ਏਹੁ ਹਮਾਰਾ ਜੀਵਣਾ ਹੈ -514

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)
ਨਵੇਂ ਜ਼ਮਾਨੇ ਦੀ ਤੇਜ਼ ਰਫ਼ਤਾਰੀ ਕਾਰਨ ਅੱਜ ਦੇ ਲੋਕਾਂ ਦੇ ਰਹਿਣ ਸਹਿਣ ਦੇ ਤੌਰ ਤਰੀਕਿਆਂ ਵਿੱਚ ਆ ਰਹੇ ਬਦਲਾਅ ਨੇ ਸਾਡੀ ਜ਼ਿੰਦਗੀ ਦੀ ਰੂਪ ਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ। ਸਮਾਜਿਕ ਖੁੱਲ੍ਹ ਅਤੇ ਸੋਸ਼ਲ ਮੀਡੀਆ ਦੇ ਸਟਾਰ ਬਣਨ ਦੀ ਹੋੜ ਵਿੱਚ ਸਾਡੀ਼ ਪੁਰਾਤਨ ਸਭਿਅਤਾ ਅਤੇ ਮਰਿਆਦਾ ਦਾ ਰੱਜ ਕੇ ਘਾਣ ਹੋ ਰਿਹਾ ਹੈ। ਅੱਜ ਹਰ ਕਿਸੇ ਦੇ ਹੱਥ ਵਿੱਚ ਮਹਿੰਗੇ ਤੋਂ ਮਹਿੰਗਾ ਫੋਨ ਜ਼ਰੂਰ ਵੇਖਣ ਨੂੰ ਮਿਲ ਜਾਏਗਾ ਘਰ ਚਾਹੇ ਦੋ ਵਕ਼ਤ ਦੇ ਖਾਣੇ ਦੀ ਪੂਰੀ ਨਾ ਪੈਂਦੀ ਹੋਵੇ। ਸੋਸ਼ਲ ਮੀਡੀਆ ਤੇ ਪਹਿਲਾਂ ਤਾਂ ਲੋਕ ਫੇਸਬੁੱਕ, ਇੰਸਟਾਗ੍ਰਾਮ, ਟਵਿੱਟਰ ਜਾਂ ਵਟਸਐਪ ਰਾਹੀਂ ਚੈਟ ਜਾਂ ਫੋਟੋਆਂ ਦੀ ਨੁਮਾਇਸ਼ ਕਰਕੇ ਲਾਈਕ ਜਾਂ ਕੁਮੈਂਟਾਂ ਨਾਲ ਹੀ ਸੰਤੁਸ਼ਟ ਹੋ ਜਾਂਦੇ ਸਨ ।ਪਰ ਜਿਵੇਂ ਜਿਵੇਂ ਇਹਨਾਂ ਦੀ ਵਰਤੋਂ ਵਧਦੀ ਜਾਂਦੀ ਹੈ ਤਾਂ ਇਹਨਾਂ ਐਪਾਂ ਦੇ ਮਾਲਕਾਂ ਵੱਲੋਂ ਸਮੇਂ ਸਮੇਂ ਤੇ ਇਹਨਾਂ ਵਿੱਚ ਸੁਧਾਰ ਕਰਕੇ ਵਰਤੋਂ ਦੇ ਨਵੇਂ ਤੌਰ ਤਰੀਕੇ ਪਰੋਸੇ ਜਾਂਦੇ ਹਨ ਜਿਵੇਂ ਅੱਜ ਕੱਲ੍ਹ ਵਾਇਰਲ ਵੀਡੀਓ,ਰੀਲ,ਵਲੌਗ (vlog) ਆਦਿ। ਇਹਨਾਂ ਰਾਹੀਂ ਹਰ ਆਮ ਵਿਅਕਤੀ ਖ਼ਾਸ ਬਣਨ ਦੀ ਦੌੜ ਵਿੱਚ ਲੱਗਿਆ ਹੋਇਆ ਹੈ। ਇਹਨਾਂ ਰਾਹੀਂ ਗਰੀਬ ਤੋਂ ਗਰੀਬ ਵਰਗ ਦੇ ਲੋਕ ਵੀ ਆਪਣੇ ਲੱਖਾਂ ਫੌਲੋਅਰ ਬਣਾ ਕੇ ਆਪਣੇ ਆਪ ਨੂੰ ਸੋਸ਼ਲ ਮੀਡੀਆ ਦਾ ਸਟਾਰ ਹੋਣ ਦਾ ਦਾਅਵਾ ਕਰਦੇ ਹਨ। ਇਸ ਦੌੜ ਵਿੱਚ ਸਾਡੇ ਸਮਾਜ ਦਾ ਹਰ ਵਰਗ ਭਾਵ ਗਰੀਬ ਤੋਂ ਅਮੀਰ ਤੱਕ ਅਤੇ ਨਿੱਕੇ ਨਿੱਕੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਸ਼ਾਮਲ ਹਨ।
             ਅੱਜ ਆਪਾਂ ਨੇ ਸੋਸ਼ਲ ਮੀਡੀਆ ਦੇ ਸਟਾਰ ਬਣਨ ਦੇ ਚੱਕਰ ਵਿੱਚ ਨਿੱਜੀ ਜ਼ਿੰਦਗੀਆਂ ਅਤੇ ਸਮਾਜਿਕ ਜੀਵਨ ਵਿਚਲੀ ਮਰਿਆਦਾ ਦੇ ਹੋ ਰਹੇ ਘਾਣ ਦੀ ਗੱਲ ਕਰਨੀ ਹੈ। ਪਦਾਰਥਵਾਦੀ ਯੁੱਗ ਹੋਣ ਕਰਕੇ ਹਰ ਇਨਸਾਨ ਘੱਟ ਸਮੇਂ ਵਿੱਚ ਛੇਤੀ ਨਾਂ ਤੇ ਪੈਸਾ ਕਮਾਉਣਾ ਚਾਹੁੰਦਾ ਹੈ ,ਕੁਝ ਲੋਕ ਤਾਂ ਇਹਨਾਂ ਰਾਹੀਂ ਕਾਮਯਾਬ ਹੋ ਜਾਂਦੇ ਹਨ, ਉਹਨਾਂ ਨੂੰ ਦੇਖਾ ਦੇਖੀ ਹੋਰ ਲੋਕ ਆਪਣੇ ਫੌਲੋਅਰ,ਲਾਈਕ ਅਤੇ ਵੀਊ ਵਧਾਉਣ ਲਈ ਨਵੇਂ ਨਵੇਂ ਤਰੀਕੇ ਲੱਭਦੇ ਹਨ। ਦੁੱਖ ਦੀ ਗੱਲ ਇਹ ਹੈ ਕਿ ਬਾਲ ਮਜ਼ਦੂਰੀ ਵਰਗੇ ਕਾਨੂੰਨ ਦੀ ਦੁਰਵਰਤੋਂ ਵੀ ਇਹਨਾਂ ਰਾਹੀਂ ‘ਟੈਲੈਂਟ’ ਨਾਂ ਦਾ ਸ਼ਬਦ ਵਰਤ ਕੇ ਕੀਤੀ ਜਾਂਦੀ ਹੈ। ਨਿੱਕੇ ਨਿੱਕੇ ਬੱਚਿਆਂ ਦੀਆਂ ਵੀਡੀਓਜ਼ ਮਾਪਿਆਂ ਦੁਆਰਾ ਬਣਾ ਕੇ ਪ੍ਰਦਰਸ਼ਿਤ ਕੀਤੀਆਂ ਜਾਂਦੀਆਂ ਹਨ। ਉਹਨਾਂ ਨੂੰ ਦਿਲਚਸਪ ਬਣਾਉਣ ਲਈ ਬੱਚਿਆਂ ਕੋਲੋਂ ਇਹੋ ਜਿਹੀਆਂ ਗੱਲਾਂ ਕਹਾਈਆਂ ਜਾਂਦੀਆਂ ਹਨ ਜੋ ਉਸ ਦੇ ਅੰਦਰ ਵਾਲਾ ਮਾਸੂਮ ਬਚਪਨ ਖ਼ਤਮ ਕਰਕੇ ਉਮਰੋਂ ਪਹਿਲਾਂ ਜਵਾਨ ਕਰ ਦਿੰਦਾ ਹੈ।ਇਹ ਮਰਿਆਦਾ ਦੇ ਉਲਟ ਨਹੀਂ ਤਾਂ ਹੋਰ ਕੀ ਹੈ?
              ਸੋਸ਼ਲ ਮੀਡੀਆ ਦੇ ਸਟਾਰ ਬਣਨ ਅਤੇ ਮਸ਼ਹੂਰ ਹੋਣ ਖ਼ਾਤਰ ਚੰਗੇ ਭਲੇ ਘਰਾਂ ਦੀਆਂ ਕੁੜੀਆਂ, ਔਰਤਾਂ ਤੇ ਬੁੱਢੀਆਂ ਵੀਡੀਓ ਬਣਾਉਣ ਖਾਤਰ ਦੁਨੀਆਂ ਦੀ ਭੀੜ ਵਿੱਚ ਸੜਕਾਂ ਤੇ, ਆਪਣੇ ਘਰਾਂ ਦੀਆਂ ਛੱਤਾਂ ਤੇ  ਨੱਚਦੀਆਂ, ਊਟ ਪਟਾਂਗ ਕੱਪੜੇ ਪਾ ਕੇ , ਆਪਣੇ ਜਵਾਨ ਪੁੱਤਾਂ ਨਾਲ ਉਹਨਾਂ ਦੀਆਂ ਸਹੇਲੀਆਂ ਵਾਂਗ ਦਿੱਖ ਅਤੇ ਵਰਤਾਰਾ ਕਰਕੇ, ਅੰਗ ਪ੍ਰਦਰਸ਼ਨ ਕਰਕੇ, ਅਸ਼ਲੀਲ ਹਰਕਤਾਂ ਕਰ ਕਰ ਕੇ ਵੀਡੀਓ ਬਣਾਉਣਾ ਸਿਰਫ਼ ਫੌਲੋਅਰ ਵਧਾਉਣਾ ਹੀ ਮਕਸਦ ਹੁੰਦਾ ਹੈ। ਨਵੇਂ ਵਿਆਹੇ ਜੋੜੇ ਸਾਰੀ ਦੁਨੀਆਂ ਤੋਂ ਪ੍ਰਾਈਵੇਟ ਜ਼ਿੰਦਗੀ ਭਾਵ ਆਪਣੇ ਬੈੱਡਰੂਮ ਵਿੱਚ ਪਿਆਰ ਮੁਹੱਬਤ ਦਾ ਦਿਖਾਵਾ ਕਰਕੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਰਾਹੀਂ ਦੁਨੀਆ ਨੂੰ ਪਰੋਸਣਾ ਤੇ ਮਸ਼ਹੂਰ ਹੋਣ ਦੀ ਕੋਸ਼ਿਸ਼ ਕਰਨਾ, ਹਨੀਮੂਨ ਮਨਾਉਣ ਜਾਣ ਦੀਆਂ ਛੋਟੇ ਛੋਟੇ ਕੱਪੜਿਆਂ ਵਿੱਚ ਫੋਟੋਆਂ ਤੇ ਵੀਡੀਓ ਪਾਉਣਾ ਆਮ ਲੋਕਾਂ ਨੂੰ ਦੇਖਣ ਵਿੱਚ ਹੀ ਬਹੁਤ ਸ਼ਰਮਨਾਕ ਹਰਕਤਾਂ ਲੱਗਦੀਆਂ ਹਨ ਤੇ ਬਹੁਤ ਘਟੀਆ ਲੱਗਦਾ ਹੈ । ਉਹਨਾਂ ਨੂੰ ਵੇਖ ਕੇ ਹੀ ਸ਼ਰਮ ਨਾਲ ਸਿਰ ਝੁਕ ਜਾਂਦਾ ਹੈ ਤੇ ਅਸੀਂ ਸੋਚਣ ਲਈ ਮਜ਼ਬੂਰ ਹੋ ਜਾਂਦੇ ਹਾਂ ਕਿ ਜੇ ਮਰਿਆਦਾ ਦਾ ਇਸ ਤਰਾਂ ਹੀ ਘਾਣ ਹੁੰਦਾ ਰਿਹਾ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਕੀ ਬਣੇਗਾ? ਇਸ ਤੋਂ ਵੀ ਵੱਧ ਸ਼ਰਮ ਦੀ ਗੱਲ ਇਹ ਹੁੰਦੀ ਹੈ ਕਿ ਉਹਨਾਂ ਦੇ ਪਰਿਵਾਰ ਵੀ ਇਸ ਵਿੱਚ ਉਹਨਾਂ ਦਾ ਸਾਥ ਦੇ ਰਹੇ ਹੁੰਦੇ ਹਨ। ਇਹਨਾਂ ਗੱਲਾਂ ਵਿੱਚ ਤਾਂ ਸਾਡੇ ਦੇਸ਼ ਦੇ ਲੋਕ ਪੱਛਮੀ ਸਭਿਅਤਾ ਲੋਕਾਂ ਤੋਂ ਵੀ ਦੋ ਕਦਮ ਅੱਗੇ ਹੀ ਨਿਕਲ਼ ਗਏ ਹਨ।
           ਸੋਸ਼ਲ ਮੀਡੀਆ ਦੇ ਸਟਾਰ ਆਮ ਸਧਾਰਨ ਜਿਹੇ ਤਬਕੇ ਦੇ ਮੁੰਡੇ ਕੁੜੀਆਂ ਆਪਣੇ ਆਪ ਨੂੰ ਇੱਕ ਦੂਜੇ ਤੋਂ ਵੱਡੇ ਜਾਂ ਆਪਣੇ ਆਪ ਵਿੱਚ ਬਹੁਤ ਵੱਡੇ ਵਿਅਕਤੀ ਹੋਣ ਦਾਅਵਾ ਕਰਦੇ ਕਰਦੇ ਸੋਸ਼ਲ ਮੀਡੀਆ ਉੱਤੇ ਹੀ ਇੱਕ ਦੂਜੇ ਖ਼ਿਲਾਫ਼ ਲਾਈਵ ਭੰਡੀ ਪ੍ਰਚਾਰ ਇਸ ਪ੍ਰਕਾਰ ਕਰਦੇ ਹਨ ਕਿ ਉਹਨਾਂ ਦੁਆਰਾ ਬੋਲੀ ਜਾਣ ਵਾਲੀ ਭੱਦੀ ਸ਼ਬਦਾਵਲੀ,ਕਿਸੇ ਪ੍ਰਤੀ ਕੀਤੀਆਂ ਟਿੱਪਣੀਆਂ ਜਾਂ ਉਹਨਾਂ ਦੇ ਜਵਾਬ ਵਿੱਚ ਕੀਤੇ ਜਾਣ ਵਾਲੇ ਭੱਦੇ ਕੁਮੈਂਟ ਸਮਾਜ ਵਿੱਚ ਅਸੰਜਮਤਾ ਪੈਦਾ ਕਰਦੇ ਹਨ । ਦੋ ਲੋਕਾਂ,ਦੋ ਧਿਰਾਂ ਜਾਂ ਦੋ ਪਾਰਟੀਆਂ ਨੂੰ ਭੜਕਾਉਣ ਦਾ ਕੰਮ ਕਰਦੇ ਹਨ ਜਿਸ ਨਾਲ ਸਮਾਜ ਵਿਚਲੇ ਭਾਈਚਾਰੇ ਨੂੰ ਵੀ ਠੇਸ ਪਹੁੰਚਦੀ ਹੈ। ਸਿੱਧੇ ਤੌਰ ਤੇ ਕਿਸੇ ਨੂੰ ਗਾਲ਼ਾਂ ਕੱਢਣੀਆਂ ਜਾਂ ਭੱਦੀ ਸ਼ਬਦਾਵਲੀ ਵਰਤਣਾ ਬਹੁਤੇ ਸੋਸ਼ਲ ਮੀਡੀਆ ਦੇ ਸਟਾਰਾਂ ਲਈ ਆਮ ਜਿਹੀ ਗੱਲ ਹੈ। ਇਸ ਸੋਸ਼ਲ ਮੀਡੀਆ ਸਟਾਰਾਂ ਦੀ ਕਤਾਰ ਵਿੱਚ ਕੁੜੀਆਂ ਅਤੇ ਮੁੰਡੇ ਬਰਾਬਰ ਦੇ ਹਿੱਸੇਦਾਰ ਹਨ।
          ਸਾਡੇ ਸਿਆਣੇ “ਸਹਿਜ ਪਕੇ ਸੋ ਮੀਠਾ ਹੋਇ” ਦੇ ਸਿਧਾਂਤ ਅਨੁਸਾਰ ਜੀਵਨ ਬਤੀਤ ਕਰਦੇ ਸਨ। ਉਹ “ਇੱਕ ਪੈਰ ਘੱਟ ਤੁਰਨਾ ਪਰ ਤੁਰਨਾ ਮੜਕ ਦੇ ਨਾਲ ” ਵਾਲੀ ਗੱਲ ਕਰਦੇ ਸਨ ਕਿਉਂਕਿ ਉਹ ਅਣਖ ਨਾਲ ਜਿਊਣਾ ਜਾਣਦੇ ਸਨ।ਇਹ ਗੱਲਾਂ ਸਾਨੂੰ ਮਰਿਆਦਾ ਵਿੱਚ ਰਹਿਣ ਲਈ ਪ੍ਰੇਰਿਤ ਕਰਦੀਆਂ ਹਨ। ਮਰਿਆਦਾ ਨੂੰ ਭੰਗ ਕਰਕੇ ਜੀਵਨ ਬਿਤਾਉਣ ਨੂੰ ਹਰਗਿਜ਼ ਨਵਾਂ ਜ਼ਮਾਨਾ ਨਹੀਂ ਕਿਹਾ ਜਾ ਸਕਦਾ। ਨਵਾਂ ਜ਼ਮਾਨਾ ਤਾਂ ਉਹ ਹੁੰਦਾ ਹੈ ਜੋ ਪ੍ਰਗਤੀਸ਼ੀਲ ਗਤੀਵਿਧੀਆਂ ਰਾਹੀਂ ਸਾਨੂੰ ਕਾਮਯਾਬੀਆਂ ਦੇ ਲੀਹੇ ਚਾੜ੍ਹੇ । ਨਵੇਂ ਜ਼ਮਾਨੇ ਦੇ ਨਾਂ ਤੇ  ਸਿਰਫ਼ ਘਰਾਂ, ਪਰਿਵਾਰਾਂ ਅਤੇ ਸਮਾਜ ਵਿਚਲੀ ਮਰਿਆਦਾ ਦਾ ਗਲ਼ਾ  ਘੁੱਟਿਆ ਜਾ ਰਿਹਾ ਹੈ ਜੋ ਆਉਣ ਵਾਲੇ ਵਕਤ ਵਿੱਚ ਚੁਣੌਤੀਆਂ ਭਰਪੂਰ ਹੋ ਸਕਦਾ ਹੈ।
            ਹਰ ਪਰਿਵਾਰ ਦੇ ਵੱਡਿਆਂ ਵੱਲੋਂ ਆਪਣੇ ਬੱਚਿਆਂ ਨੂੰ ਪੜ੍ਹ ਲਿਖ ਕੇ ਕੁਝ ਬਣ ਕੇ ਸਟਾਰ ਬਣਨ ਲਈ ਪ੍ਰੇਰਿਤ ਕੀਤਾ ਜਾਵੇ, ਉਹਨਾਂ ਨੂੰ ਸਮਾਜ ਵਿੱਚ ਚੰਗੇ ਕੰਮ ਕਰਕੇ ਕਿਸੇ ਮਕਸਦ ਨਾਲ ਚੱਲ ਕੇ ਸਟਾਰ ਬਣਨ ਲਈ ਪ੍ਰੇਰਿਤ ਕੀਤਾ ਜਾਵੇ ਨਾ ਕਿ ਆਪਣੇ ਬੱਚਿਆਂ ਵੱਲੋਂ ਸੋਸ਼ਲ ਮੀਡੀਆ ਤੇ ਵਧਾਏ ਜਾ ਰਹੇ ਫੌਲੋਅਰਾਂ ਨੂੰ ਦੇਖ ਕੇ ਸ਼ਾਬਾਸ਼ੀ ਦਿੱਤੀ ਜਾਵੇ ਤੇ ਖੁਸ਼ ਹੋਇਆ ਜਾਵੇ । ਸੋਸ਼ਲ ਮੀਡੀਆ ਦੇ ਸਟਾਰ ਬਣ ਕੇ ਆਪਣੇ ਆਪ ਨੂੰ ਦੁਨੀਆਂ ਵਿੱਚ ਪੇਸ਼ ਕਰਨਾ ਰੇਤ ਦੀਆਂ ਦੀਵਾਰਾਂ ਉਸਾਰ ਕੇ ਘਰ ਬਣਾਉਣ ਦੇ ਬਰਾਬਰ ਹੁੰਦਾ ਹੈ ਜਿਸ ਨੇ ਬਹੁਤ ਛੇਤੀ ਢਹਿ ਢੇਰੀ ਹੋ ਹੀ ਜਾਣਾ ਹੁੰਦਾ ਹੈ। ਅਸਲੀਅਤ ਦੀ ਦੁਨੀਆਂ ਵਿੱਚ ਵਿਚਰਦੇ ਹੋਏ ਆਪਣੀ ਜ਼ਿੰਦਗੀ ਬਤੀਤ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324      

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleWill form govts in Centre, provinces: PTI’s PM candidate
Next articleEarthquake jolts northern Afghan city, no casualties reported