(ਸਮਾਜ ਵੀਕਲੀ)- ਅੱਜ ਦੇ ਮਨੁੱਖ ਦੀਆਂ ਸਦੀਆਂ ਪੁਰਾਣੀਆਂ ਸਾਂਝਾਂ ਵਾਲੀਆਂ ਜੜ੍ਹਾਂ ਨੂੰ ਨਵੀਨੀਕਰਨ ਘੁਣ ਵਾਂਗ ਖੋਖਲਾ ਕਰ ਰਿਹਾ ਹੈ ਤੇ ਜਿਸ ਕਰਕੇ ਮਨੁੱਖ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਰਿਹਾ ਹੈ , ਉਸ ਦੇ ਰਿਸ਼ਤਿਆਂ ਅੰਦਰਲੇ ਪਿਆਰ ਦਾ ਨਿੱਘ ਘਟ ਰਿਹਾ ਹੈ । ਮਨੁੱਖ ਉੱਪਰ ਨਿੱਜਤਾ ਭਾਰੂ ਹੋ ਰਹੀ ਹੈ। ਪਹਿਲਾਂ ਸਾਡੇ ਸਮਾਜ ਵਿੱਚ ਰਿਸ਼ਤਿਆਂ ਦੀ ਐਨੀ ਕਦਰ ਕੀਤੀ ਜਾਂਦੀ ਸੀ ਕਿ ਸਾਰੇ ਕੰਮ ਬਾਅਦ ਵਿੱਚ ਪਹਿਲਾਂ ਰਿਸ਼ਤਿਆਂ ਦਾ ਸਤਿਕਾਰ ਕਰਨਾ ਮੁੱਖ ਰੱਖਿਆ ਜਾਂਦਾ ਸੀ। ਲੋਕ ਆਪਣੇ ਸਕੇ ਸਬੰਧੀਆਂ ਨੂੰ ਮਿਲਣ ਲਈ ਕਾਰਨ ਲੱਭਦੇ ਸਨ, ਔਖੇ ਸਫ਼ਰ ਤਹਿ ਕਰ ਕੇ ਰਿਸ਼ਤੇਦਾਰਾਂ ਨੂੰ ਮਿਲਣ ਜਾਂਦੇ ਸਨ । ਅੱਜ ਦੇ ਦੌਰ ਵਿੱਚ ਚਾਹੇ ਸਾਰੇ ਸੰਸਾਰ ਦੀ ਖ਼ਬਰ ਮਿੰਟਾਂ ਸਕਿੰਟਾਂ ਵਿੱਚ ਮਨੁੱਖ ਕੋਲ ਪਹੁੰਚ ਜਾਂਦੀ ਹੈ ਪਰ ਦੋ ਚਾਰ ਕਿਲੋਮੀਟਰ ਦੂਰ ਬੈਠੇ ਆਪਣਿਆਂ ਦੀ ਕਈ ਕਈ ਵਰ੍ਹੇ ਸਾਰ ਨਹੀਂ ਲਈ ਜਾਂਦੀ। ਬੰਦਾ ਇਕੱਲਾ ਰਿਸ਼ਤਿਆਂ ਅਤੇ ਭਾਈਚਾਰੇ ਤੋਂ ਹੀ ਦੂਰ ਨਹੀਂ ਹੋ ਰਿਹਾ ਉਹ ਆਪਣੇ ਆਪ ਤੋਂ ਵੀ ਦੂਰ ਹੋ ਰਿਹਾ ਹੈ ,ਉਹ ਆਪਣੇ ਆਪ ਤੋਂ ਵੀ ਟੁੱਟ ਰਿਹਾ ਹੈ।ਅੱਜ ਦੇ ਮਨੁੱਖ ਦੇ ਭਾਈਚਾਰਕ ਸਾਂਝ ਟੁੱਟਣ ਦੇ ਨਾਲ ਨਾਲ ਰਿਸ਼ਤਿਆਂ ਵਿੱਚ ਕੜਵਾਹਟ ਵੱਧਣ ਲੱਗ ਪਈ ਹੈ । ਅੱਜ ਕੱਲ੍ਹ ਮਾਨਸਿਕ ਤਣਾਅ ਵੱਧਣ ਨਾਲ ਮਨੁੱਖ ਅੰਦਰ ਸਹਿਣਸ਼ੀਲਤਾ ਦੀ ਕਮੀ ਆ ਰਹੀ ਹੈ ਜਿਸ ਕਰਕੇ ਉਸ ਦੇ ਘਰ ਦੀ ਚਾਰਦੀਵਾਰੀ ਅੰਦਰਲੇ ਨਿੱਜੀ ਰਿਸ਼ਤੇ ਵੀ ਟੁੱਟ ਰਹੇ ਹਨ । ਵਪਾਰੀਕਰਨ ਅਤੇ ਮੰਡੀਕਰਨ ਕਰਕੇ ਪੁਰਾਤਨ ਭਾਈਚਾਰਕ ਸਾਂਝਾਂ ਉੱਤੇ ਲਾਲਚ ਭਾਰੂ ਹੋ ਗਿਆ ਹੈ ਜਿਸ ਨੇ ਮਨੁੱਖ ਨੂੰ ਸਿਰਫ ਨਿੱਜ ਤੱਕ ਸੀਮਿਤ ਕਰ ਦਿੱਤਾ ਹੈ । ਪਿੱਪਲਾਂ ਬੋਹੜਾਂ ਦੀਆਂ ਠੰਡੀਆਂ ਛਾਵਾਂ ਹੇਠ ਖੁੱਲ੍ਹ ਕੇ ਜਿਊਣ ਦੀ ਥਾਂ ਏਅਰ ਕੰਡੀਸ਼ਨਰਾਂ ਵਾਲੀ ਚਾਰਦੀਵਾਰੀ ਅੰਦਰ ਜ਼ਿੰਦਗੀ ਸੁੰਗੜ ਕੇ ਰਹਿ ਗਈ ਹੈ। ਮੇਲਿਆਂ ਦੇ ਇਕੱਠਾਂ ਨੂੰ ਟੀ.ਵੀ. ਫੇਸਬੁੱਕ ਵਟਸਐੱਪ ਨੇ ਨਿਗਲ ਲਿਆ ਹੈ ।ਅੱਜ ਦੇ ਬੱਚੇ ਨਿੱਜੀ ਕਮਰੇ ਵਿੱਚ ਕਾਰਟੂਨ ਚੈਨਲ ਤੇ ਆਪਣੀਆਂ ਅੱਖਾਂ ਗੱਡ ਕੇ ਬੈਠੇ ਰਹਿੰਦੇ ਹਨ ਉਨ੍ਹਾਂ ਦੀ ਦੁਨੀਆਂ ਵੀ ਸਿਰਫ ਉਸ ਦੇ ਨਿੱਜੀ ਕਮਰੇ ਤੱਕ ਹੀ ਸਿਮਟ ਕੇ ਰਹਿ ਗਈ ਹੈ। ਘਰਾਂ ਵਿੱਚ ਟੀ ਵੀ ਸੀਰੀਅਲਾਂ ਦੀ ਦਖਲਅੰਦਾਜ਼ੀ ਨੇ ਪਰਿਵਾਰਿਕ ਜ਼ਿੰਦਗੀ ਵਿਚਲੀ ਨੈਤਿਕਤਾ ਨੂੰ ਨਿਘਾਰ ਵੱਲ ਲਿਆਂਦਾ ਹੈ । ਸੱਥਾਂ, ਤੀਆਂ ਅਤੇ ਤ੍ਰਿਝੰਣਾਂ ਦੇ ਅਲੋਪ ਹੋ ਜਾਣ ਨਾਲ ਪੰਜਾਬੀ ਜੀਵਨ ਦੇ ਉਹ ਸਾਰੇ ਪੱਖ ਵੀ ਧੁੰਦਲੇ ਪੈ ਗਏ ਹਨ ਜਿਹੜੇ ਰਲ਼ ਮਿਲ਼ ਕੇ ਬੈਠਣ ਦੇ ਮੌਕੇ ਦਿੰਦੇ ਸਨ । ਔਰਤਾਂ ਦੇ ਇੱਕੱਠ ਜਿਵੇਂ ਜਿਵੇਂ ਦਰੀਆਂ ਤੇ ਨਾਲ਼ੇ ਬੁਣਨਾ ਤੇ ਚਰਖੇ ਦੀ ਘੂਕਰ ਤੇ ਕੁੜੀਆਂ ਦੇ ਮਿੱਠੇ ਗੀਤਾਂ ਦੀ ਮਿਠਾਸ ਮੰਡੀਕਰਨ ਦੇ ਰੌਲੇ ਵਿੱਚ ਗੁਆਚ ਗਈ ਹੈ। ਅੱਜ ਹਰ ਵਸਤੂ ਬਜ਼ਾਰਾਂ ਵਿੱਚੋਂ ਤਿਆਰ ਮਿਲਦੀ ਹੈ। ਵਿਆਹਾਂ ਵਿੱਚ ਨਾ ਮੇਲਾਂ ਰਿਵਾਜ ਰਿਹਾ ਹੈ ਤੇ ਨਾ ਹੀ ਮੰਜੇ ਬਿਸਤਰੇ ਇਕੱਠੇ ਕਰਨ ਦੀ ਲੋੜ ਰਹੀ ਹੈ ਸਗੋਂ ਟੈਂਟ ਹਾਊਸ ਤੋਂ ਲੋੜ ਅਨੁਸਾਰ ਹਰ ਚੀਜ਼ ਕਿਰਾਏ ਤੇ ਮਿਲਦੀ ਹੈ । ਔਰਤਾਂ ਤੇ ਕੁੜੀਆਂ ਇਕੱਠੀਆਂ ਹੋ ਕੇ ਰੋਟੀਆਂ ਨਹੀਂ ਪਾਉਂਦੀਆਂ , ਕੇਟਰਿੰਗ ਸਰਵਿਸ ਤੋਂ ਸਾਰੀ ਸਮੱਗਰੀ ਪਲੇਟਾਂ ਦੇ ਹਿਸਾਬ ਨਾਲ ਤਿਆਰ ਮਿਲ ਜਾਂਦੀ ਹੈ , ਲੋੜ ਹੈ ਕਿ ਸਿਰਫ਼ ਪੈਸਿਆਂ ਨਾਲ ਭਰੀ ਹੋਈ ਜੇਬ ਦੀ ਜਿਸ ਨਾਲ ਖੜ੍ਹੇ ਪੈਰ ਸਭ ਕੁਝ ਤਾਂ ਖਰੀਦਿਆ ਜਾ ਸਕਦਾ ਹੈ ਪਰ ਜੋ ਸਾਡੀ ਭਾਈਚਾਰਕ ਸਾਂਝਾਂ ਟੁੱਟ ਗਈਆਂ ਹਨ ਸਿਰਫ਼ ਉਹੀ ਨਹੀਂ ਖਰੀਦੀਆਂ ਜਾ ਸਕਦੀਆਂ।
ਸਾਇੰਸ ਨੇ ਐਨੀ ਤਰੱਕੀ ਕਰ ਲਈ ਹੈ ਕਿ ਆਮ ਮਨੁੱਖ ਦਾ ਜੀਵਨ ਵੀ ਸੁੱਖ ਸਹੂਲਤਾਂ ਨਾਲ ਭਰਪੂਰ ਹੈ। ਪਦਾਰਥਵਾਦੀ ਯੁੱਗ ਦੀ ਸ਼ੁਰੂਆਤ ਹੁੰਦੇ ਹੀ ਮਨੁੱਖੀ ਦੌੜ ਪਦਾਰਥਾਂ ਦੇ ਪਿੱਛੇ ਪਿੱਛੇ ਹੋ ਗਈ ਤੇ ਸੋਚਾਂ ਵਿੱਚ ਸਿਰਫ਼ ਪਦਾਰਥਵਾਦੀ ਫਲਸਫਾ ਭਾਰੂ ਹੋ ਗਿਆ। ਇਸ ਦੌੜ ਵਿੱਚ ਅੱਜ ਦਾ ਮਨੁੱਖ ਬਹੁਤ ਕੁਝ ਗਵਾ ਰਿਹਾ ਹੈ ਜਾਂ ਗਵਾ ਚੁੱਕਿਆ ਹੈ। ਮਨੁੱਖ ਦੇ ਪਰਿਵਾਰਕ, ਸਮਾਜਿਕ ਰਿਸ਼ਤੇ ਇਸ ਦੀ ਪੂਰੀ ਤਰ੍ਹਾਂ ਭੇਂਟ ਚੜ੍ਹ ਗਏ ਹਨ। ਚਮਕਦੇ ਆਸ਼ਆਨੇ ਵਿੱਚ ਬੈਠੇ ਮਨੁੱਖ ਦਾ ਅਕਸ ਧੁੰਦਲਾ ਹੋ ਰਿਹਾ, ਬੇਸ਼ੁਮਾਰ ਕੀਮਤੀ ਗੱਡੀਆਂ ਵਿੱਚ ਘੁੰਮਦਾ ਹੋਇਆ ਜਾਂ ਮਹਿਲਾਂ ਵਰਗੇ ਘਰਾਂ ਦੀ ਚਾਰ ਦੀਵਾਰੀ ਅੰਦਰ ਰਿਸ਼ਤਿਆਂ ਤੋਂ ਵਿਹੂਣਾ ਹੋ ਕੇ ਮਨੁੱਖ ਆਪਣੀ ਕੀਮਤ ਗੁਆ ਰਿਹਾ ਹੈ। ਜਿਵੇਂ ਜਿਵੇਂ ਸੰਚਾਰ ਸਾਧਨਾਂ ਦੀਆਂ ਨਿੱਤ ਨਵੀਆਂ ਖੋਜਾਂ ਸਾਹਮਣੇ ਆ ਰਹੀਆਂ ਹਨ ਤੇ ਦਿਨੋ ਦਿਨ ਤਰੱਕੀ ਹੋ ਰਹੀ ਹੈ ਤਿਵੇਂ ਤਿਵੇਂ ਮਨੁੱਖ ਇਕੱਲਤਾ ਦਾ ਸ਼ਿਕਾਰ ਵਧੇਰੇ ਹੋ ਰਿਹਾ ਹੈ ਜਿਸ ਤੋਂ ਉਸ ਨੂੰ ਸਮਾਂ ਰਹਿੰਦੇ ਹੀ ਨਿਜਾਤ ਪਾਉਣ ਦੀ ਲੋੜ ਹੈ ਕਿਉਂਕਿ ਰਿਸ਼ਤੇ ਹੀ ਸਾਡੀ ਸੰਸਕ੍ਰਿਤੀ ਦਾ ਹਿੱਸਾ ਹਨ ਤੇ ਇਹਨਾਂ ਦੀ ਅਹਿਮੀਅਤ ਸਮਝਣਾ ਅਤੇ ਇਹਨਾਂ ਨੂੰ ਖ਼ੁਸ਼ੀ ਖ਼ੁਸ਼ੀ ਨਿਭਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly