕੇ ਆਖ ਦੇਣਾ,” ਤੁਸੀਂ ਮੈਨੂੰ ਆ ਕੇ ਮਿਲ ਜਾਓ…. ਹੁਣ ਮੇਰੇ ਕੋਲੋਂ ਤਾਂ ਤੁਹਾਨੂੰ ਮਿਲ਼ਣ ਆਇਆ ਨੀ ਜਾਂਦਾ….. ਮੇਰੇ ਤੋਂ ਬਾਅਦ ਦੇਖੀ ਜਾਊ….!” ਦੋਵਾਂ ਭੈਣਾਂ ਨੇ ਰੱਖੜੀਆਂ ਵਾਲੇ ਦਿਨ ਭਰਾਵਾਂ ਦੇ ਰੱਖੜੀਆਂ ਬੰਨ੍ਹਣ ਜਾਣਾ ਤਾਂ ਬਹਾਨੇ ਨਾਲ ਮਾਂ ਨੂੰ ਮਿਲ਼ ਆਉਂਦੀਆਂ। ਪਰ ਭਰਾ ਤਾਂ ਉਹਨਾਂ ਨੂੰ ਕਦੇ ਮਿਲ਼ਦੇ ਹੀ ਨਹੀਂ ਸਨ ਕਿਉਂਕਿ ਉਹ ਵੀ ਆਪਣੀਆਂ ਘਰਵਾਲੀਆਂ ਨੂੰ ਲੈ ਕੇ ਉਨ੍ਹਾਂ ਦੇ ਪੇਕੇ ਗਏ ਹੁੰਦੇ ਸਨ। ਬੇਬੇ ਨੇ ਰੱਖੜੀਆਂ ਬੰਨ੍ਹਣ ਆਈਆਂ ਨੂੰ ਹੀ ਸੰਧਾਰੇ ਦਾ ਕਾਰ ਵਿਹਾਰ ਕਰ ਦੇਣਾ।ਇਸ ਤਰ੍ਹਾਂ ਦੋਵਾਂ ਭੈਣਾਂ ਨੂੰ ਕਦੇ ਮਾਪਿਆਂ ਦੀ ਕਮੀ ਮਹਿਸੂਸ ਨਹੀਂ ਹੁੰਦੀ ਸੀ।
ਇਸ ਵਾਰ ਦੇ ਸੰਧਾਰਿਆਂ ਵੇਲੇ ਬੇਬੇ ਮਰੀ ਨੂੰ ਹਜੇ ਛੇ ਮਹੀਨੇ ਹੋਏ ਸਨ, ਇਸ ਲਈ ਇਹੋ ਜਿਹਾ ਕੋਈ ਸ਼ਗਨਾਂ ਦਾ ਕਾਰ ਵਿਹਾਰ ਜਾਂ ਤਿਉਹਾਰ ਮਨਾਉਣਾ ਨਹੀਂ ਸੀ। ਉਦੋਂ ਤਾਂ ਕਿਸੇ ਨੂੰ ਵੀ ਮਹਿਸੂਸ ਨਾ ਹੋਇਆ ਕਿ ਉਹਨਾਂ ਦੇ ਪੇਕਿਆਂ ਤੋਂ ਕੋਈ ਵੀ ਕਿਉਂ ਨਹੀਂ ਆਇਆ। ਪੇਕਿਆਂ ਦੀ ਜ਼ਮੀਨ ਤਾਂ ਦੋਵੇਂ ਭੈਣਾਂ ਆਪਣੇ ਬਾਪੂ ਦੇ ਜਿਊਂਦੇ ਜੀਅ ਹੀ ਆਪਣੇ ਭਰਾਵਾਂ ਦੇ ਨਾਂਅ ਕਰਵਾ ਆਈਆਂ ਸਨ ਕਿਉਂਕਿ ਉਹਨਾਂ ਦੇ ਮਨ ਵਿੱਚ ਨਾ ਤਾਂ ਕੋਈ ਲਾਲਚ ਸੀ ਤੇ ਨਾ ਹੀ ਕੋਈ ਖੋਟ ਸੀ। ਉਂਝ ਜਦੋਂ ਬਾਪੂ ਮਰੇ ਤੋਂ ਬਾਅਦ ਤਹਿਸੀਲਦਾਰ ਨੇ ਉਹਨਾਂ ਨੂੰ ਬੁਲਾ ਕੇ ਉਹਨਾਂ ਦੇ ਬਿਆਨ ਲਏ ਸਨ ਤਾਂ ਵੀ ਦੋਵੇਂ ਭੈਣਾਂ ਨੇ ਕਹਿ ਦਿੱਤਾ ਸੀ ਕਿ ਉਹ ਆਪਣੀ ਮਰਜ਼ੀ ਨਾਲ ਆਪਣੇ ਭਰਾਵਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਦੇ ਰਹੀਆਂ ਹਨ। ਉਦੋਂ ਭਰਾ ਵੀ ਤਹਿਸੀਲਦਾਰ ਸਾਹਮਣੇ ਬੜੇ ਸ਼ਰੀਫ਼ ਬਣੇ ਖੜ੍ਹੇ ਸਨ ਤੇ ਆਖ ਰਹੇ ਸਨ ਕਿ ਉਹ ਸਾਰੇ ਦਿਨ-ਤਿਹਾਰਾਂ ਤੇ ਆਪਣੀਆਂ ਭੈਣਾਂ ਦੇ ਘਰ ਆਇਆ ਜਾਇਆ ਕਰਨਗੇ।
ਸੁਖਮਨੀ ਤੇ ਹਰਮਨ ਦੀ ਬੇਬੇ ਮਰੀ ਨੂੰ ਦੂਜਾ ਵਰ੍ਹਾ ਲੰਘ ਗਿਆ ਸੀ ਪਰ ਪੇਕਿਆਂ ਤੋਂ ਕਿਸੇ ਨੇ ਮਿਲਣ ਤਾਂ ਕੀ ਆਉਣਾ ਸੀ,ਕੋਈ ਫ਼ੋਨ ਵੀ ਨਹੀਂ ਕਰਦਾ ਸੀ। ਜੇ ਕਿਤੇ ਉਹ ਆਪਣੇ ਘਰਦਿਆਂ ਤੋਂ ਚੋਰੀ ਫ਼ੋਨ ਕਰਦੀਆਂ ਵੀ ਤਾਂ ਕਦੇ ਕੋਈ ਫੋਨ ਚੁੱਕਦਾ ਨਾ ਜਾਂ ਫਿਰ ਬਹਾਨਾ ਲੱਭ ਕੇ ਕਿਸੇ ਨਾ ਕਿਸੇ ਗੱਲੋਂ ਲੜ ਪੈਂਦੇ ਤੇ ਆਖ ਦਿੰਦੇ,” ਹਾਂ…. ਹਾਂ…. ਸਾਨੂੰ ਸਭ ਪਤਾ ਕਿਉਂ ਸਾਡੀ ਯਾਦ ਆਉਂਦੀ ਐ….. ਪੈਸੇ ਤੇ ਅੱਖ ਰੱਖੀ ਹੋਈ ਹੈ….. ਅਸੀਂ ਸਾਰੀ ਉਮਰ ਤੁਹਾਨੂੰ ਈ ਲੁਟਾਈ ਜਾਈਏ….. ਸਾਡੀਆਂ ਆਪਣੀਆਂ ਕਬੀਲਦਾਰੀਆਂ ਵੀ ਤਾਂ ਅਸੀਂ ਦੇਖਣੀਆਂ ਨੇ….ਸਾਰੀ ਉਮਰ ਸਾਡੀ ਮਾਂ ਨੇ ਤੁਹਾਨੂੰ ਬਥੇਰਾ ਲੁਟਾਇਆ….. ਹੁਣ ਓਹੀ ਕੁਛ ਤੁਸੀਂ ਸਾਡੇ ਤੋਂ ਭਾਲ਼ਦੀਆਂ…..।” ਮੁੜ ਕੇ ਤਾਂ ਉਹਨਾਂ ਨੇ ਫ਼ੋਨ ਕਰਨੇ ਵੀ ਛੱਡ ਦਿੱਤੇ। ਇੱਕ ਦੋ ਵਾਰ ਮਿਲ਼ਣ ਗਈਆਂ ਦੀ ਵੀ ਉਹਨਾਂ ਨੇ ਇਵੇਂ ਹੀ ਦੋਹਾਂ ਭੈਣਾਂ ਦੀ ਲਾਹ ਪੱਤ ਕੀਤੀ ਸੀ। ਸੁਖਮਨੀ ਦੇ ਘਰਵਾਲਿਆਂ ਨੂੰ ਕੋਈ ਬਹੁਤਾ ਫ਼ਰਕ ਨਹੀਂ ਪੈਂਦਾ ਸੀ ਪਰ ਹਰਮਨ ਦੇ ਸਹੁਰੇ ਉਸ ਨੂੰ ਮੌਕਾ ਲੱਗਦੇ ਮਿਹਣੇ ਮਾਰ ਹੀ ਦਿੰਦੇ। ਦੋਵੇਂ ਭੈਣਾਂ ਸਾਰਿਆਂ ਤੋਂ ਚੋਰੀ ਚੋਰੀ ਆਪਸ ਵਿੱਚ ਫ਼ੋਨ ਤੇ ਇੱਕ ਦੂਜੇ ਨਾਲ ਢਿੱਡ ਫਰੋਲ ਲੈਂਦੀਆਂ।
ਬੇਬੇ ਮਰੀ ਤੋਂ ਬਾਅਦ ਦੋ ਸੰਧਾਰੇ ਲੰਘ ਗਏ ਸਨ। ਸੲਉਣ ਦੇ ਮਹੀਨੇ ਹਰਮਨ ਬਹੁਤ ਉਦਾਸ ਜਿਹੀ ਬੈਠੀ ਆਪਣੀ ਮਾਂ ਨੂੰ ਯਾਦ ਕਰ ਰਹੀ ਸੀ ਕਿ ਅਚਾਨਕ ਗੇਟ ਵਿੱਚ ਗੱਡੀ ਆ ਕੇ ਰੁਕੀ।ਉਸ ਨੇ ਦੇਖਿਆ ਤਾਂ ਸੁਖਮਨੀ ਆਪਣੇ ਪਰਿਵਾਰ ਨਾਲ਼ ਉਸ ਨੂੰ ਮਿਲ਼ਣ ਆਈ ਸੀ।ਉਹ ਦੇਖ਼ ਕੇ ਬਹੁਤ ਖੁਸ਼ ਹੋਈ। ਸਾਰਾ ਦਿਨ ਉਸ ਕੋਲ ਰਹਿ ਕੇ, ਹੱਸ ਖੇਡ ਕੇ ਜਦੋਂ ਸੁਖਮਨੀ ਜਾਣ ਲੱਗੀ ਤਾਂ ਗੱਡੀ ਵਿੱਚੋਂ ਬਿਸਕੁਟਾਂ ਦਾ ਪੀਪਾ ਤੇ ਸੂਟ ਉਸ ਨੂੰ ਦੇ ਕੇ ਆਖਣ ਲੱਗੀ,” ਇਹ ਤੇਰਾ ਸੰਧਾਰਾ ਹੈ….. ਫਿਰ ਕੀ ਹੋਇਆ ਜੇ ਬੇਬੇ ਨਹੀਂ ਰਹੀ…… ਬੇਬੇ ਨਾਲ਼ ਰੀਤ ਤਾਂ ਨੀਂ ਮਰੀ….. ਮੈਂ ਵੀ ਤਾਂ ਉਸੇ ਦੀ ਧੀ ਆਂ…… ਅੱਜ ਤੋਂ ਪੇਕਿਆਂ ਵਾਲੇ ਸਾਰੇ ਕਾਰ ਵਿਹਾਰ ਮੈਂ ਕਰੂੰਗੀ….. ਤੂੰ ਉਦਾਸ ਨਾ ਹੋਈਂ…..!” ਇਹ ਕਹਿ ਕੇ ਛੋਟੀ ਭੈਣ ਦੇ ਗਲ਼ੇ ਲੱਗ ਕੇ ਮਿਲਦੀ ਹੈ ਤੇ ਦੋਵਾਂ ਦੀਆਂ ਅੱਖਾਂ ਵਿੱਚ ਮਾਂ ਨੂੰ ਯਾਦ ਕਰਕੇ ਅੱਥਰੂ ਆ ਜਾਂਦੇ ਹਨ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
httpgoogle.com/store/apps/details?id=in.yourhost.samajweekly