ਏਹੁ ਹਮਾਰਾ ਜੀਵਣਾ – 582

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)-“ਮੈਡਮ,ਮੈਂ ਇੱਕ ਖਿਡਾਰੀ ਹੋਣ ਕਰਕੇ ਘਰ ਘੱਟ ਹੀ ਰਹਿੰਦਾ ਸੀ। ਬਹੁਤਾ ਕਰਕੇ ਤਾਂ ਟੂਰਨਾਮੈਂਟਾਂ ਤੇ ਜਾਂਦਾ ਜਾਂ ਹੋਰ ਜ਼ਿਲਾ ਪੱਧਰੀ ਜਾਂ ਸਟੇਟ ਵੀ ਖੇਡਣ ਜਾਂਦਾ ਹੈ ਰਹਿੰਦਾ ਸੀ। ਅਸੀਂ ਕੁੜੀਆਂ ਮੁੰਡੇ ਇਕੱਠੇ ਹੋ ਕੇ ਖੂਬ ਮਸਤੀ ਕਰਦੇ ਹੁੰਦੇ ਸੀ। ਜਦ ਮੈਂ ਆਪਣੀ ਪੜ੍ਹਾਈ ਪੂਰੀ ਕੀਤੀ, ਦੇਖਲੋ, ਉਦੋਂ ਤੱਕ ਮੈਂ ਕਿਸੇ ਕੁੜੀ ਨਾਲ ਪਿਆਰ ਦੀਆਂ ਪੀਂਘਾਂ ਨੀ ਪਾਈਆਂ ਸਨ।” ਮੈਂ ਕਦੇ ਕਦੇ ਹੀ ਸੁਖਬੀਰ ਦੀਆਂ ਗੱਲਾਂ ਨੂੰ ਧਿਆਨ ਨਾਲ ਸੁਣਦੀ ਹੁੰਦੀ ਸੀ, ਬਹੁਤੀ ਵਾਰੀ ਤਾਂ ਮੈਂ ਗੱਲਾਂ ਨੂੰ ਮਜ਼ਾਕ ਵਿੱਚ ਉੱਪਰੋਂ ਦੀ ਹੀ ਲੰਘਣ ਦਿੰਦੀ। ਬੱਸ “ਹਾਂ, ਹਾਂ…ਅੱਛਾ ” ਦਾ ਹੁੰਗਾਰਾ ਦਿੰਦੀ ਰਹਿੰਦੀ, ਮੈਨੂੰ ਪਤਾ ਵੀ ਨਾ ਲੱਗਦਾ ਕਿੰਨੀਆਂ ਗੱਲਾਂ ਉਹ ਮੇਰੇ ਇਹਨਾਂ ਹੁੰਗਾਰਿਆਂ ਦੇ ਸਹਾਰੇ ਵਿਅਰਥ ਗੁਆ ਦਿੰਦਾ ਸੀ। ਸਾਰੀਆਂ ਗੱਲਾਂ ਦਾ ਇੱਕ ਮਜ਼ਾਕ ਬਣਾ ਕੇ ਗੱਲ ਖਤਮ ਕਰਨ ਦਾ ਵਧੀਆ ਜ਼ਰੀਆ ਹੁੰਦਾ ਹੈ। ਵੈਸੇ ਵੀ ਨੌਕਰੀ ਦੌਰਾਨ ਮੈਨੂੰ ਗੱਲਾਂ ਨਾਲੋਂ ਵੱਧ ਲਗਨ ਨਾਲ ਆਪਣਾ ਕੰਮ ਕਰਨ ਦੀ ਹੁੰਦੀ ਹੈ।

                 ਅਸਲ ਵਿੱਚ ਅਧਿਆਪਕ ਜੀਵਨ ਦੌਰਾਨ ਚਾਹੇ ਮੇਰਾ ਅਧਿਆਪਨ ਦਾ ਵਿਸ਼ਾ ਖੇਡਾਂ ਨਹੀਂ ਸਨ ਪਰ ਸਕੂਲੀ ਅਤੇ ਕਾਲਜ ਜੀਵਨ ਪੱਧਰ ਤੇ ਖੇਡਾਂ ਜਾਂ ਪਰੇਡ ਵਿੱਚ ਹਿੱਸਾ ਲੈਣ ਕਰਕੇ ਮੈਂ ਅਨੁਸ਼ਾਸਨ ਅਤੇ ਖੇਡਾਂ ਦੀਆਂ ਗਤੀਵਿਧੀਆਂ ਦਾ ਅਹਿਮ ਹਿੱਸਾ ਹੁੰਦੀ ਸੀ। ਇਸ ਲਈ ਸੁਖਬੀਰ ਨਾਲ ਮੇਰੀਆਂ ਬਹੁਤੀਆਂ ਡਿਊਟੀਆਂ ਲੱਗਦੀਆਂ ਸਨ। ਅੱਜ ਮੈਦਾਨ ਵਿੱਚ ਕਈ ਪਰੈਕਟਿਸਾਂ ਕਰਵਾ ਕੇ ਮੈਂ ਵੀ ਥੋੜ੍ਹਾ ਥੱਕ ਗਈ ਸੀ ਤੇ ਬੱਚੇ ਵੀ ਸਾਹੋ ਸਾਹ ਹੋਏ ਪਏ ਸਨ।ਬੱਚਿਆਂ ਨੂੰ ਵੀ ਅਰਾਮ ਕਰਨ ਲਈ ਕਹਿ ਕੇ ਮੈਂ ਵੀ ਛਾਵੇਂ ਬਹਿ ਗਈ। ਸੁਖਬੀਰ ਦੇ ਘਰੋਂ ਉਸ ਦਾ ਟਿਫਿਨ ਤੇ ਗੁੜ ਵਾਲੀ ਚਾਹ ਦੀ ਥਰਮਸ ਆ ਗਈ। ਮੈਨੂੰ ਚਾਹ ਪੀਣ ਦੀ ਬਹੁਤ ਖਿੱਚ ਰਹਿੰਦੀ ਹੈ ਜਾਂ ਇਓਂ ਮੰਨ ਲਓ ਕਿ ਚਾਹ ਮੇਰੀ ਬਹੁਤ ਵੱਡੀ ਕਮਜ਼ੋਰੀ ਐ,ਇਸ ਲਈ ਅਸੀਂ ਚਾਹ ਪੀਣ ਲੱਗੇ।ਚਾਹ ਐਨੀ ਸਵਾਦ ਕਿ ਉਸ ਵਿੱਚ ਚਾਹ ਦੇ ਸਵਾਦ ਨਾਲੋਂ ਉਸ ਦੀ ਪਤਨੀ ਦੇ ਪਿਆਰ ਦਾ ਜ਼ਿਆਦਾ ਸਵਾਦ ਆ ਰਿਹਾ ਸੀ। ਉਸ ਨੇ ਪਤਾ ਨਹੀਂ ਕਿੰਨੇ ਮਸਾਲੇ ਪਾ ਕੇ ਕਿੰਨੀ ਰੂਹ ਨਾਲ ਚਾਹ ਬਣਾਈ ਹੋਊ । ਮੇਰੇ ਕੋਲੋਂ ਰੁਕਿਆ ਨਾ ਗਿਆ ਮੈਂ ਉਸ ਦੀ ਪਤਨੀ ਦੀ ਤਾਰੀਫ਼ ਕਰਦਿਆਂ ਕਿਹਾ,” ਸੁਖਬੀਰ ਤੂੰ ਕਿੰਨਾਂ ਲੱਕੀ ਆਂ , ਜੀਹਨੂੰ ਇਹੋ ਜਿਹੀ ਸੁਲੱਗ ਪਤਨੀ ਮਿਲੀ ਹੈ।”
                    ਉਸ ਨੇ ਅੱਗੋਂ ਗੱਲ ਸ਼ੁਰੂ ਕਰਦਿਆਂ ਕਿਹਾ,” ਮੈਡਮ ਮੈਂ ਵੀ ਜ਼ਿੰਦਗੀ ਦਾ ਅਸੂਲ ਬਣਾਇਆ ਹੋਇਆ ਹੈ ਕਿ ਮੈਂ ਆਪਣੀ ਜ਼ਿੰਦਗੀ ਵਿੱਚ ਕਦੇ ਆਪਣੀ ਪਤਨੀ ਨੂੰ ਧੋਖਾ ਨਹੀਂ ਦੇਣਾ। ਹੁਣ ਵੀ ਜਦੋਂ ਸਕੂਲੋਂ ਬਾਹਰ ਪ੍ਰਾਈਵੇਟ ਟੂਰਨਾਮੈਂਟ ਵੀ ਕਰਵਾਉਣ ਜਾਨਾਂ ਤਾਂ ਬਹੁਤ ਤਰਾਂ ਦੀਆਂ ਕੁੜੀਆਂ ਨਾਲ ਵਾਹ ਪੈਂਦਾ, ਕਈ ਕੁੜੀਆਂ ਫੋਨ ਨੰਬਰ ਵੀ ਲੈ ਲੈਂਦੀਆਂ,ਪਰ ਮੈਂ ਘਰ ਆ ਕੇ ਕਦੇ ਕਿਸੇ ਦਾ ਫ਼ਾਲਤੂ ਫੋਨ ਨਹੀਂ ਚੱਕਦਾ,ਚਾਹੇ ਨੰਬਰ ਕੋਈ ਮਰਜ਼ੀ ਮੇਰੇ ਤੋਂ ਲੈ ਜਾਵੇ।” ਮੈਂ ਉਸ ਦੀਆਂ ਗੱਲਾਂ ਨੂੰ ਹੋਰ ਜ਼ਿਆਦਾ ਸੁਣਨਾ ਚਾਹੁੰਦੀ ਸੀ ਤਾਂ ਜੋ ਮੈਨੂੰ ਉਸ ਦੇ ਚਰਿੱਤਰ ਬਾਰੇ ਹੋਰ ਪਤਾ ਲੱਗ ਸਕੇ। ਉਸ ਨੇ ਗੱਲ ਜਾਰੀ ਕਰਦਿਆਂ ਆਖਿਆ,”ਮੈਡਮ ਦੋ ਕੁ ਸਾਲ ਪਹਿਲਾਂ ਦੀ ਗੱਲ ਐ ਕਿ ਮੈਂ ਜਲੰਧਰ ਤਿੰਨ ਚਾਰ ਦਿਨ ਲਈ ਟੂਰਨਾਮੈਂਟ ਤੇ ਗਿਆ। ਉੱਥੇ ਮੇਰੀ ਮੁਲਾਕਾਤ ਇੱਕ ਕੁੜੀ ਨਾਲ ਹੋਈ, ਅਸੀਂ ਬਜ਼ਾਰ ਵੀ ਘੁੰਮਣ ਚਲੇ ਗਏ।ਜਿਸ ਦਿਨ ਮੈਂ ਘਰ ਆਉਣਾ ਸੀ ਉਸ ਨੇ ਮੈਨੂੰ ਆਪਣਾ ਫੋਨ ਨੰਬਰ ਵੀ ਦਿੱਤਾ ਤੇ ਮੇਰਾ ਫੋਨ ਨੰਬਰ ਵੀ ਲਿਆ। ਮੈਂ ਘਰ ਆ ਕੇ ਉਸ ਨਾਲ ਅੱਧੀ ਅੱਧੀ ਰਾਤ ਤੱਕ ਹੌਲ਼ੀ ਹੌਲ਼ੀ ਗੱਲ ਕਰਦਾ ਰਹਿੰਦਾ। ਦੋ ਤਿੰਨ ਦਿਨ ਸਾਡਾ ਇਹੀ ਸਿਲਸਿਲਾ ਚੱਲਿਆ।”…….” ਅੱਛਾ…..ਇਹਦਾ ਮਤਲਬ ਤੈਨੂੰ ਉਹਦੇ ਨਾਲ ਪਿਆਰ ਹੋ ਗਿਆ ਸੀ….?” ਮੈਂ ਉਸ ਨੂੰ ਮਜ਼ਾਕ ਕਰਕੇ ਪੁੱਛਿਆ। ” ਨਹੀਂ …. ਪਿਆਰ ਤਾਂ ਨਹੀਂ ਪਰ ਮੈਂ ਗੱਲ ਕਰੇ ਬਿਨਾਂ ਰਹਿ ਨਹੀਂ ਸੀ ਸਕਦਾ…. ਸ਼ਾਇਦ ਪਿਆਰ ਦੀ ਸ਼ੁਰੂਆਤ ਵੀ ਹੋ ਸਕਦੀ ਸੀ…..ਇਸੇ ਦੌਰਾਨ ਮੇਰੀ ਪਤਨੀ ਉੱਠੀ ਤੇ ਉਸ ਨੇ ਮੇਰੇ ਉੱਤੇ ਕੰਬਲ਼ ਦੇ ਦਿੱਤਾ ਤੇ ਆਖਣ ਲੱਗੀ ‘ਦੋਸਤਾਂ ਨਾਲ ਗੱਲਾਂ ਕਰਦੇ ਕਰਦੇ ਠੰਡ ਨਾ ਲਵਾ ਲਿਓ। ਮੈਂ ਤੁਹਾਨੂੰ ਚਾਹ ਬਣਾ ਕੇ ਦੇਵਾਂ? ‘ ….. ਮੈਂ ਚਾਹ ਤੋਂ ਇਨਕਾਰ ਕਰ ਦਿੱਤਾ….ਉਹ ਸੌਂ ਗਈ….. ਥੋੜ੍ਹੀ ਦੇਰ ਬਾਅਦ ਛੋਟੇ ਮੁੰਡੇ ਨੂੰ ਭੁੱਖ ਲੱਗੀ…..ਉਹ ਫਿਰ ਉੱਠੀ ……ਉਸ ਨੇ ਮੁੰਡੇ ਨੂੰ ਦੁੱਧ ਗਰਮ ਕਰਕੇ ਪਿਲਾਇਆ……ਉਹ ਫੇਰ ਸੌਂ ਗਈ……..ਜਦ ਨੂੰ ਮੇਰੇ ਪਿਤਾ ਜੀ ਨੂੰ ਖੰਘ ਛਿੜ ਗਈ……ਉਸ ਨੇ ਉੱਠ ਕੇ ਉਹਨਾਂ ਨੂੰ ਦਵਾਈ ਦਿੱਤੀ……ਫੇਰ ਓਹ ਸੌਂ ਗਈ। ਮੈਂ ਉਸ ਦਾ ਸੁੱਤੀ ਪਈ ਦਾ ਭੋਲਾ ਭਾਲਾ ਚਿਹਰਾ ਦੇਖ ਕੇ ਆਪਣੇ ਆਪ ਨੂੰ ਲਾਹਨਤਾਂ ਪਾ ਰਿਹਾ ਸੀ……ਕਿ ਮੈਂ ਇਹ ਕੀ ਕਰ ਰਿਹਾ ਹਾਂ?……ਜਿਸ ਨੇ‌  ਹੀਰਿਆਂ ਵਰਗੇ ਬੱਚੇ ਪੈਦਾ ਕਰਕੇ ਇੱਕ ਬਾਪ ਬਣਨ ਦੀ ਖੁਸ਼ੀ ਦਿੱਤੀ ਹੈ…..ਮੇਰਾ ਘਰ ਸੰਭਾਲਿਆ ਹੋਇਆ….. ਸਾਨੂੰ ਸਭ ਨੂੰ ਸੰਭਾਲਿਆ ਹੋਇਆ……..ਲੱਖ ਲਾਹਣਤ ਮੇਰੇ ਵਰਗੇ ਇਨਸਾਨ ਤੇ…… ਮੈਂ ਆਪਣੇ ਆਪ ਨਾਲ ਅੱਖ ਨਹੀਂ ਮਿਲਾ ਪਾ ਰਿਹਾ ਸੀ। ਮੈਂ ਉਸੇ ਸਮੇਂ ਫੋਨ ਦਾ ਸਿਮ ਟੁਕੜੇ ਟੁਕੜੇ ਕਰ ਦਿੱਤਾ …. ਮੈਂ ਨੰਬਰ ਬੰਦ ਕਰਵਾ ਦਿੱਤਾ…… ਮੈਂ ਨਵਾਂ ਨੰਬਰ ਲੈ ਲਿਆ…..ਤੇ ਕਸਮ ਖਾਧੀ ਕਿ ਅੱਗੇ ਤੋਂ ਕਦੇ ਇਹੋ ਜਿਹੀ ਗਲਤੀ ਨਹੀਂ ਕਰਾਂਗਾ…….ਜਿਸ ਨਾਲ ਮੈਂ ਇਸ ਦੇਵੀ ਸਮਾਨ ਔਰਤ ਨੂੰ ਧੋਖਾ ਦੇਵਾਂ!” ਉਹ ਦੱਸਦਾ ਦੱਸਦਾ ਭਾਵੁਕ ਹੋ ਗਿਆ ਸੀ। ਮੈਂ ਸੁਖਬੀਰ ਦੀ ਕਹਾਣੀ ਸੁਣ ਕੇ ਉਸ ਨੂੰ ਸ਼ਾਬਾਸ਼ ਦਿੱਤੀ ਤੇ ਆਖਿਆ,” ਸੁਖਬੀਰ…..ਜੇ ਸਾਰੇ ਮਰਦ ਤ੍ਰੀਮਤਾਂ ਆਪਣੇ ਅੰਦਰੋਂ ਉੱਠਣ ਵਾਲੇ ਕਾਮ ਰੂਪੀ ਰਾਖ਼ਸ਼ ਨੂੰ ਪਹਿਲਾਂ ਹੀ ਮਾਰ ਦੇਣ ਤਾਂ ਸ਼ਾਇਦ ਅੱਜ ਕਈ ਘਰ ਉਜੜਨ ਤੋਂ ਬਚ ਸਕਦੇ ਹਨ ….ਤੇਰੀ ਸੋਚ ਨੂੰ ਸਲਾਮ ਕਰਦੀ ਹਾਂ।” ਮੈਂ ਬਾਅਦ ਵਿੱਚ ਵੀ ਇਹੀ ਸੋਚਦੀ ਰਹੀ ਕਿ ਇਹੋ ਜਿਹੀ ਉੱਚੀ ਸੁੱਚੀ ਸੋਚ ਅਪਣਾ ਕੇ ਆਪਣੇ ਘਰ ਦੀ ਚਾਰ ਦੀਵਾਰੀ ਅੰਦਰ ਸਵਰਗ ਸਿਰਜਣਾ ਹੀ ਅਸਲੀ ਹਮਾਰਾ ਜੀਵਣਾ ਹੈ।ਇਸ ਨਾਲ ਮਨੁੱਖ ਸਮਾਜ ਵਿੱਚ ਆਪ ਵੀ ਸਤਿਕਾਰ ਦਾ ਪਾਤਰ ਬਣਦਾ ਹੈ ਤੇ ਆਪਣੇ ਪਰਿਵਾਰ ਦਾ ਸਤਿਕਾਰ ਵੀ ਵਧਾਉਂਦਾ ਹੈ।”
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -581
Next articleਅੰਕੁਸ਼ ਚੌਹਾਨ ਭਾਜਪਾ ਯੁਵਾ ਮੋਰਚਾ ਮੰਡਲ 1 ਦੇ  ਪ੍ਰਧਾਨ ਨਿਯੁਕਤ