ਏਹੁ ਹਮਾਰਾ ਜੀਵਣਾ ਹੈ -568

ਬਰਜਿੰਦਰ-ਕੌਰ-ਬਿਸਰਾਓ-
 (ਸਮਾਜ ਵੀਕਲੀ)-  ਸਾਹਿਤ ਦੀ ਸਿਰਜਣਾ ਤਾਂ ਹੀ ਕੀਤੀ ਜਾ ਸਕਦੀ ਹੈ ਜੇ ਸਾਹਿਤ ਨੂੰ ਚੰਗੀ ਤਰ੍ਹਾਂ ਪੜ੍ਹਿਆ, ਜਾਣਿਆ ਅਤੇ ਸਮਝਿਆ ਹੋਵੇ। ਸਾਹਿਤ ਦਾ ਕੋਈ ਵੀ ਰੂਪ ਵੇਖ ਲਵੋ, ਉਹ ਲੇਖਕਾਂ ਦੇ ਅੰਦਰੋਂ ਉਪਜੀ ਸਹਿਜ ਸੁਭਾਅ ਦੀ ਕਲਾ ਹੁੰਦੀ ਹੈ ਜਿਸ ਨੂੰ ਉਹ ਆਪਣੇ ਰੌਂਅ ਵਿੱਚ ਪੇਸ਼ ਕਰਦਾ ਹੈ।ਉਸ ਦੀਆਂ ਲਿਖਤਾਂ ਉੱਤੇ ਉਸ ਦੁਆਰਾ ਪੜ੍ਹੇ ਸਾਹਿਤ ਦੀ ਰੰਗਤ ਦੀ ਝਲਕ ਜ਼ਰੂਰ ਪੈਂਦੀ ਹੈ। ਹਰ ਲਿਖਤ ਲੇਖਕ ਦੇ ਆਪ ਮੁਹਾਰੇ ਉਪਜੇ ਭਾਵਾਂ, ਤਜਰਬਿਆਂ, ਖ਼ਿਆਲਾਂ ਅਤੇ ਜਜ਼ਬਿਆਂ ਦਾ ਹੜ੍ਹ ਹੁੰਦਾ ਹੈ ਜਿਸ ਨੂੰ ਉਹ ਕਲਮਬੱਧ ਕਰਕੇ ਖੂਬਸੂਰਤ ਸ਼ਬਦਾਂ ਰਾਹੀਂ ਪੇਸ਼ ਕਰਦਾ ਹੈ। ਕਿਸੇ ਵੀ ਲੇਖਕ ਦੀ ਲੇਖਣੀ ਉੱਪਰ ਉਸ ਦੁਆਰਾ ਪੜ੍ਹੇ ਸਾਹਿਤ ਦਾ ਪ੍ਰਭਾਵ ਜ਼ਰੂਰ ਨਜ਼ਰ ਆਉਂਦਾ ਹੈ।
            ਅੱਜ ਕੱਲ੍ਹ ਇੱਕ ਨਵੇਂ ਤਰੀਕੇ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ ਕਿ ਬਹੁਤ ਛੋਟੇ ਬੱਚਿਆਂ ਤੋਂ ਵੀ ਸਾਹਿਤ ਲਿਖਵਾਇਆ ਜਾ ਰਿਹਾ ਹੈ। ਬੱਚਿਆਂ ਦੇ ਨਾਂ ਦੇ ਨਾਲ ਨਾਲ ਉਹਨਾਂ ਦੇ “ਗਾਈਡ” ਦਾ ਨਾਂ ਵੀ ਦਿੱਤਾ ਜਾਂਦਾ ਹੈ। ਮਤਲਬ ਕਿ ਪ੍ਰਾਇਮਰੀ ਤੱਕ ਦੇ ਬੱਚੇ ਦੁਆਰਾ ਲਿਖੀ ਕਵਿਤਾ ਦੇ ਨਾਲ ਉਸ ਦੇ ਮਾਪਿਆਂ ਜਾਂ  ਉਸ ਦੇ ਅਧਿਆਪਕ ਦਾ ਨਾਂ ਦਿੱਤਾ ਜਾਂਦਾ ਹੈ ਕਿ ਉਸ ਦੀ ਨਿਗਰਾਨੀ ਹੇਠ ਲਿਖੀ ਹੋਈ ਰਚਨਾ ਹੈ। ਐਨੇ ਛੋਟੇ ਬੱਚੇ ਨੂੰ ਕਿਸ ਤਰ੍ਹਾਂ ਗਾਈਡ ਕੀਤਾ ਜਾਂਦਾ ਹੋਵੇਗਾ ? ਇਹ ਗੱਲ ਤਾਂ ਠੀਕ ਹੈ ਕਿ ਬੱਚੇ ਤੋਂ ਸਿਰਜਣਾਤਮਕ ਕਾਰਜ ਕਰਵਾ ਕੇ ਉਸ ਦੀ ਬੌਧਿਕ ਸਮਰੱਥਾ ਵਿੱਚ ਵਾਧਾ ਹੋਵੇਗਾ ਪਰ ਕਵਿਤਾ ਲਿਖਣ ਲਈ ਉਸ ਅੰਦਰ ਭਾਵ, ਖਿਆਲ ਅਤੇ ਜਜ਼ਬਾ ਪੈਦਾ ਕਰਨ ਲਈ ਉਸ ਨੂੰ ਕਿਹੜੇ ਤਰੀਕੇ ਨਾਲ ਗਾਈਡ ਕੀਤਾ ਜਾਂਦਾ ਹੋਵੇਗਾ? ਜਿਹੜੀ ਉਮਰੇ ਬੱਚੇ ਨੂੰ ਹਜੇ ਆਪਣੇ ਪਾਠਕ੍ਰਮ ਦੇ ਛੋਟੇ ਛੋਟੇ ਪ੍ਰਸ਼ਨਾਂ ਦੇ ਉੱਤਰ ਸਹੀ ਢੰਗ ਨਾਲ ਲਿਖਣ ਲਈ ਬਹੁਤ ਸਾਰਾ ਅਭਿਆਸ ਕਰਨਾ ਪੈਂਦਾ ਹੋਵੇ ਉਸ ਉਮਰੇ ਉਹ ਇੱਕ ਵਧੀਆ ਕਵਿਤਾ ਕਿਵੇਂ ਸਿਰਜਦਾ ਹੈ? ਇਹ ਪ੍ਰਸ਼ਨ ਵਾਰ ਵਾਰ ਜ਼ਿਹਨ ਵਿੱਚ ਉਭਰਦਾ ਹੈ। ਇਹ ਵਧ ਰਿਹਾ ਰੁਝਾਨ ਕਿਤੇ ਵੱਡੇ ਹੋ ਕੇ ਬੱਚਿਆਂ ਦੇ ਅੰਦਰ ਸਹਿਜ ਸੁਭਾਅ ਉਪਜਣ ਵਾਲੀ ਕਲਾ ਦੇ ਖੰਭਾਂ ਨੂੰ ਛੋਟੀ ਉਮਰੇ ਫੋਕੀ ਵਾਹ ਵਾਹ ਦੀ ਤੇਜ਼ ਛੁਰੀ ਨਾਲ ਤਾਂ ਕਿਤੇ ਨਹੀਂ ਕੱਟ ਰਿਹਾ ਹੁੰਦਾ? ਬੱਚਿਆਂ ਨੂੰ ਦੱਸ ਕੇ ਲਿਖਵਾਉਣ ਨਾਲੋਂ ਤਾਂ ਚੰਗਾ ਉਸ ਦੇ ਅੰਦਰ ਦੀ ਰੁਚੀ ਵਿੱਚੋਂ ਉਸ ਦੀ ਪ੍ਰਤਿਭਾ ਨੂੰ ਤਲਾਸ਼ ਕੇ ਉਸ ਨੂੰ ਤਰਾਸਿਆ ਜਾਵੇ।
           ਪ੍ਰਾਇਮਰੀ ਤੱਕ ਦੇ ਬੱਚੇ ਜੇ ਤਾਂ ਸੱਚ ਮੁੱਚ ਹੀ ਐਨੀ ਵਧੀਆ ਕਵਿਤਾ ਲਿਖ ਰਹੇ ਹੁੰਦੇ ਹਨ ਤਾਂ ਇਹ ਇੱਕ ਚੰਗਾ ਕਦਮ ਹੈ ਅਤੇ ਉਸ ਨੂੰ ਉਤਸ਼ਾਹਿਤ ਕਰਨਾ ਸਾਡਾ ਸਭ ਦਾ ਫ਼ਰਜ਼ ਬਣਦਾ ਹੈ ਪਰ ਜੇ ਕਿਤੇ ਦਾਲ਼ ਵਿੱਚ ਕੁਝ ਕਾਲ਼ਾ ਹੈ ਤਾਂ ਇਹ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਹੋ ਸਕਦਾ ਹੈ। ਐਨੀ ਛੋਟੀ ਉਮਰ ਦੇ ਬੱਚਿਆਂ ਨੂੰ ਆਪਣੀ ਸਕੂਲੀ ਪੜ੍ਹਾਈ ਤੋਂ ਵਿਹਲ ਬੜੀ ਮੁਸ਼ਕਲ ਨਾਲ ਮਿਲਦੀ ਹੈ ,ਉਹਨਾਂ ਦੁਆਰਾ ਇੱਕ ਵਧੀਆ ਸਾਹਿਤਕਾਰ ਤੁਲ ਸਾਹਿਤ ਦੀ ਰਚਨਾ ਕਰਵਾਉਣਾ ਹਜ਼ਮ ਨਹੀਂ ਹੋ ਸਕਦਾ। ਕੁਝ ਬੱਚੇ ਪ੍ਰਤਿਭਾਸ਼ਾਲੀ ਹੋ ਸਕਦੇ ਹਨ ਜਿਨ੍ਹਾਂ ਵਿੱਚ ਕੁਦਰਤੀ ਤੌਰ ਤੇ ਇਹੋ ਜਿਹੇ ਗੁਣ ਉਪਜੇ ਹੋਣ,ਇਹੋ ਜਿਹੇ ਬੱਚੇ ਨਿਵੇਕਲੇ ਹੁੰਦੇ ਹਨ । ਨਿਗਰਾਨੀ ਹੇਠ ਛੋਟੇ ਬੱਚਿਆਂ ਤੋਂ ਲਿਖਵਾਇਆ ਸਾਹਿਤ ਕਿਤੇ ਅਖ਼ਬਾਰਾਂ ਜਾਂ ਰਸਾਲਿਆਂ ਵਿੱਚ ਆਪਣੀਆਂ ਜਾਂ ਬੱਚਿਆਂ ਦੀਆਂ ਫੋਟੋਆਂ ਛਪਵਾਉਣ ਲਈ ਭੇਡ ਚਾਲ ਹੀ ਨਾ ਕਿਤੇ ਬਣ ਕੇ ਰਹਿ ਜਾਵੇ। ਜਾਂ ਕਿਤੇ ਇਹ ਸਾਹਿਤ ਦਾ ਵਪਾਰੀਕਰਨ ਤਾਂ ਨਹੀਂ ਹੋ ਰਿਹਾ ਕਿਉਂਕਿ ਅੱਜ ਕੱਲ੍ਹ ਨਾਂ ਅਤੇ ਸ਼ੁਹਰਤ ਖੱਟਣ ਦੇ ਨਾਲ ਨਾਲ ਪੈਸਾ ਕਮਾਉਣ ਦੀ ਹੋੜ ਵੀ ਲੋਕਾਂ ਵਿੱਚ ਵਧ ਰਹੀ ਹੈ। ਇਸ ਨੂੰ ਬਹੁਤ ਬਰੀਕੀ ਨਾਲ ਸੋਚਣ ਦੀ ਲੋੜ ਹੈ।
         ਅਜਿਹੇ ਗਾਈਡ ਜਾਂ ਨਿਗਰਾਨ ਜੇ ਸੱਚ ਮੁੱਚ ਬੱਚੇ ਅੰਦਰ ਸਾਹਿਤਕ ਚਿਣਗ ਪੈਦਾ ਕਰਨਾ ਚਾਹੁੰਦੇ ਹਨ ਤਾਂ ਉਨ੍ਹਾਂ ਵੱਲੋਂ ਬੱਚਿਆਂ ਦੇ ਪਹਿਲਾਂ ਕਵਿਤਾਵਾਂ ਬੋਲਣ ਦੇ ਮੁਕਾਬਲੇ ਕਰਵਾਉਣੇ ਚਾਹੀਦੇ ਹਨ ਤਾਂ ਕਿ ਉਹਨਾਂ ਨੂੰ ਉਤਸ਼ਾਹਿਤ ਕੀਤਾ ਜਾਵੇ । ਇਸ ਤਰ੍ਹਾਂ ਉਹਨਾਂ ਵਿੱਚ ਸਾਹਿਤ ਪ੍ਰਤੀ ਰੁਚੀ ਪੈਦਾ ਹੋਵੇਗੀ, ਉਹਨਾਂ ਅੰਦਰ ਉਸ ਤਰ੍ਹਾਂ ਦੇ ਭਾਵ ਉਪਜਣਗੇ ਤੇ ਖਿਆਲ ਪੈਦਾ ਹੋਣਗੇ ਜਿਸ ਤਰ੍ਹਾਂ ਦੀਆਂ ਕਵਿਤਾਵਾਂ ਉਹਨਾਂ ਨੂੰ ਪੜ੍ਹਨੀਆਂ ਸਿਖਾਈਆਂ ਜਾਣਗੀਆਂ। ਜਦ ਬੱਚੇ ਨੂੰ ਪੜ੍ਹ ਪੜ੍ਹ ਕੇ ਸਾਹਿਤਕ ਰਚਨਾਵਾਂ ਵਿੱਚ ਰੁਚੀ ਵਧਣ ਲੱਗਦੀ ਹੈ ਤਾਂ ਉਸ ਅੰਦਰ ਲਿਖਣ ਦਾ ਜਜ਼ਬਾ ਆਪਣੇ ਆਪ ਪੈਦਾ ਹੋਣ ਲੱਗਦਾ ਹੈ। ਬੱਚਿਆਂ ਤੋਂ ਜ਼ਬਰਦਸਤੀ ਕਵਿਤਾਵਾਂ ਲਿਖਵਾਉਣ ਦੀ ਥਾਂ ਉਹਨਾਂ ਨੂੰ ਵੱਡਿਆਂ ਦੁਆਰਾ ਲਿਖੀਆਂ ਬਾਲ ਕਵਿਤਾਵਾਂ ਪੜ੍ਹਨਯੋਗ ਬਣਾਇਆ ਜਾਵੇ ਤਾਂ ਜੋ ਉਹ ਉਹਨਾਂ ਤੋਂ ਪ੍ਰੇਰਨਾ ਲੈ ਕੇ ਵਧੀਆ ਸਾਹਿਤ ਰਚਣ ਦੇ ਯੋਗ ਹੋ ਸਕਣ। ਇਹ ਇੱਕ ਸੋਚਣ ਦਾ ਵਿਸ਼ਾ ਹੈ ਤਾਂ ਜੋ ਸਾਹਿਤ ਵਿੱਚ ਵਧ ਰਹੇ ਵਪਾਰੀਕਰਨ ਤੇ ਠੱਲ੍ਹ ਪਾਈ ਜਾ ਸਕੇ। ਆਪਣੇ ਬੱਚਿਆਂ ਨੂੰ ਸਹੀ ਸੇਧ ਮਾਰਗ ਦੇਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…

9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਚਨਾਂ
Next articleਹਲਕਾ ਸੁਲਤਾਨਪੁਰ ਲੋਧੀ ਵਾਸੀਆਂ ਲਈ ਰਾਹਤ ਦੀ ਖਬਰ