ਏਹੁ ਹਮਾਰਾ ਜੀਵਣਾ ਹੈ -553

ਬਰਜਿੰਦਰ ਕੌਰ ਬਿਸਰਾਓ

  (ਸਮਾਜ ਵੀਕਲੀ) – ਰਾਮ ਸਿਓਂ ਨੂੰ ਸਰਕਾਰੀ ਬਾਬੂ ਦੀ ਨੌਕਰੀ ਤੋਂ ਰਿਟਾਇਰ ਹੋਏ ਨੂੰ ਪੰਜ ਕੁ ਸਾਲ ਹੋਏ ਸਨ ਕਿ ਉਸ ਦੀ ਪਤਨੀ ਚੰਦ ਕੌਰ ਦਿਲ ਦੀ ਬੀਮਾਰੀ ਕਾਰਨ ਚੱਲ ਵਸੀ। ਜਦੋਂ ਤੋਂ ਉਹ ਰਿਟਾਇਰ ਹੋਇਆ ਸੀ,ਸਵੇਰ ਤੋਂ ਲੈਕੇ ਸ਼ਾਮ ਤੱਕ ਕਿੱਦਾਂ ਸਮਾਂ ਨਿਕਲ਼ ਜਾਂਦਾ ਸੀ ਉਹਨਾਂ ਨੂੰ ਪਤਾ ਈ ਨੀ ਲੱਗਦਾ ਸੀ। ਸਵੇਰੇ ਸ਼ਾਮ ਦੋਵੇਂ ਪਤੀ ਪਤਨੀ ਸੈਰ ਕਰਨ ਚਲੇ ਜਾਂਦੇ ਸਨ , ਆ ਕੇ ਫੇਰ ਨਾਸ਼ਤਾ ਪਾਣੀ ਕਰਦੇ ਤੇ ਘਰ ਦੇ ਛੋਟੇ ਛੋਟੇ ਕੰਮ ਕਰਦਿਆਂ ਸਾਰਾ ਦਿਨ ਬੜਾ ਵਧੀਆ ਲੰਘ ਜਾਂਦਾ ਸੀ, ਚਾਹੇ ਕੱਪੜੇ ਧੋਣ ਲਈ ਤੇ ਘਰ ਦੀ ਸਾਫ਼ ਸਫ਼ਾਈ ਲਈ ਕੰਮ ਕਰਨ ਵਾਲ਼ੀ ਲਗਾਈ ਹੋਈ ਸੀ ।ਪਰ ਫਿਰ ਵੀ ਘਰ ਦੇ ਸੌ ਕੰਮਾਂ ਨਾਲ ਪਤੀ ਪਤਨੀ ਆਹਰੇ ਲੱਗੇ ਰਹਿੰਦੇ ਸਨ ਤੇ ਇੱਕ ਦੂਜੇ ਦੇ ਜਿਊਣ ਦਾ ਬਹੁਤ ਵਧੀਆ ਜ਼ਰੀਆ ਸਨ। ਕਦੇ ਕਦੇ ਕੋਈ ਰਿਸ਼ਤੇਦਾਰ ਮਿਲ਼ਣ ਆ ਜਾਂਦਾ ਤਾਂ ਦਿਨ ਦਾ ਪਤਾ ਈ ਨਾ ਲੱਗਦਾ ਕਿਵੇਂ ਨਿਕਲ ਜਾਂਦਾ। ਕਦੇ ਦੋ ਚਾਰ ਦਿਨ ਲਈ ਉਹਨਾਂ ਦੀ ਧੀ ਜੀਤੀ ਆਪਣੇ ਬੱਚਿਆਂ ਨਾਲ ਆ ਕੇ ਰਹਿ ਜਾਂਦੀ ਤਾਂ ਘਰ ਰੌਣਕ ਲੱਗੀ ਰਹਿੰਦੀ। ਉਸ ਦਾ ਪੁੱਤਰ ਸਵਰਨ ਤੇ ਨੂੰਹ ਹਰਮੀਤ ਦੋਵੇਂ ਬੈਂਕ ਵਿੱਚ ਨੌਕਰੀਆਂ ਕਰਦੇ ਸਨ, ਉਹ ਆਪਣੇ ਦੋ ਬੱਚਿਆਂ ਨਾਲ ਅਲੱਗ ਕੋਠੀ ਬਣਾ ਕੇ ਉਸ ਵਿੱਚ ਰਹਿੰਦੇ ਸਨ। ਕਦੇ ਕਦੇ ਛੁੱਟੀ ਵਾਲੇ ਦਿਨ ਉਹ ਵੀ ਆਪਣੇ ਦੋਹਾਂ ਬੱਚਿਆਂ ਨਾਲ ਆ ਕੇ ਮਿਲ਼ ਜਾਂਦੇ ਸਨ।

               ਰਿਟਾਇਰਮੈਂਟ ਤੋਂ ਬਾਅਦ ਮਨੁੱਖ ਜੇ ਤੰਦਰੁਸਤ ਰਹੇ ਤਾਂ ਸਰੀਰਕ ਤੌਰ ਤੇ ਬੁਢਾਪਾ ਕੋਈ ਬਹੁਤਾ ਦਿਸਦਾ ਨਹੀਂ ,ਖ਼ਾਸ ਕਰਕੇ ਨੌਕਰੀ ਪੇਸ਼ਾ ਲੋਕਾਂ ਦਾ ਰਹਿਣ ਸਹਿਣ ਘਰੇਲੂ ਕੰਮਕਾਜੀ ਲੋਕਾਂ ਨਾਲ਼ੋਂ ਥੋੜ੍ਹਾ ਜਿਹਾ ਵੱਖਰਾ ਹੋਣ ਕਰਕੇ ਉਹ ਜਵਾਨ ਈ ਦਿਸਦੇ ਹਨ। ਰਾਮ ਸਿਓਂ ਦੀ ਜ਼ਿੰਦਗੀ ਵਿੱਚ ਹੁਣ ਇਸ ਮੋੜ ਤੇ ਆ ਕੇ ਖੜੋਤ ਜਿਹੀ ਆ ਗਈ ਸੀ ਤੇ ਉਸ ਨੂੰ ਜ਼ਿੰਦਗੀ ਜਿਊਣ ਦਾ ਕੋਈ ਰਾਹ ਨਜ਼ਰ ਨਹੀਂ ਆ ਰਿਹਾ ਸੀ। ਸਵਰਨ ਨੇ ਇੱਕ ਦਿਨ ਉਸ ਨੂੰ ਕਿਹਾ,”ਪਾਪਾ ਜੀ…… ਹੁਣ ਇੱਥੇ ਤੁਹਾਡਾ ਇਕੱਲੇ ਰਹਿਣਾ ਠੀਕ ਨਹੀਂ…… ਅਸੀਂ ਸੋਚਦੇ ਹਾਂ….. ਕਿ ਤੁਸੀਂ ਸਾਡੇ ਕੋਲ ਆ ਕੇ ਹੀ ਰਹਿਣ ਲੱਗ ਜਾਓ…..!”
“….. ਪੁੱਤਰ…… ਮੇਰੀ ਸਾਰੀ ਉਮਰ ਇਸੇ ਛੋਟੇ ਜਿਹੇ ਘਰ ਵਿੱਚ ਨਿਕਲੀ ਹੈ…… ਮੇਰੇ ਬਚਪਨ ਤੋਂ ਲੈਕੇ….. ਤੇਰੀ ਮਾਂ ਦੇ ਮੈਨੂੰ ਛੱਡ ਜਾਣ ਤੱਕ ਦੀਆਂ…… ਯਾਦਾਂ ਇਸ ਘਰ ਨਾਲ਼ ਜੁੜੀਆਂ ਹੋਈਆਂ ਹਨ….. ਜੋ ਅਲਾਹੇ ਪਲਾਹੇ ਆ ਕੇ ਮੇਰਾ ਮਨ ਪਰਚਾਉਂਦੀਆਂ ਰਹਿੰਦੀਆਂ ਨੇ….!” ਰਾਮ ਸਿਓਂ ਨੇ ਕਿਹਾ।
“….. ਪਾਪਾ ਜੀ ਜਦੋਂ ਤੁਹਾਡਾ ਦਿਲ ਕਰੇ….. ਤੁਸੀਂ ਫੋਨ ਕਰ ਦਿਆ ਕਰੋ….. ਅਸੀਂ ਤੁਹਾਨੂੰ ਆਪਣੇ ਕੋਲ ਲੈ ਜਾਇਆ ਕਰਾਂਗੇ….।” ਸਵਰਨ ਦੀ ਵਹੁਟੀ ਹਰਮੀਤ ਨੇ ਕਿਹਾ।
ਰਾਮ ਸਿਓਂ ਨੇ ਹਾਂ ਵਿੱਚ ਸਿਰ ਹਿਲਾ ਕੇ ਜਵਾਬ ਦੇ ਦਿੱਤਾ।                ਇੱਕ ਦਿਨ ਜੀਤੀ ਨੇ ਰਾਮ ਸਿਓਂ ਨੂੰ ਆਪਣੇ ਜਵਾਕਾਂ ਨਾਲ ਮਿਲ਼ਣ ਆਈ ਨੇ ਕਿਹਾ,”ਪਾਪਾ ਜੀ…… ਕਦੇ ਮੇਰੇ ਕੋਲ਼ ਚਾਰ ਦਿਨ ਰਹਿ ਆਇਆ ਕਰੋ…… ਤੁਹਾਡਾ ਦਿਲ ਲੱਗਿਆ ਰਿਹਾ ਕਰੂ…..।”
“….. ਧੀਆਂ ਦੇ ਘਰ ਪਿਓ ਰਹਿੰਦੇ ਚੰਗੇ ਨਹੀਂ ਲੱਗਦੇ ਧੀਏ….. ਘੜੀ ਦੀ ਘੜੀ ਮਿਲ਼ਣ ਦੀ ਗੱਲ ਹੋਰ ਹੁੰਦੀ ਹੈ….!” ਰਾਮ ਸਿਓਂ ਨੇ ਜੀਤੀ ਨੂੰ ਕਿਹਾ।
           ਜੀਤੀ ਨੂੰ ਆਪਣੇ ਸ਼ਰਾਬੀ ਪਤੀ ਦੇ ਸੁਭਾਅ ਦਾ ਪਤਾ ਸੀ ਇਸ ਕਰਕੇ ਉਸ ਨੇ ਕੋਈ ਬਹੁਤਾ ਜ਼ੋਰ ਨਹੀਂ ਪਾਇਆ।
          ਰਾਮ ਸਿਓਂ ਨੇ ਇੱਕ ਦਿਨ ਆਪਣੇ ਪੁੱਤਰ ਨੂੰਹ ਕੋਲ ਜਾਣ ਦਾ ਫ਼ੈਸਲਾ ਕੀਤਾ। ਉਸ ਨੇ ਉਹਨਾਂ ਨੂੰ ਆਪਣੇ ਕੋਲ ਲਿਜਾਣ ਲਈ ਫੋਨ ਕੀਤਾ ਤਾਂ ਉਹ ਉਸ ਨੂੰ ਝੱਟ ਆ ਕੇ ਆਪਣੇ ਕੋਲ ਲੈ ਗਏ। ਰਾਮ ਸਿਓਂ ਸਵੇਰੇ ਜਲਦੀ ਉੱਠਦਾ ਤਾਂ ਸਾਰਾ ਟੱਬਰ ਹਜੇ ਸੁੱਤਾ ਪਿਆ ਹੁੰਦਾ ਸੀ। ਜਦ ਤੱਕ ਉਹ ਸੈਰ ਕਰਕੇ ਘਰ ਮੁੜਦਾ ਤਾਂ ਬੱਚੇ ਸਕੂਲ ਜਾਣ ਲਈ ਤਿਆਰ ਬੈਠੇ ਹੁੰਦੇ ਸਨ, ਬਾਅਦ ਵਿੱਚ ਸਵਰਨ ਤੇ ਹਰਮੀਤ ਵੀ ਜਲਦੀ ਜਲਦੀ ਤਿਆਰ ਹੋ ਕੇ ਨੌਕਰੀਆਂ ਤੇ ਨਿਕਲ ਜਾਂਦੇ। ਹਰਮੀਤ ਜਾਂਦੀ ਜਾਂਦੀ ਆਖ ਜਾਂਦੀ,”ਪਾਪਾ ਜੀ…. ਤੁਹਾਡਾ ਨਾਸ਼ਤਾ ਤਿਆਰ ਹੈ….. ਤੁਸੀਂ ਪਾ ਕੇ ਖਾ ਲਿਓ…. ਦੁਪਹਿਰ ਨੂੰ ਖਾਣਾ ਬਣਾਉਣ ਵਾਲੀ….. ਤੁਹਾਨੂੰ ਤਾਜ਼ੇ ਫੁਲਕੇ ਬਣਾ ਕੇ ਦੇ ਜਾਵੇਗੀ…..ਖਾ ਲੈਣਾ….!”
        ਸ਼ਾਮ ਨੂੰ ਆ ਕੇ ਬੱਚੇ ਟਿਊਸ਼ਨਾਂ ਤੇ ਪੜ੍ਹਨ ਚਲੇ ਜਾਂਦੇ । ਸਵਰਨ ਤੇ ਹਰਮੀਤ ਹਨੇਰੇ ਹੋਏ ਆਉਂਦੇ ਤਾਂ ਉਹ ਰਾਤ ਦੇ ਖਾਣੇ ਦੇ ਨਾਲ ਨਾਲ ਆਪਣੀ ਅਤੇ ਬੱਚਿਆਂ ਦੀ ਅਗਲੀ ਸਵੇਰ ਦੀ ਤਿਆਰੀ ਕਰਨ ਲੱਗ ਜਾਂਦੇ। ਰਾਮ ਸਿਓਂ ਉਹਨਾਂ ਦਾ ਕੀ ਕਸੂਰ ਕੱਢਦਾ ਜਦ ਕਿ ਉਹਨਾਂ ਕੋਲ ਆਪਣੇ ਆਪ ਲਈ ਵਿਹਲ ਨਹੀਂ ਮਿਲਦੀ ਸੀ। ਇੱਥੇ ਤਾਂ ਉਹ ਆਪਣੇ ਘਰ ਨਾਲ਼ੋਂ ਵੀ ਇਕੱਲਾ ਮਹਿਸੂਸ ਕਰਦਾ ਕਿਉਂਕਿ ਉੱਥੇ ਤਾਂ ਉਸ ਦਾ ਯਾਦਾਂ ਹੀ ਮਨ ਪਰਚਾਈ ਰੱਖਦੀਆਂ ਸਨ। ਰਾਮ ਸਿਓਂ ਉਹਨਾਂ ਦੇ ਕੰਮਾਂ ਵਿੱਚ ਹੱਥ ਵੀ ਨਹੀਂ ਵਟਾ ਸਕਦਾ ਸੀ ਕਿਉਂਕਿ ਸਵਰਨ ਤੇ ਹਰਮੀਤ ਉਸ ਦੀ ਬੈਠੇ ਬਿਠਾਏ ਦੀ ਸੇਵਾ ਕਰਨੀ ਚਾਹੁੰਦੇ ਸਨ ਤਾਂ ਜੋ ਕੋਈ ਉਹਨਾਂ ਤੇ ਉਂਗਲ ਨਾ ਚੱਕ ਦੇਵੇ। ਰਾਮ ਸਿਓਂ ਨੇ ਦਸ ਕੁ ਦਿਨ ਉੱੱਥੇ ਰਹਿ ਕੇ ਘਰ ਵਾਪਸ ਆਉਣ ਦੀ ਇੱਛਾ ਜਤਾਈ ਤਾਂ ਸਵਰਨ ਉਸ ਨੂੰ ਉਹਨਾਂ ਦੇ ਘਰ ਵਿੱਚ ਛੱਡ ਗਿਆ।
            ਘਰ ਆ ਕੇ ਹਮੇਸ਼ਾ ਦੀ ਤਰ੍ਹਾਂ ਰਾਮ ਸਿਓਂ ਰੋਜ਼ ਸ਼ਾਮ ਨੂੰ ਪਾਰਕ ਵਿੱਚ ਸੈਰ ਕਰਨ ਜਾਂਦਾ ਤਾਂ ਉਸ ਨੂੰ ਉਸ ਵਰਗੇ ਕਈ ਸੰਗੀ ਸਾਥੀ ਮਿਲ਼ਦੇ। ਇੱਕ ਬਜ਼ੁਰਗ ਉਸ ਨੂੰ ਆਪਣੀਆਂ ਮਿੱਠੀਆਂ ਮਿੱਠੀਆਂ ਗੱਲਾਂ ਵਿੱਚ ਭਰਮਾਉਂਦੇ ਹੋਏ ਰਾਮ ਸਿਓਂ ਨੂੰ ਆਖਣ ਲੱਗਾ,” ਸਰਦਾਰ ਸਾਹਿਬ….. ਤੁਸੀਂ ਦੇਖਣ ਨੂੰ ਤਕੜੇ ਪਏ ਹੋ…. ਜ਼ਿੰਦਗੀ ਦਾ ਕੀ ਪਤਾ ਕਿੰਨੀ ਕੁ ਲੰਮੀ ਚੱਲੇ…… ਕਦ ਤੱਕ…. ਇਸ ਤਰ੍ਹਾਂ ਇਕੱਲੇ ਕੰਧਾਂ ਨਾਲ ਟੱਕਰਾਂ ਮਾਰੋਗੇ….. ਧੀਆਂ ਪੁੱਤਰ ਸਭ ਆਪੋ ਆਪਣੇ ਪਰਿਵਾਰਾਂ ਵਿੱਚ ਮਸਤ ਹੋ ਜਾਂਦੇ ਨੇ…… ਬਜ਼ੁਰਗਾਂ ਨੂੰ ਕੋਈ ਨਹੀਂ ਪੁੱਛਦਾ…… ਆਪਣੇ ਬਾਰੇ ਆਪ ਈ ਸੋਚਣਾ ਪੈਂਦਾ…..।”
“ਵਰਮਾ ਸਾਹਬ ….. ਮੈਂ ਸਮਝਿਆ ਨੀ ਥੋਡੀ ਗੱਲ….. ਮੇਰੇ ਬੱਚਿਆਂ ਤੇ ਮੈਂ ਆਪ ਹੀ ਬੋਝ ਨਹੀਂ ਬਣਨਾ ਚਾਹੁੰਦਾ…. ਉਹ ਤਾਂ ਮੇਰਾ ਖਿਆਲ ਰੱਖਦੇ ਨੇ…..!”
      “…..ਮੇਰੀ ਰਿਸ਼ਤੇਦਾਰੀ ਚੋਂ ਸਾਲ਼ੀ ਲੱਗਦੀ ਆ…..ਉਹ ਵਿਧਵਾ ਹੈ….. ਮੁੰਡਾ ਤੇ ਕੁੜੀ ਵਿਆਹੇ ਹੋਏ ਨੇ….. ਜੇ ਆਖੋ ਤਾਂ ਓਹਦਾ ਰਿਸ਼ਤਾ ਤੁਹਾਨੂੰ ਕਰਵਾ ਦੇਵਾਂ….?”
     ਰਾਮ ਸਿਓਂ ਉਸ ਨੂੰ ਬਿਨਾਂ ਕੋਈ ਜਵਾਬ ਦਿੱਤੇ ਘਰ ਵੱਲ ਨੂੰ ਤੁਰ ਪਿਆ। ਘਰ ਆ ਕੇ ਵੀ ਸਾਰੀ ਰਾਤ ਉਹ ਸੌਂ ਨਹੀਂ ਸਕਿਆ। ਉਸ ਦੇ ਦਿਮਾਗ਼ ਵਿੱਚ ਸੋਚਾਂ ਦਾ ਤੂਫ਼ਾਨ ਘੁੰਮ ਰਿਹਾ ਸੀ। ਉਹ ਸੋਚਦਾ,” ….. ਚੰਦ ਕੌਰ ਦੇ ਹੁੰਦੇ ਜ਼ਿੰਦਗੀ ਕਿੰਨੀ ਅਸਾਨ ਸੀ….. ਜੀਵਨਸਾਥੀ ਬਿਨਾਂ…. ਮਨੁੱਖ ਕਿੰਨਾ ਇਕੱਲਾ ਪੈ ਜਾਂਦਾ ਹੈ….. ਕਿਸ ਦੀ ਮੰਨਾਂ….. ਦੂਜਾ ਵਿਆਹ….. ਨਾ ਨਾ ਨਾ….. ਚੰਦ ਕੌਰ ਨੂੰ ਮੈਂ ਕੀ ਜਵਾਬ ਦੇਵਾਂਗਾ….. ਲੋਕ ਕੀ ਕਹਿਣਗੇ….. ਸਾਰੀ ਉਮਰ ਦੀ ਕਮਾਈ ਇੱਜ਼ਤ….. ਖੂਹ ਵਿੱਚ ਸੁੱਟ ਦੇਵਾਂਗਾ…. ਬੱਚਿਆਂ ਅੱਗੇ ਕੀ ਮੂੰਹ ਲੈ ਕੇ ਜਾਵਾਂਗਾ….. ਜਾਇਦਾਦ ਦੇ ਝਗੜੇ…… ਨਹੀਂ ਨਹੀਂ ਨਹੀਂ….. ਕਦੇ ਨਹੀਂ….!”
ਰਾਮ ਸਿਓਂ ਕੁਰਸੀ ਤੇ ਬੈਠ ਕੇ ਚੰਦ ਕੌਰ ਦੀ ਯਾਦ ਵਿੱਚ ਕੁਝ ਸਤਰਾਂ ਲਿਖਦਾ ਹੈ। ਅਗਲੇ ਦਿਨ ਅਚਾਨਕ ਉਹ ਇੱਕ ਮਹਿਫ਼ਲ ਵਿੱਚ ਸੁਣਾਉਂਦਾ ਹੈ ਤਾਂ ਲੋਕਾਂ ਵੱਲੋਂ ‘ਵਾਹ ਵਾਹ ” ਸੁਣ ਕੇ ਉਸ ਦਾ ਹੌਂਸਲਾ ਵਧਦਾ ਹੈ। ਉਹ ਰੋਜ਼ ਦੇਰ ਰਾਤ ਤੱਕ ਲਿਖਦਾ, ਉਸ ਦੀਆਂ ਲਿਖਤਾਂ ਨੂੰ ਜਿਨਾਂ ਦੁਨੀਆਂ ਸੁਲਾਹੁੰਦੀ ਓਨਾ ਓਹ ਹੋਰ ਲਿਖਦਾ। ਉਸ ਨੂੰ ਜ਼ਿੰਦਗੀ ਜਿਉਣ ਦਾ ਜ਼ਰੀਆ ਮਿਲ਼ ਗਿਆ ਸੀ। ਉਹ ਕੁਝ ਸਮੇਂ ਵਿੱਚ ਹੀ ਇੱਕ ਨਾਮਵਰ ਲੇਖਕ ਬਣ ਗਿਆ ਸੀ।ਉਸ ਦੇ ਧੀਆਂ ਪੁੱਤਰ ਤਾਂ ਪਹਿਲਾਂ ਵੀ ਇੱਜ਼ਤ ਕਰਦੇ ਸਨ, ਹੁਣ ਹੋਰ ਕਰਨ ਲੱਗ ਪਏ ਸਨ। ਸਮਾਜ ਵਿੱਚ ਉਸ ਦਾ ਰੁਤਬਾ ਬੁਲੰਦ ਹੋ ਗਿਆ ਸੀ , ਸਭਾਵਾਂ ਵਿੱਚ ਉਸ ਨੂੰ ਮਾਨ ਸਨਮਾਨ ਮਿਲ਼ਦੇ…. ਘਰ ਵਿੱਚ ਉਸ ਨੂੰ ਇਕੱਲਾਪਨ ਨਾ ਮਹਿਸੂਸ ਹੁੰਦਾ। ਹੁਣ ਉਸ ਨੂੰ ਲੱਗਦਾ ਕਿ ਉਸ ਦੀਆਂ ਲਿਖਤਾਂ ਦੇ ਜ਼ਰੀਏ ਚੰਦ ਕੌਰ ਉਸ ਦੀ ਬਾਕੀ ਦੀ ਜ਼ਿੰਦਗੀ ਜਿਊਣ ਦਾ ਜ਼ਰੀਆ ਬਣ ਚੁੱਕੀ ਸੀ। ਦਿਲ ਢਾਹੁਣ ਨਾਲੋਂ ਆਪਣੇ ਅੰਦਰੋਂ ਹੁਨਰ ਨੂੰ ਲੱਭ ਕੇ ਉਸ ਨਾਲ ਸਾਂਝ ਪਾਉਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ ਕਿਉਂਕਿ ਉਹ ਮਨੁੱਖ ਨੂੰ ਸੱਚੀ ਖੁਸ਼ੀ ਪ੍ਰਦਾਨ ਕਰਦਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleअंबेडकर जयंती का मुख्य समारोह अंबेडकर भवन जालंधर में मनाया जाएगा
Next articleਨੰਬਰਦਾਰ ਯੂਨੀਅਨ ਦਾ ਝੰਡਾ ਰੋਸ਼ਨ ਲਾਲ ਸੀਟਕ ਨੇ ਲਹਿਰਾਇਆ – ਅਸ਼ੋਕ ਸੰਧੂ ਜ਼ਿਲ੍ਹਾ ਪ੍ਰਧਾਨ