(ਸਮਾਜ ਵੀਕਲੀ)- ਜਗਮੀਤ ਕੌਰ ਦੇ ਦੋ ਪੁੱਤਰ ਸਨ । ਦੋਵੇਂ ਵਿਆਹੇ ਹੋਏ ਸਨ ਪਰ ਵੱਡਾ ਮੁੰਡਾ ਸੁਖਵੰਤ ਅੱਡ ਰਹਿੰਦਾ ਸੀ। ਉਹ ਸਰਕਾਰੀ ਅਫ਼ਸਰ ਲੱਗਿਆ ਹੋਇਆ ਸੀ ਜਿਸ ਕਰਕੇ ਉਸ ਦੀ ਪਤਨੀ ਬੰਤ ਉਸ ਨੂੰ ਲੈ ਕੇ ਵਿਆਹ ਤੋਂ ਕੁਝ ਚਿਰ ਬਾਅਦ ਹੀ ਅੱਡ ਹੋ ਗਈ ਸੀ। ਉਸ ਨੂੰ ਲੱਗਦਾ ਸੀ ਕਿ ਉਹਨਾਂ ਦੀ ਕਮਾਈ ਤਾਂ ਇੱਥੇ ਹੀ ਟੱਬਰ ਵਿੱਚ ਖ਼ਪਤ ਹੋ ਜਾਇਆ ਕਰੇਗੀ, ਕੱਲ੍ਹ ਨੂੰ ਉਹਨਾਂ ਦੇ ਜਵਾਕ ਹੋਣਗੇ ਤਾਂ ਉਹਨਾਂ ਲਈ ਵੀ ਤਾਂ ਕੁਝ ਬਣਾਉਣਾ ਹੈ। ਇਹ ਸਭ ਸੋਚ ਕੇ ਉਹ ਸ਼ੁਰੂ ਤੋਂ ਹੀ ਅੱਲਗ ਰਹਿਣ ਲੱਗ ਪਏ ਸਨ। ਹੁਣ ਤਾਂ ਸੁੱਖ ਨਾਲ ਉਹਨਾਂ ਦੇ ਵੀ ਤਿੰਨ ਬੱਚੇ ਹੋ ਗਏ ਸਨ ਤੇ ਬੱਚੇ ਵੀ ਜੁਆਨ ਹੋ ਗਏ ਸਨ। ਬੰਤ ਨੇ ਸ਼ੁਰੂ ਤੋਂ ਹੀ ਬੱਚਿਆਂ ਨੂੰ ਉਹਨਾਂ ਦੇ ਦਾਦਾ ਦਾਦੀ ਤੇ ਬਾਕੀ ਪਰਿਵਾਰ ਤੋਂ ਦੂਰ ਹੀ ਰੱਖਿਆ ਸੀ ਜਿਸ ਕਰਕੇ ਉਨ੍ਹਾਂ ਨੂੰ ਆਪਣੇ ਦਾਦਾ ਦਾਦੀ ਨਾਲ਼ ਕੋਈ ਮੋਹ ਨਹੀਂ ਸੀ।
ਇੱਕ ਦਿਨ ਜਗਮੀਤ ਕੌਰ ਦਾ ਦਿਲ ਕੀਤਾ ਕਿ ਉਹ ਆਪਣੇ ਵੱਡੇ ਮੁੰਡੇ ਕੋਲ ਦੋ ਦਿਨ ਰਹਿ ਆਵੇ ਤਾਂ ਜੋ ਮਾੜਾ ਮੋਟਾ ਮਨ ਹੋਰ ਹੋ ਜਾਵੇ। ਉਸ ਨੇ ਆਪਣੇ ਛੋਟੇ ਮੁੰਡੇ ਲਖਵੰਤ ਨੂੰ ਕਿਹਾ ਕਿ ਉਹ ਉਸ ਨੂੰ ਸਕੂਟਰ ਤੇ ਬਿਠਾ ਕੇ ਉਹਨਾਂ ਕੋਲ਼ ਛੱਡ ਆਏ ਕਿਉਂ ਕਿ ਉਹ ਉਸੇ ਸ਼ਹਿਰ ਵਿੱਚ ਹੀ ਤਾਂ ਆਪਣੀ ਕੋਠੀ ਬਣਾ ਕੇ ਰਹਿੰਦਾ ਸੀ।ਉਸ ਨਾਲ ਜਾਣ ਲਈ ਲਖਵੰਤ ਦੀ ਛੋਟੀ ਕੁੜੀ ਵੀ ਰੌਲ਼ਾ ਪਾਉਣ ਲੱਗੀ ਤਾਂ ਉਸ ਨੇ ਦੋ ਸੂਟ ਉਸ ਦੇ ਵੀ ਆਪਣੇ ਬੈਗ ਵਿੱਚ ਪਾ ਲਏ। ਲਖਵੰਤ ਆਪਣੀ ਮਾਂ ਅਤੇ ਛੋਟੀ ਕੁੜੀ ਨੂੰ ਸੁਖਵੰਤ ਦੇ ਘਰ ਮੂਹਰੇ ਉਤਾਰ ਕੇ ਵਾਪਸ ਆ ਗਿਆ। ਜਿਵੇਂ ਹੀ ਜਗਮੀਤ ਕੌਰ ਨੇ ਗੇਟ ਦੀ ਘੰਟੀ ਮਾਰੀ ਤਾਂ ਉਹਨਾਂ ਦੇ ਨੌਕਰ ਨੇ ਗੇਟ ਖੋਲ੍ਹਿਆ। ਪਹਿਲਾਂ ਤਾਂ ਜਗਜੀਤ ਕੌਰ ਨੂੰ ਪੁੱਛ ਕੇ ਗਿਆ ,”…. ਤੁਮ ਕੌਣ ਹੋ….?” ਉਸ ਨੇ ਦੱਸਿਆ ਵੀ ਕਿ ਉਹ ਸੁਖਵੰਤ ਸਾਬ੍ਹ ਦੀ ਮਾਂ ਹੈ ਫਿਰ ਵੀ ਉਹ ਉਹਨਾਂ ਨੂੰ ਬਾਹਰ ਰੁਕਣ ਲਈ ਕਹਿ ਗਿਆ। ਪੰਜ ਮਿੰਟ ਬਾਅਦ ਬਾਹਰ ਆ ਕੇ ਉਸ ਨੇ ਉਹਨਾਂ ਨੂੰ ਅੰਦਰ ਆਉਣ ਲਈ ਕਿਹਾ। ਉਸ ਨੇ ਜਗਮੀਤ ਕੌਰ ਤੇ ਉਸ ਦੀ ਛੋਟੀ ਪੋਤੀ ਨੂੰ ਇੱਕ ਬੈਠਕ ਵਿੱਚ ਬਿਠਾ ਦਿੱਤਾ। ਦਸ ਕੁ ਮਿੰਟ ਬਾਅਦ ਸੁਖਵੰਤ ਦੀ ਕੁੜੀ ਆਈ ਤੇ ਸਤਿ ਸ੍ਰੀ ਆਕਾਲ ਬੁਲਾ ਕੇ ਆਪਣੀ ਦਾਦੀ ਕੋਲ ਕੱਪੜਿਆਂ ਵਾਲਾ ਬੈਗ ਵੇਖ ਕੇ ਮੂੰਹ ਬਣਾ ਕੇ ਆਖਣ ਲੱਗੀ,” ਹਾਏ ਦਾਦੀ ਜੀ…..ਆਹ ਤੁਸੀਂ ਕੱਪੜੇ ਵੀ ਨਾਲ ਲੈ ਕੇ ਆਏਂ ਹੋ….?”
“ਹਾਂ ਪੁੱਤ, ਮੈਂ ਸੋਚਿਆ ਅਸੀਂ ਦੋ ਦਿਨ ਲਾ ਜਾਂਦੇ ਆਂ।” ਜਗਮੀਤ ਕੌਰ ਬੋਲੀ।
ਮੂੰਹ ਦੇ ਹਾਵ ਭਾਵ ਬਦਲਦੀ ਹੋਈ ਬੋਲੀ,” ਮੈਂ ਮੰਮਾ ਨੂੰ ਭੇਜਦੀ ਆਂ…. !” ਕਹਿ ਕੇ ਕੁੜੀ ਚਲੀ ਗਈ।
ਦਸ ਪੰਦਰਾਂ ਮਿੰਟ ਬਾਅਦ ਸੁਖਵੰਤ ਦੀ ਵਹੁਟੀ ਆਈ ਤੇ ਸਤਿ ਸ੍ਰੀ ਆਕਾਲ ਬੁਲਾ ਕੇ ਕੋਲ਼ ਬੈਠ ਗਈ। ਨਾ ਕੋਈ ਹਾਲ ਚਾਲ ਪੁੱਛਿਆ ਨਾ ਕੋਈ ਖ਼ਬਰਸਾਰ… ਬੱਸ ਮੂੰਹ ਤੇ ਚੁੱਪ ਜਿਹੀ ਵੱਟ ਕੇ ਬੈਠੀ ਰਹੀ।ਜਿਹੜੀ ਇੱਕ ਅੱਧੀ ਗੱਲ ਕੀਤੀ ਉਹ ਵੀ ਜਗਮੀਤ ਕੌਰ ਨੇ ਹੀ ਸ਼ੁਰੂ ਕੀਤੀ। ਅੱਧੇ ਘੰਟੇ ਬਾਅਦ ਜਗਮੀਤ ਕੌਰ ਨੇ ਆਪੇ ਹੀ ਕਹਿ ਦਿੱਤਾ,” ਕੁੜੇ….ਪਾਣੀ ਦਾ ਇੱਕ ਗਿਲਾਸ ਲਿਆ ਦੇ…. ਅਸੀਂ ਦੋਵੇਂ ਦਾਦੀ ਪੋਤੀ ਇੱਕ ਗਿਲਾਸ ਨਾਲ਼ ਹੀ ਸਾਰ ਲਵਾਂਗੀਆਂ।”
ਸੁਖਵੰਤ ਦੀ ਵਹੁਟੀ ਨੇ ਨੌਕਰ ਨੂੰ ਹਾਕ ਮਾਰੀ ਤਾਂ ਨੌਕਰ ਇੱਕ ਗਿਲਾਸ ਹੀ ਪਾਣੀ ਦਾ ਲੈ ਕੇ ਆਇਆ ਤੇ ਆਖਣ ਲੱਗਿਆ,”ਬੀਬੀ ਜੀ…. ਉਹ ਬਾਹਰ ਜੂਸ ਵਾਲ਼ਾ ਆਈ ਹੈਗੀ…!”
“ਜਾ….. ਓਹਨੂੰ ਕਹਿ ਦੇ ਘੰਟੇ ਕੁ ਬਾਅਦ ਆਵੇ….!” ਸੁਖਵੰਤ ਦੀ ਵਹੁਟੀ ਨੇ ਨੌਕਰ ਨੂੰ ਆਖਿਆ।
ਜਗਮੀਤ ਕੌਰ ਨੂੰ ਦੁਪਹਿਰ ਦੋ ਵਜੇ ਤੋਂ ਆਈ ਨੂੰ ਚਾਰ ਘੰਟੇ ਹੋ ਗਏ ਸਨ ਹਜੇ ਤੱਕ ਕਿਸੇ ਨੇ ਚਾਹ ਨਹੀਂ ਪੁੱਛੀ ਸੀ। ਐਨੇ ਸਮੇਂ ਦੌਰਾਨ ਉਹਨਾਂ ਨੇ ਜੂਸ ਵਾਲ਼ੇ ਨੂੰ ਤਿੰਨ ਵਾਰ ਮੋੜ ਦਿੱਤਾ ਸੀ। ਸ਼ਾਇਦ ਉਹ ਜੂਸ ਵਾਲ਼ਾ ਉਹਨਾਂ ਨੇ ਪੱਕੀ ਬਾਨ੍ਹ ਦਾ ਲਾਇਆ ਹੋਇਆ ਸੀ ਤਾਂ ਹੀ ਉਹ ਵਾਰ ਵਾਰ ਆ ਰਿਹਾ ਸੀ।ਪਰ ਇਹ ਜਗਮੀਤ ਕੌਰ ਤੇ ਉਸ ਦੀ ਪੋਤੀ ਨੂੰ ਨਾ ਪਿਆਉਣ ਦੇ ਮਾਰੇ ਉਸ ਨੂੰ ਵਾਰ ਵਾਰ ਮੋੜ ਰਹੇ ਸਨ। ਜਗਮੀਤ ਕੌਰ ਦਾ ਚਿੱਤ ਉਡਜੂੰ ਉਡਜੂੰ ਕਰਦਾ ਸੀ ਕਿ ਇੱਕ ਮਿੰਟ ਵੀ ਉੱਥੇ ਨਾ ਬੈਠੇ ਪਰ ਉਹ ਤਾਂ ਬੁਰੀ ਫਸੀ ਸੀ। ਹਾਰ ਕੇ ਉਸ ਨੇ ਆਪਣੀ ਛੋਟੀ ਜਿਹੀ ਪੋਤੀ ਦੇ ਚਿਹਰੇ ਦੀ ਉਦਾਸੀ ਵੇਖ ਕੇ ਆਪਣੀ ਨੂੰਹ ਨੂੰ ਆਖਿਆ,”ਕੁੜੇ !….. ਸਾਨੂੰ ਚਾਹ ਦੀ ਘੁੱਟ ਈ ਬਣਾ ਦੇ….।”
ਉਹ ਮੱਥੇ ਵੱਟ ਪਾਈ ਨੌਕਰ ਨੂੰ ਬੁਲਾ ਕੇ ਆਖਣ ਲੱਗੀ,” ਜਾਹ ਇਹਨਾਂ ਨੂੰ ਚਾਹ ਬਣਾ ਕੇ ਲਿਆ ਦੇ …. ਤੇ ਬੀਬੀ ਜੀ ਲਈ ਏਥੇ ਮੰਜਾ ਡਾਹ ਦੇ….!” ਨੌਕਰ ਨੇ ਬਾਹਰੋਂ ਇੱਕ ਢਿੱਲਾ ਜਿਹਾ ਤੇ ਮੈਲਾ ਜਿਹਾ ਵਾਣ ਦਾ ਮੰਜਾ ਲਿਆ ਕੇ ਡਾਹ ਦਿੱਤਾ ਤੇ ਕਿਹਾ,” ਮਾਤਾ ਜੀ…..ਤੁਸੀਂ ਇਸ ਕੇ ਉੱਪਰ ਬੈਠ ਜਾਓ…..!” ਜਗਮੀਤ ਕੌਰ ਸਾਫ਼ ਸੁਥਰੀ ਅਤੇ ਬਹੁਤ ਸੁਚਿਆਰੀ ਔਰਤ ਸੀ। ਉਸ ਨੂੰ ਗੰਦੇ ਜਿਹੇ ਮੰਜੇ ਤੋਂ ਅਲ਼ਕਤ ਆ ਰਹੀ ਸੀ।ਪਰ ਉਹ ਬੈਠ ਗਈ। ਉਸ ਨੂੰ ਸਮਝ ਨਹੀਂ ਸੀ ਆਇਆ ਕਿ ਉਸ ਦੀ ਨੂੰਹ ਵੱਲੋਂ ਇਹ ਮੰਜਾ ਡਹਾਉਣ ਦਾ ਕੀ ਕਾਰਨ ਸੀ। ਸੁਖਵੰਤ ਵੀ ਤਾਂ ਉਹਨਾਂ ਕੋਲ਼ ਆ ਕੇ ਪੰਜ ਮਿੰਟ ਨੀ ਬੈਠਿਆ ਸੀ। ਰਾਤ ਦੇ ਅੱਠ ਵੱਜ ਗਏ ਸਨ ਤੇ ਰਾਤ ਦੀ ਰੋਟੀ ਦਾ ਹਜੇ ਤੱਕ ਕੋਈ ਨਾਂ ਨਿਸ਼ਾਨ ਨਹੀਂ ਸੀ। ਉਸ ਦੀ ਛੋਟੀ ਪੋਤੀ ਜਿਹੜੀ ਬੜੇ ਚਾਅ ਨਾਲ ਆਪਣੀ ਦਾਦੀ ਨਾਲ਼ ਆਈ ਸੀ ਉਹ ਭੁੱਖੀ ਭਾਣੀ ਓਵੇਂ ਹੀ ਉਦਾਸ ਜਿਹਾ ਚਿਹਰਾ ਲੈ ਕੇ ਦਾਦੀ ਦੀ ਗੋਦੀ ਵਿੱਚ ਮੂੰਹ ਲੁਕੋ ਕੇ ਸੌਂ ਗਈ ਸੀ। ਜਗਮੀਤ ਕੌਰ ਨੇ ਛੇ ਘੰਟੇ ਵਿੱਚ ਉਹਨਾਂ ਦੀਆਂ ਏਨੀਆਂ ਘਟੀਆ ਹਰਕਤਾਂ ਵੇਖ ਲਈਆਂ ਕਿ ਉਸ ਨੇ ਲਖਵੰਤ ਨੂੰ ਘਰ ਵਾਪਸ ਲਿਜਾਣ ਲਈ ਫ਼ੋਨ ਕਰ ਦਿੱਤਾ। ਜਦ ਸੁਖਵੰਤ ਦੀ ਵਹੁਟੀ ਨੂੰ ਲੱਗਿਆ ਕਿ ਹੁਣ ਤਾਂ ਚਲੇ ਜਾਣਾ ਹੈ ਤਾਂ ਉਸ ਦੇ ਚਿਹਰੇ ਤੇ ਖਿੜਾਅ ਜਿਹਾ ਆ ਗਿਆ ਤੇ ਆਖਣ ਲੱਗੀ,”ਹਾ ….. ਤੁਸੀਂ ਚੱਲੇ ਵੀ….? ਮੈਂ ਤਾਂ ਰੋਟੀ ਬਣਾਉਣ ਲੱਗੀ ਸੀ….. ਮੈਂ ਤਾਂ ਕਹਿੰਦੀ ਆਂ…… ਤੁਸੀਂ ਰੋਟੀ ਖਾ ਕੇ ਚਲੇ ਜਾਇਓ…..ਕਿਹੜਾ ਬਹੁਤ ਦੂਰ ਜਾਣਾ….. ਸੌਣ ਵੇਲੇ ਦੇ ਟਾਈਮ ਨੂੰ ਪਹੁੰਚ ਜਾਵੋਗੇ…..।”
” ਨਾ… ਨਾ…….ਹੁਣ ਸਾਨੂੰ ਰੋਟੀ ਦੀ ਭੁੱਖ ਕਿੱਥੇ ਆ….. ਤੁਸੀਂ ਤਾਂ ਸਾਡੀ ਆਓ ਭਗਤ ਈ ਐਨੀ ਕੀਤੀ ਆ……. ਕਿ ਓਹਨੂੰ ਦੇਖ ਦੇਖ ਕੇ ਈ ਸਾਡਾ ਦਾਦੀ ਪੋਤੀ ਦਾ ਢਿੱਡ ਭਰ ਗਿਆ….. ਹਾਂ ਸੱਚ…… ਆਹ ਲੈ ਫੜ ਪੰਜ ਸੌ ਰੁਪਈਆ……ਮੰਜਾ ਨਵਾਂ ਲੈ ਲਿਓ….. ਆਹ ਟੁੱਟਿਆ ਹੋਇਆ ਮੰਜਾ…… ਐਨੀ ਵੱਡੀ ਕੋਠੀ ਵਿੱਚ ਪਿਆ ਸੋਹਣਾ ਨੀ ਲੱਗਦਾ….. ਨਾਲ਼ੇ…. ਮੈਂ ਤਾਂ ਇਹੋ ਜਿਹਾ ਮੰਜਾ ਕਦੇ ਆਪਣੇ ਸੀਰੀ ਨੂੰ ਪੈਣ ਨੂੰ ਨੀ ਸੀ ਦਿੱਤਾ…..!” (ਬਾਹਰ ਸਕੂਟਰ ਦਾ ਹਾਰਨ ਵੱਜਦਾ ਹੈ) ਕਹਿ ਕੇ ਜਗਮੀਤ ਕੌਰ ਆਪਣੀ ਸੁੱਤੀ ਪਈ ਨਿੱਕੀ ਪੋਤੀ ਨੂੰ ਗਲ਼ੇ ਲਾ ਕੇ ਬਾਹਰ ਲਖਵੰਤ ਦੇ ਸਕੂਟਰ ਮਗਰ ਬੈਠ ਗਈ ਤੇ ਉਸ ਦੀਆਂ ਅੱਖਾਂ ਵਿੱਚ ਆਪ ਮੁਹਾਰੇ ਹੀ ਪਾਣੀ ਭਰ ਰਿਹਾ ਸੀ ਤੇ ਸੋਚਦੀ ਸੀ ਕਿ ਜਿਹੜੇ ਪੁੱਤ ਨੂੰ ਮਿਹਨਤਾਂ ਕਰਕੇ ਅਫਸਰ ਲਵਾਇਆ ਸੀ ਜਦ ਉਸ ਨੂੰ ਹੀ ਮੋਹ ਨਹੀਂ ਤਾਂ ਹੋਰ ਕਿਸੇ ਨੂੰ ਕੀ ਦੋਸ਼ ਦੇਵੇ ਕਿਉਂਕਿ ਇਹੀ ਸਾਡੀ ਸਮਾਜ ਦੀ ਬਦਲਦੀ ਦਸ਼ਾ ਹੈ ਜਿੱਥੇ ਮਾਪੇ ਰੁਲ਼ ਰਹੇ ਹਨ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly