ਏਹੁ ਹਮਾਰਾ ਜੀਵਣਾ ਹੈ -454

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ)- ਆਮ ਤੌਰ ਤੇ ਆਪਾਂ ਸਮਾਜਿਕ ਰਿਸ਼ਤੇ ਨਿਭਾਉਂਦੇ ਹੋਏ ਜਦੋਂ ਕਈ ਸਮਾਗਮਾਂ ਦਾ ਹਿੱਸਾ ਬਣਦੇ ਹਾਂ ਤਾਂ ਬਹੁਤਾ ਕਰਕੇ ਖਾਣ ਪੀਣ ਦਾ ਇੰਤਜ਼ਾਮ ਹੁੰਦਾ ਹੀ ਹੈ। ਵੈਸੇ ਵੀ ਫੰਕਸ਼ਨ ਕੋਈ ਵਿਆਹ ਸ਼ਾਦੀ ਦਾ ਹੋਵੇ ਜਾਂ ਧਾਰਮਿਕ ਪ੍ਰੋਗ੍ਰਾਮ ਹੋਵੇ ਜਾਂ ਫਿਰ ਘਰਦਿਆਂ ਵੱਲੋਂ ਕਿਸੇ ਬਜ਼ੁਰਗ ਦੇ ਪਰਲੋਕ ਸਿਧਾਰਨ ਤੇ ਉਸ ਦਾ “ਵੱਡਾ” ਹੋਵੇ,ਵੱਖ ਵੱਖ ਤਰ੍ਹਾਂ ਦੇ ਪਕਵਾਨ ਤਿਆਰ ਕਰਵਾਉਂਦੇ ਹਨ ਤਾਂ ਜੋ ਆਉਣ ਵਾਲੇ ਮਹਿਮਾਨ ਉਹਨਾਂ ਦੀ ਵਾਹ ਵਾਹ ਕਰਕੇ ਜਾਣ ਤੇ ਸਮਾਜ ਵਿੱਚ ਉਹਨਾਂ ਦੀ ਵਡਿਆਈ ਵਧੇ,ਚਾਰੇ ਪਾਸੇ ਸੋਭਾ ਹੋਏ।ਆਉਣ ਵਾਲੇ ਮਹਿਮਾਨ ਵੀ ਬਹੁਤਾ ਕਰਕੇ ਖਾਣ ਪੀਣ ਦੀਆਂ ਵਸਤਾਂ ਦੀਆਂ ਕਿਸਮਾਂ ਅਤੇ ਸਵਾਦ ਅਨੁਸਾਰ ਨੰਬਰ ਦੇ ਕੇ ਹੀ ਸੋਭਾ ਕਰਦੇ ਹਨ। ਘਰਦਿਆਂ ਦਾ ਕਈ ਕਈ ਦਿਨ ਪਹਿਲਾਂ ਹੀ ਮੈਨਿਊ ਡਿਸਾਈਡ ਕਰਨ ਤੇ ਜ਼ੋਰ ਲੱਗ ਜਾਂਦਾ ਹੈ…..ਕਿੰਨੀ ਵਾਰੀ ਰਾਤ ਨੂੰ ਬੈਠ ਬੈਠ ਸਾਰੇ ਜਾਣੇ ਆਪਣੀ ਆਪਣੀ ਪਸੰਦ ਮੁਤਾਬਕ ਦੱਸਦੇ ਹਨ……ਅੱਧੇ ਰੁੱਸਦੇ ਹਨ ਤੇ ਅੱਧੇ ਮੰਨਦੇ ਹਨ…… ਕਿੰਨੇ ਜਾਣ ਪਛਾਣਦਿਆਂ ਨਾਲ ਕੰਪੈਰੀਜ਼ਨ ਕੀਤਾ ਜਾਂਦਾ ਹੈ……ਹਲਵਾਈ ਨਾਲ਼ ਸਲਾਹ ਮਸ਼ਵਰਾ ਕਰਕੇ…..ਕੁਛ ਓਹਦੀ ਮੰਨ ਕੇ….ਕੁਛ ਘਰ ਦੇ ਵੱਡਿਆਂ ਛੋਟਿਆਂ ਦੀ ਮੰਨ ਕੇ……ਕੁਛ ਸਮਾਜ ਵਿੱਚ ਨੱਕ ਰੱਖਣ ਦੀ ਲੋੜ ਦੇਖ……ਤੇ ਕੁਛ ਜੇਬ ਦੇਖ ਕੇ ਖਾਣ ਪੀਣ ਦਾ ਸਮਾਨ ਤਿਆਰ ਕਰਵਾਇਆ ਜਾਂਦਾ ਹੈ……ਬਾਕੀ ਸਭ ਫੈਸਲਾ ਆਉਣ ਵਾਲੇ ਮਹਿਮਾਨਾਂ ਦੇ ਹੱਥ ਹੁੰਦਾ ਹੈ ਕਿ ਉਹ ਫੇਲ੍ਹ ਕਰਦੇ ਹਨ ਜਾਂ ਪਾਸ।

            ਗੱਲ ਆਪਾਂ ਨੇ ਫੇਲ੍ਹ ਪਾਸ ਵਾਲ਼ੀ ਵੀ ਨਹੀਂ ਕਰਨੀ , ਗੱਲ ਤਾਂ ਆਪਾਂ ਨੇ ਖਾਣ ਪੀਣ ਦਾ ਇੰਤਜ਼ਾਮ ਮਹਿਮਾਨ ਨਿਵਾਜ਼ੀ ਤੋਂ ਵੀ ਪਰ੍ਹੇ ਢਿੱਡ ਭਰਨ ਦੀ ਕਰਨੀ ਹੈ। ਜਿਹੜੇ ਵੀਰ ਭਾਈ ਆਉਂਦੇ ਹਨ… ਕੋਈ ਖ਼ਾਲੀ ਢਿੱਡ ਨਾ ਮੁੜ ਜਾਵੇ। ਗੁਰੂ ਨਾਨਕ ਦੇਵ ਜੀ ਦਾ ਭੁੱਖੇ ਸਾਧੂਆਂ ਨੂੰ ਲੰਗਰ ਛਕਾਉਣਾ ਹੋਵੇ ਜਾਂ ਫਿਰ ਇਸੇ ਸਿਧਾਂਤ ਤੇ ਚੱਲਦਿਆਂ ਸ੍ਰੀ ਗੁਰੂ ਅਮਰਦਾਸ ਜੀ ਵੱਲੋਂ ਲੰਗਰ ਪ੍ਰਥਾ ਚਾਲੂ ਕਰਨ ਦੀ ਗੱਲ ਹੋਵੇ…. ਮਕਸਦ ਸਾਫ਼ ਹੈ….. ਭੁੱਖੇ ਦਾ ਢਿੱਡ ਭਰਨਾ। ਆਮ ਕਰਕੇ ਸਮਾਗਮਾਂ ਵਿੱਚ ਇਸ ਤੋਂ ਉਲਟ ਹੋ ਰਿਹਾ ਹੈ।
              ਗੱਲ ਸਾਡੀ ਬੀਬੀ ਮਤਲਬ ਮੇਰੀ ਸੱਸ ਦੇ ਭੋਗ ਵੇਲੇ ਦੀ ਹੈ। ਅਸੀਂ ਹੱਥ ਜੋੜ ਜੋੜ ਕੇ ਆਉਣ ਵਾਲੇ ਸਾਰੇ ਮਹਿਮਾਨਾਂ ਨੂੰ ਪਹਿਲਾਂ ਲੰਗਰ ਛਕਣ ਲਈ ਬੇਨਤੀਆਂ ਕਰਦੇ। ਕਈ ਤਾਂ ਦੁਪਹਿਰ ਨੂੰ ਐਨ ਭੋਗ ਦੇ ਮੌਕੇ ਘਰੋਂ ਰੱਜ ਪੁੱਜ ਗੱਡੀਆਂ ਵਿੱਚੋਂ ਉਤਰ ਕੇ ਆਉਂਦੇ ਤਾਂ ਵੀ ਉਹਨਾਂ ਨੂੰ ਜ਼ਬਰਦਸਤੀ ਹੱਥ ਜੋੜ ਕੇ ਲੰਗਰ ਛਕਣ ਲਈ ਮਜਬੂਰ ਕਰਦੇ। ਭੋਗ ਪੈ ਗਿਆ…..ਖਾਣ ਪੀਣ ਦਾ ਬਹੁਤ ਸਾਰਾ ਸਮਾਨ ਬਚ ਗਿਆ …… ਫੇਰ ਉੱਥੋਂ ਈ ਬਚਿਆ ਸਮਾਨ ਸ਼ਰੀਕੇ ਕਬੀਲੇ ਵਿੱਚ ਵੰਡਣ ਲਈ ਲਾਗਣਾਂ ਨੂੰ ਭੇਜਣਾ ਸ਼ੁਰੂ ਕੀਤਾ…… ਹੁਣ ਥੋੜ੍ਹਾ ਜਿਹਾ ਘਰ ਜੋਗਾ ਬਚ ਗਿਆ……. ਐਨੇ ਨੂੰ ਇੱਕ ਮੁੰਡੇ ਨੇ ਡੰਡਾ ਵਗਾਹ ਕੇ ਮਾਰਿਆ ਤਾਂ ਦੋ ਤਿੰਨ ਕੁੱਤੇ ਚੀਕਾਂ ਮਾਰਦੇ ਪਰਾਂ ਨੂੰ ਭੱਜੇ…… ਤਾਂ ਮੇਰੇ ਕੰਨ ਖੜ੍ਹੇ ਹੋ ਗਏ……. ਮੈਂ ਜਿਵੇਂ ਹੀ ਉਹਨਾਂ ਨੂੰ ਦੇਖਿਆ ਤਾਂ ਵਰਤਾਉਣ ਵਾਲੇ ਮੁੰਡੇ ਨੂੰ ਮੈਂ ਪੁੱਛਿਆ…..” ਇਹਨਾਂ ਨੂੰ ਦਿੱਤਾ ਕੁਛ ਖਾਣ ਨੂੰ…..?” “ਨਹੀਂ, ਚਾਚੀ ਜੀ……ਇਹ ਕਤੀੜ ਤਾਂ ਸਾਰਾ ਦਿਨ ਆਏਂ ਈ ਘੁੰਮਦੀ ਆ…… ਜਿੱਥੇ ਟੁੱਕ ਦਿਸ ਜਾਵੇ….।” ਮੁੰਡੇ ਨੇ ਜਵਾਬ ਦਿੱਤਾ।
“ਹਾਏ ਵੇ,……ਐਨਾ ਲੰਗਰ ਲਾਏ ਦਾ ਕੀ ਫਾਇਦਾ…….ਜੇ ਇਹ ਬੇਜੁਬਾਨ ਈ ਐਥੇ ਭੁੱਖੇ ਬੈਠੇ ਰਹੇ ……..ਜਾਹ ….ਪਹਿਲਾਂ ਇਹਨਾਂ ਨੂੰ ਰੋਟੀਆਂ ਪਾ ਕੇ ਆ…….।” ਮੁੰਡਾ ਫਟਾਫਟ ਦਸ ਬਾਰਾਂ ਰੋਟੀਆਂ ਲੈ ਕੇ ਗਿਆ ਤਾਂ ਬੇਜ਼ੁਬਾਨਾਂ ਦਾ ਢਿੱਡ ਭਰ ਗਿਆ ਤੇ ਉਹ ਉੱਥੋਂ ਆਪੇ ਹੀ ਚਲੇ ਗਏ ਤੇ ਮੇਰੇ ਦਿਲ ਨੂੰ ਵੀ ਕਰਾਰ ਜਿਹਾ ਆ ਗਿਆ ਤੇ ਲੱਗਿਆ ਕਿ ਲੰਗਰ ਦੀ ਸੇਵਾ ਹੁਣ ਸਫ਼ਲ ਹੋਈ ਹੈ।
           ਇਵੇਂ ਹੀ ਪਿਛਲੇ ਮਹੀਨੇ ਮੈਂ ਇੱਕ ਰਿਸ਼ਤੇਦਾਰ ਦੇ ਘਰੇ ਅਖੰਡ ਪਾਠ ਦੇ ਭੋਗ ਤੇ ਗਈ ………ਪੰਡਾਲ ਦੇ ਸ਼ੁਰੂ ਵਿੱਚ ਹੀ ਚਾਹ, ਪਕੌੜੇ, ਮਠਿਆਈਆਂ ਲੱਗੇ ਹੋਏ ਸਨ….. ਮਹਿਮਾਨਾਂ ਨੇ ਰੱਜ ਰੱਜ ਖਾਧੇ……  ਭੋਗ ਪੈ ਗਿਆ…… ਘੰਟੇ ਡੇਢ ਘੰਟੇ ‘ਚ ਈ ਪਕੌੜੇ ਹਟਾਏ ,ਰੋਟੀ ਸਜ ਗਈ …….. ਮੇਜ਼ਬਾਨ ਹੱਥ ਜੋੜ ਕੇ ਰੋਟੀ ਖਾਣ ਦੀ ਬੇਨਤੀ ਕਰ ਰਹੇ ਸਨ…… ਕੁਝ ਮਹਿਮਾਨ ਕੁਰਸੀਆਂ ਤੇ ਬੈਠੇ ਢਿੱਡ ਵੱਲ ਨੂੰ ਇਸ਼ਾਰ  ਕਰਕੇ ਹੱਸ ਕੇ ਕਹਿ ਰਹੇ ਸਨ……”ਮਾੜੇ ਜਿਹੇ  ਪਕੌੜੇ ਥੱਲੇ ਨੂੰ ਹੋ ਜਾਣ…..ਦਸ ਕੁ ਮਿੰਟ ਰੁਕ ਕੇ ਖਾਂਦੇ ਆਂ…….!” ਮੈਂ ਵੀ ਖਾਣਾ ਖਾ ਰਹੀ ਸੀ ਕਿ ਐਨੇ ਨੂੰ ਵੇਟਰ ਨੇ ਇੱਕ ਕੁੱਤੀ ਦੇ ਚੁੱਕ ਕੇ ਅੱਧੀ ਇੱਟ ਦਾ ਰੋੜਾ ਮਾਰਿਆ….. ਉਸ ਦੀ ਚੀਕ ਨਿਕਲ ਗਈ…….. ਮੈਂ ਹਜੇ ਉਸ ਬਾਰੇ ਸੋਚਦੀ ਹੀ ਸੀ ਕਿ ਉਹ ਦੂਜੇ ਪਾਸਿਓਂ ਘੁੰਮ ਕੇ ਵਾਪਸ ਆ ਗਈ….. ਮੈਂ ਧਿਆਨ ਨਾਲ ਦੇਖਿਆ ਤਾਂ ਉਹ ਵਿਚਾਰੀ ਤਾਜ਼ੀ ਸੂਈ ਲੱਗਦੀ ਸੀ……. ਵੇਟਰ ਨੇ ਕੋਲ਼ ਪਈ ਇੱਕ ਬਾਲਣ ਵਾਲ਼ੀ ਲੱਕੜੀ ਦਾ ਟੰਬਾ ਉਸ ਦੇ ਮਾਰਨ ਲਈ ਚੁੱਕਿਆ ਤਾਂ ਮੇਰੇ ਮੂੰਹੋਂ ਅਚਾਨਕ ਨਿਕਲਿਆ,” ਤੂੰ ਇਹਨੂੰ ਵਾਰ ਵਾਰ ਮਾਰ ਕੇ ਕਿਉਂ ਭਜਾ ਰਿਹਾਂ…..? ਤੈਨੂੰ ਦਿਸਦਾ ਨੀ ਉਹ ਸੂਈ ਹੋਈ ਆ….. ਓਹਨੂੰ ਭੁੱਖ ਲੱਗੀ ਹੋਣੀ ਆ…….ਦੋ ਰੋਟੀਆਂ ਪਾ ਦੇ……!” ਉਹ ਮੁੰਡਾ ਬੇਸ਼ਰਮ ਜਿਹਾ ਹੋ ਕੇ ਦੋ ਰੋਟੀਆਂ ਚੁੱਕ ਕੇ ਉਸ ਨੂੰ ਖਵਾਉਣ ਚਲਿਆ ਗਿਆ……ਉਸ ਦੇ ਚਿਹਰੇ ਤੋਂ ਲੱਗਦਾ ਸੀ ਕਿ ਉਸ ਨੂੰ ਗਲਤੀ ਦਾ ਅਹਿਸਾਸ ਹੋ ਗਿਆ ਸੀ। ਕੋਲ਼ ਖੜ੍ਹੀਆਂ ਫੂੰ ਫਾਂ ਜਿਹਾ ਕਰਨ ਵਾਲੀਆਂ ਔਰਤਾਂ ਮੇਰੇ ਵੱਲ ਨੂੰ ਟੇਢਾ ਟੇਢਾ ਝਾਕ ਰਹੀਆਂ ਸਨ ਜਿਵੇ ਮੈਂ ਉਹਨਾਂ ਤੋਂ ਕੋਈ ਰੇਸ ਜਿੱਤ ਲਈ ਹੋਵੇ।
                ਸੋ ਮੁੱਕਦੀ ਗੱਲ ਇਹ ਹੈ ਕਿ ਸਾਡੇ ਦੇਸ਼ ਵਿੱਚ ਸੜਕਾਂ ਤੇ ਲੰਗਰ ਲਗਾ ਕੇ ਜ਼ਬਰਦਸਤੀ ਰੱਜੇ ਹੋਏ ਲੋਕਾਂ ਨੂੰ ਤਾਂ ਰੋਕ ਰੋਕ ਕੇ ਲੰਗਰ ਛਕਾਏ ਜਾਂਦੇ ਹਨ ਪਰ ਕੋਲ਼ ਫਿਰਦੇ ਗ਼ਰੀਬਾਂ ਦੇ ਬੱਚੇ ਜਾਂ ਭੁੱਖਣ ਭਾਣੇ ਬੇਜ਼ੁਬਾਨਾਂ ਤੇ ਨਜ਼ਰ ਨਹੀਂ ਪੈਂਦੀ। ਗਊਸ਼ਾਲਾ ਜਾ ਕੇ ਰੱਜੀਆਂ ਖੜੀਆਂ ਗਾਵਾਂ ਅੱਗੇ ਤਾਂ ਚਾਰੇ ਦੇ ਟੋਕਰੇ ਮੁੱਲ ਲੈ ਕੇ ਪਾਏ ਜਾਂਦੇ ਹਨ ਪਰ ਸੜਕਾਂ ਕਿਨਾਰੇ ਖੜ੍ਹੇ ਬੇਜ਼ੁਬਾਨ ਨਹੀਂ ਦਿਸਦੇ। ਲੰਗਰ ਲਾਉਣੇ ਜਾਂ ਘਰ ਦੇ ਸਮਾਗਮਾਂ ਵਿੱਚ ਭੋਜ ਦਾ ਪ੍ਰਬੰਧ ਕਰਨਾ ਤਾਂ ਚੰਗੀ ਗੱਲ ਹੈ ਪਰ ਰੱਜਿਆਂ ਨੂੰ ਖੁਆਏ ਦਾ ਕੀ ਫਾਇਦਾ ਜੇ ਤੁਸੀਂ ਆਲ਼ੇ ਦੁਆਲ਼ੇ ਸੱਚ ਮੁੱਚ ਦੇ ਭੁੱਖੇ ਹੀ ਭਜਾ ਦਿੱਤੇ । ਘਰਾਂ ਜਾਂ ਸੜਕਾਂ ਤੇ ਜਾਂ ਕਿਤੇ ਹੋਰ ਲੰਗਰ ਜਾਂ ਭੰਡਾਰੇ ਲਾਉਣ ਦਾ ਤਾਂ ਹੀ ਫ਼ਾਇਦਾ ਹੈ ਜੇ ਅਸੀਂ ਸੱਚਮੁੱਚ ਦੇ ਭੁੱਖਿਆਂ ਦਾ ਢਿੱਡ ਭਰਕੇ ਤੋਰੀਏ, ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਅੱਜ 6 ਦਸੰਬਰ ਨੂੰ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ ਮਹਾ ਪ੍ਰੀਨਿਰਵਾਣ ਦਿਵਸ ਤੇ ਕੋਟਿ ਕੋਟਿ ਨਮਨ-ਅਵਤਾਰ ਹੀਰ ਜਰਮਨ
Next articleਏਹੁ ਹਮਾਰਾ ਜੀਵਣਾ…. (ਪੰਜਾਬ ਦੀ ਪੁਕਾਰ)