ਏਹੁ ਹਮਾਰਾ ਜੀਵਣਾ ਹੈ -496

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)- ਅੱਜ ਕੱਲ੍ਹ ਹਰ ਕੋਈ ਇਹੀ ਸੋਚਦਾ ਹੈ ਕਿ ਜੀਹਦੇ ਕੋਲ ਫੋਨ ਨਹੀਂ…ਭਲਾ ਓਹਦੀ ਵੀ ਕੋਈ ਜ਼ਿੰਦਗੀ ਹੈ? ਜੇ ਦੇਖਿਆ ਜਾਵੇ ਤਾਂ ਸੱਚੀਂ… ਫ਼ੋਨ ਬਿਨਾਂ ਵੀ ਕੋਈ ਜ਼ਿੰਦਗੀ ਨਹੀਂ । ਇਹਦਾ ਰੁਤਬਾ ਤਾਂ ਅਲਾਦੀਨ ਦੇ ਚਿਰਾਗ ਜਿੱਡਾ ਹੈ …. ਪਤਾ ਨਹੀਂ ਇਹਦੇ ਵਿੱਚੋਂ ਕਿਹੜੇ ਵੇਲੇ ਜਿੰਨ ਨੇ ਪ੍ਰਗਟ ਹੋ ਜਾਣਾ…? ਹਰ ਕਿਸੇ ਦਾ ਹਰ ਵੇਲ਼ੇ  ਧਿਆਨ ਤਾਂ ਇਹਦੇ ਵਿੱਚ ਏਦਾਂ ਹੀ ਲੱਗਿਆ ਰਹਿੰਦਾ ਹੈ । ਇਸ ਨਵੇਂ ਜ਼ਮਾਨੇ ਦੀ ਚਮ ਚਮ ਕਰਦੀ ਚਕਾਚੌਂਧ ਵਿੱਚ ਹਰ ਵਰਗ ਅਤੇ ਹਰ ਉਮਰ ਦੇ ਲੋਕਾਂ ਦੀਆਂ ਅੱਖਾਂ ਸ਼ਾਇਦ ਧੁੰਦਲਾ ਰਹੀਆਂ ਹਨ ਕਿਉਂ ਕਿ ਫੋਨਾਂ ਦੀ ਚਮਕ ਹੀ ਅੱਖਾਂ ਵਿੱਚ ਐਨੀ ਪੈਂਦੀ ਹੈ। ਪੁਰਾਣੇ ਸੰਸਕਾਰ ਅਤੇ ਸ਼ਰਮ ਹਯਾ ਦੇ ਉੱਪਰ ਅਜ਼ਾਦੀ ਵਾਲ਼ੀ ਮੋਟੀ ਪਰਤ ਚੜ੍ਹ ਰਹੀ ਹੈ ਕਿਉਂ ਕਿ ਫੋਨਾਂ ਦੇ ਮੈਸੇਜ ਬਾਕਸਾਂ ਵਿੱਚ ਸਮਿਆਂ ਦੇ ਸੰਸਕਾਰ ਦੱਬ ਗਏ ਹਨ । ਫ਼ੋਨ ਕੀ ਆਏ ਕਿ ਆਪਣੇ ਫ਼ੈਸਲੇ ਲੈਂਦਿਆਂ ਉਮਰਾਂ ਦੇ ਅੰਤਰਾਲ ਨਜ਼ਰੀਂ ਨਹੀਂ ਪੈਂਦੇ, ਉਹਨਾਂ ਨੂੰ ਰਿਸ਼ਤਿਆਂ ਦੇ ਹੱਦਾਂ ਬੰਨੇ ਦਿਖਾਈ ਨਹੀਂ ਦਿੰਦੇ ।ਪਿਛਲੇ ਇੱਕ ਡੇਢ ਦਹਾਕੇ ਤੋਂ ਮਨੁੱਖੀ ਦਿਮਾਗ ਉੱਤੇ ਫੋਨਾਂ ਨੇ ਐਨੀ ਬੁਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਕਿ ਸੌਂਦੇ- ਜਾਗਦੇ,ਉੱਠਦੇ -ਬੈਠਦੇ,ਘਰ-ਬਾਹਰ, ਰੁੱਝੇ ਹੋਏ ਜਾਂ ਵਿਹਲੇ ਬੈਠਿਆਂ ਮਤਲਬ ਕਿ ਹਰ ਸਮੇਂ ਮਨੁੱਖ ਨੂੰ ਘੜੀ ਘੜੀ ਫੋਨ ਦੇਖਣ ਵਾਲੀ ਬਿਮਾਰੀ ਨੇ ਘੇਰ ਲਿਆ ਹੈ। ਫ਼ੋਨ ਨੁਮਾ ਬਿਮਾਰੀ ਮਨੁੱਖ ਉੱਪਰ ਇਸ ਕਦਰ ਭਾਰੂ ਹੋ ਰਹੀ ਹੈ ਕਿ ਇਹ ਇੱਕ ਪੁਆੜੇ ਦੀ ਜੜ੍ਹ ਜਾਂ ਬੀਮਾਰੀ ਬਣਦੇ ਜਾ ਰਹੇ ਹਨ। ਮੰਨਿਆ ਕਿ ਇਹ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਹਿੱਸਾ ਬਣ ਗਏ ਹਨ,ਇਹ ਸਾਡੀ ਸੁੱਖ ਸਹੂਲਤ ਬਣ ਗਏ ਹਨ, ਸਾਡੀ ਪ੍ਰਗਤੀ ਦਾ ਇੱਕ ਹਿੱਸਾ ਹਨ ਪਰ ਅੱਜ ਆਪਾਂ ਇਸ ਗੱਲ ਤੇ ਝਾਤੀ ਮਾਰੀਏ ਕਿ ਇਹ ਮਨੁੱਖੀ ਜੀਵਨ ਦਾ ਇੱਕ ਨਾਕਾਰਾਤਮਕ ਹਿੱਸਾ ਵੀ ਬਣ ਗਏ ਹਨ।

               ਅੱਜ ਕੱਲ੍ਹ ਫੋਨ ਰਾਹੀਂ “ਇੰਸਟੈਂਟ ਰੀਐਕਸ਼ਨ” ਹੁੰਦਾ ਹੈ। ਘਰਾਂ ਪਰਿਵਾਰਾਂ ਵਿੱਚ ਜਿਹੜੀਆਂ ਗੱਲਾਂ ਨੂੰ ਹਜ਼ਮ ਕਰਨ ਲਈ ਕਈ ਵਾਰ ਥੋੜ੍ਹਾ ਜਿਹਾ ਵਕ਼ਤ ਚਾਹੀਦਾ ਹੁੰਦਾ ਹੈ ਉਹ ਗੱਲਾਂ ਉਸੇ ਸਮੇਂ ਹੀ ਇੱਕ ਦੂਜੇ ਨੂੰ ਫ਼ੋਨ ਮਿਲ਼ਾ ਕੇ “ਕਲੀਅਰ” ਕਰਦੇ ਕਰਦੇ ਰਿਸ਼ਤਿਆਂ ਦੇ ਪਿਆਰ “ਕਲੀਅਰ” ਕਰ ਬੈਠਦੇ ਹਨ ਭਾਵ ਰਿਸ਼ਤਿਆਂ ਵਿੱਚ ਕੜਵਾਹਟ ਪੈਦਾ ਕਰ ਲੈਂਦੇ ਹਨ। ਮੰਨ ਲਓ, ਜੇ ਕਿਸੇ ਇੱਕ ਭਰਾ ਨੇ, ਕਿਸੇ ਗੱਲੋਂ ਅਣਬਣ ਕਾਰਨ, ਦੂਜੇ ਭਰਾ ਬਾਰੇ ਗੱਲ ਕਰ ਵੀ ਲਈ ਤਾਂ ਤੀਜੇ ਭਰਾ ਨੂੰ ਛੇਤੀ ਹੁੰਦਾ ਹੈ ਕਿ ਉਸੇ ਸਮੇਂ ਉਸ ਦਾ ਹਮਦਰਦੀ ਬਣ ਕੇ ਛੇਤੀ ਛੇਤੀ ਉਸ ਨੂੰ ਫ਼ੋਨ ਕਰਕੇ ਦੱਸ ਦਿੱਤਾ ਜਾਵੇ । ਬੱਸ ਫੇਰ ਕੀ ਹੈ, ਸ਼ੁਰੂ ਹੋ ਜਾਂਦਾ ਹੈ ਫੋਨਾਂ ਉੱਤੇ ਹੀ ਪੁੱਛਣ ਪੁਛਾਉਣ ਦਾ ਦੌਰ ਸਦਾ ਲਈ ਮਨਾਂ ਵਿੱਚ ਫ਼ਰਕ ਵਧਾ ਦਿੰਦੇ ਹਨ।ਫੋਨ ਤੇ ਪੁੱਛਣ ਪੁਛਾਉਣ ਵਾਲ਼ਾ ਸਿਲਸਿਲਾ ਸਾਰੇ ਰਿਸ਼ਤਿਆਂ ਅਤੇ ਆਂਢ ਗੁਆਂਢ ਵਿੱਚ,ਜਾਣ ਪਹਿਚਾਣ ਵਾਲ਼ਿਆਂ ਵਿੱਚ, ਮਤਲਬ ਕਿ ਸਭ ਉੱਤੇ ਹੀ ਭਾਰੂ ਪੈ ਰਿਹਾ ਹੈ । ਜਦ ਫੋਨ ਨਹੀਂ ਸਨ ਤਾਂ ਜਦੋਂ ਤੱਕ ਇੱਕ ਦੂਜੇ ਨਾਲ ਮੇਲ ਮੁਲਾਕਾਤ ਹੁੰਦੀ ਸੀ ਉਦੋਂ ਤੱਕ ਉਹ ਕੀਤੀ ਕਰਾਈ ਗੱਲ ਅੱਧੀ ਕੁ ਭੁੱਲ ਜਾਂਦੀ ਸੀ ਤੇ ਅੱਧੀ ਕੁ ਬੇਹੀ ਹੋ ਕੇ ਬੇਰਸ ਹੋ ਜਾਂਦੀ ਸੀ , ਗੱਲ ਤੇ ਮਿੱਟੀ ਪੈ ਜਾਂਦੀ ਸੀ ਤੇ ਰਿਸ਼ਤਿਆਂ ਵਿੱਚ ਪਿਆਰ ਬਣਿਆ ਰਹਿੰਦਾ ਸੀ। ਪੁੱਛਣ ਪੁਛਾਉਣ ਵਾਲੇ ਸਿਲਸਿਲੇ ਦੇ ਤਹਿਤ ਫ਼ੋਨਾਂ ਦੇ ਬਹੁਤ ਭਿਆਨਕ ਸਿੱਟੇ ਨਿਕਲਦੇ ਹਨ। ਇਹ ਦੋਸਤਾਂ ਮਿੱਤਰਾਂ ਵਿੱਚ, ਭੈਣਾਂ ਭਰਾਵਾਂ ਵਿੱਚ, ਸਹਿਕਰਮੀਆਂ ਵਿੱਚ ਇੱਕ ਵੱਡੇ ਪੁਆੜੇ ਦੀ ਜੜ੍ਹ ਬਣ ਕੇ ਰਿਸ਼ਤੇ ਖ਼ਰਾਬ ਕਰ ਦਿੰਦੇ ਹਨ।
              ਫ਼ੋਨ ਨੇ ਸਾਡੇ,ਉੱਠਣ ਬੈਠਣ, ਖਾਣ ਪੀਣ , ਪਾਠ ਪੂਜਾ ਦੇ ਸਮਿਆਂ ਉੱਪਰ ਕਬਜ਼ਾ ਕਰ ਲਿਆ। ਹਰ ਵਿਅਕਤੀ ਬਾਥਰੂਮ ਵਿੱਚੋਂ ਨਿਕਲਦੇ ਹੀ ਕੱਪੜੇ ਬਾਅਦ ਵਿੱਚ ਪਹਿਲਾਂ ਫੋਨ ਚੈੱਕ ਕਰਦਾ ਹੈ, ਪਾਠ ਪੂਜਾ ਖ਼ਤਮ ਕਰਦੇ ਸਾਰ ਪਹਿਲਾਂ ਆ ਕੇ ਆਪਣੇ ਫ਼ੋਨ ਵੱਲ ਨੂੰ ਭੱਜਦਾ ਹੈ ਜਿਵੇਂ ਪਤਾ ਨਹੀਂ ਉਹਨਾਂ ਪੰਜ ਦਸ ਮਿੰਟਾਂ ਵਿੱਚ ਕਿਹੜੀ ਦੁਨੀਆਂ ਬਦਲ ਗਈ ਹੋਣੀਂ ਹੈ। ਕਈ ਲੋਕ ਤਾਂ ਚੌਂਕੜਾ ਮਾਰੀ ਬੈਠੇ ਵੀ ਕੋਲ਼ ਪਏ ਫੋਨ ਤੇ ਹੌਲੀ ਹੌਲੀ ਟੇਢੀ ਅੱਖ ਨਾਲ ਝਾਤੀਆਂ ਮਾਰਦੇ ਹੋਏ ਹੀ ਆਪਣੀ ਤਪੱਸਿਆ ਸੰਪੂਰਨ ਕਰਦੇ ਹਨ। ਬਹੁਤੇ ਲੋਕ ਚਾਰ ਬੰਦਿਆਂ ਵਿੱਚ ਬੈਠੇ ਬੈਠੇ ਗੱਲਾਂ ਕਰਦੇ ਕਰਦੇ ਘੜੀ ਘੜੀ ਉਸ ਦੀ ਸਕਰੀਨ ਤੇ ਝਾਤੀਆਂ ਮਾਰਦੇ ਦੇਖੇ ਜਾਂਦੇ ਹਨ । ਖਾਣਾ ਖਾਂਦੇ ਖਾਂਦੇ ਸਮੇਂ ਡਾਈਨਿੰਗ ਟੇਬਲ ‘ਤੇ ਪਏ ਖਾਣੇ ਦੇ ਕੋਲ਼ ਰੱਖੇ ਫੋਨ ਵੱਲ ਨੂੰ ਹੀ ਵਾਰ ਵਾਰ ਝਾਤੀਆਂ ਮਾਰਦੇ ਰਹਿੰਦੇ ਹਨ ਕਿ ਉਹਨਾਂ ਨੂੰ ਪਤਾ ਵੀ ਨਹੀਂ ਚੱਲਦਾ ਕਿ ਉਹਨਾਂ ਦਾ ਖਾਣਾ ਕਿਹੜੇ ਵੇਲੇ ਖ਼ਤਮ ਵੀ ਹੋ ਗਿਆ  । ਹਰ ਵਿਅਕਤੀ ਸੌਣ ਲੱਗਿਆਂ ਫੋਨ ਜਾਂ ਫ਼ੋਨਾਂ ਨੂੰ ਸਿਰਹਾਣੇ ਰੱਖ ਕੇ ਪੈਂਦਾ ਹੈ ਤੇ ਰਾਤ ਨੂੰ ਵੀ ਅਧਸੁੱਤੇ ਪਏ ਅੱਧ ਖੁੱਲੀਆਂ ਅੱਖਾਂ ਨਾਲ ਇੱਕ ਦੋ ਵਾਰ ਤਾਂ ਵੇਖ ਹੀ ਲੈਂਦੇ ਹਨ ਜੋ ਸਿਹਤ ਲਈ ਬਹੁਤ ਹਾਨੀਕਾਰਕ ਹੈ।
             ਕਈ ਵਾਰੀ ਤਾਂ ਇਸ ਨੂੰ ਦੇਖਦੇ ਦੇਖਦੇ ਮਨੁੱਖ ਖ਼ੁਦ ਹੀ ਦਿਮਾਗ਼ੀ ਤੌਰ ਤੇ ਐਨਾ ਥੱਕ ਜਾਂਦਾ ਹੈ ਕਿ ਉਸ ਦਾ ਦਿਲ ਕਰਦਾ ਹੈ ਕਿ ਉਹ ਉਸ ਨੂੰ ਪਟਕਾ ਕੇ ਧਰਤੀ ਤੇ ਮਾਰੇ।ਪਰ ਨਾ… ਇਹ ਤਾਂ ਓਹਨੂੰ ਬਿਲਕੁਲ ਮਨਜ਼ੂਰ ਨਹੀਂ… ਉਹ ਇਸ ਤੋਂ ਅੱਕਿਆ ਥੱਕਿਆ ਕੁਰਸੀ ਦੀ ਢੋਅ ਤੇ ਸਿਰ ਸੁੱਟ ਕੇ ਦੋ ਮਿੰਟ ਰਿਲੈਕਸ ਹੋਣ ਲਈ ਅੱਖਾਂ ਬੰਦ ਕਰਕੇ ਜ਼ਰੂਰ ਪੈ ਜਾਵੇਗਾ ਪਰ ਇਹ ਬੀਮਾਰੀ ਹੀ ਐਸੀ ਹੈ ਕਿ ਇਸ ਤੋਂ ਰਿਲੈਕਸ ਹੁੰਦਾ ਹੁੰਦਾ ਵੀ ,ਢੋਅ ਤੇ ਸਿਰ ਸੁੱਟੀ ਪਏ ਦੇ ਹੱਥ ਮਲੱਕੜੇ ਜਿਹੇ ਫ਼ੋਨ ਨੂੰ ਉੱਪਰ ਅੱਖਾਂ ਸਾਹਮਣੇ ਲਿਜਾ ਕੇ,ਵਿੱਚ ਦੀ ਝਾਤੀ ਮਰਵਾ ਹੀ ਦਿੰਦੇ ਹਨ। ਉਸ ਤੋਂ ਅੱਕਿਆ ਥੱਕਿਆ ਹੋਇਆ ਵੀ ਮਨੁੱਖ ਫੋਨ ਨੂੰ ਛੱਡ ਨਹੀਂ ਪਾਉਂਦਾ।ਪਰ ਮਨੁੱਖ ਨੂੰ ਇਹ ਆਪ ਹੀ ਸਮਝਣਾ ਪੈਣਾ ਹੈ ਕਿ ਆਪਣੀ ਸਿਹਤ ਅਤੇ ਰਿਸ਼ਤਿਆਂ ਉੱਤੇ ਐਨੀ ਛੋਟੀ ਜਿਹੀ ਚੀਜ਼ ਨੂੰ ਐਨਾ ਭਾਰੂ ਨਾ ਹੋਣ ਦੇਵੇ ਕਿ ਉਹ ਜ਼ਿੰਦਗੀ ਦਾ ਇੱਕ ਨਾਕਾਰਾਤਮਕ ਹਿੱਸਾ ਬਣ ਜਾਵੇ । ਹਰ ਚੀਜ਼ ਦੀ ਵਰਤੋਂ ਅਗਰ ਸੋਚ ਸਮਝ ਕੇ ਸਹੀ ਤਰੀਕੇ ਨਾਲ ਕੀਤੀ ਜਾਵੇ ਤਾਂ ਉਹ ਵਰਦਾਨ ਬਣ ਸਕਦੀ ਹੈ। ਇਸ ਲਈ ਨਵੀਆਂ ਇਜਾਦਾਂ ਦੇ ਇਸ ਜੰਤਰ ਨੂੰ ਵੀ ਆਪਣੀ ਜ਼ਿੰਦਗੀ ਦਾ ਵਰਦਾਨ ਸਮਝ ਕੇ ਵਰਤਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਯੂਨੀਵਰਸਿਟੀ ਕਾਲਜ ਫੱਤੂਢੀਗਾ ਵਿਖੇ ਸੈਮੀਨਾਰ ਆਯੋਜਿਤ
Next articleगणतंत्र दिवस, संप्रभुता और युवा