ਏਹੁ ਹਮਾਰਾ ਜੀਵਣਾ ਹੈ -402

ਬਰਜਿੰਦਰ ਕੌਰ ਬਿਸਰਾਓ‘
 (ਸਮਾਜ ਵੀਕਲੀ)- ਪਹਿਲਾਂ ਬਚਪਨ ਤੋਂ ਹੀ ਬੱਚਿਆਂ ਨੂੰ ਆਪਣੇ ਘਰਾਂ ਵਿੱਚ ਇਹ ਸਿੱਖਿਆ ਦਿੱਤੀ ਜਾਂਦੀ ਸੀ ਕਿ “ਬਜ਼ੁਰਗ ਸਾਡਾ ਅਨਮੋਲ ਸਰਮਾਇਆ ਹੁੰਦੇ ਹਨ, ਇਹਨਾਂ ਦੇ ਪਾਏ ਪੂਰਨਿਆਂ ਤੇ ਚੱਲ ਕੇ ਅਸੀਂ ਬਹੁਤ ਤਰੱਕੀ ਕਰ ਸਕਦੇ ਹਾਂ ,ਇਹ ਘਰ ਦੀ ਨੀਂਹ ਹੁੰਦੇ ਹਨ, ਸਾਨੂੰ ਆਪਣੇ ਬਜ਼ੁਰਗਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ।  ਬਜ਼ੁਰਗਾਂ ਦਾ ਆਸ਼ੀਰਵਾਦ ਬਹੁਤ ਕਿਸਮਤ ਵਾਲਿਆਂ ਨੂੰ ਹੀ ਮਿਲਦਾ ਹੈ ।” ਪਰ ਅੱਜ ਦੇ ਜ਼ਮਾਨੇ ਵਿੱਚ ਸਾਡੇ ਸਮਾਜ ਵਿੱਚੋਂ ਇਹ ਕੀਮਤੀ ਗੱਲਾਂ ਮਨਫੀ ਹੁੰਦੀਆਂ ਜਾ ਰਹੀਆਂ ਹਨ ਕਿਉਂ ਕਿ ਅੱਜ ਕੱਲ੍ਹ ਔਲਾਦ ਦੀ ਨਿਗਾਹ ਬਜ਼ੁਰਗਾਂ ਨਾਲੋਂ ਵੱਧ ਉਹਨਾਂ ਦੇ ਸਰਮਾਏ (ਧਨ ਦੌਲਤ) ਤੇ ਟਿਕੀ ਹੁੰਦੀ ਹੈ।ਸਾਡੇ ਸੱਭਿਆਚਾਰ ਵਿੱਚ ਕਿੱਥੇ ਤਾਂ ਬਜ਼ੁਰਗ ਮਰਦ ਨੂੰ ਬਾਬਾ ਬੋਹੜ ਅਤੇ ਬਜ਼ੁਰਗ ਔਰਤ ਨੂੰ ਘਣਛਾਵੀਂ ਬੇਰੀ ਕਹਿ ਕੇ ਬੁਲਾਇਆ ਜਾਂਦਾ ਸੀ ਤੇ ਕਿੱਥੇ ਹੁਣ ਉਨ੍ਹਾਂ ਨੂੰ ਬੁੜ੍ਹਾ-ਬੁੜ੍ਹੀ ਕਹਿ ਕੇ ਤਿ੍ਰਸਕਾਰਿਆ ਜਾਂਦਾ ਹੈ। ਕਿੱਧਰ ਨੂੰ ਜਾ ਰਿਹਾ ਸਾਡਾ ਸਮਾਜ? “ਮਾਂ ਦਿਵਸ” ਤੇ ” ਪਿਤਾ ਦਿਵਸ” ਜ਼ੋਰ ਸ਼ੋਰ ਨਾਲ ਮਨਾਏ ਜਾਂਦੇ ਹਨ ਪਰ ਫਿਰ ਵੀ ਬਿਰਧ ਆਸ਼ਰਮ ਕਿਉਂ ਵਧ ਰਹੇ ਹਨ? ਬੇਸ਼ੱਕ ਦੁਨੀਆ ਭਰ ਵਿੱਚ ਬਜ਼ੁਰਗਾਂ ਪ੍ਰਤੀ ਦੁਰਵਿਵਹਾਰ ਅਤੇ ਬੇਇਨਸਾਫ਼ੀ ਨੂੰ ਖਤਮ ਕਰਨ ਅਤੇ ਲੋਕਾਂ ਵਿੱਚ ਜਾਗਰੂਕਤਾ ਫੈਲਾਉਣ ਲਈ, ਸੰਯੁਕਤ ਰਾਸ਼ਟਰ ਨੇ 14 ਦਸੰਬਰ 1990 ਨੂੰ ਹਰ ਸਾਲ 1 ਅਕਤੂਬਰ ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਵਜੋਂ ਮਨਾਉਣ ਦੀ ਘੋਸ਼ਣਾ ਕੀਤੀ ਸੀ । ਇਸ ਦਿਨ ਬਜ਼ੁਰਗਾਂ ਨੂੰ ਉਨ੍ਹਾਂ ਦਾ ਬਣਦਾ ਹੱਕ ਅਤੇ ਸਤਿਕਾਰ ਦਿਵਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਣ ਦੀ ਗੱਲ ਆਖੀ ਗਈ ਤੇ ਪਹਿਲੀ ਵਾਰ 1 ਅਕਤੂਬਰ 1991 ਨੂੰ ‘ਅੰਤਰਰਾਸ਼ਟਰੀ ਬਜ਼ੁਰਗ ਦਿਵਸ’ ਮਨਾਇਆ ਗਿਆ ਸੀ। ਪਰ ਕੀ ਉਹਨਾਂ ਦੀ ਸਥਿਤੀ ਸਚਮੁੱਚ ਸੁਧਰ ਰਹੀ ਹੈ? ਆਓ ਹੁਣ ਝਾਤੀ ਮਾਰ ਲਈਏ ਕਿ ਸਾਡੇ ਦੇਸ਼ ਵਿੱਚ ਬਜ਼ੁਰਗਾਂ ਦੀ ਅਸਲ ਹਾਲਤ ਕੀ ਹੈ?
       ਸਾਡੇ ਸਮਾਜ ਵਿੱਚ ਆਮ ਕਰਕੇ ਬਹੁਤੇ ਬਜ਼ੁਰਗ ਅਣਗੌਲੇ ਕੀਤੇ ਜਾਂਦੇ ਹਨ। ਇਕੱਲੇ ਘਰਦਿਆਂ ਵੱਲੋਂ ਹੀ ਨਹੀਂ ਸਗੋਂ ਸਮਾਜ ਅਤੇ ਸਰਕਾਰਾਂ ਵੱਲੋਂ ਵੀ ਉਹਨਾਂ ਨੂੰ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਾਂਦੀ। ਸਾਡਾ ਦੇਸ਼ ਐਨਾ ਵੀ ਪ੍ਰਗਤੀਸ਼ੀਲ ਨਹੀਂ ਹੋਇਆ ਕਿ ਬਾਹਰਲੇ ਮੁਲਕਾਂ ਵਾਂਗ ਬਜ਼ੁਰਗਾਂ ਨੂੰ ਪੂਰੀ ਤਰ੍ਹਾਂ ਸੰਭਾਲਣ ਦੇ ਯੋਗ ਹੋ ਸਕੇ। ਬਜ਼ੁਰਗਾਂ ਦੇ ਨਾਂ ਤੇ ਸਰਕਾਰਾਂ ਵੱਲੋਂ ਸਕੀਮਾਂ ਵੀ ਬਹੁਤ ਚਲਾਈਆਂ ਜਾਂਦੀਆਂ ਹਨ,ਹਰ ਜਗ੍ਹਾ ਸੀਨੀਅਰ ਸਿਟੀਜ਼ਨ ਦੇ ਨਾਂ ਉੱਤੇ ਅਲੱਗ ਅਲੱਗ ਤਰ੍ਹਾਂ ਦੇ ਰਾਖਵੇਂਕਰਨ ਦੀਆਂ ਨੀਤੀਆਂ ਅਪਣਾਈਆਂ ਜਾਂਦੀਆਂ ਹਨ। ਉਸ ਦਾ ਉਹਨਾਂ ਨੂੰ ਕਿੰਨਾ ਲਾਹਾ ਮਿਲਦਾ ਹੈ ਇਹ ਤਾਂ ਸਾਡੇ ਦੇਸ਼ ਵਿੱਚ ਜਦ ਬਜ਼ੁਰਗਾਂ ਦੀਆਂ ਸੜਕਾਂ ਤੇ ਰੁਲਦਿਆਂ ਦੀਆਂ,ਸਮਾਜ ਸੇਵੀ ਜਥੇਬੰਦੀਆਂ ਵੱਲੋਂ ਅਜ਼ਾਦ  ਕਰਵਾਉਣ ਵਾਲੀਆਂ, ਪਰਿਵਾਰਕ ਮੈਂਬਰਾਂ ਵੱਲੋਂ ਜ਼ਬਰਦਸਤੀ ਬਿਰਧ ਆਸ਼ਰਮ ਛੱਡਣ ਦੀਆਂ, ਪੈਨਸ਼ਨਾਂ ਲਈ ਵੱਡੀਆਂ ਵੱਡੀਆਂ ਲਾਈਨਾਂ ਵਿੱਚ ਖੜ੍ਹਿਆਂ ਦੀਆਂ, ਕਈ ਕਈ ਭਿਰਸ਼ਟਾਚਾਰ ਬੈਂਕ ਕਰਮਚਾਰੀਆਂ ਵੱਲੋਂ ਪੈਨਸ਼ਨਾਂ ਵਿੱਚ ਬਿਨਾਂ ਮਤਲਬ ਦੀਆਂ ਕਟੌਤੀਆਂ ਕਰਨ ਦੀਆਂ ਜਾਂ ਬਜ਼ੁਰਗਾਂ ਉੱਤੇ ਆਪਣੀਆਂ ਹੀ ਔਲਾਦਾਂ ਦੁਆਰਾ ਅੱਤਿਆਚਾਰ ਦੀਆਂ ਹੋਰ ਵੀ ਦਿਲ ਨੂੰ ਦਹਿਲਾ ਦੇਣ ਵਾਲੀਆਂ ਘਟਨਾਵਾਂ ਦੀਆਂ ਗੱਲਾਂ ਜਾਂ ਖ਼ਬਰਾਂ ਸੁਣਨ ਨੂੰ ਮਿਲਦੀਆਂ ਹਨ। ਇਹ ਤਾਂ ਭਲਾ ਹੋਵੇ ਉਹਨਾਂ ਰੱਬ ਦੇ ਭੇਜੇ ਹੋਏ ਫ਼ਰਿਸ਼ਤਿਆਂ ਦਾ ਜੋ ਸਮਾਜ ਸੇਵੀ ਸੰਸਥਾਵਾਂ ਬਣਾ ਕੇ ਇਹਨਾਂ ਦਾ ਸਹਾਰਾ ਬਣਦੇ ਹਨ। ਉਸ ਤੋਂ ਪਹਿਲਾਂ ਉਹ ਬਜ਼ੁਰਗ ਪਤਾ ਨਹੀਂ ਕਿੰਨਾ ਕੁ ਸੰਤਾਪ ਭੋਗ ਚੁੱਕੇ ਹੁੰਦੇ ਹਨ।
            ਪਹਿਲਾਂ ਸੰਯੁਕਤ ਪਰਿਵਾਰ ਹੁੰਦੇ ਸਨ ਉਦੋਂ ਵੱਡਿਆਂ ਪ੍ਰਤੀ ਪਿਆਰ, ਸਤਿਕਾਰ, ਜ਼ਿੰਮੇਵਾਰੀ, ਸਮਾਜ ਦੀ ਸ਼ਰਮ,ਹਯਾ ਆਦਿਕ ਗੱਲਾਂ ਤਹਿਜ਼ੀਬ ਦਾ ਇੱਕ ਹਿੱਸਾ ਹੁੰਦੀਆਂ ਸਨ। ਘਰ ਦਾ ਬਜ਼ੁਰਗ ਚਾਹੇ ਨੱਬੇ ਵਰ੍ਹਿਆਂ ਦੀ ਉਮਰ ਟੱਪ ਜਾਂਦਾ ਸੀ ਤਾਂ ਵੀ ਪੰਜ ਪੰਜ ਪੁੱਤਾਂ ਦੇ ਪਰਿਵਾਰਾਂ ਦੇ ਇਕੱਠ ਦੀ ਵਜ੍ਹਾ ਹੁੰਦਾ ਸੀ।ਪਰ ਇਕਹਿਰੇ ਪਰਿਵਾਰਾਂ ਵਿੱਚ ਤਹਿਜ਼ੀਬ ਨਾਂ ਦਾ ਸ਼ਬਦ ਤਾਂ ਖੰਭ ਲਾ ਕੇ ਉੱਡ ਹੀ ਗਿਆ ਹੈ। ਗਿੱਦੜ ਦੇ ਰੰਗ ਵਾਲੇ ਮੱਟ ਵਿੱਚ ਡਿੱਗ ਕੇ ਰੰਗਿਆ ਜਾਣਾ ਤੇ  ਆਪਣੇ ਆਪ ਨੂੰ ਸ਼ੇਰ ਸਾਬਤ ਕਰਨ ਵਾਲ਼ਾ ਡਰਾਮਾ ਰਚਣ ਵਾਲਾ ਹਾਲ ਤਾਂ ਸਾਡੀ ਸੱਭਿਅਤਾ ਦਾ ਹੋ ਗਿਆ ਹੈ। ਅਸੀਂ ਲੋਕ ਵੀ ਪੱਛਮੀ ਸੱਭਿਅਤਾ ਦੀ ਰੰਗਤ ਚਾੜ੍ਹ ਕੇ ਝੂਠ ਮੂਠ ਦੇ ਸ਼ੇਰ ਬਣ ਕੇ ਆਪਣਾ ਅਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਦਾ ਬਹੁਤ ਕੁਝ ਗੁਆ ਰਹੇ ਹਾਂ ਜਿਸ ਦੇ ਨਤੀਜੇ ਸਭ ਨੂੰ ਹੀ ਭੁਗਤਣੇ ਪੈ ਰਹੇ ਹਨ। ਖ਼ਾਸ ਕਰਕੇ ਜਦੋਂ ਬੁਢਾਪਾ ਆਉਂਦਾ ਹੈ ਤੇ ਸਰੀਰ ਦਿਨੋ ਦਿਨ ਨਿਰਬਲ ਹੋਣ ਲੱਗਦਾ ਹੈ ਤਾਂ ਫਿਰ ਨਵੇਂ ਜ਼ਮਾਨੇ ਦੇ ਹਿਸਾਬ ਨਾਲ ਪਾਲੀਆ ਪੋਸੀਆਂ ਔਲਾਦਾਂ ਇਸ ਕਾਬਿਲ ਨਹੀਂ ਹੁੰਦੀਆਂ ਕਿ ਉਹ ਆਪਣੇ ਬਜ਼ੁਰਗਾਂ ਨੂੰ ਸਮਾਂ ਦੇ ਸਕਣ, ਉਹਨਾਂ ਨੂੰ ਸੰਭਾਲ਼ ਸਕਣ।
           ਆਮ ਕਰਕੇ ਨਵੀਂ ਪੀੜ੍ਹੀ ਦੇ ਨੌਜਵਾਨ ਬਜ਼ੁਰਗਾਂ ਦੀ ਗੱਲ ਸੁਣਨਾ ਹੀ ਨਹੀਂ ਚਾਹੁੰਦੇ,ਜੇ ਕੋਈ ਉਹਨਾਂ ਦੀ ਗੱਲ ਸੁਣ ਲੈਣ ਤਾਂ ਉਸ ਨੂੰ ਬਿਨ੍ਹਾਂ ਮਤਲਬ ਦੀ ਸਲਾਹ ਜਾਂ ਹੁਣ ਜ਼ਮਾਨਾ ਬਦਲ ਗਿਆ ਆਖ ਕੇ ਟਾਲ਼ ਦਿੱਤਾ ਜਾਂਦਾ ਹੈ। ਬਹੁਤਾ ਕਰਕੇ ਤਾਂ ਬਜ਼ੁਰਗਾਂ ਦਾ ਮੰਜਾ ਹੀ ਬਾਕੀ ਪਰਿਵਾਰ ਦੇ ਉੱਠਣ ਬੈਠਣ ਵਾਲ਼ੀ ਜਗਾਹ ਤੋਂ ਐਨੀ ਦੂਰ ਡਾਹ ਦਿੱਤਾ ਜਾਂਦਾ ਹੈ ਕਿ ਉਹ ਦੂਰੋਂ ਹੀ ਉਹਨਾਂ ਨੂੰ ਹੱਸਦਿਆਂ ਖੇਡਦਿਆਂ ਨੂੰ ਮੁਤਰ ਮੁਤਰ ਦੇਖੀ ਜਾਂਦਾ ਹੈ,ਜੇ ਕਿਤੇ ਉਹ ਕਿਸੇ ਨਿਆਣੇ ਨਿੱਕੇ ਨੂੰ ਹਾਕ ਮਾਰ ਦੇਵੇ ਤਾਂ ਇੱਕ ਦੋ ਹਾਕਾਂ ਨੂੰ ਅਣਗੌਲਿਆਂ ਕਰ ਦਿੰਦੇ ਹਨ, ਉਸ ਦੁਆਰਾ ਤੀਜੀ ਚੌਥੀ ਅਵਾਜ਼ ਮਾਰਨ ‘ਤੇ ਤਾਂ ਵਿੱਚੋਂ ਹੀ ਕੋਈ ਨਾ ਕੋਈ ਆਖ ਦਿੰਦਾ ਹੈ,” ਇਹਨਾਂ ਨੂੰ ਪਰ੍ਹੇ ਬੈਠਿਆਂ ਨੂੰ ਵੀ ਟੇਕ ਨਹੀਂ… ਜਵਾਕਾਂ ਨੂੰ ਹੱਸਦਿਆਂ ਨੂੰ ਦੇਖ ਕੇ ਊਈਂ ਨੀ ਜਰਦੇ……ਹਾਕਾਂ ਤੇ ਹਾਕਾਂ ਮਾਰ ਮਾਰ ਕੇ ਸਿਰ ਖਾ ਲਿਆ….।” ਉਂਝ ਉਹ ਇਕੱਲੇ ਪਰ੍ਹਾਂ ਬੈਠ ਕੇ ਕਰਨ ਵੀ ਕੀ…..ਜੇ ਉਹਨਾਂ ਦਾ ਮੰਜਾ ਪਰਿਵਾਰ ਵਿੱਚ ਹੀ ਡਾਹ ਕੇ ਉਹਨਾਂ ਨੂੰ ਵੀ ਆਪਣੀਆਂ ਗੱਲਾਂ ਸਾਂਝੀਆਂ ਕਰਨ ਦਾ ਮੌਕਾ ਦੇ ਦਿੱਤਾ ਜਾਵੇ ਤਾਂ ਉਹਨਾਂ ਦਾ ਅਤੇ ਆਪਣਾ ਆਪਣਾ ਸਤਿਕਾਰ ਵੀ ਵਧਦਾ ਹੈ ਤੇ ਉਹਨਾਂ ਦੀ ਜ਼ਿੰਦਗੀ ਦੇ ਤਜ਼ਰਬਿਆਂ ਤੋਂ ਬਹੁਤ ਕੁਝ ਸਿੱਖਿਆ ਵੀ ਜਾ ਸਕਦਾ ਹੈ।
     ਇਸ ਮਾਮਲੇ ਵਿੱਚ ਸਰਕਾਰੀ ਪੈਨਸ਼ਨਾਂ ਲੈਣ ਵਾਲੇ ਬਜ਼ੁਰਗ ਆਮ ਬਜ਼ੁਰਗਾਂ ਤੋਂ ਥੋੜ੍ਹੇ ਜਿਹੇ ਕਿਸਮਤ ਵਾਲੇ ਹੁੰਦੇ ਹਨ ਕਿਉਂਕਿ ਉਨ੍ਹਾਂ ਦੀ ਪੈਨਸ਼ਨ ਦੇ ਲਾਲਚ ਵਿੱਚ ਔਲਾਦਾਂ ਨੂੰ ਉਹਨਾਂ ਦੀ “ਪੁੱਛ ਗਿੱਛ” ਕਰਨੀ ਪੈਂਦੀ ਹੈ।ਅਸਲ ਵਿੱਚ ਪੁੱਛ ਗਿੱਛ ਪੈਨਸ਼ਨ ਦੇ ਪੈਸਿਆਂ ਦੀ ਹੁੰਦੀ ਹੈ ਨਾ ਕਿ ਬਜ਼ੁਰਗ ਦੀ। ਇੱਕ ਵਾਰੀ ਫ਼ੌਜੀ ਕੰਨਟੀਨ ਤੇ ਘਰ ਦੀਆਂ ਜ਼ਰੂਰਤਾਂ ਲਈ ਮਾੜਾ ਮੋਟਾ ਸਮਾਨ ਲੈਣ ਲਈ ਮੈਂ ਵੀ ਕੰਨਟੀਨ ਤੇ ਗਈ,ਉੱਥੇ ਐਂਟਰੀ ਕਰਨ ਵਾਲੀ ਥਾਂ ਤੇ ਬਾਹਰ ਬੈਂਚ ਤੇ ਇੱਕ ਨੱਬੇ ਕੁ ਸਾਲ ਦਾ ਬਜ਼ੁਰਗ ਬੈਠਾ ਸੀ,ਜੇਠ ਹਾੜ ਦੀਆਂ ਧੁੱਪਾਂ ਨਾਲ ਉੱਪਰਲਾ ਸ਼ੈੱਡ ਲੋੜ੍ਹਿਆਂ ਦੀ ਤਪਸ਼ ਮਾਰੇ, ਇੱਕ ਪੱਖਾ ਫੱਕ ਫੱਕ ਅੱਗ ਵਰ੍ਹਦੀ ਹਵਾ ਮਾਰੇ। ਦੇਖਣ ਨੂੰ ਆਏਂ ਲੱਗੇ ਕਿ ਬਜ਼ੁਰਗ ਹੁਣੇ ਮੋਇਆ ਕਿ ਮੋਇਆ ,ਗਰਮੀ ਨਾਲ ਮੁੜ੍ਹਕੋ ਮੁੜ੍ਹਕੀ,ਬੁੱਲ੍ਹ ਸੁੱਕੇ ਹੋਏ, ਸਰੀਰ ਬੁਢਾਪੇ ਨਾਲ਼ ਜਮ੍ਹਾਂ ਈ ਸੁੰਗੜਿਆ ਅਤੇ ਕੰਬਦਾ ਹੋਇਆ , ਅੱਖਾਂ ਤੇ ਮੋਟੇ ਚਸ਼ਮੇ, ਸਮਝੋ ਜਿਊਂਦੀ ਲਾਸ਼। ਓਹਦੀ ਨੂੰਹ ਸੀ ਜਾਂ ਧੀ ਕਹਿਣ ਲੱਗੀ ,”ਭਾਪਾ ਜੀ ਕਾਰਡ ਦੇਦੋ ਤੇ ਤੁਸੀਂ ਇੱਥੇ ਬੈਠੋ…… ਅਸੀਂ ਆਉਂਦੀਆਂ…!” ਭਾਪਾ ਜੀ ਕਾਹਨੂੰ ਉਹ ਤਾਂ ਇੱਕ ਕਾਰਡ ਸੀ।  ਭਾਪਾ ਜੀ ਵਿਚਾਰੇ ਤਪਦੀ ਗਰਮੀ ਵਿੱਚ ਤਿੰਨ ਚਾਰ ਘੰਟੇ ਬੈਠੇ ਮਰਨ ਵਾਲੇ ਹੋਏ ਪਏ ਨਾ ਪਾਣੀ ਨਾ ਧਾਣੀ….. ਦੁਪਹਿਰ ਨੂੰ ਦੋ ਵਜੇ ਕੰਨਟੀਨ ਦੇ ਬੰਦ ਹੋਣ ਵੇਲੇ ਅੰਦਰੋਂ ਸਮਾਨ ਲਿਆ ਕੇ ਇਸ ਤਰ੍ਹਾਂ ਆਟੋ ਰਿਕਸ਼ਾ ਵਿੱਚ ਰੱਖਣ ਲੱਗੀਆਂ ਜਿਵੇਂ ਕੋਈ ਦੁਕਾਨ ਖਾਲੀ ਕਰਕੇ ਚੱਲਿਆ ਹੋਵੇ। ਜਦ ਕਿ ਦੇਖਣ ਨੂੰ ਹੀ ਲੱਗਦਾ ਸੀ ਕਿ ਉਹ ਜ਼ਰੂਰਤ ਦੇ ਸਮਾਨ ਨਾਲੋਂ ਜ਼ਿਆਦਾ ਬਜ਼ੁਰਗ ਦੇ ਕਾਰਡ ਦਾ ਲਾਹਾ ਚੁੱਕਿਆ ਜਾ ਰਿਹਾ ਸੀ। ਇਸ ਤਰ੍ਹਾਂ ਦੇ ਕਾਰਡਾਂ ਵਾਲੇ ਪਤਾ ਨਹੀਂ ਕਿੰਨੇ ਕੁ ਬਜ਼ੁਰਗਾਂ ਦੀ ਇਹੋ ਕਹਾਣੀ ਹੁੰਦੀ ਹੈ।
            ਇਸ ਤਰ੍ਹਾਂ ਕਈ ਪਤੀ ਪਤਨੀ ਦੋਵੇਂ ਨੌਕਰੀ ਕਰਦੇ ਹੋਣ ਕਰਕੇ ਸਿਰਫ ਆਪਣੇ ਬੱਚਿਆਂ ਨੂੰ ਸਾਂਭਣ ਲਈ ਹੀ ਆਪਣੇ ਕੋਲ ਰੱਖਦੇ ਹਨ,ਕਈ ਆਪਣਾ ਘਰ ਸਾਂਭਣ ਲਈ ਹੀ ਰੱਖਦੇ ਹਨ ਤੇ ਕਈ ਕੰਮ ਵਿੱਚ ਹੱਥ ਵਟਾਉਣ ਕਰਕੇ ਹੀ ਰੱਖਦੇ ਹਨ, ਜਦੋਂ ਉਹ ਬਜ਼ੁਰਗ ਸਰੀਰਕ ਬੀਮਾਰੀਆਂ ਜਾਂ ਕਮਜ਼ੋਰੀਆਂ ਕਾਰਨ ਇਹਨਾਂ ਕੰਮਾਂ ਦੇ ਯੋਗ ਨਹੀਂ ਰਹਿੰਦੇ ਤਾਂ  ਉਹਨਾਂ ਨੂੰ ਆਪਣੇ ਉੱਪਰ ਬੋਝ ਸਮਝਦੇ ਹਨ। ਇੱਕ ਉਹਨਾਂ ਬਜ਼ੁਰਗਾਂ ਦੀ ਲਾਚਾਰੀ ਅਤੇ ਉੱਪਰੋਂ ਆਪਣੇ ਲਾਡਲਿਆਂ ਦੀ ਦੁਰਾਚਾਰੀ ਬੁਢਾਪੇ ਨੂੰ ਨਰਕ ਵਿੱਚ ਬਦਲ ਦਿੰਦੀ ਹੈ। ਸੋ ਮੁੱਕਦੀ ਗੱਲ ਇਹ ਹੈ ਕਿ ਇਹ ਗੱਲ ਹਮੇਸ਼ਾ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਜਿਹਨਾਂ ਨੇ ਆਪਣਾ ਸਾਰੀ ਜ਼ਿੰਦਗੀ ਅਤੇ ਸਰਮਾਇਆ ਉਹਨਾਂ ਉੱਪਰ ਲੁਟਾਕੇ ਕਿਸੇ ਯੋਗ ਬਣਾਇਆ ਹੁੰਦਾ ਹੈ ਉਹਨਾਂ ਨੂੰ ਉਸੇ ਤਰ੍ਹਾਂ ਸੰਭਾਲਣਾ ਉਹਨਾਂ ਦਾ ਫਰਜ਼ ਬਣਦਾ ਹੈ। ਉਹ ਕੋਈ ਨੌਕਰ ਨਹੀਂ ਜੋ ਉਹਨਾਂ ਨੂੰ ਕਿਸੇ ਖ਼ਾਸ ਮਕਸਦ ਲਈ ਹੀ ਵਰਤਿਆ ਜਾਵੇ ਤੇ ਨਾ ਹੀ ਉਹ ਘਰ ਦੇ ਕਬਾੜ ਵਾਂਗੂੰ ਫਾਲਤੂ ਹੁੰਦੇ ਹਨ ਜਿਨ੍ਹਾਂ ਨੂੰ ਇੱਕ ਨੁੱਕਰੇ ਅਲੱਗ ਕਰਕੇ ਸੁੱਟ ਦਿੱਤਾ ਜਾਵੇ। ਉਹਨਾਂ ਦਾ ਵੀ ਗੱਲਾਂ ਕਰਨ ਨੂੰ ਦਿਲ ਕਰਦਾ ਹੈ ਦੇ ਰੁਝੇਵਿਆਂ ਵਿੱਚੋਂ ਚੌਵੀ ਘੰਟਿਆਂ ਵਿੱਚੋਂ ਦਸ ਮਿੰਟ ਉਹਨਾਂ ਨੂੰ ਦੇ ਦਿੱਤੇ ਜਾਣ ਤਾਂ ਉਹ ਤੁਹਾਨੂੰ ਦੁਆਵਾਂ ਦੇ ਦੇ ਅਤੇ ਹਰ ਕਿਸੇ ਕੋਲ ਵਡਿਆਈ ਕਰ ਕਰ ਕੇ ਤੁਹਾਨੂੰ ਦੁਨੀਆਂ ਦਾ ਸਭ ਤੋਂ ਨੇਕ ਔਲਾਦ ਦੀ ਕਤਾਰ ਵਿੱਚ ਖੜ੍ਹੇ ਕਰ ਦੇਣਗੇ। ਦੁਨੀਆ ਵੱਲੋਂ ਵਡਿਆਈ ਆਪਣੇ ਆਪ ਹੀ ਮਿਲਦੀ ਹੈ ਬਸ ਸੋਚ ਬਦਲਣ ਦੀ ਲੋੜ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪੰਜਾਬ ਨੰਬਰਦਾਰ ਯੂਨੀਅਨ “ਸਰਕਾਰੀ ਸਕੂਲ ਬਚਾਓ ਮੋਰਚਾ” ਨੂੰ ਬਲ ਦੇਣ ਪਹੁੰਚੀ – ਸੰਧੂ / ਬਾਲੀ 
Next articleਸਿਹਤ ਕਰਮਚਾਰੀਆਂ ਨੂੰ ਯੂ ਵਿਨ ਪੋਰਟਲ ਸਬੰਧੀ ਦਿੱਤੀ ਗਈ ਟ੍ਰੇਨਿੰਗ :-ਡਾ. ਅਰਸ਼ਦੀਪ ਸਿੰਘ