ਨਕਲੀ ਚਿਹਰੇ…..

ਮਨਜੀਤ ਕੌਰ ਧੀਮਾਨ

(ਸਮਾਜ ਵੀਕਲੀ)

ਪਹਿਲਾਂ ਵਰਗੇ ਲੋਕ ਰਹੇ ਨਾ,
ਨਾ ਪਹਿਲਾਂ ਵਰਗੀਆਂ ਪ੍ਰੀਤਾਂ।
ਨਕਲੀ ਨਕਲੀ ਚਿਹਰੇ ਨੇ ਤੇ,
ਖੋਟੀਆਂ ਜਿਹੀਆਂ ਨੀਤਾਂ।
ਪਹਿਲਾਂ ਵਰਗੇ….
ਪਹਿਲੋਂ ਪਿਆਰ ਸੀ ਸੱਚੇ ਸੁੱਚੇ,
ਇਬਾਦਤ ਵਰਗੀਆਂ ਯਾਰੀਆਂ।
ਹੁਣ ਤਾਂ ਛੁਰੀਆਂ ਪਿੱਠਾਂ ਦੇ ਵਿੱਚ,
ਭਾਈਆਂ ਯਾਰਾਂ ਮਾਰੀਆਂ।
ਜ਼ਹਿਰ ਮਿਲਾ ਦੇ ਗਏ ਚੂਰੀ,
ਤਰਸ ਨਾ ਮਨ ਵਿੱਚ ਮੀਤਾਂ।
ਪਹਿਲਾਂ ਵਰਗੇ…..
ਮਾਇਆ ਪਿੱਛੇ ਪਾਗ਼ਲ ਹੋਏ,
ਛੋਟੇ ਵੱਡੇ ਕਰ ਲਏ ਕਾਰੇ।
ਝੂਠੀਆਂ ਕਸਮਾਂ ਖਾ ਕੇ ਮੁੱਕਰੇ,
ਤੇਰੇ ਮੇਰੇ ਸੱਭ ਡਕਾਰੇ।
ਝੂਠੇ ਖ਼ੁਸ਼ੀ ਗਮੀ ਦੇ ਚੋਜ਼ ਤੇ,
ਦਿਖਾਵੇ ਰਹਿ ਗਈਆਂ ਰੀਤਾਂ।
ਪਹਿਲਾਂ ਵਰਗੇ…..
ਤੁਰ ਗਏ ਕਈ ‘ਕੱਠੀ ਕਰਦੇ,
ਹੁਣ ਨਵਿਆਂ ਕੁੰਡਲੀ ਮਾਰੀ।
ਸਾਰਾ ਜਹਾਨ ਜਿੱਤ ਕੇ ਏਸ,
ਮਾਇਆ ਤੋਂ ਦੁਨੀਆਂ ਹਾਰੀ।
ਰੋਂਦੇ ਹਉਂਕੇ ਲੈ ਕੇ ਰਿਸ਼ਤੇ,
ਵਿੱਚ ਮਨਜੀਤ ਦੇ ਗੀਤਾਂ।
ਪਹਿਲਾਂ ਵਰਗੇ…..

ਮਨਜੀਤ ਕੌਰ ਧੀਮਾਨ
ਸਪਰਿੰਗ ਡੇਲ ਪਬਲਿਕ ਸਕੂਲ, ਸ਼ੇਰਪੁਰ, ਲੁਧਿਆਣਾ। ਸੰ:9464633059

 

Previous articleਆਖਿਰ ਕਿੰਨਾ ਕੂ ਤੰਗ ਹੋਣਗੇ ਦੇਸ਼ ਵਾਸੀ
Next articleਗ਼ਜ਼ਲ