(ਸਮਾਜ ਵੀਕਲੀ)– ਦੁਨੀਆਂ ਵਿੱਚ ਹਰ ਥਾਂ ਨਿਯਮਬੱਧਤਾ ਨਾਲ ਕੰਮ ਕੀਤੇ ਅਤੇ ਕਰਵਾਏ ਜਾਂਦੇ ਹਨ । ਸਵੈ ਅਨੁਸ਼ਾਸਨ ਇੱਕ ਸੱਭਿਅਕ ਸਮਾਜ ਸਿਰਜਦਾ ਹੈ। ਜੇਕਰ ਸਾਡੇ ਆਲ਼ੇ – ਦੁਆਲ਼ੇ ਨਿਯਮ ਅਤੇ ਕਾਨੂੰਨ ਨਾ ਹੋਣ ਤਾਂ ਸਾਡੇ ਲਈ ਜੀਉਣਾ ਅਸੰਭਵ ਹੋ ਜਾਵੇ। ਅਨੁਸ਼ਾਸਨ ਤੋਂ ਬਿਨਾਂ ਸਾਡੀ ਸਭ ਦੀ ਹਾਲਤ ‘ਸਿਰ ਤੇ ਨਹੀਂ ਕੁੰਡਾ ਤੇ ਹਾਥੀ ਫਿਰੇ ਲੁੰਡਾ’ ਵਾਲੀ ਕਹਾਵਤ ਵਾਂਗ ਸਿੱਧ ਹੋਵੇਗੀ। ਅਨੁਸ਼ਾਸਨ ਸਾਡੇ ਜੀਵਨ ਦੇ ਹਰ ਖੇਤਰ ਨੂੰ ਸੰਜਮ ਵਿਚ ਰੱਖਦਾ, ਨਿਸ਼ਚਤ ਸੇਧ ਦੇ ਕੇ ਕੁਝ ਕਰ ਗੁਜ਼ਰਨ ਲਈ ਸਹਾਈ ਹੁੰਦਾ ਹੈ।
ਜਦੋਂ ਤੋਂ ਬੱਚਾ ਜਨਮ ਲੈਂਦਾ ਹੈ ਉਸ ਨੂੰ ਜਾਣੇ ਅਣਜਾਣੇ ਵਿੱਚ ਅਨੁਸ਼ਾਸਨ ਵਿੱਚ ਰਹਿਣ ਲਈ ਹਰ ਕਦਮ ਤੇ ਪ੍ਰੇਰਿਤ ਕੀਤਾ ਜਾਣਾ ਸ਼ੁਰੂ ਹੋ ਜਾਂਦਾ ਹੈ। ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੈ, ਸਕੂਲ,ਕਾਲਜ, ਆਪਣੇ ਕਾਰਜ ਖੇਤਰ ਸਭ ਜਗ੍ਹਾ ਅਨੁਸ਼ਾਸਨ ਦੀ ਪੜ੍ਹਾਈ ਪੜ੍ਹਾਈ ਜਾਂਦੀ ਹੈ,ਹੋ ਸਕਦਾ ਹੈ ਕਈ ਵਾਰੀ ਅਨੁਸ਼ਾਸਨਹੀਣਤਾ ਕਾਰਨ ਸਜ਼ਾ ਵੀ ਭੁਗਤਣੀ ਪਈ ਹੋਵੇ।ਜੇ ਆਪਾਂ ਸਵੈ ਅਨੁਸ਼ਾਸਨ ਦੀ ਗੱਲ ਕਰੀਏ ਤਾਂ ਇਹ ਮਨੁੱਖੀ ਸ਼ਖ਼ਸੀਅਤ ਦੀ ਰੀੜ੍ਹ ਦੀ ਹੱਡੀ ਦਾ ਕੰਮ ਕਰਦਾ ਹੈ। ਇਹ ਮਨੁੱਖ ਨੂੰ ਬੁਲੰਦੀਆਂ ਦਾ ਤਾਜ ਪਹਿਨਾਉਂਦਾ ਹੈ। ਇਸ ਤੋਂ ਬਿਨਾਂ ਮਨੁੱਖੀ ਜੀਵਨ ਬਿਖਰਿਆ ਬਿਖਰਿਆ ਹੋ ਜਾਂਦਾ ਹੈ । ਸਵੈ ਅਨੁਸ਼ਾਸਨ ਤੋਂ ਬਿਨਾਂ ਮਨੁੱਖ ਦਾ ਆਪਣੇ ਆਲੇ-ਦੁਆਲੇ ਵਿੱਚ ਵਿਚਰਨਾ ਅਸੰਭਵ ਜਿਹਾ ਹੋ ਜਾਂਦਾ ਹੈ । ਕੁਦਰਤ ਵੀ ਅਨੁਸ਼ਾਸਨ ਵਿੱਚ ਬੱਝੀ ਹੋਈ ਹੈ।ਸੂਰਜ, ਚੰਦ, ਤਾਰੇ, ਧਰਤੀ, ਹਵਾ, ਪਾਣੀ ਤੇ ਸਾਰੇ ਖੰਡ-ਬ੍ਰਹਿਮੰਡ ਸਮੇਂ ਅਨੁਸਾਰ ਅਨੁਸ਼ਾਸਨ ਵਿਚ ਬੱਝੇ ਆਪਣਾ ਕੰਮ ਕਰਦੇ ਹਨ। ਦਿਨ,ਰਾਤ,ਗਰਮੀ ਸਰਦੀ, ਪੱਤਝੜ ਆਦਿ ਕੁਦਰਤ ਨਿਯਮਾਂ ਤੇ ਅਸੂਲਾਂ ਵਿਚ ਬੱਝ ਕੇ ਕੰਮ ਨਾ ਕਰਦੀ ਹੋਵੇ ਤਾਂ ਧਰਤੀ ਤੋਂ ਜੀਵਨ ਦਾ ਪੂਰੀ ਤਰ੍ਹਾਂ ਨਾਸ਼ ਹੋ ਜਾਵੇ।
ਸਵੈ ਅਨੁਸ਼ਾਸਨ ਕਿਉਂ ਜ਼ਰੂਰੀ ਹੈ? ਸਵੈ ਅਨੁਸ਼ਾਸਨ ਆਪਣੀ ਜ਼ਿੰਦਗੀ ਨੂੰ ਸੰਵਾਰਨ ਲਈ ਬਹੁਤ ਜ਼ਰੂਰੀ ਹੈ। ਅੱਜ ਦੀ ਭੱਜ ਦੌੜ ਵਾਲ਼ੀ ਜ਼ਿੰਦਗੀ ਵਿੱਚ ਮਨੁੱਖ ਅਨੁਸ਼ਾਸਨਹੀਣਤਾ ਵੱਲ ਵਧ ਰਿਹਾ ਹੈ। ਅੱਜ ਉਸ ਕੋਲ ਖਾਣ ਲਈ ਸਮਾਂ ਨਹੀਂ ਹੈ,ਉਹ ਵਕ਼ਤ- ਬੇਵਕਤ ਸੌਂਦਾ ਹੈ।ਬੱਚੇ ਮਾਪਿਆਂ ਤੋਂ ਦੂਰੀ ਬਣਾਉਂਦੇ ਨਜ਼ਰ ਆਉਂਦੇ ਹਨ ਤੇ ਮਾਪੇ ਆਪਣੇ ਕੰਮਾਂ ਵਿੱਚ ਵਿਅਸਤ ਹੋ ਕੇ ਬੱਚਿਆਂ ਦੀ ਅਣਦੇਖੀ ਕਰ ਰਹੇ ਹਨ। ਜਿਸ ਕਰਕੇ ਨਵੀਂ ਪੀੜ੍ਹੀ ਉਸ ਤੋਂ ਵੀ ਵੱਧ ਅਨੁਸ਼ਾਸਨਹੀਣਤਾ ਵੱਲ ਨੂੰ ਵਧ ਰਹੀ ਹੈ। ਜੇ ਹਰ ਕੋਈ ਆਪਣੀ ਜ਼ਿੰਦਗੀ ਤੇ ਖੁਦ ਕੁਝ ਨਿਯਮ ਲਾਗੂ ਕਰੇ,ਉਸ ਨੂੰ ਸਹੀ ਤਰੀਕੇ ਨਾਲ ਵਰਤੋਂ ਵਿੱਚ ਲੈ ਕੇ ਆਵੇ,ਇਸ ਨਾਲ ਉਹ ਆਪਣੇ ਉੱਪਰ ਆਪਣੀ ਜਿੰਮੇਵਾਰੀ ਆਪ ਨਿਭਾਵੇ ਤਾਂ ਉਸ ਅੰਦਰ ਆਪਣੀ ਜ਼ਿੰਦਗੀ ਜਿਊਣ ਦੀ ਜ਼ਿੰਮੇਵਾਰੀ ਆਵੇਗੀ,ਉਸ ਅੰਦਰ ਸੁਭਾਵਿਕ ਹੀ ਸਵੈ ਪ੍ਰੇਰਨਾ ਜਨਮ ਲਵੇਗੀ ਤੇ ਦੂਜਿਆਂ ਲਈ ਪ੍ਰੇਰਨਾਸ੍ਰੋਤ ਸਿੱਧ ਹੋਵੇਗੀ। ਜਿਹੜੇ ਘਰਾਂ ਵਿੱਚ ਵੱਡੇ ਅਨੁਸ਼ਾਸਨਹੀਣ ਹੋਣ ਅਕਸਰ ਉਹਨਾਂ ਦੇ ਬੱਚੇ ਵੀ ਸਦਾਚਾਰਕ ਜੀਵਨ ਤੋਂ ਸੱਖਣੇ ਰਹਿ ਜਾਂਦੇ ਹਨ।ਸਵੈ ਅਨੁਸ਼ਾਸਨ ਵਿੱਚ ਰਹਿ ਕੇ ਮਨੁੱਖ ਜਿੱਥੇ ਆਪਣੀ ਸ਼ਖ਼ਸੀਅਤ ਨੂੰ ਸੰਵਾਰਦਾ ਹੈ ਉੱਥੇ ਉਹ ਆਪਣੇ ਬੱਚਿਆਂ ਲਈ ਪ੍ਰੇਰਨਾ ਸਰੋਤ ਬਣ ਕੇ ਘਰ ਵਿੱਚ ਸੁਖਾਵਾਂ ਵਾਤਾਵਰਣ ਪੈਦਾ ਕਰਕੇ ਇੱਕ ਚੰਗੇ ਸਮਾਜ ਦੀ ਸਿਰਜਣਾ ਕਰਦਾ ਹੈ।ਸਮਾਜ ਵਿੱਚ ਉੱਠਦੀਆਂ ਲਹਿਰਾਂ ਹੀ ਪੂਰੇ ਦੇਸ਼ ਵਿੱਚ ਫੈਲਦੀਆਂ ਹੁੰਦੀਆਂ ਹਨ।
ਸਵੈ ਅਨੁਸ਼ਾਸਨ ਕਿਵੇਂ ਅਪਣਾਈਏ? ਸਵੇਰੇ ਉੱਠਣ ਤੋਂ ਲੈਕੇ ਰਾਤ ਨੂੰ ਸੌਣ ਵੇਲੇ ਤੱਕ ਹਰ ਕੰਮ ਨਿਯਮਬੱਧ ਤਰੀਕੇ ਨਾਲ ਕਰਨ ਨਾਲ ਆਪਣੇ ਆਪ ਹੀ ਮਨੁੱਖ ਸਵੈ ਅਨੁਸ਼ਾਸਨ ਦਾ ਧਾਰਨੀ ਹੋ ਜਾਵੇਗਾ। ਸਵੇਰ ਨੂੰ ਉੱਠਣ ਦਾ ਸਮਾਂ ਨਿਰਧਾਰਤ ਕਰੋ, ਨਾਸ਼ਤੇ ਦਾ ਸਮਾਂ ਨਿਰਧਾਰਤ ਕਰੋ,ਕੰਮ ਜਾਂ ਸਕੂਲ ,ਕਾਲਜ ਜਾਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ,ਘਰ ਆ ਕੇ ਪਰਿਵਾਰ ਵਿੱਚ ਬੈਠਣ ਦਾ ਸਮਾਂ ਨਿਰਧਾਰਤ ਹੋਣਾ ਚਾਹੀਦਾ ਹੈ, ਘਰੇਲੂ ਵਿਚਾਰ ਚਰਚਾ ਦਾ ਸਮਾਂ, ਰਾਤ ਦੇ ਖਾਣੇ ਦਾ ਸਮਾਂ,ਰਾਤ ਨੂੰ ਸੌਣ ਦਾ ਸਮਾਂ ਨਿਸ਼ਚਿਤ ਕੀਤਾ ਜਾਵੇ। ਇਸ ਤਰ੍ਹਾਂ ਘਰ ਵਿੱਚ ਇੱਕ ਵੱਡੇ ਪਰਿਵਾਰਕ ਮੈਂਬਰ ਦੇ ਅਨੁਸ਼ਾਸਨ ਦਾ ਅਸਰ ਆਪਣੇ ਆਪ ਦੂਜੇ ਪਰਿਵਾਰਕ ਜੀਆਂ ਤੇ ਪਵੇਗਾ। ਸਵੈ ਅਨੁਸ਼ਾਸਨ ਨਾਲ਼ ਮਨੁੱਖ ਦਾ ਮਨ ਵੀ ਪ੍ਰਸੰਨ ਰਹਿੰਦਾ ਹੈ ਕਿਉਂਕਿ ਉਸ ਦੀ ਜ਼ਿੰਦਗੀ ਵਿਚਲੀ ਵਾਧੂ ਦੀ ਪੈਦਾ ਕੀਤੀ ਹਫੜਾ ਦਫੜੀ ਖਤਮ ਹੋ ਜਾਂਦੀ ਹੈ। ਮਨ ਪ੍ਰਸੰਨ ਰਹਿਣ ਨਾਲ ਮਨੁੱਖ ਆਪ ਵੀ ਖੁਸ਼ ਰਹਿੰਦਾ ਹੈ ਅਤੇ ਆਪਣਾ ਆਲ਼ਾ ਦੁਆਲਾ ਵੀ ਖੁਸ਼ ਰੱਖਦਾ ਹੈ।ਇਸ ਲਈ ਹਰ ਮਨੁੱਖ ਨੂੰ ਆਪਣੀ ਜ਼ਿੰਦਗੀ ਵਿੱਚ ਸਵੈ ਅਨੁਸ਼ਾਸਨ ਅਪਣਾ ਕੇ ਇੱਕ ਤੰਦਰੁਸਤ ਅਤੇ ਖੁਸ਼ਹਾਲ ਜੀਵਨ ਬਤੀਤ ਕਰਨਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly