ਏਹੁ ਹਮਾਰਾ ਜੀਵਣਾ ਹੈ -557

ਬਰਜਿੰਦਰ-ਕੌਰ-ਬਿਸਰਾਓ.

 (ਸਮਾਜ ਵੀਕਲੀ)- ਬਲਦੇਵ ਘਰ ਦਾ ਵੱਡਾ ਮੁੰਡਾ ਸੀ। ਉਸ ਤੋਂ ਛੋਟੇ ਉਸ ਦੇ ਦੋ ਭਰਾ ਅਤੇ ਇੱਕ ਭੈਣ ਸੀ। ਘਰ ਵੀ ਕੱਚਾ ਜਿਹਾ ਹੀ ਸੀ ਕਿਉਂਕਿ ਘਰ ਦੀ ਆਰਥਿਕ ਸਥਿਤੀ ਬਹੁਤੀ ਵਧੀਆ ਨਹੀਂ ਸੀ।ਬਲਦੇਵ ਦਸਵੀਂ ਪਾਸ ਕਰਦੇ ਹੀ ਸ਼ਹਿਰ ਕਿਸੇ ਕੰਪਨੀ ਵਿੱਚ ਥੋੜ੍ਹੀ ਜਿਹੀ ਤਨਖਾਹ ਤੇ ਲਿਖਾ-ਪੜ੍ਹੀ ਦਾ ਕੰਮ ਕਰਨ ਲੱਗ ਪਿਆ ਤੇ ਨਾਲ਼ ਹੀ ਉਹ ਪ੍ਰਾਈਵੇਟ ਅਗਾਂਹ ਪੜ੍ਹਾਈ ਕਰਨ ਲੱਗਿਆ। ਘਰ ਵਿੱਚ ਗਰੀਬੀ ਦਾ ਅਸਲ ਕਾਰਨ ਉਸ ਦੇ ਪਿਓ ਗੁਰਮੀਤ ਸਿੰਘ ਦਾ ਨਿਕੰਮਾਪਨ ਸੀ। ਜੋ ਸਾਰਾ ਦਿਨ ਵਿਹਲੜਾਂ ਵਿੱਚ ਬੈਠ ਕੇ ਲੰਘਾ ਦਿੰਦਾ ਸੀ । ਜ਼ਮੀਨ ਚੰਗੀ ਸੀ ਤਾਂ ਹੀ ਘਰ ਦਾ ਤੋਰੀ ਫੁਲਕਾ ਜ਼ਮੀਨ ਦੇ ਠੇਕੇ ਨਾਲ ਤੁਰੀ ਜਾਂਦਾ ਸੀ। ਸਾਰੇ ਭੈਣ ਭਰਾਵਾਂ ਦੇ ਖਰਚੇ ਵਧ ਰਹੇ ਸਨ ਕਿਉਂਕਿ ਜਿਵੇਂ ਜਿਵੇਂ ਸਾਰੇ ਵੱਡੇ ਹੋ ਰਹੇ ਸਨ ਉਹਨਾਂ ਦੀਆਂ ਜ਼ਰੂਰਤਾਂ ਵੀ ਵੱਡੀਆਂ ਹੋ ਰਹੀਆਂ ਸਨ। ਘਰ ਦੀ ਸਾਰੀ ਜ਼ਿੰਮੇਵਾਰੀ ਬਲਦੇਵ ਨੇ ਛੋਟੀ ਉਮਰ ਵਿੱਚ ਹੀ ਆਪਣੇ ਸਿਰ ਤੇ ਲੈ ਲਈ ਸੀ ਕਿਉਂਕਿ ਉਸ ਨੇ ਬਚਪਨ ਤੋਂ ਬਹੁਤ ਔਖੇ ਦਿਨ ਵੇਖੇ ਸਨ। ਉਸ ਦੇ ਮਨ ਵਿੱਚ ਘਰ ਦੀ ਹਾਲਤ ਸੁਧਾਰਨ ਦੀ ਲਗਨ ਸੀ ਇਸੇ ਲਈ ਤਾਂ ਉਸ ਨੇ ਛੋਟੀ ਉਮਰੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ। ਬਲਦੇਵ ਨੇ ਪੁਰਾਣਾ ਘਰ ਵੇਚ ਕੇ,ਕੁਝ ਪੈਸੇ ਪੱਲਿਉਂ ਪਾ ਕੇ ਤੇ ਕੁਝ ਰਿਸ਼ਤੇਦਾਰਾਂ ਤੋਂ ਉਧਾਰ ਫੜ ਕੇ ਪਿੰਡ ਵਿੱਚ ਹੀ ਪਹਿਲਾਂ ਤਾਂ ਇੱਕ ਪੱਕਾ ਤੇ ਖੁੱਲ੍ਹਾ ਡੁੱਲ੍ਹਾ ਘਰ ਖਰੀਦਿਆ ਫੇਰ ਉਸ ਨੇ ਦੋ ਤਿੰਨ ਸਾਲਾਂ ਵਿੱਚ ਕਰਜ਼ਾ ਮੋੜਿਆ ਤੇ ਨਾਲ਼ ਦੀ ਨਾਲ਼ ਆਪਣੀ ਪੜ੍ਹਾਈ ਪੂਰੀ ਕੀਤੀ। ਇਸੇ ਤਰ੍ਹਾਂ ਹੱਥ ਪੱਲੇ ਮਾਰਦੇ ਦੀ ਪਰਮਾਤਮਾ ਨੇ ਸੁਣ ਲਈ ਤੇ ਉਸ ਨੂੰ ਸਰਕਾਰੀ ਨੌਕਰੀ ਵੀ ਮਿਲ਼ ਗਈ।

          ਬਲਦੇਵ ਦੇ ਮਿਹਨਤੀ ਹੋਣ ਕਰਕੇ ਸ਼ਰੀਕੇ ਵਿੱਚੋਂ ਹੀ ਕਿਸੇ ਨੇ ਉਸ ਨੂੰ ਪੜ੍ਹੀ ਲਿਖੀ ਕੁੜੀ ਦਾ ਰਿਸ਼ਤਾ ਕਰਵਾ ਦਿੱਤਾ । ਜਿਵੇਂ ਹੀ ਵਿਆਹ ਹੋਇਆ ਤਾਂ ਹਜੇ ਦਸ ਦਿਨ ਵੀ ਨਹੀਂ ਨਿਕਲ਼ੇ ਸਨ ਕਿ ਬਲਦੇਵ ਦੀ ਭੈਣ ਅਤੇ ਮਾਂ ਨੇ ਉਸ ਦੀ ਵਹੁਟੀ ਨਾਲ਼ ਵਿਆਹ ਵਿੱਚ ਲੈਣ ਦੇਣ ਨੂੰ ਲੈ ਕੇ ਲੜਨਾ ਝਗੜਨਾ ਸ਼ੁਰੂ ਕਰ ਦਿੱਤਾ। ਬਲਦੇਵ ਨੇ ਮਜ਼ਬੂਰੀ ਵਿੱਚ ਘਰਦਿਆਂ ਤੋਂ ਅੱਡ ਹੋ ਕੇ ਸ਼ਹਿਰ, ਜਿੱਥੇ ਨੌਕਰੀ ਕਰਦਾ ਸੀ, ਉੱਥੇ ਘਰ ਲੈ ਕੇ ਆਪਣੇ ਪਰਿਵਾਰ ਨਾਲ ਰਹਿਣਾ ਸ਼ੁਰੂ ਕਰ ਦਿੱਤਾ। ਘਰ ਦੀਆਂ ਔਰਤਾਂ ਦੀ ਆਪਸ ਵਿੱਚ ਚਾਹੇ ਬਣਦੀ ਨਹੀਂ ਸੀ ਪਰ ਆਪ ਘਰ ਦੇ ਸਾਰੇ ਕੰਮ ਮੂਹਰੇ ਹੋ ਕੇ ਕਰਦਾ ਰਿਹਾ। ਛੋਟੀ ਭੈਣ ਲਈ ਮੁੰਡਾ ਲੱਭ ਕੇ ਆਪ ਵਿਆਹ ਕੀਤਾ,ਸਾਰਾ ਕੁਝ ਆਪ ਮੂਹਰੇ ਹੋ ਕੇ ਕੀਤਾ। ਜਦੋਂ ਤੋਂ ਬਲਦੇਵ ਨੇ ਆਪਣੀ ਪਤਨੀ ਨਾਲ ਸ਼ਹਿਰ ਰਹਿਣਾ ਸ਼ੁਰੂ ਕੀਤਾ ਸੀ ਉਸ ਦੇ ਪਿਤਾ ਗੁਰਮੀਤ ਸਿੰਘ ਨੇ ਤਾਂ ਉਸ ਨੂੰ ਆਪਣਾ ਦੁਸ਼ਮਣ ਹੀ ਮੰਨ ਲਿਆ ਸੀ ਪਰ ਫੇਰ ਵੀ ਬਲਦੇਵ ਘਰ ਦੀਆਂ ਜ਼ਿੰਮੇਵਾਰੀਆਂ ਤੋਂ ਨਹੀਂ ਭੱਜਿਆ, ਉਸ ਨੇ ਛੋਟੇ ਭਰਾਵਾਂ ਨੂੰ ਦਸ ਦਸ ਪੜ੍ਹਨ ਤੋਂ ਬਾਅਦ ਹੋਰ ਨਾ ਪੜ੍ਹਦਾ ਵੇਖ ਕੇ ਤੇ ਗ਼ਲਤ ਸੰਗਤ ਵਿੱਚ ਪੈਂਦਾ ਵੇਖ ਕੇ ਉਹਨਾਂ ਨੂੰ ਕਿਤੇ ਨਾ ਕਿਤੇ ਕਹਿ ਸੁਣ ਕੇ ਨੌਕਰੀਆਂ ਤੇ ਲਗਵਾਇਆ, ਉਹਨਾਂ ਦੇ ਵਿਆਹਾਂ ਦੇ ਕਾਰਜ ਆਪ ਮੂਹਰੇ ਹੋ ਕੇ ਨਿਬੇੜੇ।
               ਘਰ ਦਾ ਵੱਡਾ ਮੁੰਡਾ ਲਾਇਕ ਸੀ ਤਾਂ ਹੀ ਤਾਂ ਪੰਜਾਂ ਸੱਤਾਂ ਸਾਲਾਂ ਵਿੱਚ ਘਰ ਦਾ ਹੁਲੀਆ ਹੀ ਬਦਲ ਗਿਆ ਸੀ। ਪਰ ਗੁਰਮੀਤ ਸਿੰਘ ਦਾ ਸਾਰਾ ਝੁਕਾਅ ਆਪਣੇ ਦੋਹਾਂ ਛੋਟੇ ਮੁੰਡਿਆਂ ਵੱਲ ਸੀ। ਉਸ ਨੇ ਬਲਦੇਵ ਤੋਂ ਚੋਰੀ ਚੋਰੀ ਪਿੰਡ ਵਾਲ਼ਾ ਘਰ ਉਹਨਾਂ ਦੋਹਾਂ ਦੇ ਨਾਂ ਕਰਵਾ ਦਿੱਤਾ। ਬਲਦੇਵ ਤੇ ਉਸ ਦੀ ਪਤਨੀ ਦੋਵੇਂ ਸਰਕਾਰੀ ਨੌਕਰੀ ਕਰਦੇ ਸਨ, ਉਹਨਾਂ ਨੇ ਸ਼ਹਿਰ ਵਿੱਚ ਹੀ ਆਪਣਾ ਵਧੀਆ ਘਰ ਬਣਾ ਲਿਆ ਸੀ। ਦੋਹਾਂ ਦੀ ਕਮਾਈ ਚੰਗੀ ਸੀ ਜਿਸ ਕਰਕੇ ਉਹਨਾਂ ਨੂੰ ਕੋਈ ਕਮੀ ਨਹੀਂ ਸੀ। ਗੁਰਮੀਤ ਸਿੰਘ ਦੀਆਂ ਛੋਟੀਆਂ ਨੂੰਹਾਂ ਸਕੀਆਂ ਭੈਣਾਂ ਸਨ ਤੇ ਅੱਠ ਅੱਠ ਪੜ੍ਹੀਆਂ ਹੋਣ ਕਰਕੇ ਆਪਣੀ ਪੜ੍ਹੀ ਲਿਖੀ ਜਠਾਣੀ ਤੋਂ ਬਹੁਤ ਸੜਦੀਆਂ ਰਹਿੰਦੀਆਂ ਸਨ। ਸਾੜੇ ਸਾੜੇ ਵਿੱਚ ਹੀ ਉਸ ਦੇ ਖਿਲਾਫ ਉਹ ਆਪਣੇ ਸੱਸ ਸਹੁਰੇ ਦੇ ਕੰਨ ਭਰਦੀਆਂ ਰਹਿੰਦੀਆਂ ਸਨ। ਗੁਰਮੀਤ ਸਿੰਘ ਤੋਂ ਜੋ ਬਲਦੇਵ ਨਾਲ਼ ਧੱਕਾ ਹੋ ਸਕਦਾ ਸੀ ਕੀਤਾ। ਜ਼ਮੀਨ ਦੇ ਬਟਵਾਰੇ ਵਿੱਚ ਵੀ ਪਰਿਵਾਰ ਦੇ ਸਾਰੇ ਮੈਂਬਰਾਂ ਦਾ ਹਿੱਸਾ ਇੱਕ ਪਾਸੇ ਰੱਖ ਕੇ ਉਸ ਨੂੰ ਛੇਵਾਂ ਹਿੱਸਾ ਹੀ ਦਿੱਤਾ ਤੇ ਬਾਕੀ ਦਾ ਹਿੱਸਾ ਦੋਵੇਂ ਛੋਟੇ ਮੁੰਡਿਆਂ ਵਿੱਚ ਵੰਡ ਦਿੱਤਾ। ਬਲਦੇਵ ਨਾਲ਼ ਐਨਾ ਧੱਕਾ ਹੋਇਆ,ਉਸ ਨੇ ਕੋਈ ਕਿੰਤੂ ਪ੍ਰੰਤੂ ਨਹੀਂ ਕੀਤਾ ਕਿਉਂਕਿ ਉਸ ਨੂੰ ਆਪਣੀ ਅਤੇ ਆਪਣੀ ਪਤਨੀ ਦੀ ਮਿਹਨਤ ਤੇ ਪੂਰਾ ਭਰੋਸਾ ਸੀ।
                  ਵਕਤ ਬੀਤਦਾ ਗਿਆ, ਬਲਦੇਵ ਆਪਣੇ ਫ਼ਰਜ਼ਾਂ ਨੂੰ ਨਿਭਾਉਂਦਾ ਰਿਹਾ। ਬਲਦੇਵ ਦੇ ਦੋ ਪੁੱਤਰ ਸਨ ਜੋ ਬਹੁਤ ਲਾਇਕ ਸਨ ਤੇ ਵਧੀਆ ਪੜਾਈਆਂ ਕਰ ਕੇ ਵਿਦੇਸ਼ਾਂ ਵਿੱਚ ਜਾ ਵਸੇ ਤੇ ਉਹਨਾਂ ਦੇ ਚੰਗੇ ਖਾਨਦਾਨਾਂ ਦੀਆਂ ਪੜ੍ਹੀਆਂ ਲਿਖੀਆਂ ਕੁੜੀਆਂ ਨਾਲ਼ ਵਿਆਹ ਹੋ ਗਏ ਸਨ।  ਕਦੇ ਤਾਂ ਬੁਢਾਪਾ ਬੰਦੇ ਨੂੰ ਆਪਣਾ ਜ਼ੋਰ ਵਿਖਾਉਂਦਾ ਹੀ ਹੈ। ਗੁਰਮੀਤ ਸਿੰਘ ਤੇ ਉਸ ਦੀ ਪਤਨੀ ਬੁਢਾਪੇ ਕਾਰਨ ਕਮਜ਼ੋਰ ਹੋ ਰਹੇ ਸਨ, ਉਹਨਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੇ ਘੇਰਾ ਪਾ ਲਿਆ ਸੀ। ਛੋਟੇ ਦੋਵੇਂ ਮੁੰਡਿਆਂ ਦੀ ਔਲਾਦ ਨਲਾਇਕ ਨਿਕਲੀ। ਉਹਨਾਂ ਦੇ ਇੱਕ ਇੱਕ ਪੁੱਤਰ ਸੀ ਜੋ ਨਸ਼ਿਆਂ ਦੇ ਆਦੀ ਹੋ ਚੁੱਕੇ ਸਨ। ਉਹਨਾਂ ਨੂੰ ਬੁੱਢੇ ਮਾਂ ਬਾਪ ਹੁਣ ਬੋਝ ਲੱਗਦੇ ਸਨ ਤੇ ਬਲਦੇਵ ਤੋਂ ਵੱਧ ਜ਼ਮੀਨ ਲੈ ਕੇ ਵੀ ਉਹਨਾਂ ਪੱਲੇ ਗ਼ਰੀਬੀ ਤੇ ਬੇਈਮਾਨੀ ਹੀ ਰਹੀ, ਉਹਨਾਂ ਤੋਂ ਬਲਦੇਵ ਦੇ ਬੱਚਿਆਂ ਦੀ ਤਰੱਕੀ ਬਰਦਾਸ਼ਤ ਨਾ ਹੁੰਦੀ ਤੇ ਬੁੱਢੇ ਮਾਪਿਆਂ ਨੂੰ ਹਰ ਵੇਲੇ ਠੋਕਰਾਂ ਮਾਰਦੇ ਕਿ ਉਹ ਜਾ ਕੇ ਵੱਡੇ ਕੋਲ਼ ਰਹਿਣ, ਇਹਨਾਂ ਦੇ ਕਿਉਂ ਦੱਦ ਲੱਗੇ ਹੋਏ ਹਨ। ਗੁਰਮੀਤ ਸਿੰਘ ਉੱਤੇ ਉਹਨਾਂ ਦੇ ਕੌੜੇ ਬੋਲਾਂ ਨੇ ਐਨਾ ਅਸਰ ਕੀਤਾ ਕਿ ਉਸ ਨੇ ਮੰਜਾ ਹੀ ਫੜ ਲਿਆ ਤੇ ਆਪਣੀ ਸਾਂਭ ਸੰਭਾਲ ਜੋਗਾ ਵੀ ਨਾ ਰਿਹਾ। ਇਸ ਵਾਰ ਵੀ ਬਲਦੇਵ ਆਪਣੀ ਜ਼ਿੰਮੇਵਾਰੀ ਤੋਂ ਪਿੱਛੇ ਨਹੀਂ ਹਟਿਆ, ਉਸ ਨੇ ਆਪਣੇ ਮਾਂ ਬਾਪ ਦੀ ਆਖ਼ਰੀ ਸਮੇਂ ਦੀ ਸਾਂਭ ਸੰਭਾਲ ਤੋਂ ਲੈਕੇ ਉਹਨਾਂ ਦੀਆਂ ਅੰਤਿਮ ਰਸਮਾਂ ਤੱਕ ਦੀ ਸਾਰੀ ਜ਼ਿੰਮੇਵਾਰੀ ਨਿਭਾਈ। ਜਿਹਨਾਂ ਦੀ ਖਾਤਰ ਗੁਰਮੀਤ ਸਿੰਘ ਨੇ ਇਸ ਨਾਲ ਕਾਣੀ ਵੰਡ ਕੀਤੀ ਸੀ ਉਹਨਾਂ ਨੇ ਸਾਰੀ ਜ਼ਮੀਨ ਉਹਨਾਂ ਦੇ ਜਿਉਂਦੇ ਜੀਅ ਹੀ ਵੇਚ ਕੇ ਖਾ ਲਈ ਸੀ ਤੇ ਉਹਨਾਂ ਦੀਆਂ ਔਲਾਦਾਂ ਬੁਰੀ ਸੰਗਤ ਵਿੱਚ ਪੈ ਕੇ ਵਿਹਲੀਆਂ, ਨਿਕੰਮੀਆਂ ਤੇ ਨਸ਼ੇੜੀ ਨਿਕਲ਼ ਗਈਆਂ ਸਨ। ਬਲਦੇਵ ਜਦ ਕਦੇ ਵੱਡੀ ਸਾਰੀ ਕਾਰ ਵਿੱਚ ਆਪਣੀ ਔਲਾਦ ਨਾਲ਼ ਕਦੇ ਕਦੇ ਆਪਣੀ ਜ਼ਮੀਨ ਵੇਖਣ ਪਿੰਡ ਆਉਂਦਾ ਤਾਂ ਸੱਥ ਵਿੱਚ ਬਜ਼ੁਰਗ ਉਸ ਦੀ ਸਾਫ਼ ਨੀਅਤ ਦੀਆਂ ਗੱਲਾਂ ਕਰਦੇ ਤੇ ਆਪਣੀਆਂ ਔਲਾਦਾਂ ਨੂੰ ਉਸ ਨੂੰ ਦਿੱਤੀਆਂ ਰੱਬ ਦੀਆਂ ਬਰਕਤਾਂ ਦੀਆਂ ਮਿਸਾਲਾਂ ਦਿੰਦੇ। ਸਾਫ਼ ਨੀਅਤ ਨਾਲ ਚੱਲਦਿਆਂ ਪਰਮਾਤਮਾ ਵੀ ਸਾਥ ਦਿੰਦਾ ਹੈ। ਜ਼ਿੰਦਗੀ ਦਾ ਇਹੀ ਸੱਚਾ ਸੁੱਚਾ ਅਸੂਲ ਹੋਣਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -556
Next articleSunday Samaj Weekly = 07/04/2024