ਏਹੁ ਹਮਾਰਾ ਜੀਵਣਾ ਹੈ -545

ਬਰਜਿੰਦਰ-ਕੌਰ-ਬਿਸਰਾਓ-

 (ਸਮਾਜ ਵੀਕਲੀ)-  ਇੱਕ ਚੰਗੇ ਸਮਾਜ ਦੀ ਸਿਰਜਣਾ ਚੰਗੇ ਨਾਗਰਿਕ ਹੀ ਕਰ ਸਕਦੇ ਹਨ। ਸਾਡੇ ਦੇਸ਼ ਵਿੱਚ ਸਮੇਂ ਸਮੇਂ ਤੇ ਸਮਾਜਿਕ ਸਥਿਤੀਆਂ ਬਦਲਦੀਆਂ ਰਹਿੰਦੀਆਂ ਹਨ।ਇਸ ਦੇ ਕਈ ਕਾਰਨ ਹਨ। ਆਰਥਿਕ, ਧਾਰਮਿਕ ਅਤੇ ਰਾਜਨੀਤਕ ਮੱਤਭੇਦਾਂ ਕਾਰਨ ਕਈ ਵਾਰ ਲੋਕਾਂ ਵਿੱਚ ਵੀ ਵਿਚਾਰਕ ਮਤਭੇਦ ਐਨੇ ਵਧ ਜਾਂਦੇ ਹਨ ਕਿ ਸਮਾਜ ਵਿੱਚ ਵਿਚਰਦਿਆਂ ਆਪਸੀ ਭਾਈਚਾਰਕ ਸਾਂਝ ਨੂੰ ਠੇਸ ਪਹੁੰਚਦੀ ਹੈ ਜਿਸ ਕਰਕੇ ਚੰਗੇ ਭਲੇ ਲੋਕਾਂ ਵਿੱਚ ਵਖਰੇਵੇਂ ਅਤੇ ਨਫ਼ਰਤਾਂ ਦੀਆਂ ਭਾਵਨਾਵਾਂ ਪੈਦਾ ਹੋਣ ਲੱਗ ਜਾਂਦੀਆਂ ਹਨ।  ਇੱਕ ਚੰਗੇ ਸਮਾਜ ਨੂੰ ਨਫ਼ਰਤਾਂ ਦੀਆਂ ਲੜਾਈਆਂ ਦਾ ਸੱਪ ਡੰਗ ਜਾਂਦਾ ਹੈ।ਜਿਸ ਦਾ ਜ਼ਹਿਰ ਪਤਾ ਨਹੀਂ ਕਿੰਨੇ ਘਰਾਂ ਨੂੰ ਬਰਬਾਦ ਕਰਦਾ ਹੈ ,ਨਤੀਜਾ ਆਮ ਲੋਕਾਂ ਨੂੰ ਹੀ ਭੁਗਤਣਾ ਪੈਂਦਾ ਹੈ। ਸਾਡੀਆਂ ਵੱਖ ਵੱਖ ਰਾਜਨੀਤਿਕ ਪਾਰਟੀਆਂ ਦੇ ਮੱਦੇਨਜ਼ਰ  ਆਪਸੀ ਭਾਈਚਾਰਕ ਏਕਤਾ ਬਣਾਈ ਰੱਖਣ ਲਈ ਕੁਝ ਗੱਲਾਂ ਨੂੰ ਹਰ ਆਮ ਨਾਗਰਿਕ ਨੂੰ ਧਿਆਨ ਨਾਲ ਵਿਚਾਰਨਾ ਪਵੇਗਾ।

        ਸਾਡੀ ਜ਼ਿੰਦਗੀ ਵਿੱਚ ਸਾਡੇ ਦੇਸ਼ ਦੀਆਂ ਰਾਜਸੀ ਪਾਰਟੀਆਂ ਦੀ ਬਹੁਤ ਮਹੱਤਤਾ ਹੈ। ਸਾਰੇ ਲੋਕ ਆਪਣੀ ਆਪਣੀ ਸੂਝ-ਬੂਝ ਅਨੁਸਾਰ ਆਪਣੀ ਆਪਣੀ ਪਸੰਦ ਦੇ ਨੇਤਾ ਜਾਂ ਪਾਰਟੀ ਨੂੰ ਚੁਣਦੇ ਹਨ। ਪਰ ਸਾਡੀਆਂ ਰਾਜਨੀਤਕ ਪਾਰਟੀਆਂ ਦਾ ਸਾਡੇ ਦੇਸ਼ ਵਿੱਚ ਐਨਾ ਬੁਰਾ ਹਾਲ ਹੋ ਗਿਆ ਹੈ ਕਿ ਉਹਨਾਂ ਵਿੱਚ ਆਪਸੀ ਗੁੱਟਬਾਜ਼ੀਆਂ ਅਤੇ ਭਿਰਸ਼ਟਾਚਾਰ ਵਰਗੇ ਇੱਕ ਦੂਜੇ ਉੱਪਰ ਦੂਸ਼ਣਬਾਜ਼ੀ ਜਾਂ ਪਾਰਟੀਆਂ ਦੇ ਅਦਲ ਬਦਲ ਦੇ ਰੋਜ਼ ਨਵੇਂ ਨਵੇਂ ਤਰੀਕਿਆਂ ਦੇ ਬਦਲਾਅ ਦੇਖਣ ਨੂੰ ਮਿਲ ਰਹੇ ਹਨ। ਕੋਈ ਵੀ ਸਮਾਚਾਰ ਪੱਤਰ ਪੜ੍ਹ ਲਵੋ,ਕੋਈ ਖਬਰਾਂ ਦਾ ਚੈਨਲ ਲਗਾ ਲਓ,ਉਸ ਉੱਪਰ ਇੱਕ ਪਾਰਟੀ ਦੂਜੀ ਪਾਰਟੀ ਦੇ ਲੀਡਰਾਂ ਤੇ ਚਿੱਕੜ ਸੁੱਟਦੀਆਂ ਨਜ਼ਰ ਆਉਂਦੀਆਂ ਹਨ।ਪਰ ਆਮ ਆਦਮੀ ਆਪਣੀ ਆਪਣੀ ਪਸੰਦ ਦੀ ਪਾਰਟੀ ਦੀ ਹਾਮੀ ਭਰਦਾ ਹੈ।ਕਈ ਵਾਰ ਆਪਣੇ ਦਫਤਰਾਂ ਵਿੱਚ, ਕੰਮ ਕਾਜ ਵਾਲੇ ਸਥਾਨਾਂ ਤੇ, ਦੁਕਾਨਾਂ ਤੇ ਜਾਂ ਨੁੱਕੜ ਜੁੰਡਲੀਆਂ ਵਿੱਚ ਜਾਂ ਫਿਰ ਰਿਸ਼ਤੇਦਾਰਾਂ ਅਤੇ ਗੁਆਂਢੀਆਂ ਨਾਲ ਆਪਣੀ ਆਪਣੀ ਪਸੰਦ ਦੀ ਪਾਰਟੀ ਜਾਂ ਨੇਤਾ ਬਾਰੇ ਚਰਚਾ ਹੁੰਦੀ ਹੁੰਦੀ ਬਹਿਸ ਦਾ ਰੂਪ ਧਾਰਨ ਕਰ ਲੈਂਦੀ ਹੈ। ਬਹਿਸ ਕਰਦੇ ਕਰਦੇ ਗਾਲੀ ਗਲੋਚ ਅਤੇ ਹੱਥੋਪਾਈ ਹੋਣ ਲੱਗ ਜਾਂਦੀ ਹੈ। ਕਈ ਵਾਰ ਤਾਂ ਇਸ ਤੋਂ ਵੀ ਵੱਧ ਇੱਟਾਂ ਵੱਟੇ ਅਤੇ ਹਥਿਆਰ ਵੀ ਚੱਲ ਜਾਂਦੇ ਹਨ। ਚੁਣਾਵੀ ਮਾਹੌਲ ਵਿੱਚ ਪਿੰਡਾਂ ਅਤੇ ਸ਼ਹਿਰਾਂ ਵਿੱਚ ਤਾਂ ਆਮ ਹੀ ਲੋਕ ਧੜੇਬੰਦੀਆਂ ਅਤੇ ਗੁੱਟਬਾਜ਼ੀਆਂ ਵਿੱਚ ਵੰਡੇ ਹੋਏ ਦਿਖਾਈ ਦਿੰਦੇ ਹਨ,ਜੋ ਕਿ ਘਰ ਪਰਿਵਾਰਾਂ ਅਤੇ ਸਮਾਜ ਲਈ ਘਾਤਕ ਸਾਬਤ ਹੁੰਦੇ ਹਨ।  ਆਮ ਨਾਗਰਿਕਾਂ ਨੂੰ ਬਹੁਤ ਸੋਹਣੇ ਤਰੀਕੇ ਨਾਲ਼ ਇਹ ਪਾਰਟੀਆਂ ਇੱਕ ਦੂਜੇ ਦੇ ਕਾਲੇ ਕਾਰਨਾਮਿਆਂ ਨੂੰ ਉਜਾਗਰ ਕਰਦੀਆਂ ਹਨ। ਜਿੱਥੇ ਇੱਕ ਰਾਜਨੀਤਕ ਪਾਰਟੀ ਵਾਹ ਵਾਹ ਖੱਟਦੀ ਹੈ ਉੱਥੇ ਦੂਜੀ ਪਾਰਟੀ ਕੋਈ ਹੋਰ ਦੂਸ਼ਣ ਹੋਰਾਂ ਪਾਰਟੀਆਂ ਤੇ ਲਗਾ ਕੇ ਆਪਣਾ ਨਾਂ ਚਮਕਾਉਣਾ ਚਾਹੁੰਦੀ ਹੈ। ਅਸੀਂ ਸਾਰੇ ਨਾਗਰਿਕ ਤਮਾਸ਼ਬੀਨਾਂ ਵਾਂਗ ਇਹਨਾਂ ਦੇ ਇਹ ਖੇਲ ਤਮਾਸ਼ੇ ਦੇਖਦੇ ਦੇਖਦੇ ਇਹਨਾਂ ਗੱਲਾਂ ਤੋਂ ਬੇਖ਼ਬਰ ਹੋ ਜਾਂਦੇ ਹਾਂ ਕਿ ਇਹਨਾਂ ਲੋਕਾਂ ਨੂੰ ਅਸੀਂ ਆਪਣੇ ਅਤੇ ਆਪਣੇ ਸੂਬੇ ਦੀ ਭਲਾਈ ਲਈ ਕੰਮ ਕਰਨ ਦੀ ਖਾਤਰ ਚੁਣਿਆ ਹੈ।ਜਿਹੜੀ ਤਾਕਤ ਆਮ ਨਾਗਰਿਕਾਂ ਨੇ ਦੇਸ਼ ਭਲਾਈ ਦੇ ਕੰਮਾਂ ਲਈ ਉਹਨਾਂ ਦੀ ਵਰਤਣੀ ਹੁੰਦੀ ਹੈ ਉਲਟਾ ਉਹ ਆਮ ਲੋਕਾਂ ਨੂੰ ਕੋਝੀ ਸਿਆਸਤ ਦੇ ਦਿਲਚਸਪ ਡਰਾਮੇ ਪੇਸ਼ ਕਰਕੇ ਮਨੋਰੰਜਨ ਕਰਵਾ ਰਹੇ ਹੁੰਦੇ ਹਨ ਅਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੇ ਆਪਸ ਵਿੱਚ ਸਿੰਗ ਫਸਾ ਰਹੇ ਹੁੰਦੇ ਹਨ। ਸਾਡੇ ਦੇਸ਼ ਦੀ ਅਜੋਕੀ ਅਤੇ ਕੋਝੀ ਸਿਆਸਤ ਨੂੰ ਆਮ ਲੋਕਾਂ ਨੇ ਹੀ ਆਪਣੀ ਸੂਝ ਬੂਝ ਨਾਲ ਨਿਪਟਣਾ ਹੈ।ਇਸ ਲਈ ਆਮ ਜਨਤਾ ਨੂੰ ਇਹਨਾਂ ਰਾਜਨੀਤਕ ਪਾਰਟੀਆਂ ਦੀਆਂ ਆਪਸੀ ਲੜਾਈਆਂ ਵਾਲੇ ਡਰਾਮਿਆਂ ਵਿੱਚ ਲੁਭਾਉਣ ਵਾਲੀ ਨੀਤੀ ਨੂੰ ਨਿਕਾਰਨਾ ਪਵੇਗਾ। ਇਹਨਾਂ ਚਾਲਾਂ ਦਾ ਹਿੱਸਾ ਬਣਨ ਦੀ ਬਿਜਾਏ ਉਹਨਾਂ ਤੋਂ ਆਮ ਜਨਤਾ ਲਈ ਕੀਤੇ ਵਿਕਾਸ ਕਾਰਜਾਂ ਦਾ ਹਿਸਾਬ ਮੰਗਣਾ ਚਾਹੀਦਾ ਹੈ ਤਾਂ ਜੋ ਉਹ ਸਾਨੂੰ ਇਹੋ ਜਿਹੀ ਘਟੀਆ ਸਿਆਸਤ ਦਾ ਹਿੱਸਾ ਨਾ ਬਣਾ ਸਕਣ। ਆਪਣੇ ਜਮਹੂਰੀ ਹੱਕਾਂ ਲਈ ਜਾਗਰੂਕ ਹੋ ਕੇ ਦੇਸ਼ ਨੂੰ ਖੁਸ਼ਹਾਲ ਬਣਾਉਣਾ ਵੀ ਅਸਲੀ ਏਹੁ ਹਮਾਰਾ ਜੀਵਣਾ ਹੈ।

 ਬਰਜਿੰਦਰ ਕੌਰ ਬਿਸਰਾਓ…

  9988901324

  

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

     

Previous article20 ਮਾਰਚ ਨੂੰ ਵਿਸ਼ਵ ਚਿੜੀ ਦਿਵਸ
Next articleਕਲ਼ਮ ਦੇ ਜ਼ਾਦੂਗ਼ਰ “ਬੇਦੀ ਸਾਬ”