ਏਹੁ ਹਮਾਰਾ ਜੀਵਣਾ ਹੈ -396

   (ਸਮਾਜ ਵੀਕਲੀ)-ਸੁਖਬੀਰ ਤੇ ਸੁਖਜੀਤ ਦੋਵੇਂ ਦਰਾਣੀ ਜਠਾਣੀ ਕੰਮ ਕਾਰ ਕਰਕੇ ਸ਼ਾਮ ਨੂੰ ਤਿੰਨ ਕੁ ਵਜੇ ਵਿਹਲੀਆਂ ਹੋਈਆਂ ਤਾਂ ਚਾਹ ਪੀ ਕੇ ਬੈਠੀਆਂ ਘਰ ਦੀਆਂ ਗੱਲਾਂ ਕਰਦੀਆਂ ਸਨ। ਸੁਖਬੀਰ ਦਾ ਮੁੰਡਾ ਜੋ ਤਿੰਨ ਕੁ ਸਾਲ ਦਾ ਸੀ ਕੱਚੀ ਨੀਂਦੇ ਉੱਠੇ ਜਵਾਕ ਵਾਂਗੂੰ ਰੀੰ ਰੀਂ ਕਰੀ ਜਾਂਦਾ ਸੀ। ਉਸ ਨੇ ਉਸ ਨੂੰ ਥਾਪੜ ਕੇ ਬਥੇਰਾ ਸਵਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਜ਼ਿੱਦ ਪਿਆ ਹੋਇਆ ਸੀ। ਸੁਖਬੀਰ ਨੂੰ ਉਸ ਦੀ ਜਠਾਣੀ ਆਖਣ ਲੱਗੀ,” ਚੱਲ ਨੀ….. ਆਪਾਂ ਮੋਟਰ ਤੇ ਈ ਚੱਕਰ ਲਾ ਆਉਂਦੀਆਂ….. ਨਾਲ਼ੇ ਕੋਈ ਸਬਜ਼ੀ ਤੋੜ ਲਿਆਵਾਂਗੀਆਂ….ਨਾਲ਼ੇ ਧਨੀਆ ਵੀ ਲੈ ਆਵਾਂਗੀਆਂ….. ਇਹ ਤਾਂ ਸਵੇਰੇ ਈ ਕਹਿੰਦੇ ਸੀ ਮੋਟਰ ਤੇ ਧਨੀਆ ਬਹੁਤ ਫ਼ੈਲਿਆ ਹੋਇਆ….ਰੋਟੀ ਬਣਾਉਣ ‘ਚ ਹਜੇ ਦੋ ਘੰਟੇ ਪਏ ਨੇ…..।” ਦੋਵੇਂ ਜਾਣੀਆਂ ਮੁੰਡੇ ਨੂੰ ਗੋਦੀ ਚੁੱਕ ਕੇ ਮੋਟਰ ਵੱਲ ਨੂੰ ਤੁਰ ਪਈਆਂ। ਮੋਟਰ ਤੇ ਜਾਣ ਲਈ ਸਾਰਾ ਪਿੰਡ ਲੰਘ ਕੇ ਜਾਣਾ ਪੈਂਦਾ ਸੀ। ਪਿੰਡ ਦੇ ਦੂਜੇ ਪਾਸੇ ਵੱਲ ਦੀ ਵੀ ਉਹਨਾਂ ਦੇ ਖੇਤ  ਡੇਢ਼ ਕਿਲੋਮੀਟਰ ਦੂਰ ਸਨ। ਜਾਂਦੀਆਂ ਹੋਈਆਂ ਉਹ ਹੌਲ਼ੀ ਹੌਲ਼ੀ ਤੁਰੀਆਂ ਗਈਆਂ। ਸੈਰ ਕਰਦੀਆਂ ਕਰਦੀਆਂ ਉਹ ਮੋਟਰ ਤੇ ਪਹੁੰਚ ਗਈਆਂ ਤੇ ਪਹੁੰਚ ਕੇ ਪਹਿਲਾਂ ਮੋਟਰ ਤੋਂ ਰੱਜ ਕੇ ਤਾਜਾ ਪਾਣੀ ਪੀਤਾ ਕਿਉਂਕਿ ਉਨ੍ਹਾਂ ਨੂੰ ਤੁਰੀਆਂ ਜਾਂਦੀਆਂ ਨੂੰ ਪਿਆਸ ਲੱਗ ਗਈ ਸੀ। ਉੱਥੇ ਉਹਨਾਂ ਨੇ ਕਾਮੇ ਤੋਂ ਧਨੀਆ ਤੁੜਵਾਇਆ, ਆਪ ਘੁੰਮੀਆਂ ਫਿਰੀਆਂ ਤੇ ਕੁਝ ਸਬਜ਼ੀਆਂ ਤੋੜੀਆਂ ਤੇ ਘੰਟੇ ਕੁ ਬਾਅਦ ਉਹ ਵਾਪਸ ਘਰ ਲਈ ਤੁਰ ਪਈਆਂ। ਹੁਣ ਉਹਨਾਂ ਕੋਲ ਸਬਜ਼ੀ ਵਾਲ਼ਾ ਝੋਲ਼ਾ ਵੀ ਇੱਕ ਨਗ ਹੋਰ ਵਧ ਗਿਆ ਸੀ।
          ਉਹ ਵਾਪਸੀ ਤੇ ਮੁੰਡੇ ਨੂੰ ਥੋੜ੍ਹਾ ਜਿਹਾ ਤੁਰਨ ਨੂੰ ਆਖਣ ਪਰ ਉਹ ਤਾਂ ਅੜ ਹੀ ਗਿਆ ਕਿ ਉਹ ਤਾਂ ਗੋਦੀ ਚੜ੍ਹ ਕੇ ਈ ਜਾਵੇਗਾ।  ਵਾਰੀ ਵਾਰੀ ਮੁੰਡੇ ਨੂੰ ਚੁੱਕ ਕੇ ਤੇ ਸਬਜ਼ੀ ਦੇ ਭਰੇ ਹੋਏ ਥੈਲੇ ਨੂੰ ਚੁੱਕ ਚੁੱਕ ਕੇ ਉਹਨਾਂ ਦੀਆਂ ਬਾਹਾਂ ਆਕੜ ਗਈਆਂ ਸਨ ਤੇ ਪਿਆਸ ਲੱਗ ਗਈ। ਸੁਖਜੀਤ ਆਖਣ ਲੱਗੀ ,” ਬੱਸ ਆਹ ਚਾਰ ਕ ਫਰਲਾਂਗ ਹੋਰ ਆ…. ਪਿੰਡ ਦੇ ਬਾਹਰਵਾਰ ਸੂਏ ਤੇ ਮਿੰਦੀ ਚਾਚੀ ਦਾ ਘਰ ਆ…. ਨਾਲ਼ੇ ਉਹਨੂੰ ਮਿਲ਼ ਜਾਵਾਂਗੀਆਂ….. ਤੇ ਨਾਲ਼ੇ ਚਾਹ ਪਾਣੀ ਪੀ ਜਾਵਾਂਗੀਆਂ….!” ਉਹ ਗੱਲਾਂ ਬਾਤਾਂ ਕਰਦੀਆਂ ਹੌਲ਼ੀ ਹੌਲ਼ੀ ਮਿੰਦੀ ਚਾਚੀ ਦੇ ਘਰ ਤੱਕ ਵੀ ਪਹੁੰਚ ਗਈਆਂ। ਸੁਖਜੀਤ ਨੇ ਖੁੱਲ੍ਹੇ ਗੇਟ ਵਿੱਚ ਖੜ੍ਹ ਕੇ ਬਾਹਰੋਂ ਈ ਹਾਕ ਮਾਰੀ,” ਚਾਚੀ…… ਘਰੇ ਈ ਆਂ….!” ਉਸ ਦੀ ਸਾਹਮਣੇ ਈ ਮੱਝਾਂ ਵਾਲੇ ਪਾਸਿਉਂ ਅਵਾਜ਼ ਆਈ,” ਆਜੋ ਭਾਈ ਕੌਣ ਆਂ…. ਮੈਂ ਘਰੇ ਈ ਆਂ….. ਮੈਂ ਧਾਰਾਂ ਚੋਂਦੀ ਆਂ ….!”
 ” ਮੈਂ ਸੁਖਜੀਤ ਆਂ…… ਮੋਟਰ ਤੋਂ ਆਉਂਦੀਆਂ ਸੀ…. ਸੋਚਿਆ ਚਾਚੀ ਨੂੰ ਈ ਮਿਲ਼ ਚੱਲੀਏ….!”
“ਆਜੋ ਬਹਿ ਜੋ…. ਵਿਹੜੇ ‘ਚ ਮੰਜਾ ਡਾਹ ਕੇ…. ਮੈਂ ਧਾਰਾਂ ਦਾ ਕੰਮ ਨਿਬੇੜ ਕੇ ਆਉਂਦੀ ਆਂ….. ਦੋਧੀ ਜਲਦੀ ਆ ਜਾਂਦਾ…. ਉਹਨੇ ਸ਼ਹਿਰ ਨੂੰ ਮੁੜਨਾ ਹੁੰਦਾ…. ਮੈਨੂੰ ਲੱਗਜੂ ਅੱਧਾ ਪੌਣਾ ਘੰਟਾ….।”
“ਚਾਚੀ….. ਫੇਰ ਕਿਸੇ ਦਿਨ ਸਹੀ….. ਹੁਣ ਤਾਂ ਸਾਨੂੰ ਵੀ ਕਾਹਲੀ ਆ….!”
(ਦੋਵੇਂ ਦਰਾਣੀ ਜਠਾਣੀ ਇੱਕ ਦੂਜੇ ਵੱਲ ਵੇਖਦੀਆਂ ਹਨ ਤੇ ਉੱਥੋਂ ਨਿਕਲਣ ਦੀ ਕਰਦੀਆਂ ਹਨ)
“ਚੱਲ ਨੀ ਸੁਖਜੀਤ….. ਔਹ ਦੇਖ਼ ਪਿੰਡ ਚ ਵੜਦਿਆਂ ਈ ਪਹਿਲੇ ਘਰ ਵਾਲਿਆਂ ਦੇ ਮੇਰੇ ਪੇਕਿਆਂ ਦੀ ਕੁੜੀ ਛਿੰਦੋ ਵਿਆਹੀ ਹੋਈ ਆ…. ਆਪਾਂ ਦੋ ਘੜੀ ਓਹਦੇ ਕੋਲ ਬੈਠ ਕੇ ਅਰਾਮ ਕਰਦੀਆਂ…. ਨਾਲ਼ੇ ਮੇਰੇ ਪੇਕਿਆਂ ਦੇ ਪਿੰਡ ਦੀ ਕੋਈ ਖ਼ਬਰਸਾਰ ਪਤਾ ਲੱਗ ਜਾਊ…..।” 
ਸੁਖਜੀਤ ਨੇ ਛਿੰਦੋ ਦੇ ਘਰ ਤੱਕ ਪਹੁੰਚ ਕੇ ਹਾਕ ਮਾਰੀ,”ਛਿੰਦੋ…. ਘਰੇ ਈ ਆਂ….?”
” ਛਿੰਦੋ ਘਰੇ ਨੀ….. ਤੁਸੀਂ ਕੌਣ ਓ….?” ਛਿੰਦੋ ਦੀ ਸੱਸ ਨੇ ਸਾਹਮਣੇ ਕੱਚੇ ਵਿਹੜੇ ਦੇ ਇੱਕ ਪਾਸੇ ਟੋਕੇ ਵਾਲ਼ੀ ਮਸ਼ੀਨ ਕੋਲੋਂ ਈ ਕਿਹਾ।
” ਮਾਸੀ ਜੀ ਮੈਂ ਤਾਂ ਛਿੰਦੋ ਦੇ ਪਿੰਡੋਂ ਈ ਨਿਆਈਂ ਵਾਲ਼ੇ ਪਾਸਿਓਂ ਸੁਖਜੀਤ ਆਂ….. ।” 
“ਉਹ ਆਪ ਪੇਕਿਆਂ ਨੂੰ ਤੁਰਗੀ….. ਸਾਰੇ ਕੰਮਾਂ ਦੀ ਜਿੰਮੇਵਾਰੀ ਮੇਰੇ ਸਿਰ ਪੈ ਗਈ….. ਆਪ ਈ ਰੁੱਗ ਪਾਉਂਦੀ ਆਂ….. ਆਪ ਈ ਪੱਠੇ ਕੁਤਰਦੀ ਆਂ….. ਦੱਸੋ ਕੁੜੇ ਕੋਈ ਕੰਮ ਸੀ….. ਮੈਂ ਓਹਨੂੰ ਦੱਸ ਦਊਂਗੀ…..।”
“ਨਹੀਂ ਮਾਸੀ ਜੀ…. ਮੈਂ ਤਾਂ ਐਧਰੋਂ ਲੰਘੀ ਜਾਂਦੀ ਸੀ…. ਸੋਚਿਆ ਓਹਦਾ ਪਤਾ ਈ ਲੈ ਜਾਂ…. ਚੰਗਾ ਮਾਸੀ ਜੀ ਅਸੀਂ ਚੱਲਦੀਆਂ….!”
“ਚੰਗਾ ਭਾਈ….!” ਛਿੰਦੋ ਨੇ ਬਿਨਾਂ ਦੇਖੇ ਈ ਉਸ ਦੀ ਗੱਲ ਦਾ ਜਵਾਬ ਦਿੱਤਾ ।
ਓਹ ਪਿਆਸੀਆਂ ਥੱਕੀਆਂ ਹਾਰੀਆਂ ਅਗਾਂਹ ਤੁਰੀਆਂ ਤਾਂ ਅਗਲੇ ਮੋੜ ਤੇ ਘਰਾਂ ਵਿੱਚੋਂ ਈ ਲੱਗਦੀ ਤਾਈ ਦੇ ਘਰ ਮੂਹਰੇ ਖੜ੍ਹਕੇ ਤਾਈ ਨੂੰ ਹਾਕ ਮਾਰੀ ਤਾਂ ਅੰਦਰੋ ਕਿਸੇ ਬੰਦੇ ਦੀ ਅਵਾਜ਼ ਆਈ,”…. ਭਾਈ….. ਉਹ ਤਾਂ ਘਰੇ ਨੀ…. ਤੁਸੀਂ ਕੌਣ ਓ ਬੀਬਾ ਜੀ….?”(ਹੌਲ਼ੀ ਹੌਲ਼ੀ ਸੋਟੀ ਦੇ ਸਹਾਰੇ ਤੁਰੇ ਆਉਂਦੇ ਤਾਏ ਨੇ ਕਿਹਾ)
“…. ਤਾਇਆ ਜੀ….. ਮੈਂ ਵੀਰੇ ਦੇ ਘਰੋਂ…..!”
“ਅੱਛਾ…. ਅੱਛਾ…… ਓਹ ਤਾਂ ਭਾਈ ਤੁਹਾਡੇ ਵਾਲ਼ੇ ਪਾਸੇ ਈ ਕਿਸੇ ਦੇ ਮੁੰਡਾ ਹੋਇਆ….. ਓਹਨੂੰ ਸ਼ਗਨ ਦੇਣ ਗਈ ਸੀ….. ਓਹ ਤਾਂ ਕਹਿੰਦੀ ਸੀ ਤੁਹਾਨੂੰ ਵੀ ਮਿਲਕੇ ਆਊਗੀ…..!” ਤਾਇਆ ਬੋਲਿਆ।
“ਅੱਛਾ ਤਾਇਆ ਜੀ…..ਚੰਗਾ ਫੇਰ ਅਸੀਂ ਚੱਲਦੀਆਂ…!” ਕਹਿ ਕੇ ਤੁਰ ਪਈਆਂ ਕਿ ਹੁਣ ਤਾਂ ਸਿੱਧਾ ਘਰੇ ਜਾ ਕੇ ਈ ਸ਼ਾਹ ਲੈਣਗੀਆਂ…..।
ਜਿਵੇਂ ਈ ਉਹ ਘਰ ਮੂਹਰੇ ਪਹੁੰਚੀਆਂ ਤਾਂ ਉੱਥੇ ਤਾਈ ਖੜ੍ਹੀ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਆਖਣ ਲੱਗੀ,” ਆਜੋ ਨੀ ਕੁੜੀਓ….. ਮੈਂ ਤਾਂ ਕਦੋਂ ਦੀ ਉਡੀਕਦੀਆਂ ਖੜ੍ਹੀ….. ਸੋਚਿਆ…… ਅੱਜ ਬਹੂਆਂ ਦੇ ਹੱਥ ਦੀ ਬਣੀ ਘੁੱਟ ਚਾਹ ਪੀ ਜਾਊਂ…..!”
ਸੁਖਜੀਤ ਤੇ ਸੁਖਬੀਰ ਸਾਹੋ ਸਾਹ ਹੋਈਆਂ ਇੱਕ ਦੂਜੇ ਵੱਲ ਵੇਖ ਕੇ ਹੱਸਦੀਆਂ ਹਨ ਤੇ ਜਿਵੇਂ ਬਿਨਾਂ ਬੋਲੇ ਹੀ ਇੱਕ ਦੂਜੇ ਨੂੰ ਕਹਿ ਰਹੀਆਂ ਹੋਣ,” ਲੈ ਨੀ….. ਆ ਗਏ ….ਥੱਕਿਆਂ ਦੇ ਘਰ ਹਾਰੇ ਹੋਏ ਪ੍ਰਾਹੁਣੇ….ਕਦੇ ਕਦੇ ਐਦਾਂ ਵੀ ਹੋ ਜਾਂਦਾ ਹੈ… ਕਿਉਂ ਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ…!” ਦੋਵੇਂ ਮੁਸਕਰਾ ਕੇ ਘਰ ਅੰਦਰ ਨੂੰ ਜਾਂਦੀਆਂ ਤਾਈ ਦਾ ਹੱਥ ਫੜਕੇ ਨਾਲ ਲੈ ਜਾਂਦੀਆਂ ਹਨ।
 
ਬਰਜਿੰਦਰ ਕੌਰ ਬਿਸਰਾਓ…
9988901324
 
 
        ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
Previous articleਗੁਰੂ ਨਾਨਕ ਨੈਸ਼ਨਲ ਕਾਲਜ ਕੋ- ਐਡ ਨਕੋਦਰ ਚ  ਸਲਾਨਾ “ਪ੍ਰਤਿਭਾ ਖੋਜ ਮੁਕਾਬਲਾ “ਕਰਵਾਇਆ ਗਿਆ ।
Next article28 ਸਤੰਬਰ ਨੂੰ ਕੰਪਿਊਟਰ ਅਧਿਆਪਕਾਂ ਦੀ ਖਟਕੜ ਕਲਾਂ ਰੈਲੀ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਵਲੋਂ ਸ਼ਮੂਲੀਅਤ ਦਾ ਫ਼ੈਸਲਾ।