ਏਹੁ ਹਮਾਰਾ ਜੀਵਣਾ ਹੈ -533

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)- ਮਨੁੱਖੀ ਜ਼ਿੰਦਗੀ ਵਿੱਚ ਉਸ ਦੁਆਰਾ ਕੀਤੇ ਜਾਂਦੇ ਕਾਰ- ਵਿਹਾਰ ਬਹੁਤ ਮਾਇਨੇ ਰੱਖਦੇ ਹਨ। ਜ਼ਿੰਦਗੀ ਨੂੰ ਅਗਾਂਹ ਤੋਰਦੇ ਹੋਏ ਮਨੁੱਖ ਆਪਣੇ ਨਿੱਜੀ ਕਾਰ ਵਿਹਾਰ, ਪਰਿਵਾਰਕ ਕਾਰ ਵਿਹਾਰ ਅਤੇ ਸਮਾਜਿਕ ਕਾਰ ਵਿਹਾਰ ਕਰਦਾ ਹੈ। ਉਸ ਦੇ ਨਿੱਜੀ ਕਾਰ ਵਿਹਾਰ ਬਿਲਕੁਲ ਉਸ ਦੀ ਆਪਣੀ ਜ਼ਿੰਦਗੀ ਨਾਲ ਜੁੜੇ ਹੋਏ ਹੁੰਦੇ ਹਨ ਜਿਸ ਨਾਲ ਸਿਰਫ ਉਸ ਦੀ ਆਪਣੀ ਜ਼ਿੰਦਗੀ ਤੇ ਪ੍ਰਭਾਵ ਪੈਂਦਾ ਹੈ,ਇਸੇ ਤਰ੍ਹਾਂ ਪਰਿਵਾਰ ਨਾਲ਼ ਜੁੜੇ ਕਾਰ ਵਿਹਾਰ ਉਸ ਦੇ ਚੰਗੇ ਜਾਂ ਮਾੜੇ ਪਰਿਵਾਰਕ ਸਬੰਧ ਬਣਾਉਂਦੇ ਹਨ ਅਤੇ ਸਮਾਜਿਕ ਕਾਰ ਵਿਹਾਰ ਉਸ ਨੂੰ ਉਸ ਦੇ ਸਮਾਜ ਨਾਲ਼ ਸਬੰਧ ਬਣਾਉਂਦੇ ਹਨ । ਪਹਿਲੇ ਸਮਿਆਂ ਵਿੱਚ ਹਰ ਵਿਅਕਤੀ ਆਪਣੇ ਕੰਮ ਪੂਰੀ ਲਗਨ ਅਤੇ ਮਿਹਨਤ ਨਾਲ ਕਰਕੇ ਨੇਪਰੇ ਚਾੜ੍ਹਨ ਵਿੱਚ ਮਾਹਰ ਸੀ ਕਿਉਂਕਿ ਉਸ ਦਾ ਧਿਆਨ ਕੋਈ ਬਹਤੇ ਪਾਸੇ ਨਹੀਂ ਵੰਡਿਆ ਜਾਂਦਾ ਸੀ। ਉਦੋਂ ਆਪਣੇ ਕੰਮ ਕਰਨ ਅਤੇ ਰਿਸ਼ਤੇ ਨਾਤੇ ਨਿਭਾਉਣ ਲਈ ਕੋਈ ਬਹੁਤਾ ਵਿਖਾਵਾ ਕਰਨ ਦੀ ਵੀ ਲੋੜ ਨਹੀਂ ਪੈਂਦੀ ਸੀ। ਉਦੋਂ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਵਿਹਾਰਕ (ਪ੍ਰੈਕਟੀਕਲ) ਤਰੀਕੇ ਨਾਲ ਜਿਉਂਦਾ ਸੀ। ਪਰ ਅੱਜ ਦੇ ਮਨੁੱਖ ਦੀ ਜ਼ਿੰਦਗੀ ਜਿਊਣ ਅਤੇ ਕਾਰ ਵਿਹਾਰ ਕਰਨ ਦੇ ਤੌਰ ਤਰੀਕਿਆਂ ਵਿੱਚ ਪਹਿਲਾਂ ਨਾਲੋਂ ਬਹੁਤ ਅੰਤਰ ਆ ਗਿਆ ਹੈ।

               ਜਦੋਂ ਤੋਂ ਜ਼ਮਾਨਾ ਹਾਇਟੈਕ ਹੋਇਆ ਹੈ ਉਦੋਂ ਤੋਂ ਲੋਕਾਂ ਨੇ ਰਿਸ਼ਤਿਆਂ ਨੂੰ ਵਿਹਾਰਕ ਰੂਪ ਵਿੱਚ ਨਿਭਾਉਣ ਨਾਲੋਂ ਵਿਖਾਵਾ ਕਰਨ ਵਿੱਚ ਜਿਆਦਾ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੱਤਾ ਹੈ। ਸੋਸ਼ਲ ਮੀਡੀਆ ਨੇ ਭਾਰਤੀ ਲੋਕਾਂ ਦੀ ਜੀਵਨ ਸ਼ੈਲੀ ਤੇ ਜ਼ਿਆਦਾ ਪ੍ਰਭਾਵ ਪਾਇਆ ਹੈ। ਅੱਜ ਹਰ ਵਿਅਕਤੀ ਆਪਣੀ ਨਿੱਜੀ ਜ਼ਿੰਦਗੀ ਤੋਂ ਲੈਕੇ ਸਮਾਜਿਕ ਵਰਤਾਰੇ ਨੂੰ ਸੋਸ਼ਲ ਮੀਡੀਆ ਤੇ ਬਨਾਵਟੀ ਢੰਗ ਨਾਲ ਪੇਸ਼ ਕਰ ਰਿਹਾ ਹੈ। ਆਪਣੀ ਨਿੱਜੀ ਜ਼ਿੰਦਗੀ ਨੂੰ ਬਨਾਵਟੀ ਢੰਗਾਂ ਨਾਲ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਕਿ ਵੇਖਣ ਵਾਲ਼ਾ ਉਸ ਦੀ ਜ਼ਿੰਦਗੀ ਬਾਰੇ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਅਸਲੀਅਤ ਕੀ ਹੈ। ਆਪਣੇ ਖਾਣ ਪੀਣ ਤੋਂ ਲੈਕੇ ਹਰ ਨਿੱਕੀ ਮੋਟੀ ਗੱਲ ਸੋਸ਼ਲ ਮੀਡੀਆ ਤੇ ਪੇਸ਼ ਕੀਤੀ ਜਾਂਦੀ ਹੈ। ਉਸ ਨੂੰ ਦੁਨੀਆਂ ਸਾਹਮਣੇ ਸੋਹਣੇ ਤੋਂ ਸੋਹਣੇ ਤਰੀਕੇ ਨਾਲ ਪੇਸ਼ ਕਰਨ ਲਈ ਉਹ ਉਸ ਵਿੱਚ ਕਈ ਤਰ੍ਹਾਂ ਦੇ ਬਨਾਵਟੀ ਰੰਗ ਭਰਨ ਲੱਗਦਾ। ਆਪਣੇ ਆਪ ਨੂੰ ਦੁਨੀਆਂ ਸਾਹਮਣੇ ਇੱਕ ਨਾਯਾਬ ਸ਼ਖ਼ਸੀਅਤ ਬਣਾਉਣ ਦੀ ਕੋਈ ਕਸਰ ਨਹੀਂ ਛੱਡਦਾ ਜਦ ਕਿ ਅਸਲ ਵਿੱਚ ਸਚਾਈ ਕੁਝ ਹੋਰ ਹੀ ਹੁੰਦੀ ਹੈ। ਇਸ ਤਰ੍ਹਾਂ ਅੱਜ ਦੇ ਮਨੁੱਖ ਦੀ ਸੋਚ ਵਿੱਚ ਹਰ ਕੰਮ ਕਰਨ ਤੋਂ ਪਹਿਲਾਂ ਦੁਨੀਆਂ ਨੂੰ ਦਿਖਾਉਣ ਦੀ ਸੋਚ ਛੁਪੀ ਹੋਈ ਹੁੰਦੀ ਹੈ। ਕੋਈ ਰਿਸ਼ਤਾ ਨਿਭਾਉਂਦੇ ਹੋਏ ਵੀ ਵਿਖਾਵੇ ਤੇ ਜ਼ੋਰ ਦਿੱਤਾ ਜਾਂਦਾ ਹੈ । ਫੇਰ ਉਹਨਾਂ ਦੇ ਆਲ਼ੇ ਦੁਆਲ਼ੇ ਦੇ ਲੋਕਾਂ ਦੀ ਉਸ ਦੇ ਕੰਮ ਪ੍ਰਤੀ ਜਾਂ ਦੂਜਿਆਂ ਨਾਲ ਨਿਭਦੇ ਰਿਸ਼ਤਿਆਂ ਪ੍ਰਤੀ ਕੀ ਸੋਚ ਹੈ ਉਸ ਬਾਰੇ ਵੀ ਪੂਰਾ ਧਿਆਨ ਰੱਖਿਆ ਜਾਂਦਾ ਹੈ।
             ਇਸ ਪੱਖੋਂ ਜੇ ਦੇਖਿਆ ਜਾਵੇ ਤਾਂ ਪੱਛਮੀਂ ਮੁਲਕਾਂ ਵਿੱਚ ਲੋਕ ਆਪਣੀ ਜ਼ਿੰਦਗੀ ਵਿਹਾਰਕ ਤਰੀਕੇ ਨਾਲ ਜਿਊਣਾ ਪਸੰਦ ਕਰਦੇ ਹਨ। ਇਹ ਗੱਲ ਤਾਂ ਇਸ ਤਰ੍ਹਾਂ ਵੀ ਸਿੱਧ ਹੋ ਜਾਂਦੀ ਹੈ ਕਿ ਜਿਹੜੇ ਲੋਕ ਭਾਰਤ ਵਿੱਚ ਰਹਿੰਦੇ ਹੋਏ ਹਰ ਸਮੇਂ ਸੋਸ਼ਲ ਮੀਡੀਆ ਤੇ ਆਨਲਾਈਨ ਪਾਏ ਜਾਂਦੇ ਸਨ ਤੇ ਆਪਣੀ ਹਰ ਨਿੱਕੀ ਮੋਟੀ ਗਤੀਵਿਧੀ ਪਬਲਿਕ ਨਾਲ ਸਾਂਝੀ ਕਰਦੇ ਸਨ,ਉਹੀ ਜਦ ਵਿਦੇਸ਼ ਜਾਂਦੇ ਹਨ ਤਾਂ ਉਹਨਾਂ ਦੀਆਂ ਸੋਸ਼ਲ ਮੀਡੀਆ ਤੇ ਗਤੀਵਿਧੀਆਂ ਬਹੁਤ ਹੱਦ ਤੱਕ ਘਟ ਜਾਂਦੀਆਂ ਹਨ। ਇਸ ਬਾਰੇ ਜੇ ਪੁੱਛੀਏ ਤਾਂ ਉਹਨਾਂ ਦਾ ਜਵਾਬ ਹੁੰਦਾ ਹੈ ਕਿ ਸਾਡੇ ਕੋਲ ਕੰਮ ਕਰਨ ਅਤੇ ਪਰਿਵਾਰ ਨਾਲ਼ ਸਮਾਂ ਬਤੀਤ ਕਰਦੇ ਹੋਏ ਹੋਰ ਲੋਕਾਂ ਬਾਰੇ ਸੋਚਣ ਲਈ ਵਕਤ ਹੀ ਨਹੀਂ ਮਿਲਦਾ। ਉਹੀ ਲੋਕ ਜਦ ਆਪਣੇ ਪਰਿਵਾਰ ਨਾਲ ਕਿਧਰੇ ਘੁੰਮਣ ਵੀ ਜਾਂਦੇ ਹਨ ਤਾਂ ਉਹ ਖੁੱਲ੍ਹ ਕੇ ਆਪਣੇ ਪਰਿਵਾਰ ਨਾਲ ਸਮਾਂ ਬਤੀਤ ਕਰਦੇ ਹਨ। ਉਹਨਾਂ ਦਾ ਧਿਆਨ ਉਸੇ ਸਮੇਂ ਦੁਨੀਆਂ ਨੂੰ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦੇਣਾ ਨਹੀਂ ਹੁੰਦਾ। ਇਸ ਤਰ੍ਹਾਂ ਪੱਛਮੀ ਦੇਸ਼ਾਂ ਵਿੱਚ ਲੋਕਾਂ ਦਾ ਜੀਵਨ ਬਤੀਤ ਕਰਨ ਦਾ ਨਜ਼ਰੀਆ ਇੱਥੇ ਨਾਲੋਂ ਵੱਖਰਾ ਹੈ। ਉਹ ਕੰਮ ਕਰਨ ਅਤੇ ਪਰਿਵਾਰ ਨੂੰ ਸਮਾਂ ਦੇਣ ਵਿੱਚ ਵਿਸ਼ਵਾਸ ਰੱਖਦੇ ਹਨ ਨਾ ਕਿ ਬਨਾਵਟੀ ਢੰਗ ਨਾਲ ਆਪਣੇ ਆਪ ਨੂੰ ਦੁਨੀਆਂ ਸਾਹਮਣੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਨ।
           ਆਪਣੇ ਕੰਮਾਂ ਨੂੰ ਪੂਰੀ ਵਫ਼ਾਦਾਰੀ ਨਾਲ ਨਾ ਨਿਭਾਉਣਾ, ਵਿਹਲੜ ਪਣ,ਫੁਕਰਾਪਣ ਅਤੇ ਵਿਖਾਵੇ ਦੀ ਹੋੜ ਨੇ ਲੋਕਾਂ ਨੂੰ ਉਹਨਾਂ ਦੇ ਵਿਹਾਰਕ ਜੀਵਨ ਤੋਂ ਦੂਰ ਕਰ ਦਿੱਤਾ ਹੈ ਜਿਸ ਕਰਕੇ ਹਰ ਕੋਈ ਆਪਣੀ ਆਪਣੀ ਜ਼ਿੰਦਗੀ ਬਨਾਵਟੀ ਢੰਗ ਨਾਲ ਪੇਸ਼ ਕਰਦਾ ਨਜ਼ਰ ਆ ਰਿਹਾ ਹੈ ਜਿਸ ਦਾ ਅਸਰ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਪੈ ਰਿਹਾ ਹੈ,ਸਾਡਾ ਆਪਸੀ ਭਾਈਚਾਰਕ ਸਾਂਝ ਵਾਲਾ ਸਭਿਆਚਾਰ ਖਤਮ ਹੋ ਰਿਹਾ ਅਤੇ ਲੋਕਾਂ ਦੀ ਰਹਿਣ ਸਹਿਣ ਦੀ ਜੀਵਨਸ਼ੈਲੀ ਦਾ ਪੱਧਰ ਡਿੱਗਦਾ ਜਾ ਰਿਹਾ ਹੈ। ਸਮਾਂ ਰਹਿੰਦੇ ਇਸ ਗੱਲ ਵੱਲ ਧਿਆਨ ਦੇਣ ਦੀ ਲੋੜ ਹੈ ਅਤੇ ਵਿਹਾਰਕ ਜੀਵਨ ਜਿਊਣ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਮੋਰੋਂ ਵਿਖੇ ਮਹਾਂ ਸ਼ਿਵਰਾਤਰੀ ਉਤਸਵ ‘ਤੇ ਭੰਡਾਰਾ 8 ਨੂੰ 
Next articleIndia UK Achievers Honours 2024