ਏਹੁ ਹਮਾਰਾ ਜੀਵਣਾ ਹੈ -388

ਬਰਜਿੰਦਰ ਕੌਰ ਬਿਸਰਾਓ
(ਸਮਾਜ ਵੀਕਲੀ) – ਦੁਆਬੇ ਦਾ ਜੰਮਪਲ ਕਰਤਾਰ ਛੋਟੀ ਉਮਰੇ ਹੀ ਮਾਪਿਆਂ ਨੇ ਸੀਨੇ ਤੇ ਪੱਥਰ ਰੱਖ ਕੇ ਦੋ ਨੰਬਰ ਵਿੱਚ ਅਮਰੀਕਾ ਨੂੰ ਤੋਰ ਦਿੱਤਾ ਸੀ। ਇਹ ਤਾਂ ਉਸ ਦੀ ਖੁਸ਼ਕਿਸਮਤੀ ਸੀ ਜੋ ਸਹੀ ਸਲਾਮਤ ਉੱਥੇ ਪਹੁੰਚ ਗਿਆ ਸੀ। ਜੇ ਉਹ ਇੱਥੇ ਵੀ ਰਹਿੰਦਾ ਤਾਂ ਵੀ ਮਾਪਿਆਂ ਨੂੰ ਉਸ ਦੀ ਜ਼ਿੰਦਗੀ ਬਰਬਾਦ ਹੋਣ ਦਾ ਖ਼ਤਰਾ ਰਹਿੰਦਾ ਕਿਉਂਕਿ ਉਸ ਨੇ ਪੰਜਵੀਂ ਤੋਂ ਬਾਅਦ ਸਕੂਲ ਜਾਣਾ ਛੱਡ ਦਿੱਤਾ ਸੀ। ਅੱਤਵਾਦ ਦਾ ਦੌਰ ਚੱਲਦਾ ਸੀ, ਜਿਵੇਂ ਜਿਵੇਂ ਵੱਡਾ ਹੋ ਰਿਹਾ ਸੀ ਮਾਪਿਆਂ ਨੂੰ ਸਮਝ ਨਹੀਂ ਸੀ ਆਉਂਦੀ ਕਿ ਉਸ ਨੂੰ ਕੀ ਕੰਮ ਕਰਨ ਤੇ ਲਾਉਣ ਕਿਉਂ ਕਿ ਉਦੋਂ ਮੁੱਛ ਫੁੱਟ ਗੱਭਰੂਆਂ ਦੀਆਂ ਜ਼ਿੰਦਗੀਆਂ ਨਾ ਘਰਾਂ ਵਿੱਚ ਮਹਿਫੂਜ਼ ਸਨ ਤੇ ਨਾ ਬਾਹਰ। ਹੌਲ਼ੀ ਹੌਲ਼ੀ ਉਹ ਪੰਜ ਛੇ ਸਾਲਾਂ ਵਿੱਚ ਉੱਥੇ ਪੱਕਾ ਹੋ ਗਿਆ ਸੀ। ਐਨੇ ਸਮੇਂ ਦੇ ਦੌਰਾਨ ਉਸ ਦੇ ਬਾਪੂ ਦੀ ਮੌਤ ਹੋ ਗਈ ਸੀ। ਘਰ ਵਿੱਚ ਉਸ ਤੋਂ ਛੋਟੀ ਭੈਣ ਤੇ ਉਸ ਦੀ ਬੇਬੇ ਹੀ ਰਹਿੰਦੀਆਂ ਸਨ। ਉਹ ਉਹਨਾਂ ਨੂੰ ਖ਼ਰਚਾ ਭੇਜਦਾ ਰਹਿੰਦਾ ਸੀ। ਪਰ ਉਸ ਨੂੰ ਆਪਣੀ ਬੇਬੇ ਦਾ ਤੇ ਛੋਟੀ ਭੈਣ ਦੇ ਵਿਆਹ ਦਾ ਫ਼ਿਕਰ ਸੀ।

             ਅੱਤਵਾਦ ਦਾ ਦੌਰ ਖਤਮ ਹੋ ਗਿਆ ਸੀ। ਹੁਣ ਲੋਕ ਵੀ ਆਮ ਵਾਂਗ ਵਿਚਰਨ ਲੱਗ ਪਏ ਸਨ। ਉਸ ਨੇ ਵੀ ਕੁਝ ਸਮੇਂ ਲਈ ਇੰਡੀਆ ਆਉਣ ਦਾ ਫੈਸਲਾ ਕੀਤਾ । ਉਸ ਨੇ ਇੱਥੇ ਆ ਕੇ ਆਪਣੀ ਭੈਣ ਦਾ ਵਿਆਹ ਕੀਤਾ। ਰਿਸ਼ਤੇਦਾਰ ਉਸ ਨੂੰ ਰਿਸ਼ਤਿਆਂ ਦੀ ਦੱਸ ਪਾਉਂਦੇ ਤਾਂ ਉਹ ਸਾਫ਼ ਸਾਫ਼ ਕਹਿ ਦਿੰਦਾ ਕਿ ਉਸ ਨੂੰ ਬਹੁਤ ਅੰਗਰੇਜ਼ੀ ਬੋਲਣ ਵਾਲ਼ੀ ਪੜ੍ਹੀ ਲਿਖੀ ਕੁੜੀ ਚਾਹੀਦੀ ਹੈ। ਉਹ ਇਸ ਤਰ੍ਹਾਂ ਇਸ ਲਈ ਕਹਿੰਦਾ ਸੀ ਕਿਉਂਕਿ ਉਹ ਆਪ ਅਨਪੜ੍ਹ ਹੋਣ ਕਰਕੇ ਉਸ ਨੂੰ ਅਮਰੀਕਾ ਵਰਗੇ ਦੇਸ਼ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ। ਉਹ ਨਹੀਂ ਚਾਹੁੰਦਾ ਸੀ ਕਿ ਦਹੇਜ ਦੇ ਲਾਲਚ ਵਿੱਚ ਘੱਟ ਪੜ੍ਹੀ ਕੁੜੀ ਨਾਲ਼ ਵਿਆਹ ਕਰਵਾ ਕੇ ਉੱਥੇ ਹੋਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇ। ਉਸ ਨੇ ਗਰੀਬ ਘਰ ਦੀ ਪੜ੍ਹੀ ਲਿਖੀ ਕੁੜੀ ਪਸੰਦ ਕਰਕੇ ਵਿਆਹ ਕਰਵਾ ਲਿਆ। ਵਿਆਹ ਤੋਂ ਮਹੀਨਾ ਕੁ ਬਾਅਦ ਉਹ ਚਲਾ ਗਿਆ ਤੇ ਉੱਥੇ ਜਾ ਕੇ ਆਪਣੀ ਪਤਨੀ ਤੇ ਬੇਬੇ ਦੇ ਕਾਗਜ਼ ਵੀ ਆਪਣੇ ਕੋਲ ਬੁਲਾਉਣ ਲਈ ਲਈ ਲਾ ਦਿੱਤੇ। ਪਹਿਲਾਂ ਬੇਬੇ ਕਰਤਾਰ ਕੋਲ਼ ਚਲੀ ਗਈ ਤੇ ਦੋ ਕੁ ਮਹੀਨਿਆਂ ਬਾਅਦ ਉਸ ਦੀ ਵਹੁਟੀ ਵੀ ਅਮਰੀਕਾ ਚਲੀ ਗਈ। ਬੇਬੇ ਤਾਂ ਆਪਣੇ ਨੂੰਹ ਪੁੱਤ ਦੇ ਘਰ ਦੇ ਕੰਮਾਂ ਵਿੱਚ ਹੱਥ ਵਟਾਉਂਦੀ,ਸਾਰਾ ਦਿਨ ਕਿਸੇ ਨਾ ਕਿਸੇ ਆਹਰੇ ਲੱਗੀ ਰਹਿੰਦੀ। ਪਰ ਕਰਤਾਰ ਦੀ ਵਹੁਟੀ ਤੋਂ ਬਰਦਾਸ਼ਤ ਨਾ ਹੁੰਦਾ, ਹਰ ਵੇਲੇ ਕਰਤਾਰ ਦੇ ਖਹਿੜੇ ਪਈ ਰਹਿੰਦੀ ਕਿ ਉਸ ਦੇ ਮਾਂ ਪਿਓ ਤੇ ਭਰਾ ਦੀ ਰਾਹਦਾਰੀ ਭੇਜ ਕੇ ਉਹਨਾਂ ਨੂੰ ਛੇਤੀ ਉੱਥੇ ਮੰਗਵਾਏ।
               ਕਰਤਾਰ ਨੇ ਆਪਣੇ ਸਹੁਰੇ ਪਰਿਵਾਰ ਦੀ ਰਾਹਦਾਰੀ ਭੇਜ ਕੇ ਉਹਨਾਂ ਨੂੰ ਬੁਲਾ ਲਿਆ। ਕਰਤਾਰ ਨੂੰ ਲੱਗਿਆ ਕਿ ਉਹ ਕੁਛ ਦੇਰ ਇਹਨਾਂ ਕੋਲ ਰਹਿ ਕੇ ਕੰਮਾਂ ਕਾਰਾਂ ਤੇ ਲੱਗ ਕੇ ਕਿਤੇ ਆਪਣਾ ਕਿਰਾਏ ਤੇ ਘਰ ਲੈ ਕੇ ਰਹਿਣ ਲੱਗ ਜਾਣਗੇ ਪਰ ਉਹਨਾਂ ਨੇ ਤਾਂ ਪੱਕੇ ਡੇਰੇ ਲਾ ਲਏ ਸਨ। ਇਹਨਾਂ ਦੇ ਘਰ ਵੀ ਦੋ ਬੱਚੇ ਹੋ ਗਏ ਸਨ। ਜੇ ਕਿਤੇ ਕਰਤਾਰ ਉਸ ਨੂੰ ਆਖ ਦਿੰਦਾ,” ਪਰਮਿੰਦਰ…. ਹੁਣ ਤਾਂ ਇਹ ਸਾਰੇ ਆਪਣੇ ਆਪਣੇ ਕੰਮਾਂ ਤੇ ਲੱਗ ਗਏ ਨੇ…… ਇਹਨਾਂ ਨੂੰ ਕਹਿ ਹੋਰ ਕਿਤੇ ਕਿਰਾਏ ਤੇ ਘਰ ਲੈ ਲੈਣ….!”
“ਕਿਉਂ….. ਮੇਰੇ ਮਾਂ ਬਾਪ ਤੈਨੂੰ ਚੁਭਦੇ ਨੇ……. ਤੇਰੀ ਮਾਂ ਨੀ ਰਹਿੰਦੀ…..?…..ਜਿਹੋ ਜਿਹਾ ਤੂੰ ਮਾਲਕ ਐਂ ਇਸ ਘਰ ਦਾ….. ਉਹੋ ਜਿਹੀ ਉਹਨਾਂ ਦੀ ਧੀ ਮਾਲਕਣ ਆ ਇਸ ਘਰ ਦੀ….!” ਐਥੇ ਈ ਕਰਤਾਰ ਦਾ ਮੂੰਹ ਬੰਦ ਹੋ ਜਾਂਦਾ।
            ਹੌਲ਼ੀ ਹੌਲ਼ੀ ਤਿੰਨ ਚਾਰ ਸਾਲ ਬਾਅਦ ਪਰਮਿੰਦਰ ਨੇ ਆਪਣੇ ਮਾਪਿਆਂ ਨੂੰ ਆਪਣੇ ਘਰ ਤੋਂ ਵੀ ਵੱਡਾ ਘਰ ਆਪਣੀ ਤੇ ਕਰਤਾਰ ਦੀ ਕਮਾਈ ਨਾਲ ਖ਼ਰੀਦ ਕੇ ਦਿੱਤਾ ਕਿਉਂਕਿ ਕਰਤਾਰ ਨੂੰ ਇੱਥੇ ਰਹਿੰਦੇ ਨੂੰ ਬਹੁਤ ਸਮਾਂ ਹੋ ਗਿਆ ਸੀ ਤੇ ਉਸ ਦਾ ਕੰਮ ਵਧੀਆ ਚੱਲਦਾ ਸੀ । ਕਰਤਾਰ ਆਪਣਾ ਘਰ ਵਸਦਾ ਰੱਖਣ ਲਈ ਕੁਝ ਨਾ ਬੋਲਦਾ, ਕਈ ਵਾਰੀ ਬੇਬੇ ਨਾਲ ਵੀ ਬੁਰਾ ਵਰਤਾਓ ਕਰਦੀ ਨੂੰ ਵੇਖ ਕੇ ਚੁੱਪ ਹੀ ਕਰ ਜਾਂਦਾ। ਓਧਰ ਨਵੇਂ ਘਰ ਵਿੱਚ ਜਾ ਕੇ ਕਰਤਾਰ ਦੇ ਸਾਲ਼ੇ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ। ਉਸ ਦਾ ਵਿਆਹ ਵੀ ਹੋ ਗਿਆ। ਪਰਮਿੰਦਰ ਦੇ ਭਰਾ ਦੀ ਵਹੁਟੀ ਪਹਿਲਾਂ ਪਹਿਲ ਤਾਂ ਕਾਫ਼ੀ ਸਾਊ ਸੀ, ਰਲ਼ ਮਿਲ਼ ਕੇ ਰਹਿੰਦੀ ਸੀ ਪਰ ਵਿਆਹ ਤੋਂ ਬਾਅਦ ਦੋ ਸਾਲ ਤੱਕ ਬੱਚਾ ਨਾ ਹੋਣ ਕਰਕੇ ਪਰਮਿੰਦਰ ਤੇ ਉਸ ਦੀ ਮਾਂ ਨੇ ਉਸ ਨੂੰ ਮਿਹਣੇ ਤਾਹਨੇ ਮਾਰਨੇ ਸ਼ੁਰੂ ਕਰ ਦਿੱਤੇ। ਘਰ ਵਿੱਚ ਤਣਾਅ ਰਹਿਣ ਲੱਗਿਆ। ਪਰਮਿੰਦਰ ਦੇ ਭਰਾ ਭਰਜਾਈ ਦਾ ਆਪਸ ਵਿੱਚ ਵੀ ਤੇ ਪਰਿਵਾਰ ਵਿੱਚ ਵੀ ਝਗੜਾ ਰਹਿਣ ਲੱਗਿਆ। ਇੱਕ ਦਿਨ ਪਰਮਿੰਦਰ ਦੇ ਭਰਾ ਨੇ ਨਿੱਤ ਦੇ ਕਲੇਸ਼ ਤੋਂ ਤੰਗ ਆਏ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
            ਕਾਨੂੰਨ ਦੇ ਹਿਸਾਬ ਨਾਲ ਪਰਮਿੰਦਰ ਦੀ ਭਰਜਾਈ ਆਪਣੇ ਪਤੀ ਦੀ ਮੌਤ ਤੋਂ ਬਾਅਦ ਉਸ ਦੀ ਜਾਇਦਾਦ ਦੀ ਵਾਰਿਸ ਸੀ ਤੇ ਉਹ ਉਸ ਘਰ ਦੀ ਮਾਲਕਣ ਬਣ ਗਈ ਸੀ। ਉਸ ਦਾ ਆਪਣੇ ਸੱਸ ਸਹੁਰੇ ਨਾਲ਼ ਨਿੱਤ ਦਾ ਕਲੇਸ਼ ਖ਼ਤਮ ਕਰਨ ਲਈ ਉਹਨਾਂ ਨੂੰ ਬਿਰਧ ਆਸ਼ਰਮ ਭੇਜ ਦਿੱਤਾ। ਜਿਸ ਤਰ੍ਹਾਂ ਦਾ ਵਰਤਾਓ ਪਰਮਿੰਦਰ ਹੁਣ ਤੱਕ ਆਪਣੇ ਭੋਲੇ ਭਾਲੇ ਪਤੀ ਕਰਤਾਰ ਅਤੇ ਉਸ ਦੀ ਬੇਬੇ ਨਾਲ਼ ਕਰਦੀ ਆ ਰਹੀ ਸੀ ਉਸ ਤੋਂ ਵੀ ਵੱਧ ਬੁਰਾ ਉਸ ਦੇ ਪੇਕੇ ਪਰਿਵਾਰ ਨਾਲ਼ ਹੋਇਆ ਸੀ। ਪਰਮਿੰਦਰ ਵਿੱਚ ਪਹਿਲਾਂ ਵਾਲ਼ੀ ਗੱਲ ਨਹੀਂ ਰਹੀ ਸੀ,ਜਦ ਉਹ ਉਦਾਸ ਬੈਠੀ ਹੁੰਦੀ ਤਾਂ ਕਰਤਾਰ ਉਸ ਨੂੰ ਛੁੱਟੀ ਵਾਲੇ ਦਿਨ ਬਿਰਧ ਆਸ਼ਰਮ ਆਪ ਲਿਜਾ ਕੇ ਉਸ ਦੇ ਬਜ਼ੁਰਗ ਮਾਂ ਬਾਪ ਨੂੰ ਮਿਲਾ ਕੇ ਲਿਆਉਂਦਾ ਤੇ ਉਸ ਨੂੰ ਮਨ ਹੀ ਮਨ ਵਿੱਚ ਆਪਣੇ ਕੀਤੇ ਦਾ ਬਹੁਤ ਪਛਤਾਵਾ ਹੁੰਦਾ ਤੇ  ਸੋਚਦੀ ਹੈ ਕਿ ਕਰਮਾਂ ਦਾ ਭੁਗਤਾਨ ਕਰਨਾ ਹੀ ਤਾਂ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਹਾਣੀ \ ਤੇਰਾ ਤੇ ਵਰਕਾ ਹੀ ਖਾਲੀ
Next articleਮਿੱਟੀ ਦਾ ਮੋਹ