ਏਹੁ ਹਮਾਰਾ ਜੀਵਣਾ ਹੈ -397

ਬਰਜਿੰਦਰ ਕੌਰ ਬਿਸਰਾਓ‘

(ਸਮਾਜ ਵੀਕਲੀ)- ਮੁੱਢ ਕਦੀਮ ਤੋਂ ਹੀ ਮਨੁੱਖੀ ਸੁਭਾਅ ਅੰਦਰ ਘੁੰਮਣ ਫਿਰਨ ਦੀ ਲਾਲਸਾ ਰਹੀ ਹੈ।ਇਸ ਤੋਂ ਵੀ ਵੱਧ ਉਸ ਦੇ ਮਨ ਵਿੱਚ ਸੈਰ ਸਪਾਟੇ ਦੇ ਨਾਲ ਨਾਲ ਦੂਜੀਆਂ ਜਗ੍ਹਾ ਹਾਲਾਤਾਂ ਅਤੇ ਸਭਿਆਚਾਰ ਨੂੰ ਜਾਣਨ ਦੀ ਜਗਿਆਸਾ ਹੁੰਦੀ ਸੀ। ਪਹਿਲੇ ਸੈਲਾਨੀ ਖੋਜੀ,ਵਪਾਰੀ ਅਤੇ ਅਮੀਰ ਹੁੰਦੇ ਸਨ, ਜੋ ਲੰਬੇ ਲੰਬੇ ਸਫ਼ਰ ਕਰਨ ਦੀ ਸਮਰੱਥਾ ਰੱਖਦੇ ਸਨ। ਪਹਿਲਾਂ ਪਹਿਲ ਸੈਲਾਨੀਆਂ ਨੂੰ  ਸੜਕਾਂ ‘ਤੇ ਕਈ ਕਈ ਸਾਲ ਗੁਜ਼ਾਰਨੇ ਪੈਂਦੇ ਸਨ ਪਰ ਹੌਲੀ ਹੌਲੀ ਜ਼ਹਾਜ਼ ਤੇ ਰੇਲ ਗੱਡੀਆਂ ਦੇ ਇਜਾਦ ਹੋਣ ਨਾਲ ਸੈਲਾਨੀਆਂ ਦੇ ਸਫ਼ਰ ਸੌਖੇ ਹੋਣ ਲੱਗੇ ਅਤੇ ਹੁਣ ਕੁਝ ਘੰਟਿਆਂ ਵਿੱਚ ਪੂਰੀ ਦੁਨੀਆਂ ਦਾ ਸਫ਼ਰ ਤੈਅ ਕੀਤਾ ਜਾ ਸਕਦਾ ਹੈ। ਸਮੇਂ ਦੇ ਬਦਲਣ ਨਾਲ ਹੌਲ਼ੀ ਹੌਲ਼ੀ ਮੱਧ ਵਰਗ ਨੇ ਸਫ਼ਰ ਕਰਨਾ ਸ਼ੁਰੂ ਕਰ ਦਿੱਤਾ। ਨਵੇਂ ਨਵੇਂ ਆਵਾਜਾਈ ਦੇ ਸਾਧਨਾਂ ਦੇ ਉਪਲਬਧ ਹੋਣ ਕਰਕੇ,ਆਵਾਜਾਈ ਦੇ ਸਾਧਨਾਂ ਦੀਆਂ ਸੁੱਖ ਸਹੂਲਤਾਂ ਵਧੀਆ ਹੋਣ ਦੇ ਨਾਲ ਨਾਲ ਖਾਣ ਪੀਣ ਅਤੇ ਵਧੀਆ ਰਹਿਣ ਸਹਿਣ ਦੀਆਂ ਸੁਵਿਧਾਵਾਂ ਜਿਵੇਂ ਰੀਸੋਰਟਾਂ , ਹੋਟਲਾਂ ਦਾ ਲਗਾਤਾਰ ਵਾਧਾ ਹੋਣ ਨਾਲ ਅੱਜ ਹਰ ਵਰਗ ਸੈਰ ਸਪਾਟੇ ਲਈ ਉਤਸੁਕ ਹੁੰਦਾ ਹੈ। ਅੱਜ ਦਾ ਮਨੁੱਖ ਥੋੜ੍ਹੀਆਂ ਜਿਹੀਆਂ ਛੁੱਟੀਆਂ ਅਤੇ ਆਪਣੀ ਆਰਥਿਕ ਹਾਲਤ ਨੂੰ ਸੈਰ ਲਈ ਵੀ ਰਾਖਵਾਂ ਜ਼ਰੂਰ ਰੱਖਦਾ ਹੈ।                                    ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਨੇ ਜ਼ਿੰਮੇਵਾਰ, ਟਿਕਾਉ ਅਤੇ ਯੂਨੀਵਰਸਲ ਸੈਰ ਸਪਾਟੇ ਨੂੰ ਉਤਸ਼ਾਹਤ ਕਰਨ ਲਈ ਸੈਰ ਸਪਾਟਾ ਦਿਵਸ ਦਾ ਐਲਾਨ ਕੀਤਾ ਗਿਆ ਜਿਸ ਰਾਹੀਂ ਸੈਲਾਨੀਆਂ ਅਤੇ ਉਹਨਾਂ ਦੇ ਘੁੰਮਣ ਫਿਰਨ ਵਾਲੇ ਸਥਾਨਾਂ ਦੋਵਾਂ ਨੂੰ ਲਾਭ ਪਹੁੰਚਾਉਂਦਾ ਹੈ ।ਇਹ ਹਰ ਦੇਸ਼ ਦੀ ਤਰੱਕੀ ਵਿੱਚ ਸਹਾਈ ਹੋ ਕੇ ਆਰਥਿਕ ਵਿਕਾਸ  ਵੀ ਕਰਦੇ ਹਨ। ਵਿਸ਼ਵ ਸੈਰ ਸਪਾਟਾ ਦਿਵਸ ਦੀ ਸ਼ੁਰੂਆਤ 1980 ਤੋਂ ਹੋਈ। 27 ਸਤੰਬਰ ਨੂੰ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਵਿਸ਼ਵ ਭਰ ਵਿੱਚ ਮਨਾਇਆ ਜਾਂਦਾ ਹੈ। 27 ਸਤੰਬਰ 1980 ਨੂੰ ਸੰਯੁਕਤ ਰਾਸ਼ਟਰ ਵਿਸ਼ਵ ਸੈਰ ਸਪਾਟਾ ਸੰਗਠਨ ਵੱਲੋਂ ਅੰਤਰਰਾਸ਼ਟਰੀ ਜਸ਼ਨ ਵਜੋਂ ਪਹਿਲਾ ਵਿਸ਼ਵ ਸੈਰ ਸਪਾਟਾ ਦਿਵਸ ਮਨਾਇਆ ਗਿਆ। ਇਸ ਨੂੰ ਸਥਾਪਤ ਕਰਨ ਦਾ ਕਾਰਨ ਵਿਸ਼ਵ ਭਰ ਵਿੱਚ ਸਮਾਜਿਕ, ਸਭਿਆਚਾਰਕ, ਰਾਜਨੀਤਿਕ ਅਤੇ ਆਰਥਿਕ ਕਦਰਾਂ ਕੀਮਤਾਂ ਅਤੇ ਅੰਤਰਰਾਸ਼ਟਰੀ ਭਾਈਚਾਰੇ ਦੇ ਅੰਦਰ ਸੈਰ ਸਪਾਟੇ ਦੀ ਭੂਮਿਕਾ ਨੂੰ ਵਧਾਉਣਾ ਸੀ। ਵਿਸ਼ਵ ਸੈਰ ਸਪਾਟਾ ਸੰਗਠਨ ਵੱਲੋਂ ਕਿਹਾ ਗਿਆ ਸੀ ਕਿ ਸੈਰ ਸਪਾਟੇ ਬਾਰੇ ਜਾਗਰੂਕਤਾ ਵਧਾਉਣ ਲਈ ਇਸ ਦਿਨ ਨੂੰ ਮਨਾਉਣਾ ਬਹੁਤ ਜ਼ਰੂਰੀ ਹੈ। 

           ਜੇ ਭਾਰਤ ਦੀ ਗੱਲ ਕਰੀਏ ਤਾਂ ਕਈ ਕਾਰਨਾਂ ਕਰਕੇ ਇਹ ਸੈਲਾਨੀਆਂ ਦੇ ਪਸੰਦੀਦਾ ਸਥਾਨਾਂ ਵਿੱਚੋਂ ਇੱਕ ਰਿਹਾ ਹੈ। ਕਿਉਂਕਿ ਭਾਰਤ ਵਿੱਚ ਸੈਰ ਸਪਾਟੇ ਖੇਤਰਾਂ ਨੂੰ ਕਈ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਜਿਵੇਂ ਕਿ ਸਿਹਤ ਸੈਰ ਸਪਾਟਾ, ਅਧਿਆਤਮਕ ਸੈਰ ਸਪਾਟਾ, ਯੋਗਾ ਸੈਰ ਸਪਾਟਾ, ਸਾਹਸੀ ਸੈਰ ਸਪਾਟਾ। ਇਸੇ ਕਰਕੇ ਭਾਰਤ ਇਹਨਾਂ ਪੱਖਾਂ ਤੋਂ ਵਿਸ਼ਵ ਦੇ ਹਰ ਹਿੱਸੇ ਤੋਂ ਵੱਡੀ ਗਿਣਤੀ ਵਿੱਚ ਸੈਲਾਨੀਆਂ ਲਈ ਖਿੱਚ ਦਾ ਕੇਂਦਰ ਬਣਦਾ ਰਿਹਾ ਹੈ।  ਆਯੁਰਵੈਦਿਕ, ਯੂਨਾਨੀ ਅਤੇ ਐਲੋਪੈਥੀ ਵਰਗੀਆਂ ਦਵਾਈਆਂ ਦੀ ਵਿਸ਼ਾਲ ਸ਼੍ਰੇਣੀ ਦੇ ਨਾਲ ਨਾਲ ਸਸਤੀ ਆਰਥਿਕ ਤੌਰ ਬਹੁਤ ਸਾਰੇ ਸੈਲਾਨੀ ਆਪਣੇ ਡਾਕਟਰੀ ਇਲਾਜ ਲਈ ਭਾਰਤ ਦੀ ਚੋਣ ਕਰਦੇ ਹਨ। ਯੋਗਾ ਇਸ ਸਮੇਂ ਸੈਰ ਸਪਾਟੇ ਦਾ ਇੱਕ ਪ੍ਰਭਾਵਸ਼ਾਲੀ ਖੇਤਰ ਸਾਬਤ ਹੋ ਰਿਹਾ ਹੈ ਜੋ ਸੈਲਾਨੀਆਂ ਨੂੰ ਭਾਰਤ ਵੱਲ ਆਕਰਸ਼ਿਤ ਕਰਦਾ ਹੈ। ਨਸਲ, ਸਭਿਆਚਾਰ, ਵਿਰਾਸਤ ਆਦਿ ਹਰ ਕਿਲੋਮੀਟਰ ਦੇ ਨਾਲ ਬਦਲਦੇ ਰਹਿੰਦੇ ਹਨ ਜਦੋਂ ਵੀ ਕੋਈ ਭਾਰਤ ਵਿੱਚ ਉੱਤਰ ਤੋਂ ਦੱਖਣ ਦੀ ਯਾਤਰਾ ਕਰਦਾ ਹੈ ਤਾਂ ਇਸ ਦੀ ਅਮੀਰ ਸਭਿਆਚਾਰਕ ਵਿਰਾਸਤ ਦੇ ਨਾਲ ਨਾਲ ਲੈਂਡਸਕੇਪ ਅਤੇ ਸਮੁੰਦਰੀ ਨਜ਼ਾਰੇ ਦੇਸ਼ ਨੂੰ ਬਾਕੀ ਏਸ਼ੀਆਈ ਮਹਾਂਦੀਪਾਂ ਤੋਂ ਵੀ ਵੱਖਰਾ ਬਣਾਉਂਦੇ ਹਨ।

          ਆਧੁਨਿਕ ਟੂਰਿਜ਼ਮ ਦੇ ਚੱਕਰ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ।ਇਕੱਤਰਤ ਜਾਣਕਾਰੀ ਅਨੁਸਾਰ ਜੇ ਪਿਛਲੇ ਸਦੀ ਦੇ 50 ਵਿਆਂ ਦੇ ਅੱਧ ਵਿਚ ਸੈਲਾਨੀਆਂ ਦੀ ਗਿਣਤੀ ਕਰੀਬ ਪੰਜਾਹ ਲੱਖ ਸੀ, ਤਾਂ ਪਿਛਲੇ ਦੋ ਸਾਲ  ਪਹਿਲਾਂ ਤੱਕ ਧਰਤੀ ‘ਤੇ ਇੱਕ ਅਰਬ ਲੋਕ ਯਾਤਰਾ ਕਰ ਰਹੇ ਸਨ ।ਆਵਾਜਾਈ ਵਿੱਚ ਸੁਧਾਰ ਹੋ ਰਿਹਾ ਹੈ ਜਿਸ ਨਾਲ ਇਹ ਮੱਧ ਵਰਗ ਲਈ ਵਧੇਰੇ ਪਹੁੰਚ ਯੋਗ ਹੋ ਰਿਹਾ ਹੈ, ਜ਼ਿਆਦਾਤਰ ਵਿਕਸਤ ਦੇਸ਼ਾਂ ਵਿੱਚ, ਆਮ ਲੋਕ ਪਹਿਲਾਂ ਹੀ ਵਿਦੇਸ਼ ਵਿਚ ਆਪਣੀ ਛੁੱਟੀਆਂ ਕੱਟਣ ਲਈ ਸਹੀ ਰਾਸ਼ੀ ਨੂੰ ਪਾਸੇ ਰੱਖ ਲੈਂਦੇ ਹਨ।ਭਵਿੱਖਬਾਣੀ ਦੱਸਦੀ ਹੈ ਕਿ 2030 ਤੱਕ ਸੈਲਾਨੀਆਂ ਦੀ ਗਿਣਤੀ ਵਧ ਕੇ 1.8 ਬਿਲੀਅਨ ਹੋ ਜਾਵੇਗੀ, ਅਤੇ ਇਨ੍ਹਾਂ ਵਿੱਚੋਂ ਜ਼ਿਆਦਾਤਰ ਹਵਾਈ ਜਹਾਜ਼ਾਂ ਦੁਆਰਾ ਯਾਤਰਾ ਕਰਦੇ ਨਜ਼ਰ ਆਉਣਗੇ।

          ਵਿਸ਼ਵ ਸੈਲਾਨੀ ਦਿਵਸ ਨੂੰ ਮਨਾਉਣ ਲਈ ਹਰ ਵਰ੍ਹੇ ਇੱਕ ਦੇਸ਼ ਮੇਜ਼ਬਾਨੀ ਕਰਦਾ ਹੈ ਅਤੇ ਹਰ ਸਾਲ ਉਸ ਨੂੰ ਇੱਕ ਥੀਮ ਤਹਿਤ ਮਨਾਇਆ ਜਾਂਦਾ ਹੈ। ਇਸ ਸਾਲ 2023 ਵਿੱਚ ਸਾਊਦੀ ਅਰਬ ਦੇ ਇੱਕ ਰਾਜ ਰਿਆਦ ਵੱਲੋਂ ਮੇਜ਼ਬਾਨੀ ਕੀਤੀ ਜਾ ਰਹੀ ਹੈ। ਜਿਸ ਵਿੱਚ ਸ਼ਾਂਤੀ, ਸਦਭਾਵਨਾ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਵਧਾਵਾ ਦਿੱਤਾ ਜਾਵੇਗਾ। ਇਸ ਵਾਰ ਦਾ ਥੀਮ ” ਟੂਰਿਜ਼ਮ ਐਂਡ ਗ੍ਰੀਨ ਇਨਵੈਸਟਮੈਂਟ ” ਹੈ। ਵਿਸ਼ਵੀ ਤਪਸ਼ ਤੇ ਰੋਕ ਲਗਾ ਕੇ ਸੈਰ ਸਪਾਟੇ ਵਾਲ਼ੀਆਂ ਥਾਵਾਂ ਨੂੰ ਪ੍ਰਭਾਵਿਤ ਹੋਣ ਤੋਂ ਰੋਕਣਾ,ਆਪਸੀ ਪਿਆਰ ਅਤੇ ਸਹਿਯੋਗ ਨਾਲ ਭਾਈਚਾਰਕ ਏਕਤਾ ਨੂੰ ਕਾਇਮ ਰੱਖਣਾ ਇਸ ਵਾਰ ਦੇ ਸੈਲਾਨੀ ਦਿਵਸ ਨੂੰ ਸਮਰਪਿਤ ਕਰਨ ਲਈ ਯਤਨਸ਼ੀਲ ਹੋਈਏ ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ…

998890-1324

 

        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

 

Previous articleਭਾਰਤੀ ਕਿਸਾਨ ਯੂਨੀਅਨ ਦੁਆਬਾ ਦੀ ਮੀਟਿੰਗ ਗੁਰਦੁਆਰਾ ਸਿੰਘ ਸਭਾ ਵਿਖੇ ਹੋਈ
Next articleਬਹੁਪੱਖੀ ਪ੍ਰਤਿਭਾ ਦਾ ਮਾਲਕ ਸਾਡਾ ਬਿਪਨ ਜੋਸ਼ੀ