ਏਹੁ ਹਮਾਰਾ ਜੀਵਣਾ ਹੈ -409

ਬਰਜਿੰਦਰ ਕੌਰ ਬਿਸਰਾਓ
         (ਸਮਾਜ ਵੀਕਲੀ)
        ਮਨੁੱਖ ਜਿੰਨਾਂ ਸ਼ੋਰ ਮਚਾਉਂਦਾ ਨੱਠਿਆ ਫਿਰਦਾ ਹੈ ਓਨਾਂ ਹੀ ਉਸ ਵਿੱਚ ਚੁੱਪ ਦਾ ਵੀ ਵਾਸ ਹੁੰਦਾ ਹੈ। ਚਾਹੇ ਉਹ ਕਿੰਨਾ ਵੀ ਵਿਅਸਤ ਕਿਉਂ ਨਾ ਹੋਵੇ ਉਹ ਰੁੱਝਿਆ ਹੋਇਆ ਵੀ ਆਪਣੇ ਅੰਦਰ ਵਾਲੀ ਚੁੱਪ ਨਾਲ ਸੰਵਾਦ ਰਚਾ ਰਿਹਾ ਹੁੰਦਾ ਹੈ।ਚੁੱਪ ਇੱਕ ਇਹੋ ਜਿਹਾ ਮਜ਼ਮੂਨ ਹੈ ਜਿਸ ਉੱਪਰ ਚਾਹੇ ਇੱਕ ਮੋਟੀ ਕਿਤਾਬ ਲਿਖ ਲਓ। “ਚੁੱਪ” ਆਪਣੇ ਆਪ ਵਿੱਚ ਜਿੰਨਾ ਛੋਟਾ ਜਿਹਾ ਸ਼ਬਦ ਹੈ,ਇਸ ਦੇ ਅਰਥ ਓਨੇ ਹੀ ਗਹਿਰੇ ਅਤੇ ਵਿਸ਼ਾਲ ਹਨ ,ਜਿੰਨਾਂ ਇਹ ਸ਼ਾਂਤ ਜਿਹਾ ਲੱਗਦਾ ਹੈ ਓਨਾ ਹੀ ਇਹ ਜਵਾਰਭਾਟਿਆਂ ਵਾਂਗੂੰ ਖੌਰੂ ਪਾਉਂਦਾ ਹੈ, ਜਿੰਨਾਂ ਸਾਊ ਲੱਗਦਾ ਹੈ ਓਨਾ ਹੀ ਇਹ ਮਿੰਨ੍ਹਾ ਜਿਹਾ ਸ਼ਰਾਰਤੀ ਜਿਹਾ ਵੀ ਹੁੰਦਾ ਹੈ। ਚੁੱਪ, ਉੱਪਰੋਂ ਉੱਪਰੋਂ ਇੱਕ ਸ਼ਾਂਤ ਦਿਸਣ ਵਾਲ਼ੇ ਸਮੁੰਦਰ ਵਾਂਗ ਹੁੰਦੀ ਹੈ ਜਿਸ ਦੇ ਅੰਦਰ ਕਿੰਨ੍ਹੇ ਹੀ ਮਗਰਮੱਛ, ਵੱਡੀਆਂ ਛੋਟੀਆਂ ਮੱਛੀਆਂ ਅਤੇ ਹੋਰ ਅਨੇਕਾਂ ਕਿਸਮਾਂ ਦੇ ਜੀਵ ਜੰਤੂ ਕੁਲ਼ਬੁਲ਼ ਕੁਲ਼ਬੁਲ਼ ਕਰਦੇ ਫਿਰਦੇ ਹਨ। ਬਿਲਕੁਲ ਇਸੇ ਤਰ੍ਹਾਂ ਮਨੁੱਖ ਇਕੱਲਾ ਜਾਂ ਚਹੁੰ ਜਣਿਆਂ ਵਿੱਚ ਬੈਠਾ ਚਾਹੇ ਬੁੱਲ੍ਹਾਂ ਦੀਆਂ ਦੋ ਪੱਤੀਆਂ ਨੂੰ ਜੋੜੀ ਦੋ ਘੰਟੇ ਬੈਠਾ ਰਹੇ ਪਰ ਉਸ ਦੇ ਅੰਦਰਲੇ ਖਿਆਲਾਂ ਵਾਲ਼ੇ ਜੀਵ ਜੰਤੂ ਉਸ ਨੂੰ ਇੱਕ ਮਿੰਟ ਵੀ ਸ਼ਾਂਤ ਨਹੀਂ ਰਹਿਣ ਦਿੰਦੇ। ਇਹ ਸ਼ੋਰ ਉੱਚੀ ਉੱਚੀ ਬੋਲ ਕੇ ਰੌਲ਼ਾ ਪਾਉਣ ਵਾਲੇ ਸ਼ੋਰ ਨਾਲੋਂ ਕਿਤੇ ਜ਼ਿਆਦਾ ਹੁੰਦਾ ਹੈ। ਜੇ ਦੇਖਿਆ ਜਾਏ ਤਾਂ ਚੁੱਪ ਨੂੰ ਵੀ  ਕਈ ਤਰ੍ਹਾਂ ਨਾਲ ਪ੍ਰਭਾਸ਼ਿਤ ਕੀਤਾ ਜਾਂਦਾ ਹੈ।
                ਗੁਰਬਾਣੀ ਦੀ ਤੁਕ,”ਜਿਥੈ ਬੋਲਣਿ ਹਾਰੀਐ ਤਿਥੈ ਭਲੀ ਚੁੱਪ” ਅਨੁਸਾਰ  ਜਿੱਥੇ ਜ਼ਿਆਦਾ ਬੋਲ ਕੇ ਦੂਜਿਆਂ ਸਾਹਮਣੇ ਹੇਠੀ ਹੁੰਦੀ ਹੋਵੇ ਜਾਂ ਤੁਹਾਡੇ ਬੋਲਾਂ ਨੂੰ ਕੋਈ ਤਰਜੀਹ ਨਾ ਦੇ ਰਿਹਾ ਹੋਵੇ ਤਾਂ ਉੱਥੇ ਚੁੱਪ ਕਰ ਜਾਣਾ ਚਾਹੀਦਾ ਹੈ। ਆਪਣਾ ਸਵੈਮਾਣ ਬਚਾਉਣ ਦਾ ਸਭ ਤੋਂ ਵਧੀਆ ਤਰੀਕਾ ਚੁੱਪ ਹੀ ਹੁੰਦਾ ਹੈ। ਚੁੱਪ ਨੂੰ ਸੁੱਖ ਦਾ ਸਾਧਨ ਦਰਸਾਉਣ ਲਈ ਵੱਡਿਆਂ ਵੱਲੋਂ ਛੋਟਿਆਂ ਨੂੰ ਅਕਲ ਦਿੰਦੇ ਹੋਏ ਜਾਂ ਲੜਾਈ ਝਗੜੇ ਨੂੰ ਵਿਰਾਮ ਦੇਣ ਲਈ ਥੋੜੀ ਜਿਹੀ ਸਿਆਣੀ ਧਿਰ ਨੂੰ ਸਮਝਾਉਣ ਲਈ ‘ਇੱਕ ਚੁੱਪ ਸੌ ਸੁੱਖ ‘ ਮੁਹਾਵਰਾ ਵੀ ਆਮ ਕਰਕੇ ਵਰਤਿਆ ਜਾਂਦਾ ਹੈ। ਪਰ ਕਈ ਕਈ ਵਾਰ ਚੁੱਪ ਵਰਦਾਨ ਸਾਬਿਤ ਹੁੰਦੀ ਹੈ ਪਰ ਹਰ ਵਾਰ ਵਰਦਾਨ ਵੀ ਸਾਬਿਤ ਨਹੀਂ ਹੋ ਸਕਦੀ।
                 ਸਿਆਣੇ ਕਹਿੰਦੇ ਹਨ ਕਿ ਅੱਤ ਭਲਾ ਨਾ ਬੋਲਣਾ, ਅੱਤ ਨਾ ਭਲੀ ਚੁੱਪ, ਅੱਤ ਨਾ ਭਲਾ ਮੇਘਲਾ, ਅੱਤ ਨਾ ਭਲੀ ਧੁੱਪ,ਇਹ ਗੱਲ ਵੀ ਬਿਲਕੁਲ ਸਹੀ ਹੈ ਕਿਉਂਕਿ ਜੇ ਬਹੁਤਾ ਬੋਲਣ ਨਾਲ ਪੁਆੜੇ ਪੈ ਜਾਂਦੇ ਹਨ ਤਾਂ ਕਈ ਵਾਰੀ ਚੁੱਪ ਰਹਿਣ ਨਾਲ ਉਸ ਤੋਂ ਕਿਤੇ ਵੱਧ ਪੁਆੜੇ ਪੈ ਸਕਦੇ ਹਨ। ਜਿੱਥੇ ਘਰਾਂ ਪਰਿਵਾਰਾਂ ਵਿੱਚ, ਦਫ਼ਤਰਾਂ ਵਿੱਚ ਜਾਂ ਦੋਸਤਾਂ ਮਿੱਤਰਾਂ ਵਿੱਚ, ਰਿਸ਼ਤਿਆਂ ਵਿੱਚ ਜਾਂ ਆਂਢ ਗੁਆਂਢ ਵਿੱਚ ਬਹੁਤਾ ਬੋਲ ਕੇ ਫਿੱਕ ਪੈ ਜਾਂਦੇ ਹਨ ਉੱਥੇ ਕਈ ਵਾਰ ਸਹੀ ਜਾਂ ਗ਼ਲਤ ਧਿਰ ਬਾਰੇ ਆਪਣਾ ਪੱਖ ਰੱਖਣ ਜਾਂ ਆਪਣੇ ਵਿਚਾਰ ਪੇਸ਼ ਕਰਨ ਦੀ ਬਿਜਾਏ ਚੁੱਪ ਧਾਰ ਲਈ ਜਾਵੇ ਤਾਂ ਉਹ ਚੁੱਪ ਵੀ ਖ਼ਤਰਨਾਕ ਸਾਬਤ ਹੁੰਦੀ ਹੈ। ਕਈ ਵਾਰ ਰਿਸ਼ਤਿਆਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਚੁੱਪ ਤੋੜਨੀ ਜ਼ਰੂਰੀ ਹੁੰਦੀ ਹੈ,ਕਈ ਤਰ੍ਹਾਂ ਦੀਆਂ ਗ਼ਲਤ ਫ਼ਹਿਮੀਆਂ ਦੂਰ ਕਰਨ ਲਈ ਚੁੱਪ ਤੋੜਨੀ ਜ਼ਰੂਰੀ ਹੁੰਦੀ ਹੈ। ਕਈ ਵਾਰ ਇੱਕ ਧਿਰ ਵੱਲੋਂ ਧਾਰੀ ਹੋਈ ਚੁੱਪ ਦੋ ਪਿਆਰ ਕਰਨ ਵਾਲਿਆਂ ਨੂੰ ਜਾਂ ਰਿਸ਼ਤੇਦਾਰਾਂ ਨੂੰ ਸਦਾ ਲਈ ਇੱਕ ਦੂਜੇ ਤੋਂ ਦੂਰ ਕਰ ਦਿੰਦੀ ਹੈ।
              ਹੁਣ ਆਪਾਂ ਮਨੁੱਖ ਦੇ ਇਕਾਂਤ ਵਾਲ਼ੀ ਚੁੱਪ ਤੇ ਵੀ ਨਜ਼ਰ ਮਾਰ ਲਈਏ । ਜਦੋਂ ਮਨੁੱਖ ਆਪਣੇ ਕਮਰੇ ਵਿੱਚ ਜਾਂ ਘਰ ਵਿੱਚ ਜਾਂ ਸਫ਼ਰ ਕਰਦਿਆਂ ਜਾਂ ਦਫ਼ਤਰ ਵਿੱਚ ਇਕੱਲੇ ਬੈਠਿਆਂ ਜਾਂ ਕਿਧਰੇ ਹੋਰ ਬਿਲਕੁਲ ਇਕੱਲਾ ਚੁੱਪ ਬੈਠਾ ਹੋਵੇ ਉਦੋਂ ਉਸ ਅੰਦਰ ਵਿਚਾਰਾਂ ਦੀ ਗਤੀ ਬਹੁਤ ਤੇਜ਼ ਰਫ਼ਤਾਰੀ ਨਾਲ ਚੱਲ ਰਹੀ ਹੁੰਦੀ ਹੈ। ਉਹਨਾਂ ਵਿਚਾਰਾਂ ਵਿੱਚੋਂ ਹੀ ਉਸ ਅੰਦਰੋਂ ਇੱਕ ਊਰਜਾ, ਇੱਕ ਚੇਤਨਾ, ਇੱਕ ਸੰਘਰਸ਼ ਉਪਜਦਾ ਹੈ। ਜੇ ਕਿਤੇ ਇਸ ਇਕਾਂਤ ਵਾਲ਼ੀ ਚੁੱਪ ਵਿੱਚ ਮਨੁੱਖ ਸਾਕਾਰਾਤਮਕ ਸੋਚ ਰੂਪੀ ਬੀਜ ਪਾ ਦੇਵੇ ਤਾਂ ਜਿੱਥੇ ਇਸ ਵਿੱਚੋਂ ਉਸ ਦੇ ਚੰਗੇ ਭਵਿੱਖ ਨਿਰਮਾਣ ਲਈ ਸੁਗੰਧੀਆਂ ਮਾਰਨ ਵਾਲੇ ਨਵੇਂ ਬੂਟੇ ਉੱਗਣ ਲੱਗਣਗੇ ਉੱਥੇ ਹੀ ਉਹ ਆਪਣੇ ਸਮਾਜ ਅਤੇ ਦੇਸ਼ ਲਈ ਵੀ ਚੰਗੀਆਂ ਯੋਜਨਾਵਾਂ ਰੂਪੀ ਬਗੀਚੀ ਉਗਾ ਸਕਦਾ ਹੈ ਜਿਸ ਦੀ ਮਹਿਕ ਚਾਰੇ ਪਾਸੇ ਫੈਲੇਗੀ । ਜੇ ਕਿਤੇ ਇਕਾਂਤ ਵਾਲ਼ੀ ਚੁੱਪ ਵਿੱਚ ਉਹ ਨਾਕਾਰਾਤਮਕ ਸੋਚ ਨੂੰ ਪਾਲਣ ਲੱਗ ਜਾਵੇ ਤਾਂ ਡਿਪਰੈਸ਼ਨ ਵਰਗੀਆਂ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਆਤਮਘਾਤ ਵਰਗੀਆਂ ਘਟਨਾਵਾਂ ਨੂੰ ਵੀ ਅੰਜਾਮ ਦੇ ਸਕਦਾ ਹੈ।
          ਸੋ ਮੁੱਕਦੀ ਗੱਲ ਇਹ ਹੈ ਕਿ “ਚੁੱਪ ਇੱਕ ਸਾਧਨਾ ਹੈ ਤੇ ਬੋਲਣਾ ਇੱਕ ਕਲਾ ਹੈ” ਦੇ ਸਿਧਾਂਤ ਤੇ ਚੱਲਦਿਆਂ ਆਪਣੀ ਜ਼ਿੰਦਗੀ ਨੂੰ ਸਮਾਜ ਦਾ ਇੱਕ ਅਨਿੱਖੜਵਾਂ ਅੰਗ ਬਣਾਈਏ। ਜਿੱਥੇ ਬੋਲ ਕੇ ਮਸਲੇ ਹੱਲ ਕੀਤੇ ਜਾ ਸਕਦੇ ਹੋਣ ਉੱਥੇ ਚੁੱਪ ਰਹਿਣਾ ਮੂਰਖਤਾ ਹੋਵੇਗੀ ਤੇ ਜਿੱਥੇ ਚੁੱਪ ਰਹਿ ਕੇ ਹੱਲ ਨਿਕਲਦੇ ਹੋਣ ਉੱਥੇ ਚੁੱਪ ਹੀ ਭਲੀ ਹੁੰਦੀ ਹੈ ਪਰ ਇਕਾਂਤ ਵਾਲ਼ੀ ਚੁੱਪ ਦਾ ਇਸਤੇਮਾਲ ਬਹੁਤ ਧਿਆਨ ਪੂਰਵਕ ਕਰਨਾ ਚਾਹੀਦਾ ਹੈ ਕਿਉਂਕਿ ਉਸ ਦੀ ਮਨੁੱਖੀ ਜੀਵਨ ਵਿੱਚ ਬਹੁਤ ਅਹਿਮੀਅਤ ਹੈ। ਅੱਜ ਕੱਲ੍ਹ ਛੋਟੇ ਪਰਿਵਾਰ ਹੋਣ ਕਰਕੇ ਵੱਡਿਆਂ ਅਤੇ ਬੱਚਿਆਂ ਉੱਪਰ ਇਕਾਂਤ ਵਾਲ਼ੀ ਚੁੱਪ ਦਾ ਪਹਿਰਾ ਹੈ।ਇਸ ਲਈ ਜਦੋਂ ਵੀ ਘਰ ਵਿੱਚ ਪਰਿਵਾਰ ਦੇ ਬਾਕੀ ਜੀਆਂ ਨਾਲ ਇਕੱਠੇ ਬੈਠਣ ਲਈ ਵਕ਼ਤ ਮਿਲ਼ੇ ਤਾਂ ਉਸ ਸਮੇਂ ਹਾਂ ਪੱਖੀ ਹਾਲਾਤਾਂ ਨੂੰ ਸਿਰਜਿਆ ਜਾਵੇ ਅਤੇ ਆਪਸੀ ਗੱਲਬਾਤ ਸਾਕਾਰਾਤਮਕ ਤਰੀਕੇ ਨਾਲ ਨਿਬੇੜੀ ਜਾਵੇ ਕਿਉਂਕਿ ਇਹੀ ਵਿਚਾਰ ਇਕਾਂਤ ਵਾਲ਼ੀ ਚੁੱਪ ਵਿੱਚ ਘੁੰਮਦੇ ਘੁੰਮਦੇ ਸੋਚ ਬਣ ਕੇ ਕਈ ਗੁਣਾਂ ਵਧ ਜਾਂਦੇ ਹਨ ਜੋ ਹਰ ਮਨੁੱਖ ਦਾ ਰਵੱਈਆ ਬਣ ਕੇ ਉੱਭਰਦਾ ਹੈ। ਇਸ ਲਈ ਹਰ ਵਿਅਕਤੀ ਦੀ ਸ਼ਖ਼ਸੀਅਤ ਦੇ ਨਿਰਮਾਣ ਵਿੱਚ ਇਕਾਂਤ ਵਾਲ਼ੀ ਚੁੱਪ ਅਤੇ ਇਸ ਤੋਂ ਉਪਜੀ ਸੋਚ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਇਸ ਲਈ ਹਰ ਵਿਅਕਤੀ ਨੂੰ  ਇਕਾਂਤ ਵਾਲ਼ੀ ਚੁੱਪ ਵਿੱਚੋਂ ਉਸਰਨ ਵਾਲੇ ਵਿਚਾਰਾਂ ਲਈ ਸੁਚੇਤ ਰਹਿਕੇ ਨਾਲ਼ ਦੀ ਨਾਲ਼ ਆਪਣੇ ਆਪ ਨੂੰ ਤਿਆਰ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਕਿਸੇ ਵੀ ਸੋਚ ਵਿੱਚੋਂ ਉਪਜੇ ਸਾਕਾਰਾਤਮਕ ਵਿਚਾਰ ਪੂਰੀ ਜ਼ਿੰਦਗੀ ਨੂੰ ਸਾਕਾਰਾਤਮਕ ਬਣਾ ਦਿੰਦੇ ਹਨ। ਜ਼ਿੰਦਗੀ ਵਿੱਚ ਹਾਂ ਪੱਖੀ ਵਿਚਾਰਧਾਰਾ ਪੈਦਾ ਕਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਇਜ਼ਰਾਈਲ ਅਤੇ ਹਮਾਸ ਵਿਚਾਲੇ ਜੰਗ ਦਾ ਮੁੱਖ ਕਾਰਨ ਧਾਰਮਿਕ ਕੱਟੜਤਾ ਅਤੇ ਨਫ਼ਰਤ ਤੋਂ ਪੈਦਾ ਹੋਇਆ ਮਨੁੱਖੀ ਅੱਤਿਆਚਾਰ-ਸਲੀਮ ਸੁਲਤਾਨੀ*
Next articleਐਸ.ਸੀ /ਬੀ.ਸੀ ਅਧਿਆਪਕ ਯੂਨੀਅਨ ਬਲਾਕ ਸਿੱਧਵਾਂ  ਬੇਟ ਦ-2 ਦੀ ਚੋਣ ਹੋਈ