ਏਹੁ ਹਮਾਰਾ ਜੀਵਣਾ ਹੈ -470

ਬਰਜਿੰਦਰ-ਕੌਰ-ਬਿਸਰਾਓ-
 (ਸਮਾਜ ਵੀਕਲੀ)
 ਮਨੁੱਖ ਪੰਜ ਤੱਤਾਂ ਦਾ ਬਣਿਆ,ਪੰਜ ਤੱਤਾਂ ਨਾਲ ਜ਼ਿੰਦਗੀ ਬਸਰ ਕਰਦਾ ਹੋਇਆ ਪੰਜ ਤੱਤਾਂ ਵਿੱਚ ਹੀ ਵਿਲੀਨ ਹੋ ਜਾਂਦਾ ਹੈ। ਇਸ ਲਈ ਮਨੁੱਖ ਆਪਣੇ ਆਪ ਨੂੰ ਜਿੰਨਾਂ ਵੱਡਾ ਮਰਜ਼ੀ ਸਮਝੀ ਜਾਵੇ ਪਰ ਹੈ ਉਹ ਕੁਦਰਤ ਦਾ ਹੀ ਇੱਕ ਹਿੱਸਾ । ਸਮੇਂ, ਉਮਰ ਅਤੇ ਉਸ ਦੇ ਆਲ਼ੇ ਦੁਆਲ਼ੇ ਵਿੱਚ ਬਦਲਦੀਆਂ ਕਈ ਸਥਿਤੀਆਂ ਦੇ ਹਿਸਾਬ ਨਾਲ ਮਨੁੱਖ ਦਾ ਨਜ਼ਰੀਆ ਅਤੇ ਸੋਚ ਵੀ ਬਦਲਦੀ ਰਹਿੰਦੀ ਹੈ।ਜਿਸ ਮਨੁੱਖ ਵਿੱਚ ਉਮਰ ਜਾਂ ਹਾਲਾਤਾਂ ਦੇ ਹਿਸਾਬ ਨਾਲ ਬਦਲਾਅ ਨਾ ਆਵੇ ਤਾਂ ਸਮਝੋ ਉਸ ਦੇ ਸਿਰ ਤੇ ਹਉਮੈ ਦੀ ਪੰਡ ਭਾਰੀ ਹੈ। ਉਦਾਹਰਣ ਦੇ ਤੌਰ ਤੇ ਦਸ ਕੁ ਸਾਲ ਪਹਿਲਾਂ ਕਬਾੜੀਏ ਨੂੰ ਨਿੱਕੀਆਂ ਨਿੱਕੀਆਂ ਚੀਜ਼ਾਂ ਵੇਚਦੇ ਹੋਏ ਉਸ ਦੀ ਤੱਕੜੀ ਵੱਲ ਨਿਗਾਹ ਰੱਖਣੀ, ਘੱਟ ਤੋਲਣ ਜਾਂ ਇੱਕ-ਦੋ ਰੁਪਏ ਭਾਅ ਪਿੱਛੇ ਵੀ ਬਹਿਸ ਹੋ ਜਾਣੀ ,ਪਰ ਅੱਜ ਕਬਾੜ ਚੁੱਕ ਕੇ ਫ੍ਰੀ ਵਿੱਚ ਦੇ ਦੇਣਾ ਵੀ ਨਜ਼ਰੀਏ ਦਾ ਬਦਲਾਅ ਹੀ ਤਾਂ ਹੁੰਦਾ ਹੈ। ਉਦੋਂ ਉਮਰ‌ ਦੇ ਹਿਸਾਬ ਨਾਲ, ਪੈਸੇ ਦੇ ਹਿਸਾਬ ਨਾਲ ਜਾਂ ਸੁਭਾਅ ਦੇ ਹਿਸਾਬ ਨਾਲ ਆਪਣੀ ਜ਼ੋਰ ਅਜ਼ਮਾਈ ਵੀ ਕਹੀ ਜਾ ਸਕਦੀ ਹੈ ਤੇ ਅੱਜ ਉਹੀ ਨਰਮ ਸੁਭਾਅ ਅਤੇ ਦਰਿਆ ਦਿਲੀ ਦੇ ਕਾਰਨ ਨਜ਼ਰੀਏ ਵਿੱਚ ਬਦਲਾਅ ਆਇਆ ਮੰਨਿਆ ਜਾ ਸਕਦਾ ਹੈ। ਇਸੇ ਤਰ੍ਹਾਂ ਮੈਂ ਕਿਸੇ ਜਾਣ ਪਛਾਣ ਵਾਲੇ ਦੇ ਗਈ ਤਾਂ ਚਾਹ ਪੁੱਛਣ ਤੋਂ ਇਲਾਵਾ ਦੋ ਤਿੰਨ ਘੰਟੇ ਕਿਸੇ ਦੀ ਹੋਰ ਕੁਝ ਪੁੱਛਣ ਦੀ ਹਿੰਮਤ ਨਾ ਪਈ ਜਦ ਕਿ ਉਸ ਸਮੇਂ ਦੌਰਾਨ ਉਹਨਾਂ ਦਾ ਵੀ ਰਾਤ ਦੇ ਖਾਣੇ ਦਾ ਸਮਾਂ ਹੋ ਰਿਹਾ ਸੀ।ਪਰ ਵਿਚਾਰ ਚਰਚਾ ਕਾਰਨ ਬੈਠਣ ਦੀ ਮਿਆਦ ਵੀ ਵਧ ਰਹੀ ਸੀ। ਜੇ ਮੈਂ ਉਹਨਾਂ ਦਾ ਕਰੀਬੀ ਰਿਸ਼ਤੇਦਾਰ ਹੁੰਦਾ ਤਾਂ ਉਹ ਖਾਣਾ ਖਾਧੇ ਬਿਨਾਂ ਨਾ ਆਉਣ ਦਿੰਦੇ,ਪਰ ਜਾਣ ਪਹਿਚਾਣ ਦਾ ਹੋਣ ਕਰਕੇ ਮੈਂ ਮਹਿਜ਼ ਇੱਕ ਮਹਿਮਾਨ ਸੀ।ਇਸ ਕਰਕੇ ਮੇਰੇ ਅੱਗੇ ਖਾਣਾ ਪਰੋਸਣਾ ਜ਼ਰੂਰੀ ਨਹੀਂ ਸੀ। ਗੱਲ ਨਜ਼ਰੀਏ ਤੇ ਆ ਕੇ ਮੁੱਕਦੀ ਹੈ ਕਿਉਂ ਕਿ ਢਿੱਡ ਤਾਂ ਰਿਸ਼ਤੇਦਾਰ ਅਤੇ ਆਮ ਮਹਿਮਾਨ ਦੋਹਾਂ ਦੇ ਹੀ ਲੱਗਿਆ ਹੁੰਦਾ ਹੈ, ਭੁੱਖ ਵੀ ਸਭ ਨੂੰ ਲੱਗਦੀ ਹੈ ਪਰ ਨਜ਼ਰੀਏ ਅਨੁਸਾਰ ਮਹਿਮਾਨ ਵੀ ਵੱਖ ਵੱਖ ਸ਼੍ਰੇਣੀ ਦੇ ਹੁੰਦੇ ਹਨ। ਅਸਲ ਵਿੱਚ ਨਜ਼ਰ ਤੋਂ ਉਪਜਿਆ ਹੋਇਆ ਸ਼ਬਦ ਹੀ ਨਜ਼ਰੀਆ ਹੈ। ਇਸ ਦਾ ਮਤਲਬ ਨਜ਼ਰ ਤੋਂ ਪੈਦਾ ਹੋਇਆ ਉਸ ਨੂੰ ਪ੍ਰਗਟ ਕਰਨ ਦਾ ਹੀਆ ਹੁੰਦਾ ਹੈ ਭਾਵ ਕਿਸੇ ਚੀਜ਼ ਨੂੰ ਦੇਖ ਕੇ ਉਸ ਤੋਂ ਪੈਦਾ ਹੋਏ ਵਿਚਾਰ ਪੈਦਾ ਜਾਂ ਪ੍ਰਗਟ ਕਰਨਾ ਹੀ ਮਨੁੱਖ ਦਾ ਨਜ਼ਰੀਆ ਹੁੰਦਾ ਹੈ। ਮਨੁੱਖ ਦਾ ਨਜ਼ਰੀਆ ਬਦਲਣ ਦੇ ਕਈ ਕਾਰਨ ਹੁੰਦੇ ਹਨ। ਸਾਰੇ ਮਨੁੱਖਾਂ  ਦਾ ਨਜ਼ਰੀਆ ਉਹਨਾਂ ਦੀ ਦਿ੍ਸ਼ਟੀ, ਸੋਚ,ਵਕਤ, ਉਮਰ, ਆਰਥਿਕ, ਸਮਾਜਿਕ, ਸੰਸਕ੍ਰਿਤੀ, ਸੰਸਕਾਰਾਂ ਅਤੇ ਧਾਰਮਿਕ ਦ੍ਰਿਸ਼ਟੀਕੋਣ ਤੋਂ ਵੱਖ ਵੱਖ ਹੁੰਦਾ ਹੈ। ਜਿਵੇਂ ਕਿਸੇ ਨੇ ਪਾਣੀ ਦੇ ਅੱਧੇ ਗਿਲਾਸ ਨੂੰ ਅੱਧਾ ਭਰਿਆ ਕਹਿਣਾ ਹੈ ਕਿਸੇ ਨੇ ਅੱਧਾ ਖਾਲੀ ਕਹਿਣਾ ਹੈ, ਕਿਸੇ ਨੂੰ ਚਹਿਕਦੇ ਪੰਛੀਆਂ ਦੀ ਅਵਾਜ਼ ਆਨੰਦਮਈ ਲੱਗਦੀ ਹੈ ਕਿਸੇ ਨੂੰ ਉਹੀ ਅਵਾਜ਼ ਕੰਨ ਖਾਣੀ ਅਵਾਜ਼ ਲੱਗਦੀ ਹੈ। ਹਰ ਵਿਅਕਤੀ ਦਾ ਨਜ਼ਰੀਆ ਜੀਵਨ ਦੇ ਹਰ ਪੜਾਅ ਤੇ ਆ ਕੇ ਬਦਲ ਜਾਂਦਾ ਹੈ। ਬਚਪਨ ਵਿੱਚ ਆਪਣੇ ਆਲ਼ੇ ਦੁਆਲ਼ੇ ਨੂੰ ਬਹੁਤ ਭੋਲੇਪਣ ਨਾਲ ਦੇਖਣਾ,ਜਵਾਨੀ ਵਿੱਚ ਜ਼ੋਸ਼ੀਲੇ ਅਤੇ ਤੱਤੇ ਤਾਅ ਵਿੱਚ ਲੈਣਾ ਅਤੇ ਬੁਢਾਪੇ ਵਿੱਚ ਸਮਝਦਾਰੀ ਨਾਲ ਦੇਖਣਾ ਹੀ ਤਾਂ ਨਜ਼ਰੀਆ ਬਦਲਣਾ ਹੁੰਦਾ ਹੈ ਹਰ ਮਨੁੱਖ ਦਾ ਆਪਣਾ ਆਪਣਾ ਨਜ਼ਰੀਆ ਉਸ ਦੀ ਆਰਥਿਕ ਸਥਿਤੀ ਅਨੁਸਾਰ ਬਦਲ ਜਾਂਦਾ ਹੈ। ਇੱਕ ਵਿਅਕਤੀ ਜਦ ਗਰੀਬ ਹੁੰਦਾ ਹੈ ਤਾਂ ਉਸ ਨੂੰ ਕਾਗਜ਼ ਦੇ ਫੁੱਲਾਂ ਵਿੱਚੋਂ ਵੀ ਮਹਿਕ ਲੈਣ ਦਾ ਅਹਿਸਾਸ ਪੈਦਾ ਹੋ ਜਾਂਦਾ ਹੈ ਅਤੇ ਘਰ ਦੀ ਬੈਠਕ ਵਿੱਚ ਸਜਾ ਸਜਾ ਕੇ ਰੱਖਦਾ ਹੈ, ਪਰ ਜਦ ਉਹ ਅਮੀਰ ਹੋ ਜਾਂਦਾ ਹੈ ਤਾਂ ਉਹ ਅਸਲੀ ਫੁੱਲਾਂ ਦੀ ਮਹਿਕ ਦੀ ਖ਼ੁਸ਼ਬੂ ਨੂੰ ਪਰਖ਼ਣ ਲੱਗਦਾ ਹੈ ਤੇ ਬਗੀਚੇ ਵਿੱਚ ਲੱਗੇ ਗੁਲਾਬ ਦੇ ਫੁੱਲਾਂ ਨੂੰ ਕਿਸਮਾਂ ਅਤੇ ਰੰਗਾਂ ਦੇ ਹਿਸਾਬ ਨਾਲ ਬਦਲ ਕੇ ਲਗਾਉਣਾ ਚਾਹੁੰਦਾ ਹੈ‌ ਕਿਉਂ ਕਿ ਪੈਸੇ ਨਾਲ ਨਜ਼ਰ ਬਦਲੀ ਨਜ਼ਰ ਬਦਲਣ ਨਾਲ ਹੀ ਸੋਚ ਅਤੇ ਨਜ਼ਰੀਆ ਬਦਲ ਜਾਂਦਾ ਹੈ। ਕੋਈ ਵਿਅਕਤੀ ਧਰਮ ਕਰਮ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ ਤਾਂ ਉਹ ਮੁਰਗੇ,ਬੱਕਰੇ ਵੀ ਰਿੰਨ੍ਹ ਰਿੰਨ੍ਹ ਖਾ ਜਾਂਦਾ ਹੈ,ਉਹੀ ਵਿਅਕਤੀ ਜਦ ਧਰਮ ਕਰਮ ਦੇ ਚੱਕਰਾਂ ਵਿੱਚ ਪੈਂਦਾ ਹੈ ਤਾਂ ਪੈਰ ਹੇਠ ਆ ਕੇ ਕੀੜੀ ਦੇ ਮਾਰੇ ਜਾਣ ਤੇ ਵੀ ਦੁਖੀ ਹੋ ਜਾਂਦਾ ਹੈ। ਸਮਾਜਿਕ ਸਥਿਤੀਆਂ ਅਨੁਸਾਰ ਬਦਲਦਾ ਨਜ਼ਰੀਆ ਵੀ ਆਪਾਂ ਸਭ ਨੇ ਦੇਖਿਆ ਹੀ ਹੈ। ਹਰ ਮਨੁੱਖ ਸਮਾਜਿਕ ਸਥਿਤੀਆਂ ਬਦਲਦੇ ਹੀ ਸੋਚ‌ ਬਦਲਦਾ ਹੈ,ਨਾਲ ਹੀ ਨਜ਼ਰ ਤੇ ਨਜ਼ਰੀਆ ਵੀ ਬਦਲ ਦਿੰਦਾ ਹੈ ਉਸ ਦੇ ਰਹਿਣ ਸਹਿਣ, ਲੋਕਾਂ ਵਿੱਚ ਵਿਚਰਨ, ਗੱਲ ਬਾਤ ਕਰਨ ਦੇ ਢੰਗ,ਪਹਿਨਣ ਪਚਰਨ ਦੇ ਤੌਰ ਤਰੀਕਿਆਂ ਵਿੱਚ ਬਦਲਾਅ ਲੈ ਆਉਣਾ ਆਦਿ , ਉਹਨਾਂ ਦਾ ਨਜ਼ਰੀਆ ਬਦਲਣਾ ਹੀ ਤਾਂ ਹੁੰਦਾ ਹੈ। ਸਮੇਂ ਸਮੇਂ ਅਨੁਸਾਰ, ਹਾਲਾਤਾਂ ਅਨੁਸਾਰ ਜੇ ਮਨੁੱਖ ਦਾ ਨਜ਼ਰੀਆ ਬਦਲਣਾ ਵੀ ਸੁਭਾਵਿਕ ਹੀ ਹੈ। ਜਿਹੜੇ ਮਨੁੱਖ ਆਪਣਾ ਨਜ਼ਰੀਆ ਬਦਲਣ ਦੀ ਕੋਸ਼ਿਸ਼ ਨਹੀਂ ਕਰਦੇ ਉਹ ਖੜੋਤੇ ਪਾਣੀਆਂ ਵਰਗੇ ਹੁੰਦੇ ਹਨ ਕਿਉਂਕਿ ਕਿ ਹਰ ਮਨੁੱਖ ਦੀ ਨਜ਼ਰ ਬਹੁਤ ਵਿਸ਼ਾਲ ਹੁੰਦੀ ਹੈ ਅਤੇ ਉਸ ਵਿੱਚੋਂ ਉਪਜਦਾ ਸੋਚਾਂ ਦਾ ਦਰਿਆ ਠਾਠਾਂ ਮਾਰਦਾ ਅੱਗੇ ਵਧਦਾ ਜਾਂਦਾ ਨਵੇਂ ਰਾਹਾਂ ਦੇ ਆਨੰਦ ਮਾਣਦਾ ਉਸੇ ਅਨੁਸਾਰ ਨਜ਼ਰੀਆ ਬਦਲਦਾ ਰੱਖੇ ਤਾਂ ਹੀ ਤਾਂ ਉਹ ਪ੍ਰਗਤੀਸ਼ੀਲ ਅਤੇ ਸਾਫ਼ ਸੁਥਰਾ ਰਹਿ ਸਕਦਾ। ਜੇ ਜ਼ਿੰਦਗੀ ਦਾ ਆਨੰਦ ਮਾਨਣਾ ਚਾਹੁੰਦੇ ਹੋ ਤਾਂ ਨਾਂਹ ਪੱਖੀ ਰਵੱਈਏ ਨੂੰ ਹਾਂ ਪੱਖੀ ਨਜ਼ਰੀਏ ਵਿੱਚ ਬਦਲਣ ਦੀ ਕਲਾ ਆਉਂਦੀ ਹੋਣੀ ਜ਼ਰੂਰੀ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ 
Next articleਏਹੁ ਹਮਾਰਾ ਜੀਵਣਾ ਹੈ – 472