HOME   ਏਹੁ ਹਮਾਰਾ ਜੀਵਣਾ ਹੈ -392

  ਏਹੁ ਹਮਾਰਾ ਜੀਵਣਾ ਹੈ -392

2
(ਸਮਾਜ ਵੀਕਲੀ)- ਬਚਪਨ ਕਿਸੇ ਵੀ ਮਨੁੱਖ ਦੀ ਜ਼ਿੰਦਗੀ ਦੀ ਉਹ ਅਵਸਥਾ ਹੁੰਦੀ ਹੈ ਜਿਸ ਨੂੰ ਮਨੁੱਖ ਆਪਣੇ ਜੀਵਨ ਵਿੱਚ ਯਾਦਾਂ ਦੇ ਸਹਾਰੇ ਤਾਉਮਰ ਜਿਊਂਦਾ ਰਹਿੰਦਾ ਹੈ। ਜੇ ਮਨੁੱਖ ਦੇ ਪੂਰੇ ਜੀਵਨ ਚੱਕਰ ਨੂੰ ਇੱਕ ਮੁੰਦਰੀ ਵਾਂਗ ਸਮਝ ਲਿਆ ਜਾਵੇ ਤਾਂ ਬਚਪਨ ਉਸ ਵਿੱਚ ਇੱਕ ਕੀਮਤੀ ਨਗ ਸਮਾਨ ਹੁੰਦਾ ਹੈ। ਹਰੇਕ ਵਿਅਕਤੀ ਨੇ ਆਪਣਾ ਬਚਪਨ ਚਾਹੇ ਗਰੀਬੀ ਵਿੱਚ, ਲਿੱਬੜੇ ਤਿੱਬੜੇ ਕੱਪੜਿਆਂ ਵਿੱਚ ਬਤੀਤ ਕੀਤਾ ਹੋਵੇ ਪਰ ਵੱਡਾ ਹੋ ਕੇ ਚਾਹੇ ਉਹ ਕਿੰਨਾ ਵੀ ਅਮੀਰ,ਸੁਨੱਖਾ ਜਾਂ ਉੱਚੇ ਅਹੁਦੇ ਤੇ ਕਿਉਂ ਨਾ ਪਹੁੰਚ ਗਿਆ ਹੋਵੇ , ਉਸ ਨੂੰ ਆਪਣੇ ਬਚਪਨ ਦੇ ਸਾਥੀ, ਬਚਪਨ ਦੀਆਂ ਖੇਡਾਂ, ਬਚਪਨ ਦਾ ਭੋਲਾਪਣ ਵਾਰ ਵਾਰ ਯਾਦ ਆਉਂਦਾ ਹੈ। ਹਰੇਕ ਵਿਅਕਤੀ ਥੱਕਿਆ ਹੋਇਆ ਜਦ ਕਿਤੇ ਵਿਹਲਾ ਬੈਠੇ ਤਾਂ ਅੱਖਾਂ ਬੰਦ ਕਰਕੇ ਇੱਕ ਵਾਰ ਆਪਣਾ ਬਚਪਨ ਜ਼ਰੂਰ ਜਿਉਂ ਕੇ ਆਉਂਦਾ ਹੈ। ਨਿੱਕੇ ਨਿੱਕੇ ਖੇਡਦੇ ਬੱਚਿਆਂ ਵਿੱਚੋਂ ਆਪਣੇ ਬਚਪਨ ਨੂੰ ਤਲਾਸ਼ਣਾ ਸ਼ੁਰੂ ਕਰ ਦਿੰਦਾ ਹੈ। ਵਿਅਕਤੀ ਨੂੰ ਆਪਣੇ ਬਚਪਨ ਦੇ ਭੋਲ਼ੇ ਭਾਲ਼ੇ ਕਿੱਸੇ ਘਟਨਾਵਾਂ ਆਪਣੇ ਬੱਚਿਆਂ ਨੂੰ ਸੁਣਾ ਕੇ ਆਨੰਦ ਮਹਿਸੂਸ ਹੁੰਦਾ ਹੈ । ਚਾਹੇ ਜ਼ਮਾਨੇ ਦੇ ਬਦਲਣ ਨਾਲ ਅੱਜ ਤੇ ਪਹਿਲਾਂ ਦੇ ਬਚਪਨ ਵਿੱਚ ਬਹੁਤ ਫਰਕ ਪੈ ਰਿਹਾ ਹੈ ,ਅੱਜ ਦੇ ਬਚਪਨ ਵਿੱਚ ਬੱਚਿਆਂ ਨੂੰ ਵੱਡਿਆਂ ਵਾਲੀਆਂ ਗੱਲਾਂ ਦਾ ਗਿਆਨ ਇੰਟਰਨੈੱਟ ਰਾਹੀਂ ਹੋ ਜਾਂਦਾ ਹੈ ਜੋ ਉਹਨਾਂ ਦੀ ਮਾਸੂਮੀਅਤ ਖੋਹ ਕੇ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ ਵੱਡੇ ਬਣਾ ਦਿੰਦਾ ਹੈ ਪਰ ਫਿਰ ਵੀ ਬਚਪਨ ਤਾਂ ਬਚਪਨ ਹੀ ਹੁੰਦਾ ਹੈ।
           ਕਿੰਨਾ ਸੋਹਣਾ ਪੁਰਾਣਾ ਬਚਪਨ ਹੁੰਦਾ ਸੀ…!ਕਿੰਨੇ ਸੋਹਣੇ ਨਿੱਕੇ ਨਿੱਕੇ ਮਾਸੂਮ ਤੇ ਨਿੱਕੇ ਨਿੱਕੇ ਖ਼ਿਆਲ ਸਨ, ਕਰ ਲਵੇਗਾ ਅੱਜ ਦਾ ਬਚਪਨ ਪੁਰਾਣੇ ਬਚਪਨ ਦੀਆਂ ਰੀਸਾਂ…? ਸਕੂਲ ਵਿੱਚ ਬੈਠਣਾ  ਸਿਖਾਉਣ ਲਈ ਨਾ ਦੋ ਢਾਈ ਸਾਲ ਦੇ ਜਵਾਕ ਦੇ ਗਲ਼ ਬਸਤਾ ਪਾ ਕੇ ਤੋਰਨਾ,ਨਾ ਖਾਣ ਪੀਣ ਦੀ ਤਹਿਜ਼ੀਬ ਸਿਖਾਉਣੀ।ਪਤਾ ਈ ਹੁੰਦਾ ਸੀ ਕਿ ਜੇ ਸਕੂਲ ਬੈਠਣਾ ਨਾ ਸਿੱਖੇ ਤਾਂ ਪਹਿਲਾਂ ਮਾਂ ਨੇ ਦੋ ਚਾਂਟੇ ਜੜ ਕੇ ਪਿਓ ਦੇ ਸਾਈਕਲ ਤੇ ਬਿਠਾ ਦੇਣਾ ਹੈ,ਜੇ ਸਕੂਲ ਪਹੁੰਚ ਕੇ ਪਿਓ ਦੇ ਸਾਈਕਲ ਦੀ ਗੱਦੀ ਘੁੱਟ ਕੇ ਫੜੀ ਤਾਂ ਓਹਨੇ ਦਬਕਾ ਮਾਰਕੇ ਖਿੱਚ ਕੇ ਥੱਲੇ ਲਾਹ ਦੇਣਾ,ਜੇ ਜਮਾਤ ਵਿੱਚ ਬੁੱਲ੍ਹ ਬਟੇਰਨ ਲੱਗੇ ਤਾਂ ਅਧਿਆਪਕ ਨੇ ਘੂਰ ਕੇ ਦੇਖਿਆ ਤਾਂ ਓਥੇ ਈ ਜਾਨ ਨਿਕਲਣ ਵਾਲੀ ਹੋ ਜਾਣੀ ਹੈ ,ਇਸ ਲਈ ਇਹੋ ਜਿਹੇ ਹਾਲਾਤਾਂ ਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਬੱਚੇ ਦਿਮਾਗ ਵਿੱਚ ਸਕੂਲ ਜਾਣ ਦੀ ਤਿਆਰੀ ਕਰ ਲੈਂਦੇ ਸਨ । ਕਿਸੇ ਵੱਡੇ ਭੈਣ ਭਰਾ ਨਾਲ਼ ਜਾਂ ਆਂਢੀਆਂ ਗੁਆਂਢੀਆਂ ਦੇ ਜਵਾਕ ਨਾਲ਼ ਇੱਕ ਅੱਧੀ ਵਾਰ ਇਸ ਤਰ੍ਹਾਂ ਹੁੰਦਾ ਦੇਖ ਕੇ ਸਾਰਿਆਂ ਨੂੰ ਆਪੇ ਅਕਲ ਆ ਜਾਂਦੀ ਹੁੰਦੀ ਸੀ ,ਇਸ ਲਈ ਪਹਿਲਾਂ ਈ ਬੰਦਿਆਂ ਵਾਂਗ ਸਕੂਲ ਜਾਣਾ ਸ਼ੁਰੂ ਕਰ ਦਿੰਦੇ ਸਨ। 
          ਇੱਕ ਘਰ ਵਿੱਚ ਚਾਰ ਪੰਜ ਜਵਾਕ ਹੁੰਦੇ ਸਨ।ਮਾਪੇ ਵੀ ਕੀਹਨੂੰ ਕੀਹਨੂੰ ਟ੍ਰੇਨਿੰਗਾਂ ਦੇਣ ਬੈਠਦੇ…ਇਸ ਲਈ ਇੱਕ ਦੂਜੇ ਨੂੰ ਦੇਖ ਦੇਖ ਕੇ ਆਪੇ ਸਭ ਕੁਝ ਸਿੱਖਦੇ ਰਹਿੰਦੇ। ਉਹਨਾਂ ਦੀ ਇਹ ਕੁਦਰਤੀ ਤੌਰ ਤੇ ਲਈ ਹੋਈ ਟ੍ਰੇਨਿੰਗ ਬਹੁਤ ਕਾਰਗਰ ਸਾਬਤ ਹੁੰਦੀ ਸੀ। ਨਾ ਜਵਾਕਾਂ ਨੂੰ ਮਾਪਿਆਂ ਦੀ ਕੁੱਟ ਖਾ ਕੇ ਸ਼ਰਮ ਆਉਂਦੀ ਸੀ ਤੇ ਨਾ ਅਧਿਆਪਕਾਂ ਦੀ ਕੁੱਟ ਕਾਰਨ ਮਾਪਿਆਂ ਨੂੰ ਗੁੱਸਾ ਆਉਂਦਾ ਸੀ। ਇਸੇ ਲਈ ਤਾਂ ਉਦੋਂ ਦੇ ਚੰਡੇ ਸਾਰੀ ਉਮਰ ਲਈ ਬੰਦੇ ਬਣ ਜਾਂਦੇ ਸਨ। 
           ਜੇ ਕਿਤੇ ਮਾਂ ਨਾਲ਼ ਰੁੱਸ ਕੇ ਨਿੱਕੇ ਹੁੰਦਿਆਂ ਕਿਸੇ ਨੇ ਭੁੱਖ ਹੜਤਾਲ ਕਰ ਦੇਣੀ ਤੇ ਲੱਗਣਾ ਹੁਣ ਮਾਂ ਮੇਰੀਆਂ ਮਿੰਨਤਾਂ ਕਰੂ…..ਪਰ ਕਿੱਥੇ? ਜਵਾਕ ਇੱਕ ਡੰਗ ਰੋਟੀ ਨਾ ਖਾਂਦਾ…..ਢਿੱਡ ਵਿੱਚ ਚੂਹੇ ਨੱਚਣ ਲੱਗਦੇ …….ਦੂਜਾ ਡੰਗ ਵੀ ਸਾਰਿਆਂ ਨੂੰ ਰੋਟੀ ਖਾਂਦੇ ਦੇਖ ਦੇਖ ਕੇ ਜੀਅ ਕਰਦਾ ……. ਜਵਾਕ ਦਾ ਦਿਲ ਕਰਦਾ ਉਹਨਾਂ ਦੇ ਹੱਥੋਂ ਖੋਹ ਕੇ ਖਾ ਜਾਵੇ…ਪਰ ਕਿੱਥੇ……ਪੂਰੀ ਰਾਤ ਭੁੱਖ ਨਾਲ ਨੀਂਦ ਨਾ ਆਉਂਦੀ…… ਸਵੇਰ ਮਸੀਂ ਚੜ੍ਹਦੀ। ਮਾਂ ਦੇ ਚਾਹ ਬਣਾਉਂਦਿਆਂ ਈ ਪੌਣੇ ਲੀਟਰ ਦਾ ਪਿੱਤਲ ਦਾ ਗਲਾਸ ਚਾਹ ਨਾਲ ਭਰ ਕੇ ਆਪਣੀ ਭੁੱਖ ਹੜਤਾਲ ਖਤਮ ਕਰਕੇ ਆਪਣੇ ਆਪ ਨੂੰ ਆਪੇ ਹੀ ਮਨਾ ਲੈਂਦਾ। ਮੁੜਕੇ ਕਸਮ ਖਾਂਦਾ ਕਿ ਅੱਗੇ ਤੋਂ ਲੱਖ ਰੋਸਾ ਹੋਵੇ ਕਿਸੇ ਨਾਲ….ਪਰ ਭੁੱਖ ਹੜਤਾਲ ਤੇ ਨੀ ਬੈਠਣਾ।ਇਸ ਤਰ੍ਹਾਂ ਦਾ ਤਾਂ ਬਚਪਨ ਹੁੰਦਾ ਸੀ ਜੋ ਆਪਣੇ ਆਪ ਨੂੰ ਆਪੇ ਮਨਾਉਣ ਸਿੱਖ ਜਾਂਦਾ ਸੀ,ਜਿਸ ਕਰਕੇ ਉਸ ਬਚਪਨ ਦੀ ਨੀਂਹ ਐਨੀ ਮਜ਼ਬੂਤ ਹੋ ਜਾਂਦੀ ਸੀ ਕਿ ਵੱਡੇ ਹੋ ਕੇ ਛੇਤੀ ਕੀਤੇ ਛੋਟੀ ਮੋਟੀ ਮੁਸ਼ਕਿਲ ਨੂੰ ਆਪ ਹੱਲ ਕਰਨ ਦਾ ਹੀਆ ਪੈਦਾ ਹੋ ਜਾਂਦਾ ਸੀ।
               ਉਦੋਂ ਵੱਡੀਆਂ ਵੱਡੀਆਂ ਖੁਸ਼ੀਆਂ ਲਈ ਨਾ ਕਦੇ ਬੱਚਿਆਂ ਨੇ ਤਾਂਘ ਜਿਤਾਈ ਸੀ ਤੇ ਨਾ ਮਾਪਿਆਂ ਨੇ ਜਵਾਕਾਂ ਨੂੰ ਪੁੱਚ ਪੁੱਚ ਕਰਕੇ ਸਿਰ ਚੜ੍ਹਾਇਆ ਸੀ।  ਪਤਾ ਨੀ ਕਿੰਨੀਆਂ ਕੁ ਤਾਂਘਾਂ ਨੂੰ ਲੋਚਣ ਤੋਂ ਪਹਿਲਾਂ ਈ ਆਪੇ ਮਨ ਨੂੰ ਸਮਝਾ ਕੇ ਸ਼ਾਂਤ ਕਰਨ ਦਾ ਹੁਨਰ ਵੀ ਉਸ ਬਚਪਨ ਦੀ ਮਾਨਸਿਕਤਾ ਨੂੰ ਤੰਦਰੁਸਤ ਬਣਾਉਂਦਾ ਸੀ। ਆਪਣੇ ਭੈਣਾਂ -ਭਰਾਵਾਂ ਜਾਂ ਗੁਆਂਢੀਆਂ ਦੇ ਬੱਚਿਆਂ ਨਾਲ਼ ਖੇਡ ਕੇ ,ਲੜ ਭਿੜ ਕੇ ਫੇਰ ਆਪੇ ਸਮਝੌਤਾ ਕਰ ਲੈਣਾ । ਘਰ ਵਿੱਚ ਕੋਈ ਫ਼ਲ ਜਾਂ ਮਠਿਆਈ ਆਉਣੀ ਤਾਂ ਸਭ ਦੇ ਮੂੰਹ ਵਿੱਚ ਪਾਣੀ ਆਉਣਾ ਪਰ ਉਹ ਚੀਜ਼ ਖਾਂਦੇ ਉਦੋਂ ਹੀ ਸਨ ਜਦੋਂ ਸਾਰਾ ਟੱਬਰ ਇਕੱਠਾ ਹੁੰਦਾ, ਸਾਰਿਆਂ ਨੂੰ ਇੱਕੋ ਜਿੰਨੀ ਚੀਜ਼ ਜਦ ਮਾਂ ਨੇ ਵੰਡ ਕੇ ਦੇਣੀ ਤਾਂ ਉਸ ਖਾਣ ਵਾਲੀ ਚੀਜ਼ ਦਾ ਸਵਾਦ ਦੁੱਗਣਾ ਹੋ ਜਾਂਦਾ ਸੀ। ਉਦੋਂ ਦੇ ਬੱਚਿਆਂ ਅੰਦਰ “ਮੈਨੂੰ ਇਹ ਨੀ ਪਸੰਦ…..ਮੈਨੂੰ ਔਹ ਨੀ ਪਸੰਦ” ਵਾਲੀ ਤਾਂ ਗੱਲ ਹੀ ਨਹੀਂ ਸੀ। ਜੋ ਖਾਣ ਪੀਣ ਅਤੇ ਪਹਿਨਣ ਨੂੰ ਮਿਲਣਾ ਉਸ ਨੂੰ ਖਿੜੇ ਮੱਥੇ ਸਵੀਕਾਰ ਕਰ ਲੈਂਦੇ ਸਨ।ਇਹ ਆਦਤਾਂ ਉਸ ਬਚਪਨ ਵਿੱਚ ਬਹੁਤ ਛੋਟੀਆਂ ਜਿਹੀਆਂ ਸਭ ਦੇ ਅੱਖੋਂ ਪਰੋਖੇ ਅਣਗੌਲੀਆਂ ਗੱਲਾਂ ਸਨ ਪਰ ਇਹਨਾਂ ਨਾਲ਼ ਹਾਲਾਤਾਂ ਨੂੰ ਸੁਲਝਾਉਣ ਵਾਲ਼ੀ ਗੱਲ ਵੱਡੇ ਹੋ ਕੇ ਇੱਕ ਨਿੱਖਰੀ ਹੋਈ ਜ਼ਿੰਦਗੀ ਪੈਦਾ ਕਰਦੀਆਂ ਸਨ। ਵੰਡ ਕੇ ਖਾਣ,ਸਬਰ ਸੰਤੋਖ ਜਾਂ ਫਿਰ ਭੈਣਾਂ ਭਾਈਆਂ ਜਾਂ ਹੋਰ ਲੋਕਾਂ ਨਾਲ਼ ਆਪਸੀ ਸਮਝੌਤੇ ਕਰਕੇ ਵੱਡੇ ਤੋਂ ਵੱਡੇ ਝਗੜਿਆਂ ਨੂੰ ਵੀ ਬੈਠ ਕੇ ਸੁਲਝਾਉਣ ਦੇ ਕੰਮ ਆਉਂਣ ਵਾਲੀਆਂ ਗੱਲਾਂ ਸਨ। ਪੁਰਾਣੇ ਬਚਪਨ ਵਿੱਚ ਬੱਚੇ ਆਪਣੇ ਮਨੋਰੰਜਨ ਦੇ ਸਾਧਨ ਆਪੇ ਹੀ ਲੱਭ ਲੈਂਦੇ ਸਨ।ਕਈ ਵਾਰੀ ਸਾਰਿਆਂ ਤੋਂ ਵੱਡਾ ਚਲਾਕੀ ਵੀ ਕਰਦਾ ਰਹਿੰਦਾ ਸੀ ਤਾਂ ਉਸ ਚਲਾਕੀ ਦਾ ਭੇਦ ਵੀ ਕਿਤੇ ਹੁਣ ਆ ਕੇ ਲੱਭਦਾ ਹੈ ਜੋ ਜ਼ਿੰਦਗੀ ਦੀ ਇੱਕ ਹਸੀਨ ਯਾਦ ਬਣ ਜਾਂਦੀ ਹੈ। ਪੰਜ ਭੈਣ ਭਾਈਆਂ ਵਿੱਚੋਂ ਸਾਡੇ ਸਾਰਿਆਂ ਵੱਡੇ ਭਰਾ ਨੇ ਗਰਮੀਆਂ ਵਿੱਚ ਦੁਪਹਿਰ ਨੂੰ ਅਰਾਮ ਕਰਨ ਲੱਗੇ ਸਾਰਿਆਂ ਨੂੰ ਕਹਿਣਾ ਕਿ ਚਲੋ ਇੱਕ ਦੂਜੇ ਦੇ ਪਿੱਠ ਤੇ ਉਂਗਲਾਂ ਨਾਲ ਹਲਕੀ ਹਲਕੀ ਖਾਜ ਕਰੀਏ ਤਾਂ ਉਸ ਨੇ ਕਹਿਣਾ ਪਹਿਲਾਂ ਸਾਰਿਆਂ ਦੇ ਉਹ ਆਪ ਸੌ ਸੌ ਵਾਰ ਗਿਣ ਗਿਣ ਕੇ ਕਰੇਗਾ ਤੇ ਉਸ ਨੇ ਖਾਜ ਕਰ ਵੀ  ਦੇਣੀ।ਸਭ ਤੋਂ ਅਖੀਰ ਵਿੱਚ ਆਪਣੀ ਵਾਰੀ ਰੱਖਦਾ ਸੀ। ਅਸੀਂ ਬਹੁਤ ਛੋਟੇ ਸੀ ਇਸ ਕਰਕੇ ਉਸ ਦੀ ਚਲਾਕੀ ਸਮਝ ਨਾ ਆਈ । ਜਦ ਉਸ ਨੇ ਸਾਰਿਆਂ ਤੋਂ ਵਾਰੋ ਵਾਰੀ ਆਪਣੀ ਪਿੱਠ ਤੇ ਖਾਜ ਕਰਵਾਉਣੀ ਤਾਂ ਅਖੀਰ ਵਿੱਚ ਉਸ ਦੀ ਵਾਰੀ ਹੋਣ ਕਰਕੇ ਉਸ ਨੇ ਵਿਹਲਾ ਹੋ ਕੇ ਅਰਾਮ ਨਾਲ ਪੈ ਜਾਣਾ। ਅਸੀਂ ਵਾਰੋ ਵਾਰੀ ਖਾਜ ਕਰਦੇ ਜਾਣਾ ਤੇ ਉਸ ਨੇ ਗੂੜ੍ਹੀ ਨੀਂਦ ਸੌਂ ਜਾਣਾ। ਇਸੇ ਤਰ੍ਹਾਂ ਗਰਮੀਆਂ ਵਿੱਚ ਰਾਤਾਂ ਨੂੰ ਵਿਹੜੇ ਵਿੱਚ ਇੱਕ ਲਾਈਨ ਵਿੱਚ ਮੰਜੇ ਡਾਹ ਕੇ ਵੱਡਿਆਂ ਤੋਂ ਬਾਤਾਂ ਸੁਣਦੇ ਸੁਣਦੇ ਇੱਕ ਟੇਬਲ ਫੈਨ ਮੂਹਰੇ ਹੀ ਸਾਰੇ ਟੱਬਰ ਨੇ ਐਨੀ ਗੂੜ੍ਹੀ ਨੀਂਦ ਸੌਣਾ ਕਿ ਅੱਜ ਏਸੀ ਮੂਹਰੇ ਪੈ ਕੇ ਓਨੀ ਸੋਹਣੀ ਨੀਂਦ ਨਹੀਂ ਆਉਂਦੀ। ਪੁਰਾਣੇ ਬਚਪਨ ਵਿੱਚ ਬੱਚੇ ਛੋਟੀਆਂ ਛੋਟੀਆਂ ਗੱਲਾਂ ਨਾਲ਼ ਆਪੇ ਹੀ ਖੁਸ਼ੀ ਲੱਭ ਲੈਂਦੇ ਸਨ। ਘਰ ਵਿੱਚ ਕਿਸੇ ਰਿਸ਼ਤੇਦਾਰ ਨੇ ਗੱਡੀ ਲੈ ਕੇ ਆਉਣਾ ਤਾਂ ਜਾਣ ਲੱਗੇ ਜਵਾਕਾਂ ਨੂੰ ਝੂਟੀ ਦੇਣ ਲਈ ਨਾਲ ਬਿਠਾ ਲੈਣਾ। ਕਿਲੋਮੀਟਰ ਲੰਬੀ ਝੂਟੀ ਦੇ ਕੇ ਉਸ ਨੇ ਉੱਥੇ ਹੀ ਉਤਾਰ ਜਾਣਾ , ਉੱਥੋਂ ਕਿਲੋਮੀਟਰ ਦੀ ਵਾਟ ਸਾਰੇ ਜਵਾਕਾਂ ਨੇ ਝੂਟੀ ਦੀ ਖੁਸ਼ੀ ਵਿੱਚ ਛਾਲਾਂ ਮਾਰਦਿਆਂ ਨੇ ਖੁਸ਼ੀ ਖੁਸ਼ੀ ਨੱਚਦਿਆਂ ਟੱਪਦਿਆਂ ਨੇ ਘਰ ਆ ਜਾਣਾ। ਚਾਹੇ ਇੱਕ ਕਿਲੋਮੀਟਰ ਤੁਰ ਕੇ ਨੱਚਦੇ ਟੱਪਦੇ ਤਹਿ ਕਰਦੇ ਪਰ ਜਿਹੜੀ ਬੇਸ਼ੁਮਾਰ ਕੀਮਤੀ ਖੁਸ਼ੀ ਦਾ ਖਜ਼ਾਨਾ ਤੇ ਰਿਸ਼ਤੇਦਾਰ ਪ੍ਰਤੀ ਪਿਆਰ ਦੀ ਭਾਵਨਾ ਨੂੰ ਪੱਲੇ ਵਿੱਚ ਭਰ ਕੇ ਲਿਆਉਂਦੇ ਸਨ ਉਹ ਕੀਮਤੀ ਖਜ਼ਾਨੇ ਅੱਜ ਦੇ ਬਚਪਨ ਦੇ ਹੱਥੋਂ ਛੁੱਟ ਗਏ ਹਨ। ਨਵੇਂ ਜ਼ਮਾਨੇ ,ਨਵੀਂ ਤਹਿਜ਼ੀਬ, ਨਵੀਂ ਤਕਨੀਕ ਅਤੇ ਨਵੇਂ ਤਰੀਕਿਆਂ ਦੀ ਰਹਿਣੀ ਬਹਿਣੀ ਨੇ ਅੱਜ ਦੇ ਬਚਪਨ ਨੂੰ ਨਵੀਨਤਾ ਦੇ ਬੋਝ ਹੇਠ ਦਬਿਆ ਦਬਿਆ ਕੁਝ ਜ਼ਰੂਰਤ  ਤੋਂ ਜ਼ਿਆਦਾ ਸਿਆਣਾ ਬਣਾ ਦਿੱਤਾ ਹੈ ।
 ਪਰ ਜੋ ਵੀ ਮਰਜੀ ਹੋਵੇ ਪੁਰਾਣੇ ਬਚਪਨ ਦੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੀਆਂ ਯਾਦਾਂ ਜ਼ਿੰਦਗੀ ਨੂੰ ਰੰਗੀਨ ਜ਼ਰੂਰ ਬਣਾਉਂਦੀਆਂ ਹਨ।ਹਰ ਵਿਅਕਤੀ ਨੂੰ ਆਪਣੇ ਬਚਪਨ ਦੀਆਂ ਇਹੋ ਜਿਹੀਆਂ ਨਿੱਕੀਆਂ ਨਿੱਕੀਆਂ ਆਲੀਆਂ ਭੋਲੀਆਂ ਗੱਲਾਂ ਅੱਜ ਦੇ ਬੱਚਿਆਂ ਨੂੰ ਸੁਣਾਉਂਦੇ ਜ਼ਰੂਰ ਰਹਿਣਾ ਚਾਹੀਦਾ ਹੈ ਤਾਂ ਜੋ ਉਹ ਆਪਣੇ ਵੱਡਿਆਂ ਦੀ ਜ਼ਿੰਦਗੀ ਦੇ ਉਸ ਖ਼ਜ਼ਾਨੇ ਰੂਪੀ ਸਾਗਰ ਚੋਂ ਨਿੱਕੀ ਜਿਹੀ ਚੁੰਝ ਭਰ ਕੇ ਸ਼ਾਇਦ ਕੁਝ ਨਵਾਂ ਸਿੱਖ ਸਕਣ ਕਿਉਂਕਿ ਇਹੀ ਸਾਡਾ ਫਰਜ਼ ਹੈ ਤੇ ਏਹੁ ਹਮਾਰਾ ਜੀਵਣਾ ਹੈ। 
 
ਬਰਜਿੰਦਰ ਕੌਰ ਬਿਸਰਾਓ…
9988901324
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
 
 
 
Previous articleAmid Congress budget deadlock, Biden announces $325 mn military aid for Ukraine
Next article ਵਿਚੋਲਾ        (ਪੰਜਾਬੀ ਹਾਸਰਸ ਕਵਿਤਾ)