ਏਹੁ ਹਮਾਰਾ ਜੀਵਣਾ ਹੈ -539

ਬਰਜਿੰਦਰ-ਕੌਰ-ਬਿਸਰਾਓ-
(ਸਮਾਜ ਵੀਕਲੀ)-  ਸਕੂਲ ਉਹ ਸਥਾਨ ਹੁੰਦੇ ਹਨ  ਜਿੱਥੇ ਬੱਚਿਆਂ ਨੂੰ ਵਿਗਿਆਨਕ ਢੰਗ ਨਾਲ ਅਧਿਆਪਕਾਂ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ। ਉਹਨਾਂ ਨੂੰ ਲਿਖਣਾ, ਪੜ੍ਹਨਾ, ਵਿਚਾਰਨਾ, ਕਿੱਤਾ ਮੁੱਖੀ ਹੋਣਾ, ਬੋਲਣਾ, ਵਿਵਹਾਰ ਕਰਨਾ ਆਦਿ ਸਿਖਾਇਆ ਜਾਂਦਾ ਹੈ।ਸਕੂਲ ਇੱਕ ਸੰਸਥਾ ਹੈ ਜੋ ਬੱਚਿਆਂ ਦੀ ਸਿੱਖਿਆ ਲਈ ਸਿਖਲਾਈ ਦੀ ਥਾਂ ਅਤੇ ਸਿੱਖਣ ਲਈ ਮਾਹੌਲ ਮੁਹੱਈਆ ਕਰਨ ਲਈ ਤਿਆਰ ਕੀਤਾ ਗਿਆ ਹੁੰਦਾ ਹੈ। ਜੀਵਨ ਵਿੱਚ ਕੁੱਝ ਬਣਨ ਲਈ ਪੜ੍ਹਾਈ ਦੇ ਨਾਲ ਨਾਲ ਸਿੱਖਣਾ, ਦੂਜਿਆਂ ਨਾਲ ਗੱਲਬਾਤ ਕਰਨਾ, ਮਿਲਣਾ,ਵਰਤਣਾ, ਰੁੱਸਣਾ, ਮਨਾਉਣਾ , ਲੋਕਾਂ ਦੀਆਂ ਚਲਾਕੀਆਂ ਨੂੰ ਸਮਝਣਾ, ਆਪਣੇ ਅੰਦਰ ਕੁਝ ਕਰਨ ਦਾ ਜਜ਼ਬਾ ਪੈਦਾ ਕਰਨਾ, ਪ੍ਰਾਪਤੀਆਂ ਕਰਨੀਆਂ ਆਦਿ ਗੱਲਾਂ ਦੀ ਸਮਝ ਇਸੇ ਪੜਾਅ ਵਿੱਚ ਆਉਣੀ ਸ਼ੁਰੂ ਹੁੰਦੀ ਹੈ।
             ਸਕੂਲੀ ਸਮਾਂ ਹਰ‌ ਵਿਅਕਤੀ ਦੀ ਜ਼ਿੰਦਗੀ ਵਿੱਚ ਖ਼ਾਸ ਅਹਿਮੀਅਤ ਰੱਖਦਾ ਹੈ ਕਿਉਂਕਿ ਮਨੁੱਖ ਜਿਸ ਮਰਜ਼ੀ ਅਵਸਥਾ ਵਿੱਚ ਪਹੁੰਚ ਜਾਵੇ ਪਰ ਉਸ ਨੂੰ ਆਪਣਾ ਸਕੂਲ ਦਾ ਸਮਾਂ ਹਰ ਮੌਕੇ ਯਾਦ ਆਉਂਦਾ ਹੈ। ਹਰ ਵਿਅਕਤੀ ਆਪਣੇ ਸਕੂਲੀ ਦੌਰ ਨੂੰ ਮੁੜ ਤੋਂ ਜਿਊਣਾ ਚਾਹੁੰਦਾ ਹੈ ਜਦ ਕਿ ਆਪਣੇ ਸਕੂਲੀ ਸਮੇਂ ਦੌਰਾਨ ਆਪਣੇ ਆਪ ਨੂੰ ਫ਼ਸਿਆ ਹੋਇਆ ਤੇ ਔਖਾ ਔਖਾ ਮਹਿਸੂਸ ਕਰਦਾ ਹੁੰਦਾ ਹੈ। ਬਚਪਨ ਦਾ ਉਹ ਹਿੱਸਾ ਇੱਥੇ ਬੀਤਦਾ ਹੈ ਜਦੋਂ ਦੁਨੀਆਂ ਭਰ ਦੀਆਂ ਸ਼ਰਾਰਤਾਂ ਕਰਕੇ “ਸ਼ਰਮ” ਨਾਂ ਦੇ ਸ਼ਬਦ ਤੋਂ ਮੁਕਤ ਡਾਂਟ ਜਾਂ ਮਾਰ ਖਾ ਕੇ ਫਿਰ ਸਾਰੇ ਸਾਥੀਆਂ ਨਾਲ਼ ਬੈਠ ਕੇ ਦੰਦੀਆਂ ਕੱਢਣਾ ਤੇ ਸਿਆਣਿਆਂ ਦੀ ਕਹਾਵਤ”ਦੋ ਪਈਆਂ ਵਿਸਰ ਗਈਆਂ” ਨੂੰ ਸੱਚ ਸਾਬਤ ਕਰਨਾ। ਮਨੁੱਖ ਦੀ ਅਨੁਸ਼ਾਸਨ ਦੀ ਨੀਂਹ ਇੱਥੇ ਬੱਝਦੀ ਹੈ, ਬੰਦਿਸ਼ ਵਿੱਚ ਰਹਿਣਾ ਵੀ ਮਨੁੱਖ ਇੱਥੇ ਹੀ ਸਿੱਖਦਾ ਹੈ।
          ਦੁਨੀਆ ਵਿੱਚ ਵਿਚਰਨ ਦੀ ਜਾਚ ਵੀ ਦੋਸਤਾਂ ਮਿੱਤਰਾਂ ਵਿੱਚ ਵਿਚਰਕੇ ਇੱਥੇ ਹੀ ਸਿੱਖਦਾ ਹੈ,ਬਹੁਤਾ ਬੋਲਣ ਤੇ ਕਾਬੂ ਪਾਉਣਾ, ਸਮੇਂ ਸਿਰ ਕੰਮ ਖ਼ਤਮ ਕਰਨਾ ਅਤੇ ਨਿਸ਼ਚਿਤ ਸਮੇਂ ਵਿੱਚ ਕੰਮ ਮੁਕੰਮਲ ਕਰਨਾ,ਪੜ੍ਹਨ ਅਤੇ ਖੇਡਣ ਦੇ ਨਾਲ ਨਾਲ ਕਈ ਕਲਾਵਾਂ ਸਿੱਖਣਾ, ਆਪਣੇ ਅੰਦਰਲੇ ਹੁਨਰ ਦੇ ਨੰਨ੍ਹੇ ਖੰਭ ਖਿਲਾਰਨਾ ਆਦਿ ਦਾ ਸ਼ੁਰੁਆਤੀ ਦੌਰ ਸਕੂਲੀ ਸਮਾਂ ਹੀ ਹੁੰਦਾ ਹੈ। ਇਸ ਤੋਂ ਅੱਗੇ ਤਾਂ ਕਾਲਜ ਦੇ ਪੱਧਰ ਤੇ ਜਾ ਕੇ ਨਾ ਐਨੀਆਂ ਬੰਦਿਸ਼ਾਂ ਹੁੰਦੀਆਂ ਹਨ ਤੇ ਨਾ ਹੀ ਕੋਈ ਰੋਕ ਟੋਕ ਕਰਕੇ ਬਹੁਤਾ ਕੁਝ ਸਿਖਾਇਆ ਜਾਂਦਾ ਹੈ।ਇਸ ਤਰ੍ਹਾਂ ਅਗਾਂਹ ਵਾਲ਼ੀਆਂ ਅਵਸਥਾਵਾਂ ਅਜ਼ਾਦ ਪਰ ਸਿਰ ਉੱਪਰ ਖੁਦ ਬੋਝ ਉਠਾਉਣ ਵਾਲੀਆਂ ਹੁੰਦੀਆਂ ਹਨ। ਫਿਰ ਇਹਨਾਂ ਦੌਰਾਂ ਵਿੱਚੋਂ ਗੁਜ਼ਰਦੇ ਹੋਏ ਮਨੁੱਖ ਇਸ ਸਕੂਲੀ ਦੌਰ ਨੂੰ ਮੁੜ ਮੁੜ ਯਾਦ ਕਰਦਾ ਹੈ।ਉਸ ਨੂੰ ਮੁੜ ਤੋਂ ਜਿਊਣਾ ਲੋਚਦਾ ਹੈ। ਦੂਜਿਆਂ ਅੱਗੇ ਇਸ ਦੌਰ ਦੇ ਆਪਣੇ ਤਜ਼ਰਬਿਆਂ ਦੀਆਂ ਉਦਾਹਰਣਾਂ ਪੇਸ਼ ਕਰਦਾ ਹੈ, ਕਿੱਸੇ ਸੁਣਾਉਂਦਾ ਹੈ, ਅਤੇ ਇਹਨਾਂ ਗੱਲਾਂ ਰਾਹੀਂ ਉਸ ਸਮੇਂ ਨੂੰ ਮੁੜ ਤੋਂ ਸੁਪਨਿਆਂ ਰਾਹੀਂ ਜੀਵਤ ਕਰਦਾ ਨਜ਼ਰ ਆਉਂਦਾ ਹੈ।
             ਅਜੋਕੇ ਸਮੇਂ ਵਿੱਚ ਮਾਪਿਆਂ ਦਾ ਸੁਸਾਇਟੀ ਸਟੇਟਸ, ਜੀਵਨ ਪੱਧਰ ਅਤੇ ਸਕੂਲ ਪ੍ਰਸ਼ਾਸਨ ਵਿੱਚ ਸਿੱਧੀ ਦਖਲ ਅੰਦਾਜੀ ਕਰਨ ਕਾਰਨ ਪਹਿਲਾਂ ਵਾਂਗ ਸਹਿਜ ਸੁਭਾਅ ਉਪਜੇ ਸਕੂਲੀ ਮਾਹੌਲ ਵਿੱਚ ਰੁਕਾਵਟ ਪੈਦਾ ਕਰ ਕੇ ਬਨਾਵਟੀ ਅਤੇ ਸ਼ੋਸ਼ੇਬਾਜ਼ੀ ਵੱਲ ਧਿਆਨ ਦੇ ਕੇ ਜ਼ਿਆਦਾ ਰੌਲ਼ਾ ਪਾਇਆ ਜਾਂਦਾ ਹੈ।ਜਿਸ ਕਰਕੇ ਕੁਦਰਤੀ ਤੌਰ ਤੇ ਮਿਲ਼ਣ ਵਾਲੇ ਸਕੂਲੀ ਮਾਹੌਲ ਤੋਂ ਅੱਜ ਕੱਲ੍ਹ ਦੇ ਬੱਚੇ ਦੂਰ ਹੋ ਰਹੇ ਹਨ ਅਤੇ ਮਾਪਿਆਂ ਦੀ ਮਰਜ਼ੀ ਵਾਲੇ ਬਣਾਵਟੀ ਮਾਹੌਲ ਵਿੱਚ ਜ਼ਿਆਦਾ ਵਿਚਰ ਰਹੇ ਹਨ ਜਿਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਭੁਗਤਣਾ ਪੈ ਸਕਦਾ ਹੈ । ਇਸ ਲਈ ਆਪਣੇ ਬੱਚੇ ਦੇ ਸਕੂਲੀ ਜੀਵਨ ਦੀ ਮਹੱਤਤਾ ਨੂੰ ਸਮਝਦਿਆਂ ਮਾਪਿਆਂ ਵੱਲੋਂ ਆਪਣੇ ਬੱਚਿਆਂ ਨੂੰ ਸਕੂਲ ਵਿੱਚ ਆਮ ਵਿਦਿਆਰਥੀ ਵਾਂਗ ਜੀਵਨ ਜਾਚ ਸਿੱਖਣ ਦੇਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਪੈਰਾਂ ਤੇ ਖੜਾ ਹੋਣਾ ਸਹਿਜ ਸੁਭਾਅ ਹੀ ਸਿੱਖ ਸਕਣ ਕਿਉਂਕਿ ਜ਼ਿੰਦਗੀ ਦੇ ਉਤਰਾਅ ਚੜ੍ਹਾਅ ਨਾਲ਼ ਦੋ ਹੱਥ ਕਰਨ ਦੀ ਨੀਂਹ ਇਸੇ ਪੜਾਅ ਵਿੱਚ ਰੱਖੀ ਜਾਂਦੀ ਹੈ ਤੇ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਸ਼ੂਕਦੇ ਆਬ ਤੇ ਖ਼ਾਬ” ਡਾਕਟਰ ਮੇਹਰ ਮਾਣਕ ਦਾ ਕਾਵਿ ਸੰਗ੍ਰਹਿ- 
Next article“ਕੰਮੀਆਂ ਦੇ ਵਿਹੜੇ ਦਾ ਮੱਘਦਾ ਸੂਰਜ ਸੀ ਸਾਹਿਬ ਕਾਸ਼ੀ ਰਾਮ”