ਏਹੁ ਹਮਾਰਾ ਜੀਵਣਾ ਹੈ -422

ਬਰਜਿੰਦਰ-ਕੌਰ-ਬਿਸਰਾਓ-

         (ਸਮਾਜ ਵੀਕਲੀ)

ਪੰਜਾਬੀ ਸੱਭਿਆਚਾਰ ਵਿੱਚ ਜੀਵਨ ਨਾਲ ਜੁੜੇ ਹਰ ਪਹਿਲੂ ਦੀ ਆਪਣੀ ਆਪਣੀ ਅਹਿਮੀਅਤ ਹੈ। ਚਾਹੇ ਮਨੁੱਖ ਦੇ ਰਹਿਣ ਸਹਿਣ,ਉਸ ਦੀ ਜੀਵਨ ਸ਼ੈਲੀ,ਉਸ ਦੇ ਖਾਣ ਪੀਣ, ਪਹਿਰਾਵੇ ਜਾਂ ਬੋਲੀ ਨਾਲ ਜੁੜਿਆ ਹਰ ਰੰਗ ਹੋਵੇ । ਮਨੁੱਖ ਦੇ ਜੀਵਨ ਵਿੱਚ ਨਿੱਜਤਾ ਤੋਂ ਉੱਪਰ ਉੱਠ ਕੇ ਜੇ ਝਾਤੀ ਮਾਰੀਏ ਤਾਂ ਇਸ ਨਾਲ਼ ਜੁੜਿਆ ਇਸ ਦਾ ਆਲ਼ਾ ਦੁਆਲਾ ਵੀ ਇਸਦੇ ਸੱਭਿਆਚਾਰ ਦਾ ਇੱਕ ਅਹਿਮ ਹਿੱਸਾ ਹੁੰਦਾ ਹੈ। ਉਹਨਾਂ ਵਿੱਚੋਂ ਇੱਕ ਪੱਖ ਪਸ਼ੂ ਪੰਛੀਆਂ ਦੀ ਮਨੁੱਖ ਦੀ ਜ਼ਿੰਦਗੀ ਵਿੱਚ ਅਹਿਮੀਅਤ ਬਾਰੇ ਚਰਚਾ ਕਰਨਾ ਵੀ ਆਪਣੇ ਆਪ ਵਿੱਚ ਇੱਕ ਜ਼ਰੂਰੀ ਵਿਸ਼ਾ ਹੈ। ਕਿਉਂ ਕਿ ਇਹ ਜਾਣਨਾ ਜ਼ਰੂਰੀ ਹੋ ਜਾਂਦਾ ਹੈ ਕਿ ਪਸ਼ੂ ਪੰਛੀਆਂ ਦਾ ਮਨੁੱਖੀ ਜੀਵਨ ਵਿੱਚ ਕੀ ਸਥਾਨ ਹੈ ।ਇਸ ਦਾ ਜ਼ਿਕਰ ਅਕਸਰ ਸਾਡੇ ਲੋਕ ਗੀਤਾਂ,ਲੋਕ ਮੁਹਾਵਰਿਆਂ ਅਤੇ ਲੋਕ ਕਥਾਵਾਂ ਵਿੱਚ ਕੀਤਾ ਮਿਲ਼ਦਾ ਹੈ।

ਆਮ ਤੌਰ ਤੇ ਸਾਡੇ ਸਾਹਿਤ ਵਿੱਚ ਪਸ਼ੂਆਂ ਜਾਨਵਰਾਂ ਦੀਆਂ ਕਹਾਣੀਆਂ ਪ੍ਰਚਲਿਤ ਹਨ।ਉਦਾਹਰਨ ਦੇ ਤੌਰ ‘ਤੇ ਕਾਫ਼ੀ ਪੁਰਾਣੀ ਕਹਾਣੀ ਪਿਆਸਾ ਕਾਂ, ਕਾਂ ਤੇ ਲੂੰਬੜੀ,ਚਿੜੀ ਤੇ ਕਾਂ,ਹਾਥੀ ਤੇ ਦਰਜੀ ,ਘੁਮੰਡੀ ਬਾਰਾਸਿੰਗਾ, ਖ਼ਰਗੋਸ਼ ਤੇ ਕੱਛੂਕੁੰਮਾ ਆਦਿ ਅਨੇਕਾਂ ਕਹਾਣੀਆਂ ਹਨ ਜੋ ਬੱਚਿਆਂ ਨੂੰ ਪ੍ਰੇਰਿਤ ਕਰਨ ਲਈ ਸਿੱਖਿਆ ਦਾ ਅਟੁੱਟ ਅੰਗ ਹਨ।ਇਸ ਤਰ੍ਹਾਂ ਪੰਜਾਬ ਦੇ ਪਿੰਡਾਂ ਵਿੱਚ ਬੁਹਤ ਸਾਰੇ ਬਜ਼ੁਰਗ ਮਿਲ ਜਾਂਦੇ ਹਨ ਜਿੰਨਾਂ ਦੀ ਯਾਦਾਸ਼ਤ ਵਿੱਚ ਬਹੁਤ ਸਾਰੀਆਂ ਲੋਕ ਕਹਾਣੀਆਂ ਲੋਕ ਬਾਤਾਂ ਦਾ ਉਹਨਾਂ ਕੋਲ ਵੱਡਾ ਭੰਡਾਰ ਹੁੰਦਾ ਹੈ ਜੋ ਹੋਰ ਜਾਨਵਰਾਂ ਜਾਂ ਪੰਛੀਆਂ ਨਾਲ ਸੰਬੰਧਿਤ ਹੁੰਦੀਆਂ ਹਨ

ਇਸ ਤਰ੍ਹਾਂ ਪਸ਼ੂ ਪੰਛੀਆਂ ਦੀਆਂ ਕਹਾਣੀਆਂ ਸੰਸਾਰ ਦੇ ਸਾਰੇ ਦੇਸ਼ਾਂ ਵਿੱਚ ਪਾਈਆਂ ਜਾਂਦੀਆਂ ਹਨ। ਇਹ ਕਹਾਣੀਆਂ ਵਿੱਚ ਮੁੱਖ ਤੌਰ ‘ਤੇ ਪਾਤਰ ਕੋਈ ਵੀ ਪਸ਼ੂ ਜਾਂ ਜਾਨਵਰ ਹੁੰਦਾ ਹੈ। ਅਸਲ ਵਿੱਚ ਦੇਖਿਆ ਜਾਵੇ ਤਾਂ ਪਸ਼ੂਆਂ ਜਾਨਵਰਾਂ ਦੀਆਂ ਕਹਾਣੀਆਂ ਚਾਰ ਕਿਸਮ ਦੀਆਂ ਮਿਲਦੀਆਂ ਹਨ। ਪਹਿਲੀ ਕਿਸਮ ਦੀ ਕਹਾਣੀ ਵਿੱਚ ਮੁਖ ਤੌਰ ‘ਤੇ ਉਹ ਕਹਾਣੀਆਂ ਹੁੰਦੀਆਂ ਹਨ ਜਿਹਨਾਂ ਦਾ ਮਨੋਰਥ  ਉਪਦੇਸ਼ ਦੇਣਾ ਹੁੰਦਾ ਹੈ। ਦੂਜੀ ਤਰ੍ਹਾਂ ਦੀਆਂ ਪਸ਼ੂ ਕਹਾਣੀਆਂ ਵਿੱਚ ਵਿੱਚ ਕੋਈ ਕਾਰਨ ਲੱਭਿਆ ਹੁੰਦਾ ਹੈ। ਉਦਾਹਰਨ ਲਈ ਜਿਵੇਂ ਕਿ ਮੋਰ ਵੇਖ ਕੇ ਕਿਉਂ ਝੁਰਦਾ ਹੈ, ਕੋਇਲ ਕਿਉਂ ਕਾਲੀ ਹੈ। ਚਿੜੀਆਂ ਦੀਆਂ ਅੱਖਾਂ ਸੁਰਮੇ ਰੰਗੀਆਂ ਕਿਉਂ ਹਨ। ਤੀਜੀ ਕਿਸਮ ਦੀਆਂ ਕਹਾਣੀਆਂ ਉਹ ਹੁੰਦੀਆਂ ਹਨ ਜਿਹਨਾਂ ਵਿੱਚ ਕੋਈ ਪੰਛੀ ਜਾਂ ਪਸ਼ੂ ਮੁੱਖ ਨਾਇਕ ਹੁੰਦਾ ਹੈ। ਇਸ ਤਰ੍ਹਾਂ ਦੀਆਂ ਕਹਾਣੀਆਂ ਵਿੱਚ ਪਸ਼ੂ ਪੰਛੀਆਂ ਦੇ ਕਾਰਨਾਮਿਆਂ ਦਾ ਜ਼ਿਕਰ ਹੁੰਦਾ ਹੈ। ਜਿਵੇਂ ਕੁੱਤਾ ਰਾਜਾ ਮਗਰਮੱਛ ਰਾਜਾ, ਬਾਂਦਰ, ਪਰੀ, ਬਿੱਲੀ,  ਆਦਿ ਕਹਾਣੀਆਂ। ਚੌਥੀ ਕਿਸਮ ਵਿੱਚ ਮੁੱਖ ਤੌਰ ਤੇ ਪਸ਼ੂ ਗੌਣ ਪਾਤਰ ਦੇ ਰੂਪ ਵਿੱਚ ਵਿਚਰਦਾ ਹੈ ਅਤੇ ਨਾਇਕ-ਨਾਇਕਾ ਦੇ ਕੋਈ ਵੀ ਦੁੱਖ ਜਾਂ ਤਕਲੀਫ਼ ਔਕੜਾਂ ਅਤੇ ਮੁਸੀਬਤਾਂ ਨੂੰ ਹੱਲ ਕਰਨ ਵਿੱਚ ਸਹਾਇਤਾ ਕਰਦਾ ਹੈ। ਜਿਵੇਂ ਸੋਨੇ ਦੇ ਵਾਲਾਂ ਵਾਲੀ ਸੁੰਦਰੀ ਦੀ ਕਥਾ ਵਿੱਚ ਚੂਹਾ ਅਤੇ ਬਿੱਲੀ ਨਾਇਕ ਦੀ ਗੁੰਮ ਹੋਈ ਮੁੰਦਰੀ ਨੂੰ ਲੱਭਦੇ ਹਨ।

ਇਸੇ ਤਰ੍ਹਾਂ ਜਾਨਵਰਾਂ ਨੂੰ ਵੱਖ ਵੱਖ ਧਰਮਾਂ ਨਾਲ ਵੀ ਜੋੜਿਆ ਜਾਂਦਾ ਰਿਹਾ ਹੈ ਅਤੇ ਅੱਜ ਵੀ ਉਹ ਪਰੰਪਰਾਵਾਂ ਪ੍ਰਚਲਿਤ ਹਨ ਜਿਵੇਂ ਸੱਪ ਨੂੰ ਲੋਕ ਪੂਜਦੇ ਹਨ ਕਿਉਂਕਿ ਉਹ ਨਾਗ ਦੇਵਤਾ ਅਖਵਾਉਂਦਾ ਹੈ ਅਤੇ ਉਹ ਸ਼ਿਵਜੀ ਨਾਲ ਸੰਬੰਧਿਤ ਹੈ ਇਸ ਲਈ ਲੋਕ ਸੱਪ ਦੀ ਵੀ ਪੂਜਾ ਕਰਦੇ ਹਨ। ਚੂਹੇ ਨੂੰ ਇਸ ਲਈ ਨਹੀਂ ਮਾਰਦੇ ਕਿਉਂਕਿ ਇਸ ਪਿੱਛੇ ਇਹ ਵਿਸਵਾਸ਼ ਰੱਖਿਆ ਹੈ ਕਿ ਗਣੇਸ਼ ਜੀ ਦੇ ਨਾਲ ਸਬੰਧਿਤ ਹੈ।ਉੱਲੂ ਨੂੰ ਲੱਛਮੀ ਦਾ ਵਾਹਨ ਮੰਨਿਆ ਜਾਂਦਾ ਹੈ।

ਇਸੇ ਤਰ੍ਹਾਂ ਸਾਡੇ ਸਮਾਜ ਵਿੱਚ ਪਸ਼ੂ ਪੰਛੀਆਂ ਦੇ ਨਾਲ ਕਈ ਤਰ੍ਹਾਂ ਦੇ ਵਹਿਮ ਭਰਮ ਜਾਂ ਵਿਸ਼ਵਾਸ ਜੋੜ ਕੇ ਦੇਖੇ ਜਾਂਦੇ ਹਨ। ਕਾਂ ਦੇ ਨਾਲ ਇੱਕ ਵਿਸ਼ਵਾਸ ਜੁੜਿਆ ਹੋਇਆ ਕਿ ਜੇ ਕੋਈ ਕਿਸੇ ਦੇ ਘਰ ਦੇ ਛੱਤ ਜਾਂ ਬਨੇਰੇ ਉੱਪਰ ਕਾਂ ਬੋਲੇ ਤਾਂ ਇਹ ਵਿਸ਼ਵਾਸ ਬਣਿਆ ਕਿ ਅੱਜ ਕਿਸੇ ਘਰ ਵਿੱਚ ਆਉਣਾ ਹੈ। ਬਿੱਲੀ ਦੇ ਰਸਤਾ ਕੱਟਣਾ ਜਾਂ ਕੁੱਤੇ ਦਾ ਰੋਣਾਂ ਅਸ਼ੁਭ ਮੰਨਿਆ ਜਾਂਦਾ ਹੈ ਕਬੂਤਰ ਨਾਲ ਇਹ ਸੰਕਲਪ ਜੁੜਿਆ ਹੋਇਆ ਹੈ ਕਿ ਪੁਰਾਣੇ ਸਮੇਂ ਵਿੱਚ ਸੰਚਾਰ ਅਤੇ ਆਵਾਜਾਈ ਸਾਧਨਾਂ ਦੀ ਘਾਟ ਸੀ ਤਾਂ ਉਸ  ਸਮੇਂ ਕਬੂਤਰ ਹੀ ਚਿੱਠੀਆਂ ਜਾਂ ਸੰਦੇਸ਼ ਭੇਜਣ ਦਾ ਕੰਮ ਕਰਦਾ ਸੀ। ਇਸੇ ਤਰ੍ਹਾਂ ਸਾਡੇ ਲੋਕ ਗੀਤਾਂ ਵਿੱਚ ਜਾਂ ਬੁਝਾਰਤਾਂ, ਮੁਹਾਵਰਿਆਂ ਅਤੇ ਅਖਾਣਾਂ ਵਿੱਚ ਵੀ ਪਸ਼ੂਆਂ, ਪੰਛੀਆਂ ਅਤੇ ਜਾਨਵਰਾਂ ਦਾ ਜ਼ਿਕਰ ਕੀਤਾ ਜਾਂਦਾ ਹੈ ,ਜਿਵੇਂ “ਅੱਜ ਚੂਰੀ ਕੁੱਟੀ ਰਹਿ ਗਈ ,ਨਾਮ ਲੈ ਕੇ ਢੋਲ ਦਾ,ਹਾਏ ਰੱਬ ਕਾਂ ਨਾ ਬਨੇਰੇ ਉੱਤੇ ਬੋਲਦਾ” ਇਸੇ ਤਰ੍ਹਾਂ ਤੋਤਾ ਤੇ ਮੈਨਾ ਦਾ ਦੂਰ ਦੂਰ ਬੈਠੇ ਹੋਣ ਦਾ ਪਤੀ ਪਤਨੀ ਦੀ ਦੂਰੀ ਦਾ ਅਹਿਸਾਸ ਕਰਵਾਉਂਦੀਆਂ ਲੋਕ ਬੋਲੀਆਂ, ਕੁੜੀਆਂ ਨੂੰ ਚਿੜੀਆਂ ਦੇ ਚੰਬੇ ਨਾਲ ਤੁਲਨਾ ਕਰਨਾ,ਪੰਜਾਬੀ ਨੌਜਵਾਨਾਂ ਦੀ ਬੇਲਿਉਂ ਨਿਕਲ਼ਦੇ ਸ਼ੇਰ ਨਾਲ ਤੁਲਨਾ ਕਰਕੇ ਕਈ ਗੀਤ ਪ੍ਰਚਲਿਤ ਹਨ। ਵਿਆਹਾਂ ਸ਼ਾਦੀਆਂ ਜਾਂ, ਜਲੂਸਾਂ ਆਦਿ ਵਿੱਚ ਵੀ ਘੋੜਿਆਂ ਅਤੇ ਹਾਥੀਆਂ ਨੂੰ ਸਜਾ ਕੇ ਲਿਜਾਇਆ ਜਾਂਦਾ ਹੈ।

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਪਸ਼ੂ ਪੰਛੀਆਂ ਦੀ ਮਨੁੱਖੀ ਜ਼ਿੰਦਗੀ ਵਿੱਚ ਐਨੀ ਅਹਿਮੀਅਤ ਹੈ ਕਿ ਮੁੱਢ ਕਦੀਮ ਤੋਂ ਹੀ ਉਹ ਉਸ ਦੇ ਜੀਵਨ, ਸਭਿਆਚਾਰ ਅਤੇ ਸਾਹਿਤ ਦਾ ਇੱਕ ਅਹਿਮ ਹਿੱਸਾ ਬਣੇ ਹੋਏ ਹਨ।ਇਸ ਲਈ ਉਹਨਾਂ ਦੀ ਦੇਖਭਾਲ ਕਰਨਾ ਅਤੇ ਵਿਰਾਸਤ ਤੋਂ ਇਹਨਾਂ ਦਾ ਸਾਡੇ ਜੀਵਨ ਨਾਲ ਜੁੜੇ ਸਬੰਧਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ ਹੈ ਕਿਉਂਕਿ ਆਪਣੇ ਆਪ ਦੀ ਸੰਭਾਲ ਦੇ ਨਾਲ ਨਾਲ ਬਨਸਪਤੀ ਦਾ ਧਿਆਨ ਰੱਖਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…

9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article150 underground Hamas sites struck in air operations: IDF
Next article‘Ready to fight with Israel forces in ground invasion of Gaza’, Hamas