ਏਹੁ ਹਮਾਰਾ ਜੀਵਣਾ ਹੈ -495

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-    (ਵੋਟਰ ਦਿਵਸ ਤੇ ਵਿਸ਼ੇਸ਼)

                  ਸਾਡੇ ਦੇਸ਼ ਵਿੱਚ ਕੌਮੀ ਵੋਟਰ ਦਿਵਸ ਨੂੰ 25 ਜਨਵਰੀ 2011 ਤੋਂ ਮਨਾਉਣ ਦੀ ਸ਼ੁਰੂਆਤ ਭਾਰਤੀ ਚੋਣ ਕਮਿਸ਼ਨ ਦੇ ਡਾਇਮੰਡ ਜੁਬਲੀ ਸਮਾਰੋਹ ਦੇ ਸਮਾਪਤੀ ਸਮਾਗਮ ਸਮੇਂ ਕੀਤੀ ਗਈ ਸੀ। ਹਰ ਨਾਗਰਿਕ ਅਠਾਰਾਂ ਸਾਲ ਦੀ ਉਮਰ ਵਿੱਚ ਵੋਟਰ ਬਣ ਕੇ ਬਹੁਤ ਮਾਣ ਮਹਿਸੂਸ ਕਰਦਾ ਹੈ। ਨਵੇਂ ਵੋਟਰਾਂ ਦਾ ਉਤਸ਼ਾਹ ਖ਼ਾਸ ਤੌਰ ਤੇ ਵੇਖਣ ਵਾਲ਼ਾ ਹੁੰਦਾ ਹੈ।ਪਰ ਹਰ ਨਾਗਰਿਕ ਵੋਟਰ ਬਣ ਕੇ ਆਪਣੇ ਵੋਟ ਦੇ ਅਧਿਕਾਰ ਦੀ ਸਮਝਦਾਰੀ ਨਾਲ ਵਰਤੋਂ ਕਰੇ,ਇਹ ਬਹੁਤ ਜ਼ਰੂਰੀ ਹੁੰਦਾ ਹੈ।
                   ਚੋਣਾਂ ਸਮੇਂ ਸਾਡੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਦੀਆਂ ਸਰਗਰਮੀਆਂ ਤੇਜ਼ ਹੋ ਜਾਂਦੀਆਂ ਹਨ । ਨੇਤਾਵਾਂ ਵੱਲੋਂ ਪਾਰਟੀਆਂ ਦੀ ਅਦਲਾ ਬਦਲੀ ਸ਼ੁਰੂ ਹੋ ਜਾਂਦੀ ਹੈ । ਇੱਕ ਪਾਰਟੀ ਵਿੱਚ ਟਿਕਟ ਨਹੀਂ ਮਿਲਦੀ ਤਾਂ ਬਹੁਤੇ ਨੇਤਾ ਪਾਰਟੀ ਬਦਲ ਦਿੰਦੇ ਹਨ। ਜਿਹੜੇ ਵਿਅਕਤੀ ਆਪਣੇ ਸਵਾਰਥ ਲਈ ਸਿਆਸੀ ਖੇਡਾਂ ਖੇਡਦੇ ਹਨ ਆਮ ਲੋਕ ਉਹਨਾਂ ਦੀ ਰਾਜਨੀਤੀ ਦੀਆਂ ਖਬਰਾਂ ਬੜੇ ਉਤਸ਼ਾਹਿਤ ਹੋ ਕੇ ਸੁਣਦੇ ਹਨ ਅਤੇ ਉਨ੍ਹਾਂ ਦਾ ਗੱਜ ਵੱਜ ਕੇ ਸਾਥ ਦਿੰਦੇ ਹਨ। ਸਾਰੇ ਲੋਕ ਅਲੱਗ-ਅਲੱਗ ਨੇਤਾਵਾਂ ਜਾਂ ਪਾਰਟੀਆਂ ਦੀਆਂ ਗੱਲਾਂ ਕਰਕੇ, ਬਹਿਸਬਾਜ਼ੀ ਕਰਕੇ ਆਪਣੀ ਆਪਣੀ ਸੋਚ ਮੁਤਾਬਕ ਚੋਣਾਂ ਤੋਂ ਪਹਿਲਾਂ ਹੀ ਨਤੀਜਿਆਂ ਦਾ ਮੁਲਾਂਕਣ  ਕਰ ਰਹੇ ਹੁੰਦੇ ਹਨ। ਸਾਰੇ ਵੋਟਰ ਕਿਸੇ ਫ਼ਿਲਮ ਵਾਂਗ ਚੋਣਾਂ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ ਅਤੇ ਚੋਣਾਂ ਦੇ ਨਤੀਜਿਆਂ ਦਾ ਖੂਬ ਅਨੰਦ ਮਾਣ ਰਹੇ ਹੁੰਦੇ ਹਾਂ। ਬਹੁਤੇ ਵੋਟਰ ਸ਼ਹੁਰਤ,ਅਮੀਰੀ,ਰੁਤਬਾ ਜਾਂ ਕਿਸੇ ਦਾ ਮੂੰਹ ਮੁਲਾਹਜ਼ਾ ਰੱਖਣ ਲਈ  ਆਪਣੀ ਕੀਮਤੀ ਵੋਟ ਦਾ ਇਸਤੇਮਾਲ ਕਰਦੇ ਹਨ।
                  ਆਪਾਂ ਨੂੰ ਪਤਾ ਹੈ ਕਿ ਸਾਡੇ ਦੇਸ਼ ਦੇ ਸੰਵਿਧਾਨ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ ਸਰਕਾਰ ਬਣਾਉਣ ਲਈ ਵੋਟ ਦਾ ਅਧਿਕਾਰ ਦਿੱਤਾ ਗਿਆ ਹੈ। ਜਨਤਾ ਆਪਣਾ ਪ੍ਰਤੀਨਿਧ ਆਪ ਚੁਣ ਕੇ ਭੇਜਦੀ ਹੈ। ਲੋਕਤੰਤਰਿਕ ਪ੍ਰਣਾਲੀ ਵਿੱਚ ਇਸ ਦੀ ਬਹੁਤ ਮਹੱਤਤਾ ਹੈ।ਆਮ ਨਾਗਰਿਕਾਂ ਦੀ ਵੋਟ ਦੇ ਹੱਕ ਤੇ ਆਧਾਰਿਤ ਦੇਸ਼ ਦੀ ਸਰਕਾਰ ਬਣਦੀ ਹੈ ਪਰ ਸਮਾਜ ਦੇ ਬਹੁਤੇ ਵਰਗਾਂ ਦੇ ਲੋਕ ਇਹ ਘੱਟ ਹੀ ਸੋਚਦੇ ਹਨ ਕਿ ਉਹ ਜਿਸ ਨੂੰ ਵੋਟ ਪਾਉਣ ਜਾ ਰਹੇ ਹਨ ਉਹ ਉਸ ਦੀ ਵੋਟ ਲਈ ਯੋਗ ਉਮੀਦਵਾਰ ਹੈ ਵੀ ਜਾਂ ਨਹੀਂ? ਆਪਣੀ ਇੱਕ ਵੋਟ ਦਾ ਨਤੀਜਾ ਆਪਾਂ ਸਭ ਨੂੰ ਪੰਜ ਸਾਲ  ਭੁਗਤਣਾ ਪੈਂਦਾ ਹੈ।
                 ਚੋਣਾਂ ਦੇ ਦੌਰ ਵਿੱਚ ਸਾਡੀਆਂ ਸਾਰੀਆਂ ਸਿਆਸੀ ਪਾਰਟੀਆਂ ਜ਼ੋਰ ਸ਼ੋਰ ਨਾਲ ਇੱਕ ਦੂਜੇ ਉੱਤੇ ਦੂਸ਼ਣਬਾਜ਼ੀ ਲਾਉਂਦੀਆਂ ਹਨ। ਇੱਕ ਦੂਜੇ ਦੀਆਂ ਖ਼ਾਮੀਆਂ ਨੂੰ ਗਿਣਾਇਆ ਜਾਂਦਾ ਹੈ। ਹਰ ਪਾਰਟੀ ਵੱਲੋਂ ਆਪਣੇ ਉਮੀਦਵਾਰਾਂ ਨੂੰ ਟਿਕਟਾਂ ਦੇਣ ਦਾ ਕੰਮ ਸ਼ੁਰੂ ਹੁੰਦਾ ਹੈ। ਜਿੰਨਾਂ ਨੂੰ ਚੋਣ ਲੜਨ ਲਈ ਆਪਣੀ ਪਾਰਟੀ ਵੱਲੋਂ ਟਿਕਟ ਨਹੀਂ ਮਿਲਦੀ ਉਹ ਵਿਰੋਧੀ ਧਿਰ ਵੱਲ ਹੱਥ ਪੱਲੇ ਮਾਰਨ ਲੱਗਦਾ ਹੈ ਜਾਂ ਫਿਰ ਇੱਕ ਧਿਰ ਨੂੰ ਦੂਜੀ ਧਿਰ ਦਾ ਉਮੀਦਵਾਰ ਤਕੜਾ ਲੱਗਦਾ ਹੈ ਤਾਂ ਉਸ ਨੂੰ ਖਰੀਦਣ ਲਈ ਪੂਰਾ ਜ਼ੋਰ ਲੱਗ ਜਾਂਦਾ ਹੈ। ਮਤਲਬ ਕਿ ਪਾਰਟੀਆਂ ਦੀ ਭੰਨ ਤੋੜ ਕਰਕੇ ਪੂਰੀ ਮੁਰੰਮਤ ਕੀਤੀ ਜਾਂਦੀ ਹੈ ਅਤੇ ਚੋਣਾਂ ਵਿੱਚ ਜਿੱਤ ਨਿਸ਼ਚਿਤ ਕਰਨ ਲਈ ਪਾਰਟੀ ਦਾ ਮਜ਼ਬੂਤੀਕਰਨ ਕੀਤਾ ਜਾਂਦਾ ਹੈ।
            ਹੁਣ ਮੁੱਦਾ ਆਮ ਵਿਅਕਤੀ ਦੀ ਵੋਟ ਦੇ ਅਧਿਕਾਰ ਦਾ ਹੈ। ਸਾਰੇ ਨਾਗਰਿਕ ਆਪਣੇ ਇਸ ਅਧਿਕਾਰ ਦੀ ਵਰਤੋਂ ਬਹੁਤ ਉਤਸ਼ਾਹ ਪੂਰਵਕ ਕਰਦੇ ਹਨ। ਪਰ ਉਹ ਇਸ ਗੱਲੋਂ ਅਣਜਾਣ ਹੁੰਦੇ ਹਨ ਕਿ ਉਹ ਆਪਣੇ ਇਸ ਅਧਿਕਾਰ ਦਾ ਸਹੀ ਇਸਤੇਮਾਲ ਕਰ ਰਹੇ ਹਨ ਜਾਂ ਨਹੀਂ। । ਜਿਹੜੇ ਨੇਤਾ ਲੋਕ ਪੈਸਿਆਂ ਜਾਂ ਅਹੁਦੇ ਦੀ ਸ਼ਰਤ ਤੇ ਮੂਲੀਆਂ ਗਾਜਰਾਂ ਵਾਂਗ ਵਿਕ ਕੇ ਪਾਰਟੀ ਬਦਲ ਰਹੇ ਹੁੰਦੇ ਹਨ ਉਹ ਨੇਤਾ ਕਦੇ ਵੀ ਨਿੱਜਤਾ ਤੋਂ ਉੱਪਰ ਨਹੀਂ ਉੱਠ ਸਕਦੇ। ਉਹ ਜਿੱਤਣ ਤੋਂ ਬਾਅਦ ਕਦੇ ਕਿਸੇ ਦੀ ਸਾਰ ਲੈਣ ਵਾਲ਼ਾ ਨਹੀਂ ਹੁੰਦਾ। ਆਮ ਜਨਤਾ ਨੂੰ ਉਸ ਤੋਂ ਕੋਈ ਆਸ ਨਹੀਂ ਰੱਖਣੀ ਚਾਹੀਦੀ। ਸਿਆਸੀ ਪਾਰਟੀਆਂ ਜਾਂ ਨੇਤਾਵਾਂ ਨੂੰ ਵੋਟਰਾਂ ਦੇ ਦਿਲ ਦੀ ਗੱਲ ਪਤਾ ਹੁੰਦੀ ਹੈ ਕਿਉਂਕਿ ਉਹ ਵੀ ਕਦੇ ਇਨਾਂ ਦਾ ਹਿੱਸਾ ਰਹਿ ਚੁੱਕੇ ਹੁੰਦੇ ਹਨ। ਉਹ ਵੋਟਰਾਂ ਦਾ ਵਰਗੀਕਰਨ ਧਰਮਾਂ ਦੇ ਨਾਂ ਤੇ, ਜਾਤਾਂ ਪਾਤਾਂ ਦੇ ਨਾਂ ਤੇ, ਡੇਰਿਆਂ ਦੇ ਨਾਂ ਤੇ, ਮੁਫ਼ਤਖੋਰੀ ਦੀਆਂ ਸਕੀਮਾਂ ਦੇ ਨਾਂ ਤੇ ਪਹਿਲਾਂ ਤੋਂ ਹੀ ਕਰਕੇ ਬੈਠੇ ਹੁੰਦੇ ਹਨ। ਜਿਹੜੇ ਡੇਰੇ ਦੇ ਮੁੱਖੀ ਦੇ ਅਨੁਆਈ ਜ਼ਿਆਦਾ ਹੁੰਦੇ ਹਨ ਉਹਨਾਂ ਕੋਲ ਸਿਆਸੀ ਆਗੂਆਂ ਦੇ ਚੱਕਰ ਲੱਗਣੇ ਸ਼ੁਰੂ ਹੋ ਜਾਂਦੇ ਹਨ। ਸਾਡੇ ਦੇਸ਼ ਦੀ ਸਿਆਸਤ ਦੇ ਮਿਆਰੀ ਪੱਧਰ ਨੂੰ ਗਿਰਾਉਣ ਵਿੱਚ ਉਹਨਾਂ ਵੋਟਰਾਂ ਦਾ ਵੀ ਬਹੁਤ ਯੋਗਦਾਨ ਹੁੰਦਾ ਹੈ ਜੋ ਪੈਸੇ ਲੈ ਕੇ ਵੋਟ ਪਾਉਂਦੇ ਹਨ। ਕਈ ਲੋਕ ਤਾਂ ਆਪਣੀ ਵੋਟ ਦੀ ਕੀਮਤ ਇੱਕ ਸ਼ਰਾਬ ਦੀ ਬੋਤਲ ਬਰਾਬਰ ਹੀ ਰੱਖ ਦਿੰਦੇ ਹਨ। ਇਸ ਤਰ੍ਹਾਂ ਦੀਆਂ ਮਰੀਆਂ ਜਮੀਰਾਂ ਵਾਲ਼ੇ ਲੋਕਾਂ ਦੀ ਕਰਨੀ ਦਾ ਫ਼ਲ਼ ਸਾਰੇ ਲੋਕਾਂ ਨੂੰ ਭੁਗਤਣਾ ਪੈਂਦਾ ਹੈ। ਜੇ ਤੁਸੀਂ ਸਹੀ ਮਾਇਨਿਆਂ ਵਿੱਚ ਵੋਟਰ ਹੋ ਤਾਂ ਆਪਣੀ ਜ਼ਮੀਰ ਨੂੰ ਜਿੰਦਾ ਰੱਖ ਕੇ ਆਪਣੀ ਵੋਟ ਰੂਪੀ ਤਾਕਤ ਨੂੰ ਕਾਇਮ ਰੱਖਿਆ ਜਾਵੇ ਤੇ ਸਹੀ ਇਸਤੇਮਾਲ ਕੀਤਾ ਜਾਵੇ।
                 ਹਰ ਨਾਗਰਿਕ ਨੂੰ ਵੋਟ ਕਦੇ ਵੀ ਕਿਸੇ ਇੱਕ ਪਾਰਟੀ ਨੂੰ ਦੇਖ ਕੇ ਨਹੀਂ ਪਾਉਣੀ ਚਾਹੀਦੀ। ਵੋਟ ਦਾ ਇਸਤੇਮਾਲ ਕਿਸੇ ਵੀ ਉਮੀਦਵਾਰ ਦੀ ਸ਼ਖ਼ਸੀਅਤ ਨੂੰ ਦੇਖ ਕੇ ਕੀਤਾ ਜਾਣਾ ਚਾਹੀਦਾ ਹੈ । ਜਿਸ ਵਿਅਕਤੀ ਨੇ ਸਮਾਜ ਵਿੱਚ ਵਿਚਰਦਿਆਂ ਸਿਰਜਣਾਤਮਕ ਕਾਰਜ ਕੀਤੇ ਹੋਣ ਜਾਂ ਕਿਸੇ ਹੋਰ ਤਰੀਕੇ ਨਾਲ ਆਮ ਲੋਕਾਂ ਵਿੱਚ ਵਿਚਰਦੇ ਹੋਏ ਸਮਾਜ ਦੇ ਵੱਖ-ਵੱਖ ਖੇਤਰਾਂ ਦੇ ਵਿਕਾਸ ਵਿੱਚ ਯੋਗਦਾਨ ਪਾਇਆ ਹੋਵੇ ,ਜੋ ਜਿੱਤਣ ਤੋਂ ਬਾਅਦ ਵੀ ਹਰ ਆਮ ਆਦਮੀ ਨੂੰ ਓਨੀ ਤਰਜੀਹ ਦੇਵੇ ਜਿੰਨੀ ਉਹ ਵੋਟਾਂ ਮੰਗਣ ਵੇਲੇ ਦੇ ਰਿਹਾ ਸੀ।
          ਆਮ ਲੋਕਾਂ ਦੀ ਬਿਹਤਰੀ ਲਈ ਜਿੰਨੇ ਵੱਡੇ ਦਾਅਵੇ ਅਤੇ ਵਾਅਦੇ ਕੀਤੇ ਜਾਂਦੇ ਹਨ,ਉਹ ਪਾਰਟੀਆਂ ਇਹਨਾਂ ਉੱਤੇ ਖ਼ਰੀਆਂ ਉੱਤਰ ਸਕਣਗੀਆਂ ਜਾਂ ਨਹੀਂ ,ਹਰ ਵੋਟਰ ਨੂੰ ਇਸ ਬਾਰੇ ਸੋਚਣਾ ਚਾਹੀਦਾ ਹੈ । ਹਰ ਵੋਟਰ ਨੂੰ ਇਸ ਬਾਰੇ ਪੂਰੀ ਸਮਝਦਾਰੀ ਹੋਣੀ ਚਾਹੀਦੀ ਹੈ ਕਿਉਂ ਕਿ ਹੁਣ ਤੱਕ ਬਹੁਤ ਵੱਡੇ ਵੱਡੇ ਵਾਅਦੇ ਕਰਨ ਵਾਲ਼ੀਆਂ ਰਾਜਨੀਤਕ ਪਾਰਟੀਆਂ ਵੋਟਰਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੀ ਕਰਦੀਆਂ ਹਨ।  ਸਿਆਸੀ ਨੇਤਾਵਾਂ ਵੱਲੋਂ ਵੋਟਰਾਂ ਦਾ ਇਸਤੇਮਾਲ ਕਠਪੁਤਲੀਆਂ ਵਾਂਗ ਬਾਖੂਬੀ ਕੀਤਾ ਜਾਂਦਾ ਹੈ ਪਰ ਸਾਰੇ ਵੋਟਰਾਂ ਨੂੰ ਚੋਣਾਂ ਵਿੱਚ ਬੇਲੋੜੇ ਪ੍ਰਭਾਵ ਹੇਠ ਆ ਕੇ ਆਪਣੀ ਅਹਿਮੀਅਤ ਨਹੀਂ ਗਵਾਉਣੀ ਚਾਹੀਦੀ। ਜਦੋਂ ਸਾਡੇ ਦੇਸ਼ ਦੇ ਲੋਕ ਇੱਕ ਵੋਟਰ ਦੇ ਰੂਪ ਵਿੱਚ ਆਪਣੀ ਅਹਿਮੀਅਤ ਸਮਝਣ ਲੱਗ ਪੈਣਗੇ, ਆਪਣਾ ਜਮਹੂਰੀ ਹੱਕ ਕਿਸੇ ਵਿਅਕਤੀ ਵਿਸ਼ੇਸ਼ ਦੇ ਪ੍ਰਭਾਵ ਹੇਠ ਆ ਕੇ ਕਰਨ ਦੀ ਬਜਾਏ ਆਪਣੇ ਦਿਮਾਗ ਦਾ ਇਸਤੇਮਾਲ ਕਰਕੇ ਕਰਨ ਲੱਗ ਪੈਣਗੇ ਤਾਂ ਉਸ ਦਿਨ ਵੋਟ ਦੀ ਸਹੀ ਕੀਮਤ ਅਦਾ ਕਰ ਸਕਣਗੇ।ਇਸ ਦੁਨੀਆਂ ਵਿੱਚ ਵਿਚਰਦੇ ਹੋਏ ਆਪਣੇ ਹੱਕਾਂ ਦਾ ਸਹੀ ਇਸਤੇਮਾਲ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਧੀਆਂ
Next articleਉੱਘੇ ਲੇਖਕ ਪਾਲ ਜਲੰਧਰੀ ਦਾ ਪਹਿਲਾ ਕਾਵਿ ਸੰਗ੍ਰਹਿ “ਹਰਫ਼ਾਂ ਦੀ ਨਗਰੀ” ਦੀ ਈ-ਕਿਤਾਬ ਲੋਕ ਅਰਪਣ