ਏਹੁ ਹਮਾਰਾ ਜੀਵਣਾ ਹੈ -583

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-ਅੱਜ ਮਨੁੱਖ ਚਾਹੇ ਆਪਣੇ ਆਪ ਨੂੰ ਬਹੁਤ ਅਜ਼ਾਦ ਖ਼ਿਆਲੀ ਸਮਝਕੇ ਬਹੁਤ ਮਾਡਰਨ ਹੋਣ ਦਾ ਦਾਅਵਾ ਕਰਦਾ ਹੈ ਪਰ ਉਹ ਅਜ਼ਾਦ ਕਿੱਥੇ ਹੈ? ਉਸ ਦੀ ਸੋਚ ਉੱਤੇ ਦੂਜਿਆਂ ਦੀ ਸੋਚ ਭਾਰੂ ਰਹਿੰਦੀ ਹੈ ਜਦ ਕਿ ਇਸ ਗੱਲੋਂ ਉਹ ਆਪ ਵੀ ਅਣਜਾਣ ਹੀ ਹੁੰਦਾ ਹੈ। ਇੱਕ ਵਾਰ ਇੱਕ ਪਤੀ-ਪਤਨੀ ਇੱਕ ਵੱਡੇ ਸ਼ਹਿਰ ਵਿੱਚ ਇੱਕ ਵਧੀਆ ਘਰ ਵਿੱਚ ਆਪਣੀ ਪੰਜ ਸਾਲਾ ਧੀ ਨਾਲ਼ ਰਹਿੰਦੇ ਸਨ। ਪਤਨੀ ਰਮਾ ਵੀ ਬਹੁਤ ਪੜ੍ਹੀ ਲਿਖੀ ਹੋਈ ਸੀ ਤੇ ਅਫਸਰ ਲੱਗੀ ਹੋਈ ਸੀ ਤੇ ਪਤੀ ਸੰਜੀਵ ਵੀ ਪੜ੍ਹਿਆ ਲਿਖਿਆ ਹੋਇਆ ਵੱਡਾ ਅਫ਼ਸਰ ਲੱਗਿਆ ਹੋਇਆ ਸੀ। ਪਰ ਪਤਨੀ ਦੀ ਕਮਾਈ ਪਤੀ ਤੋਂ ਜ਼ਿਆਦਾ ਹੋਣ ਕਰਕੇ ਉਹ ਉਸ ਨੂੰ ਗੱਲ ਗੱਲ ਵਿੱਚ ਉਸ ਦੀ ਉਸ ਤੋਂ ਤਨਖਾਹ ਘੱਟ ਹੋਣ ਦਾ ਅਹਿਸਾਸ ਦਿਵਾਉਂਦੀ ਸੀ। ਜਦ ਕਿ ਉਹਨਾਂ ਦੀ ਆਰਥਿਕ ਸਥਿਤੀ ਬਹੁਤ ਮਜ਼ਬੂਤ ਸੀ। ਪਤੀ ਅੱਗੋਂ ਉਸ ਨੂੰ ਪਲਟ ਕੇ ਕੋਈ ਜਵਾਬ ਨਾ ਦਿੰਦਾ। ਪਰ ਮਨੁੱਖੀ ਮਨ ਅਕਸਰ ਅੰਦਰ ਹੀ ਅੰਦਰ ਕਿੰਨਾ ਚਿਰ ਇਹਨਾਂ ਗੱਲਾਂ ਦੇ ਜਵਾਬ ਲੱਭਣ ਲਈ ਆਪਣੇ ਆਪ ਨਾਲ ਲੜਦਾ ਰਹਿੰਦਾ। ਪਤੀ ਦੇ ਮਨ ਵਿੱਚ ਪਤਾ ਨਹੀਂ ਕੀ ਆਈ ਕਿ ਇੱਕ ਸ਼ਾਮ ਜਦੋਂ ਪਤਨੀ ਆਫਿਸ ਤੋਂ ਆਈ ਤਾਂ ਉਸ ਨੂੰ ਮੇਜ਼ ਤੇ ਇੱਕ ਖ਼ਤ ਤੇ ਉਸ ਉੱਪਰ ਉਸ ਦੇ ਪਤੀ ਦਾ ਬਟੂਆ ਤੇ ਫ਼ੋਨ ਮਿਲਿਆ। ਉਸ ਨੇ ਘਬਰਾਹਟ ਵਿੱਚ ਜਲਦੀ ਨਾਲ ਖਤ ਖੋਲ੍ਹ ਕੇ ਪੜ੍ਹਿਆ ਤਾਂ ਉਸ ਵਿੱਚ ਲਿਖਿਆ ਸੀ,”ਰਮਾ…ਤੂੰ ਬਹੁਤ ਕਮਾਉਂਦੀ ਹੈਂ….. ਮੈਨੂੰ ਪਤਾ ਹੈ ਤੂੰ ਮੇਰੀ ਧੀ ਦੀ ਪਰਵਰਿਸ਼ ਬਹੁਤ ਵਧੀਆ ਢੰਗ ਨਾਲ ਕਰ ਸਕਦੀ ਹੈਂ…. ਹੁਣ ਤਾਂ ਮੈਨੂੰ ਵੀ ਅਹਿਸਾਸ ਹੋਣ ਲੱਗ ਪਿਆ ਹੈ ਕਿ ਮੈਂ ਤਨਖਾਹ ਦੇ ਮੁਕਾਬਲੇ ਵਿੱਚ ਤੇਰੀ ਬਰਾਬਰੀ ਨਹੀਂ ਕਰ ਸਕਦਾ…. ਇਸ ਲਈ ਮੈਂ ਪੰਦਰਾਂ ਦਿਨ ਪਹਿਲਾਂ ਹੀ ਨੌਕਰੀ ਛੱਡ ਦਿੱਤੀ ਸੀ ਜੋ ਪੈਸਾ ਮੈਨੂੰ ਮਿਲਿਆ ਸੀ ਉਹ ਮੈਂ ਆਪਣੀ ਧੀ ਦੇ ਖ਼ਾਤੇ ਵਿੱਚ ਜਮ੍ਹਾਂ ਕਰਵਾ ਦਿੱਤਾ ਸੀ…… ਮੈਂ ਜਿੱਥੇ ਵੀ ਰਹਾਂਗਾ…. ਠੀਕ ਠਾਕ ਰਹਾਂਗਾ….. ਤੁਸੀਂ ਮੇਰੀ ਚਿੰਤਾ ਨਾ ਕਰਨਾ….. ਹੁਣ ਮੈਂ ਪਰਤ ਕੇ ਕਦੇ ਵਾਪਸ ਨਹੀਂ ਆਵਾਂਗਾ….!” ਰਮਾ ਨੇ ਬਹੁਤ ਕੋਸ਼ਿਸ਼ ਕੀਤੀ ਪਰ ਸੰਜੀਵ ਕਦੇ ਪਰਤ ਕੇ ਨਾ ਆਇਆ। ਉਹ ਸੰਜੀਵ ਦੇ ਪਰਤਣ ਦਾ ਇੰਤਜ਼ਾਰ ਕਰਦੀ….. ਤੇ ਆਪਣੀ ਕੀਤੀ ਤੇ ਬਹੁਤ ਪਛਤਾਉਂਦੀ । ਗੱਲ ਵਿੱਚੋਂ ਇਹ ਸੀ ਕਿ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਪਾਰਟੀ ਕਰਦੀ ਤਾਂ ਸਾਰੀਆਂ ਆਪਣੇ ਆਪਣੇ ਪਤੀ ਦੀ ਕਮਾਈ ਆਪਣੇ ਤੋਂ ਵਧਾ ਚੜ੍ਹਾ ਕੇ ਦੱਸਦੀਆਂ ਸਨ ਤਾਂ ਇਸ ਨੂੰ ਵੀ ਲੱਗਦਾ ਸੀ ਕਿ ਉਹ ਵੀ ਆਪਣੇ ਪਤੀ ਦੀ ਕਮਾਈ ਵਧਾ ਕੇ ਦੱਸੇਗੀ ਤਾਂ ਉਸ ਦੀ ਵੀ ਸਹੇਲੀਆਂ ਵਿੱਚ ਵੱਖਰੀ ਟੌਹਰ ਬਣੇਗੀ।ਪਰ ਇਸ ਝੂਠੀ ਸ਼ੋਹਰਤ ਕਮਾਉਣ ਲਈ ਆਪਣਾ ਖੁਸ਼ਹਾਲ ਪਰਿਵਾਰ ਉਜਾੜ ਲਿਆ।
             ਇਸੇ ਤਰ੍ਹਾਂ ਧਰਤੀ ਉੱਤੇ ਹਰ  ਮਨੁੱਖ ਆਪਣਾ ਆਪਣਾ ਕਿਰਦਾਰ ਆਪਣੇ ਪਰਿਵਾਰਕ ,ਸਮਾਜਿਕ ਅਤੇ ਆਰਥਿਕ ਸਥਿਤੀਆਂ ਅਨੁਸਾਰ ਬਤੀਤ ਕਰਦਾ ਹੈ।ਕਿਸੇ ਦਾ ਪਰਿਵਾਰਕ ਜੀਵਨ ਕਠਿਨਾਈਆਂ ਭਰਿਆ ਹੁੰਦਾ ਹੈ ਤੇ ਕਿਸੇ ਦਾ ਜੀਵਨ ਇਸ ਪੱਖੋਂ ਸੁਖਾਲ਼ਾ ਹੁੰਦਾ ਹੈ। ਕੋਈ ਆਰਥਿਕ ਤੌਰ ਤੇ ਕਮਜ਼ੋਰ ਹੁੰਦਾ ਹੈ ਤੇ ਕੋਈ ਆਰਥਿਕ ਪੱਖੋਂ ਬਹੁਤ ਮਜ਼ਬੂਤ ਹੁੰਦਾ ਹੈ। ਕਈਆਂ ਦਾ ਸਮਾਜ ਵਿੱਚ ਬਹੁਤ ਆਦਰ ਸਤਿਕਾਰ ਹੁੰਦਾ ਹੈ ਤੇ ਕਿਸੇ ਕਿਸੇ ਵਿਅਕਤੀ ਦਾ ਸਮਾਜ ਵਿੱਚ ਅਕਸ ਧੁੰਦਲਾ ਹੁੰਦਾ ਹੈ। ਜ਼ਾਹਿਰ ਹੈ ਕਿ ਇਸ ਸਭ ਕਰਕੇ ਹਰ‌‌ ਮਨੁੱਖ ਦੀ ਸੋਚ ਦਾ ਪੱਧਰ ਵੀ ਆਪਣਾ ਆਪਣਾ ਹੀ ਹੁੰਦਾ ਹੈ। ਇਹ ਸਭ ਕੁਝ ਜਾਣਦੇ ਹੋਏ ਫਿਰ ਵੀ ਹਰ ਮਨੁੱਖ ਦੇ ਅੰਦਰ ਆਪਣੇ ਆਪ ਨੂੰ ਜਾਂ ਆਪਣੀਆਂ ਸਥਿਤੀਆਂ -ਪ੍ਰਸਥਿਤੀਆਂ ਦਾ ਮੁਕਾਬਲਾ ਆਪਣੇ ਕਿਸੇ ਕਰੀਬੀ ਜਾਂ ਆਪਣੇ ਆਲ਼ੇ ਦੁਆਲ਼ੇ ਵਿਚਰ ਰਹੇ ਲੋਕਾਂ ਨਾਲ ਕਰਦਾ ਰਹਿੰਦਾ ਹੈ। ਕਿਸੇ ਦੇ ਬੱਚਿਆਂ ਦੀਆਂ ਪ੍ਰਾਪਤੀਆਂ ਦੀ ਤੁਲਨਾ ਕਰਦੇ ਹੋਏ ਆਪਣੇ ਬੱਚਿਆਂ ਨੂੰ ਨੀਵਾਂ ਦਿਖਾਉਣਾ, ਔਰਤਾਂ ਵੱਲੋਂ ਸਹੇਲੀ ਦੇ ਪਰਿਵਾਰ ਨੂੰ ਮੁੱਖ ਰੱਖ ਕੇ ਆਪਣੀ ਜ਼ਿੰਦਗੀ ਉਸ ਨਾਲ ਜੋੜ ਕੇ ਦੇਖਣਾ, ਆਦਮੀਆਂ ਵੱਲੋਂ ਦੂਜੀਆਂ ਔਰਤਾਂ ਦੀਆਂ ਆਦਤਾਂ ਦੀ ਤਾਰੀਫ਼ ਕਰਕੇ ਆਪਣੀ ਪਤਨੀ ਨੂੰ ਨੀਵਾਂ ਦਿਖਾਉਣਾ,ਸੱਸ ਵੱਲੋਂ ਦੂਜਿਆਂ ਦੀਆਂ ਨੂੰਹਾਂ, ਨੂੰਹਾਂ ਵੱਲੋਂ ਸਹੇਲੀਆਂ ਜਾਂ ਗੁਆਂਢੀਆਂ ਦੀਆਂ ਕੁੜੀਆਂ ਦੀਆਂ ਸੱਸਾਂ ਦੀਆਂ ਗੱਲਾਂ ਦੀ ਤਾਰੀਫ਼ ਕਰਨਾ ਮਹਿਜ਼ ਇੱਕ ਆਪਣੇ ਚੰਗੇ ਭਲੇ ਵਸ ਰਹੇ ਪਰਿਵਾਰ ਨੂੰ ਕੰਡਿਆਂ ਤੇ ਪਾਉਣ ਵਾਲੀ ਗੱਲ ਹੁੰਦੀ ਹੈ। ਇਸ ਤਰ੍ਹਾਂ ਕਰਕੇ ਹਰ ਮਨੁੱਖ ਦੇ ਆਪਣੇ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਹੁੰਦੀ ਹੈ। ਜਦ ਕਿ ਆਪਣੇ ਆਲ਼ੇ ਦੁਆਲ਼ੇ ਵਿਚਰ ਰਹੇ ਲੋਕਾਂ ਦੀਆਂ ਗੱਲਾਂ ਕਰਨ ਨਾਲ ਕੋਈ ਲਾਭ ਤਾਂ ਨਹੀਂ ਹੋ ਸਕਦਾ। ਹਾਂ,ਐਨਾ ਜ਼ਰੂਰ ਹੈ ਕਿ ਕਿਸੇ ਦੀ ਚੰਗੀ ਆਦਤ,ਚੰਗਾ ਸੁਭਾਅ ਜਾਂ ਕੁਝ ਹੋਰ ਚੰਗੀਆਂ ਗੱਲਾਂ ਨੂੰ ਚੁੱਪ ਚੁਪੀਤੇ ਆਪਣੀ ਜ਼ਿੰਦਗੀ ਵਿੱਚ ਸ਼ਾਮਲ ਕਰਕੇ ਜ਼ਿੰਦਗੀ ਵਿੱਚ ਹੋਰ ਰੰਗ ਭਰੇ ਜਾ ਸਕਦੇ ਹਨ। ਆਪਣੇ ਪਰਿਵਾਰਕ ਰਿਸ਼ਤਿਆਂ ਉੱਪਰ ਦੂਜਿਆਂ ਦੇ ਪਰਿਵਾਰਕ ਜੀਵਨ ਦਾ ਰੰਗ ਚਾੜ੍ਹਨ ਲਈ ਆਪਣੇ ਪਰਿਵਾਰ ਦੇ ਜੀਆਂ ਨੂੰ ਉਹਨਾਂ ਦੀਆਂ ਬੁਰਾਈਆਂ ਗਿਣਾ ਗਿਣਾ ਕੇ ਜਿੱਥੇ ਮਨੁੱਖ ਆਪਣੇ ਹੀ ਪਰਿਵਾਰਕ ਰਿਸ਼ਤੇ ਨੂੰ ਬੇਇੱਜ਼ਤ ਕਰ ਰਿਹਾ ਹੁੰਦਾ ਹੈ ਉੱਥੇ ਹੀ ਆਪਣੇ ਪਰਿਵਾਰਕ ਮੈਂਬਰਾਂ ਦਾ ਮਨੋਬਲ ਗਿਰਾ ਕੇ ਉਹਨਾਂ ਨਾਲ ਆਪਣੇ ਰਿਸ਼ਤੇ ਨੂੰ ਕਮਜ਼ੋਰ ਅਤੇ ਅਰਥਹੀਣ ਕਰ ਰਿਹਾ ਹੁੰਦਾ ਹੈ। ਇਹ ਗੱਲਾਂ ਚਾਹੇ ਬੜੇ ਹੀ ਬੇਧਿਆਨੇ ਅਤੇ ਅਣਜਾਣੇ ਜਿਹੇ ਵਿੱਚ ਕੀਤੀਆਂ ਜਾਂਦੀਆਂ ਹਨ ਪਰ ਇਹ ਕਿਸੇ ਸੌ ਸਾਲ ਪੁਰਾਣੇ ਮਜ਼ਬੂਤ ਦਰਖ਼ਤ ਨੂੰ ਲੱਗੀ ਸਿਉਂਕ ਵਾਂਗ ਅੰਦਰੋਂ ਅੰਦਰ ਖ਼ਤਮ ਕਰ ਦਿੰਦੀਆਂ ਹਨ। ਆਪਣੇ ਘਰ ਪਰਿਵਾਰ ਅਤੇ ਬੱਚਿਆਂ ਦੀਆਂ ਆਦਤਾਂ ਜਾਂ ਪ੍ਰਾਪਤੀਆਂ ਵਿੱਚੋਂ ਜਦੋਂ ਆਪਣੇ ਹੀ ਪਰਿਵਾਰਾਂ ਦੇ ਵਡੇਰਿਆਂ ਦੇ ਅਕਸ ਲੱਭੇ ਜਾਂਦੇ ਹਨ ਤਾਂ ਉਨ੍ਹਾਂ ਅੰਦਰ ਖ਼ੁਸ਼ੀ ਹੁੰਦੀ ਹੈ।ਇਸ ਤਰ੍ਹਾਂ ਕਰਨ ਨਾਲ ਨਾਲ਼ੇ ਤਾਂ ਆਪਣੇ ਬਜ਼ੁਰਗਾਂ ਪ੍ਰਤੀ ਸਤਿਕਾਰ ਵਧਦਾ ਹੈ ਅਤੇ ਨਾਲ ਹੀ ਬੱਚਿਆਂ ਵਿੱਚ ਆਪਣੇ ਪਰਿਵਾਰ ਪ੍ਰਤੀ ਮੋਹ ਦੀ ਡੋਰੀ ਜੁੜਦੀ ਹੈ। ਇਸ ਤਰ੍ਹਾਂ ਕਿਸੇ ਬੁਰੀ ਆਦਤ ਨੂੰ ਵੀ ਆਸਾਨੀ ਨਾਲ ਇਹ ਕਹਿ ਕੇ ਸੁਧਾਰਿਆ ਜਾ ਸਕਦਾ ਹੈ,” ਇਹ ਆਦਤ ਆਪਣੇ ਬਾਪੂ,ਚਾਚੇ ਜਾਂ ਤਾਏ,ਮਾਮੇ ਵਿੱਚ ਸੀ ,ਦੇਖ ਲਓ ਉਹਨਾਂ ਨੇ ਆਪਣੀ ਇਸ ਆਦਤ ਕਰਕੇ ਕਿੰਨਾ ਕਸ਼ਟ ਉਠਾਇਆ ਸੀ।” ਇਸ ਤਰ੍ਹਾਂ ਸਮਝਾਉਣ ਨਾਲ ਉਹਨਾਂ ਦੇ ਮਨ ਵਿੱਚ ਇੱਕ ਉਦਾਹਰਣ ਸਾਹਮਣੇ ਆਏਗੀ ਜਿਸ ਨਾਲ ਕੋਈ ਵੀ ਪਰਿਵਾਰਕ ਮੈਂਬਰ‌ ਅਸਾਨੀ ਨਾਲ ਉਸ ਉੱਤੇ ਅਸਰ ਕਰਨ ਦੀ ਕੋਸ਼ਿਸ਼ ਕਰੇਗਾ।ਪਰ ਜੇ ਉਹੀ ਗੱਲ ਕਿਸੇ ਗੁਆਂਢੀ ਦੀ ਉਦਾਹਰਣ ਦੇ ਕੇ ਆਖੀ ਜਾਵੇਗੀ ਜਿਵੇਂ,” ਆਪਣੇ ਨਾਲਦਿਆਂ ਦਾ ਫਲਾਣਾ ਦੇਖ ਕਿੰਨਾ ਚੰਗਾ, ਤੇਰੇ ਤੋਂ ਨੀ ਉਹੋ ਜਿਹਾ ਬਣਿਆ ਜਾਂਦਾ?” ਤਾਂ ਇਸ ਤਰ੍ਹਾਂ ਕੀਤੀ ਗੱਲ ਪਰਿਵਾਰਕ ਜੀਆਂ ਅੰਦਰ ਹੀਣਤਾ ਭਾਵ ਭਰਕੇ ਰੋਹ ਦੀ ਭਾਵਨਾ ਪੈਦਾ ਕਰੇਗੀ। ਜਿਸ ਨਾਲ ਪਰਿਵਾਰ ਦੇ ਜੀਆਂ ਵਿੱਚ ਜਿੱਥੇ ਨਫ਼ਰਤ ਪੈਦਾ ਹੋਣ ਲੱਗਦੀ ਹੈ ਉੱਥੇ ਉਨ੍ਹਾਂ ਲੋਕਾਂ ਪ੍ਰਤੀ ਵੀ ਈਰਖਾ ਅਤੇ ਸਾੜਾ ਪੈਦਾ ਹੁੰਦਾ ਹੈ ਜਿਨ੍ਹਾਂ ਦੇ ਨਾਲ ਤੁਲਨਾ ਕੀਤੀ ਜਾਂਦੀ ਹੈ। ਇਸ ਤਰ੍ਹਾਂ ਆਪਣੇ ਪਰਿਵਾਰਕ ਅਤੇ ਸਮਾਜਿਕ ਜੀਵਨ ਨੂੰ ਖੁਸ਼ਹਾਲ ਬਣਾਈ ਰੱਖਣ ਲਈ ਇਹੋ ਜਿਹੀਆਂ ਛੋਟੀਆਂ ਛੋਟੀਆਂ ਗੱਲਾਂ ਪ੍ਰਤੀ ਸੁਚੇਤ ਰਹਿਣਾ ਜ਼ਰੂਰੀ ਹੈ ਤਾਂ ਜੋ ਅਸੀਂ ਆਪਣੀ ਜ਼ਿੰਦਗੀ ਨੂੰ ਆਪਣੇ ਹਿਸਾਬ ਨਾਲ ਜਿਉਂ ਕੇ ਆਪਣਿਆਂ ਦਾ ਸਤਿਕਾਰ ਵਧਾਈਏ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਣਕ ਦੀਆਂ ਬੱਲੀਆਂ  { ਮਿੰਨੀ ਕਹਾਣੀ }
Next articleVIGIL for Indian Democracy