(ਸਮਾਜ ਵੀਕਲੀ)- ਵਿਸ਼ਵੀਕਰਨ ਹੋਣ ਕਰਕੇ ਭਾਰਤੀ ਸਭਿਆਚਾਰ ਅਤੇ ਰਹਿਣੀ ਬਹਿਣੀ ਵਿੱਚ ਬਹੁਤ ਤੇਜ਼ੀ ਨਾਲ ਬਦਲਾਅ ਆਇਆ ਹੈ। ਜ਼ਮਾਨੇ ਦੇ ਕਦਮ ਨਾਲ ਕਦਮ ਨਹੀਂ ਮਿਲਾ ਕੇ ਤੁਰਾਂਗੇ ਤਾਂ ਬਹੁਤ ਵੱਡਾ ਪਾੜ ਪੈ ਜਾਵੇਗਾ ਜਿਸ ਨੂੰ ਪੂਰਨਾ ਬਹੁਤ ਔਖਾ ਹੁੰਦਾ ਹੈ।ਪਰ ਜ਼ਿੰਦਗੀ ਦੇ ਤੌਰ ਤਰੀਕਿਆਂ ਨੂੰ ਕੁਰਾਹੇ ਪਾ ਕੇ ਉਸ ਨੂੰ ਜ਼ਮਾਨੇ ਦਾ ਬਦਲਾਅ ਜਾਂ ਆਪਣੇ ਆਪ ਨੂੰ ਜ਼ਮਾਨੇ ਦੇ ਹਾਣੀ ਕਹਿਣਾ ਮੂਰਖ਼ਤਾ ਹੈ। ਭਾਰਤੀ ਸੰਸਕ੍ਰਿਤੀ ਪੱਛਮੀ ਸੱਭਿਅਤਾ ਦੇ ਪ੍ਰਭਾਵ ਹੇਠ ਆ ਕੇ ਉਹ ਨਾ ਤਾਂ ਪੂਰੀ ਤਰ੍ਹਾਂ ਉਸ ਨੂੰ ਅਪਣਾਉਣ ਦੇ ਕਾਬਿਲ ਬਣ ਰਹੀ ਹੈ ਤੇ ਨਾ ਹੀ ਆਪਣੇ ਸਭਿਆਚਾਰ ਉੱਤੇ ਖਰਾ ਉਤਰ ਰਹੀ ਹੈ। ਸਾਡੇ ਦੇਸ਼ ਵਿੱਚ ਲੋਕ ਰੀਸ ਤਾਂ ਬਾਹਰਲੇ ਮੁਲਕਾਂ ਦੇ ਲੋਕਾਂ ਦੇ ਰਹਿਣ ਸਹਿਣ ਦੇ ਢੰਗਾਂ ਅਤੇ ਤੌਰ ਤਰੀਕਿਆਂ ਦੀ ਕਰ ਰਹੇ ਹਨ ਪਰ ਮਾਨਸਿਕ ਤੌਰ ਤੇ ਸੋਚ ਦਾ ਪੱਧਰ ਉਹਨਾਂ ਨੂੰ ਪੂਰੀ ਤਰ੍ਹਾਂ ਅਪਣਾ ਨਹੀਂ ਰਿਹਾ ਹੁੰਦਾ ਜਿਸ ਕਰਕੇ ਮਨੁੱਖ ਆਪਣੇ ਆਪ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਵਿੱਚ ਉਲਝਿਆ ਉਲਝਿਆ ਸਮਝਦਾ ਹੈ।
ਸਾਡੀ ਨੌਜਵਾਨ ਪੀੜ੍ਹੀ ਵਿਦੇਸ਼ੀ ਸਭਿਆਚਾਰ ਨੂੰ ਬਹੁਤ ਤੇਜ਼ੀ ਨਾਲ ਅਪਣਾਅ ਰਹੀ ਹੈ। ਉਹਨਾਂ ਦੇ ਖਾਣ ਪੀਣ, ਪਹਿਰਾਵੇ,ਬੋਲੀ ਅਤੇ ਸਮਾਜ ਵਿੱਚ ਵਿਚਰਨ ਵਾਲੀਆਂ ਗਤੀਵਿਧੀਆਂ ਉੱਪਰ ਵਿਦੇਸ਼ੀ ਰੰਗਤ ਗੂੜ੍ਹੀ ਚੜ੍ਹਦੀ ਜਾ ਰਹੀ ਹੈ। ਇਸ ਵਿੱਚ ਅਜੋਕੇ ਮਾਪਿਆਂ ਦਾ ਵੀ ਯੋਗਦਾਨ ਪੂਰਾ ਪੂਰਾ ਹੁੰਦਾ ਹੈ। ਜਦੋਂ ਬੱਚੇ ਘਰ ਦੇ ਖਾਣੇ ਦੀ ਜਗ੍ਹਾ ਵਿਦੇਸ਼ੀ ਲਜ਼ਤ ਵਾਲੇ ਪਕਵਾਨਾਂ ਨੂੰ ਤਰਜੀਹ ਦਿੰਦੇ ਹਨ ਤਾਂ ਮਾਪੇ ਵੀ ਉਹਨਾਂ ਦਾ ਸਾਥ ਦਿੰਦੇ ਨਜ਼ਰ ਆਉਂਦੇ ਹਨ। ਬਾਹਰ ਦੇ ਖਾਣੇ ਘਰ ਮੰਗਵਾ ਕੇ ਖਾਣਾ ਜਾਂ ਬਾਹਰ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਖਾਣਾ, ਬੱਚਿਆਂ ਦਾ ਨਿੱਕੀ ਨਿੱਕੀ ਗੱਲ ਤੇ ‘ਸੈਲੀਬਰੇਸ਼ਨ’ ਦਾ ਨਾਂ ਦੇ ਕੇ ਦੋਸਤਾਂ ਨਾਲ਼ ਪਹਾੜੀ ਇਲਾਕਿਆਂ ਵਿੱਚ ਘੁੰਮਦੇ ਫਿਰਨਾ ਜਾਂ ਵੱਡੇ ਵੱਡੇ ਹੋਟਲਾਂ ਵਿੱਚ ਪਾਰਟੀਆਂ ਕਰਦੇ ਫਿਰਨਾ ਤੇ ਇਸੇ ਸਮੇਂ ਦੌਰਾਨ ਹੁੱਲੜਬਾਜ਼ੀ ਕਰਦੇ ਫਿਰਨਾ, ਆਪਣੇ ਮਾਪਿਆਂ ਦੇ ਪੈਸੇ ਦਾ ਵਿਖਾਵਾ ਕਰਨ ਲਈ ਉਹਨਾਂ ਦੀਆਂ ਗੱਡੀਆਂ ਲਈ ਫਿਰਨਾ ਜਾਂ ਝੂਠੀ ਸ਼ਾਨੋ ਸ਼ੌਕਤ ਦਾ ਵਿਖਾਵਾ ਕਰਨ ਲਈ ਮਾਪਿਆਂ ਵੱਲੋਂ ਕਰਜ਼ੇ ਚੁੱਕ ਕੇ ਗੱਡੀਆਂ ਖ੍ਰੀਦਣਾ ਆਦਿ ਵਿਦੇਸ਼ੀ ਸਭਿਆਚਾਰ ਨੂੰ ਅਪਣਾਉਣ ਦਾ ਹੁੰਗਾਰਾ ਭਰਦੇ ਹਨ। ਇਸ ਤਰ੍ਹਾਂ ਕਰਕੇ ਜਿੱਥੇ ਬਾਹਰਲੇ ਖਾਣਿਆਂ ਕਾਰਨ ਬੱਚੇ ਦੀ ਸਿਹਤ ਉੱਪਰ ਬੁਰਾ ਪ੍ਰਭਾਵ ਪੈਂਦਾ ਹੈ ਉੱਥੇ ਹੀ ਬੱਚਿਆਂ ਵਿੱਚ ਸ਼ਿਸ਼ਟਾਚਾਰ ਖ਼ਤਮ ਹੁੰਦਾ ਜਾ ਰਿਹਾ ਹੈ। ਉਹਨਾਂ ਅੰਦਰ ਪਰਿਵਾਰ ਵਿੱਚ ਬੈਠ ਕੇ ਦੁੱਖ ਸੁੱਖ ਸਾਂਝਾ ਕਰਨ ਦੀ ਆਦਤ, ਪਰਿਵਾਰਿਕ ਮੈਂਬਰਾਂ ਪ੍ਰਤੀ ਪਿਆਰ ਦੀ ਭਾਵਨਾ ਘਟਦੀ ਜਾ ਰਹੀ ਹੈ। ਕਈ ਵਾਰ ਮਾਪਿਆਂ ਦੀ ਦਿੱਤੀ ਖੁੱਲ੍ਹ ਉਹਨਾਂ ਦੀ ਜਾਨ ਤੇ ਭਾਰੂ ਪੈ ਜਾਂਦੀ ਹੈ। ਸਾਡੇ ਦੇਸ਼ ਵਿੱਚ ਐਕਸੀਡੈਂਟ, ਬਲਾਤਕਾਰ ਅਤੇ ਕਤਲੋਗਾਰਦ ਵਰਗੀਆਂ ਵਧ ਰਹੀਆਂ ਘਟਨਾਵਾਂ ਬਹੁਤਾ ਕਰਕੇ ਸਮੇਂ ਦੀ ਖੁੱਲ੍ਹ ਵਿੱਚੋਂ ਹੀ ਉਪਜ ਰਹੀਆਂ ਹਨ ਅਤੇ ਬਹੁਤੀਆਂ ਘਟਨਾਵਾਂ ਨੌਜਵਾਨ ਵਰਗ ਨਾਲ਼ ਹੀ ਜੁੜੀਆਂ ਹੋਈਆਂ ਹੁੰਦੀਆਂ ਹਨ,ਜਿਹਨਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ ।
ਗੈਂਗਸਟਰਵਾਦ ਜਾਂ ਨਸ਼ਿਆਂ ਦੇ ਜਾਲ ਵਿੱਚ ਫਸ ਜਾਣਾ ਵੀ ਸਮੇਂ ਦੀ ਖੁੱਲ੍ਹ ਦਾ ਨਤੀਜਾ ਹੀ ਹੈ। ਪਹਿਲਾਂ ਤਾਂ ਮਾਪਿਆਂ ਵੱਲੋਂ ਬੱਚਿਆਂ ਨੂੰ ਕਿਤੇ ਆਉਣ ਜਾਣ ਤੋਂ ਨਾ ਵਰਜਣਾ, ਉਹਨਾਂ ਦੀਆਂ ਗਤੀਵਿਧੀਆਂ ਤੇ ਧਿਆਨ ਦੇਣ ਦੀ ਬਜਾਏ ਉਹਨਾਂ ਨੂੰ “ਭਾਈ,ਅੱਜ ਕੱਲ੍ਹ ਦੇ ਬੱਚਿਆਂ ਦੀ ਜ਼ਮਾਨੇ ਦੇ ਹਿਸਾਬ ਨਾਲ ਹਰ ਲੋੜ ਪੂਰੀ ਕਰਨੀ ਹੀ ਪੈਂਦੀ ਹੈ” ਕਹਿ ਕੇ ਉਹਨਾਂ ਦੀ ਪੈਸੇ ਧੇਲੇ ਦੀ ਮੰਗ, ਬਰੈਂਡਡ ਕੱਪੜਿਆਂ ਦੀ ਮੰਗ ਤੇ ਫਿਰ ਗੱਡੀਆਂ ਦੀ ਮੰਗ ਪੂਰੀ ਕੀਤੀ ਜਾਂਦੀ ਹੈ ਪਰ ਉਹਨਾਂ ਉੱਪਰ ਨਜ਼ਰਸਾਨੀ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਜਿਸ ਕਰਕੇ ਅਲ੍ਹੜ ਉਮਰੇ ਅਕਸਰ ਗ਼ਲਤ ਲੋਕਾਂ ਦੇ ਧੱਕੇ ਚੜ੍ਹ ਜਾਣਾ, ਸਵਾਦ ਚੱਖਦੇ ਚੱਖਦੇ ਨਸ਼ਿਆਂ ਦੇ ਧਾਰਨੀ ਬਣ ਜਾਣਾ, ਕਿਤੇ ਪਿਆਰ ਮੁਹੱਬਤ ਦੇ ਚੱਕਰ ਵਿੱਚ ਫਸਣਾ ਤੇ ਨਾਕਾਮ ਹੋ ਜਾਣਾ ਜਾਂ ਤਾਂ ਉਹਨਾਂ ਨੂੰ ਆਪ ਗ਼ਲਤ ਕਦਮ ਚੁੱਕਣ ਲਈ ਮਜਬੂਰ ਕਰਦਾ ਹੈ ਜਾਂ ਬਦਲੇ ਦੀ ਭਾਵਨਾ ਕਰਕੇ ਕਿਸੇ ਅਪਰਾਧ ਨੂੰ ਅੰਜਾਮ ਦੇ ਦੇਣਾ,ਇਹ ਸਭ ਸਮੇਂ ਦੀ ਖੁੱਲ੍ਹ ਵਿੱਚੋਂ ਹੀ ਉਪਜਦੇ ਹਨ।
ਜੇ ਵਿਦੇਸ਼ੀ ਸਭਿਆਚਾਰ ਨੂੰ ਦੇਖੀਏ ਤਾਂ ਉੱਥੇ ਨੌਜਵਾਨ ਪੀੜ੍ਹੀ ਅੱਜ ਨੂੰ ਜਿਊਂਦੀ ਹੈ, ਉਹ ਆਪਣੇ ਜੀਵਨ ਸਾਥੀ ਨਾਲ ਆਪਣੇ ਵਰਤਮਾਨ ਸਮੇਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਆਪਣੇ ਗ੍ਰਹਿਸਥ ਜੀਵਨ ਦੀ ਨੀਂਹ ਰੱਖਦੇ ਹਨ। ਉਹਨਾਂ ਦਾ ਆਪਸ ਵਿੱਚ ਸੁਭਾਅ ਦਾ ਮੇਲ ਖਾਣਾ ਜਾਂ ਨਾ ਮੇਲ ਖਾਣਾ ਹੀ ਘਰ ਵਸਾਉਣ ਜਾਂ ਟੁੱਟਣ ਦਾ ਕਾਰਨ ਬਣਦਾ ਹੈ। ਉਹਨਾਂ ਨੂੰ ਇਸ ਗੱਲ ਤੱਕ ਕੋਈ ਮਤਲਬ ਨਹੀਂ ਹੁੰਦਾ ਕਿ ਉਹਨਾਂ ਦੇ ਜੀਵਨ ਸਾਥੀ ਦਾ ਉਸ ਤੋਂ ਪਹਿਲਾਂ ਕਿਸ ਨਾਲ ਕੀ ਸਬੰਧ ਸੀ। ਪਰ ਸਾਡੇ ਸਮਾਜ ਵਿੱਚ ਸਮੇਂ ਦੀ ਖੁੱਲ੍ਹ ਕਾਰਨ ਮਿਲ਼ੀ ਵਿਆਹ ਤੋਂ ਪਹਿਲਾਂ ਵਾਲ਼ੀ ਅਜ਼ਾਦੀ ਦੌਰਾਨ ਬਣੇ ਲੜਕੀ ਦੇ ਕਿਸੇ ਹੋਰ ਲੜਕੇ ਨਾਲ਼ ਜਾਂ ਲੜਕੇ ਦੇ ਕਿਸੇ ਹੋਰ ਲੜਕੀ ਨਾਲ ਬਣੇ ਰਿਸ਼ਤੇ ਹੀ ਉਹਨਾਂ ਦੀ ਵਿਆਹੁਤਾ ਜ਼ਿੰਦਗੀਆਂ ਤੇ ਭਾਰੂ ਪੈ ਜਾਂਦੇ ਹਨ। ਜੋ ਉਹਨਾਂ ਦਾ ਪਰਿਵਾਰਕ ਜੀਵਨ ਤਾਂ ਨਾਸ਼ ਕਰਦੇ ਹੀ ਹਨ ਨਾਲ ਹੀ ਉਹਨਾਂ ਦੇ ਬੱਚਿਆਂ ਦਾ ਤੇ ਉਹਨਾਂ ਦੇ ਮਾਪਿਆਂ ਦਾ ਵੀ ਜੀਵਨ ਖਰਾਬ ਕਰ ਦਿੰਦੇ ਹਨ। ਇਸ ਤਰ੍ਹਾਂ ਸਾਡੇ ਸਮਾਜ ਵਿੱਚ ਸਮੇਂ ਦੀ ਮਿਲ਼ੀ ਖੁੱਲ੍ਹ ਦੌਰਾਨ ਹੋਈ ਇੱਕ ਗਲਤੀ ਹੀ ਤਿੰਨ ਤਿੰਨ ਪੀੜ੍ਹੀਆਂ ਨੂੰ ਬਰਬਾਦ ਕਰ ਦਿੰਦੀ ਹੈ,ਘਰ ਬਰਬਾਦ ਕਰ ਦਿੰਦੀ ਹੈ।
ਸੋ ਅੰਤ ਵਿੱਚ ਇਹੀ ਨਤੀਜਾ ਨਿਕਲਦਾ ਹੈ ਕਿ ਸਮੇਂ ਦੀ ਖੁੱਲ੍ਹ ਨੂੰ ਜ਼ਰੂਰ ਮਾਨਣਾ ਚਾਹੀਦਾ ਹੈ ਪਰ ਸਾਨੂੰ ਸਾਡੇ ਸਭਿਆਚਾਰਕ ਅਤੇ ਸਮਾਜਿਕ ਦਾਇਰੇ ਵਿੱਚ ਰਹਿ ਕੇ ਜੇ ਉਸ ਖੁੱਲ੍ਹ ਨੂੰ ਮਾਣਿਆ ਜਾਵੇ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly