ਏਹੁ ਹਮਾਰਾ ਜੀਵਣਾ ਹੈ -383

ਬਰਜਿੰਦਰ ਕੌਰ ਬਿਸਰਾਓ
  (ਸਮਾਜ ਵੀਕਲੀ)– ਅੱਜ ਹੀ ਇੱਕ ਪਚੱਨਵੇਂ ਸਾਲਾ ਬਜ਼ੁਰਗ ਮਾਤਾ ਦੀਆਂ ਅਸਥੀਆਂ ਚੁਗਣ ਲਈ ਉਸ ਦੀ ਔਲਾਦ ਦੋ ਤਿੰਨ ਧਿਰਾਂ ਬਣਾ ਕੇ ਝਾਟਮਝੀਟੀ ਹੁੰਦਿਆਂ, ਡਾਂਗਾਂ ਸੋਟਿਆਂ ਨਾਲ਼ ਲੜਦਿਆਂ ਦੀਆਂ ਵੀਡੀਓਜ਼ ਨਿਊਜ਼ ਚੈਨਲਾਂ ਤੇ ਲਾਈਵ ਚੱਲ ਰਹੀਆਂ ਦੇਖ਼ ਕੇ ਮਨ ਬਹੁਤ ਦੁਖੀ ਹੋਇਆ। ਸੱਚ ਮੁੱਚ ਮਾਤਾ ਦੀ ਸਿਵਿਆਂ ਦੀ ਰਾਖ ਇਸ ਤਰ੍ਹਾਂ ਉੱਡ ਰਹੀ ਸੀ ਜਿਵੇਂ ਚੀਕ ਚੀਕ ਕੇ ਪੁਕਾਰ ਰਹੀ ਹੋਵੇ,” ਵੇ ਪੁੱਤੋ…ਮੈਨੂੰ ਮਿੱਟੀ ਬਣੀ ਨੂੰ ਤਾਂ ਸ਼ਾਂਤੀ ਨਾਲ਼ ਪਈ ਰਹਿਣ ਦਿਓ… ਕਿਉਂ ਆਪਣੇ ਪੈਰਾਂ ਨਾਲ ਮਸਲ ਰਹੇ ਹੋ….!” ਜਿਸ ਬਜ਼ੁਰਗ ਮਾਂ ਦੀ ਮਿੱਟੀ ਨੂੰ ਔਲਾਦ ਇਸ ਤਰ੍ਹਾਂ ਰੋਲ਼ ਰਹੀ ਸੀ ਉਸ ਦੇ ਬੁਢਾਪੇ ਦਾ ਉਸ ਔਲਾਦ ਨੇ ਕੀ ਹਾਲ ਕੀਤਾ ਹੋਵੇਗਾ? ਉਸ ਦੇ ਬੁਢਾਪੇ ਨੂੰ ਕਿਸ ਤਰ੍ਹਾਂ ਰੋਲਿਆ ਹੋਵੇਗਾ। ਮੈਂ ਇਹੀ ਬੈਠੀ ਬਹੁਤ ਦੇਰ ਸੋਚਦੀ ਰਹੀ। ਦੋਵੇਂ ਧਿਰਾਂ ਦੇ ਲੋਕ ਮੜੀਆਂ ਦੀ ਉਡਦੀ ਧੂੜ ਵਿੱਚੋਂ ਆਪਣੀਆਂ ਆਪਣੀਆਂ ਵੀਡੀਓ ਬਣਾ ਕੇ ਆਪਣੀ ਸਫਾਈ ਪੇਸ਼ ਕਰ ਰਹੇ ਸਨ। ਮੀਡੀਆ ਮੂਹਰੇ ਆਪਣੇ ਆਪਣੇ ਪੱਖ ਰੱਖ ਰਹੇ ਸਨ।ਸਿੱਟਾ ਵਿੱਚੋਂ ਕਿੱਲਾ ਡੇਢ ਕਿੱਲਾ ਜ਼ਮੀਨ ਦਾ ਲਾਲਚ ਹੀ ਨਿਕਲ਼ ਰਿਹਾ ਸੀ। ਕਾਸ਼! ਜੇ ਮਾਂ ਦੀਆਂ ਮੁੱਠ ਹੱਡੀਆਂ ਦੀ ਖਿੱਚਾ ਧੂਹੀ ਦੀ ਜਗ੍ਹਾ ਮਾਂ ਨੂੰ ਬੁਢਾਪੇ ਵਿੱਚ ਸਾਂਭਣ ਲਈ ਇਹ ਖਿੱਚਾ ਧੂਹੀ ਕੀਤੀ ਹੁੰਦੀ ਤਾਂ ਇਹ ਨੌਬਤ ਨਹੀਂ ਆ ਸਕਦੀ ਸੀ। ਇਹੋ ਜਿਹੀ ਲਾਹਣਤੀ ਔਲਾਦ ਬਾਰੇ ਕੀ ਕਿਹਾ ਜਾਵੇ? ਇਸ ਪਿੱਛੇ ਕੀ ਕਾਰਨ ਲੁਕੇ ਹੋਏ ਹਨ ਇਸ ਤੇ ਵਿਚਾਰ ਚਰਚਾ ਕਰਨਾ ਤਾਂ ਬਣਦਾ ਹੀ ਹੈ।
           ਮਾਪੇ ਹਮੇਸ਼ਾ ਆਪਣੇ ਬੱਚਿਆਂ ਲਈ ਹਰ ਜਗ੍ਹਾ ਡਟ ਕੇ ਖੜ੍ਹੇ ਦਿਖਾਈ ਦਿੰਦੇ ਹਨ। ਕਦੇ ਜ਼ਿੰਦਗੀ ਵਿੱਚ ,ਜਦੋਂ ਬੱਚਾ ਕੁਝ ਡਾਵਾਂਡੋਲ ਹੋ ਕੇ ਪਿੱਛੇ ਮੁੜਨ ਲੱਗੇ ਤਾਂ ਉਹ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨੂੰ ਹੱਲ ਕਰਨ ਲਈ ਤਿਆਰ ਬਰ ਤਿਆਰ ਹੁੰਦੇ ਹਨ। ਮਾਪੇ ਆਪਣੇ ਬੱਚਿਆਂ ਦੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖਦੇ ਹਨ ਅਤੇ ਉਸਨੂੰ ਸਾਰੀ ਉਮਰ ਹੌਂਸਲਾ ਦਿੰਦੇ ਹਨ। ਮਾਪੇ ਜ਼ਿੰਦਗੀ ਦੇ ਸਾਰੇ ਚੁਣੌਤੀਪੂਰਣ ਪਲਾਂ ਵਿੱਚ ਵੀ ਆਪਣੇ ਬੱਚਿਆਂ  ਨੂੰ ਇਕਜੁੱਟ ਰੱਖਣ ਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਨ। ਮਾਂ ਬਾਪ ਘਰ ਰੂਪੀ ਗੱਡੀ ਦੇ ਦੋ ਪਹੀਏ ਹੁੰਦੇ ਹਨ ਜੋ ਗ੍ਰਹਿਸਥ ਰੂਪੀ ਡੱਬਿਆਂ ਨੂੰ ਖਿੱਚਦੇ ਖਿੱਚਦੇ ਅੱਗੇ ਤੋਰਦਿਆਂ ਹੋਇਆਂ ਵਧਦੇ ਜਾਂਦੇ ਹਨ। ਬੱਚਿਆਂ ਦੀ ਜ਼ਿੰਦਗੀ ਵਿੱਚ ਦੋਵਾਂ ਦੀ ਮੌਜੂਦਗੀ ਬਰਾਬਰ ਦੀ ਅਹਿਮੀਅਤ ਰੱਖਦੀ ਹੈ।ਜੇ ਮਾਂ ਨੂੰ ਠੰਢੀ ਛਾਂ ਕਿਹਾ ਜਾਂਦਾ ਹੈ ਤਾਂ ਪਿਤਾ ਦੀ ਤੁਲਨਾ ਵੀ ਬੋਹੜ ਦੇ ਰੁੱਖ ਨਾਲ ਕੀਤੀ ਗਈ ਹੈ। ਮਾਤਾ ਪਿਤਾ ਦਾ ਲਾਡ , ਉਹਨਾਂ ਦੁਆਰਾ ਦਿੱਤਾ ਪਿਆਰ ਅਤੇ ਉਤਸ਼ਾਹ ਬੱਚੇ ਨੂੰ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਵਲ ਸਿਖਾਉਂਦਾ ਹੈ। ਜਦੋਂ ਬੱਚਾ ਆਪਣੇ ਮਾਪਿਆਂ ਦੀ ਉਂਗਲੀ ਫੜ ਕੇ ਤੁਰਨਾ ਸਿੱਖਦਾ ਹੈ ਤਾਂ  ਉਹਨਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ। ਉਹਨਾਂ ਦੇ ਦਬਕੇ ਵਿੱਚ ਵੀ ਪਿਆਰ ਦੀ ਖ਼ੁਸ਼ਬੂ ਭਰੀ ਹੁੰਦੀ ਹੈ ਜੋ ਉਸ ਨੂੰ ਜ਼ਿੰਦਗੀ ਦੀਆਂ ਮੁਸੀਬਤਾਂ ਨਾਲ ਦੋ ਹੱਥ ਕਰਨ ਦੇ ਸਮਰੱਥ ਬਣਾਉਂਦੀ ਹੈ। ਜ਼ਿੰਦਗੀ ਦੀਆਂ ਜੋ ਮੌਜ-ਬਹਾਰਾਂ, ਬੇਫ਼ਿਕਰੀਆਂ ਅਤੇ ਬੇਪਰਵਾਹੀਆਂ ਭਰੀ ਜ਼ਿੰਦਗੀ ਦੇ ਪਲ ਬੱਚਾ ਆਪਣੇ ਮਾਪਿਆਂ ਦੇ ਸਿਰ ਤੇ ਗੁਜ਼ਾਰ ਲੈਂਦਾ ਹੈ, ਉਹ ਮੌਜ ਬਹਾਰਾਂ ਮੁੜ ਕੇ ਨਹੀਂ ਮਿਲਦੀਆਂ । ਇੱਕ ਕਹਾਵਤ ਹੈ,”ਬੇਬੇ ਬਾਪੂ ਕਹਿੰਦੇ ਸੀ,ਬੜੇ ਸੌਖੇ ਰਹਿੰਦੇ ਸੀ।”ਗੱਲ ਵੀ ਠੀਕ ਹੈ ਮਾਪੇ ਇੱਕ ਖ਼ਜ਼ਾਨੇ ਵਾਂਗ ਹੁੰਦੇ ਹਨ ।ਬੱਚੇ ਨੂੰ ਜਿਹੜੀ ਚੀਜ਼ ਦੀ ਲੋੜ ਹੁੰਦੀ ਹੈ ਉਹਨਾਂ ਕੋਲੋਂ ਮੰਗਿਆਂ ਝੱਟ ਮਿਲ਼ ਜਾਂਦੀ ਹੈ। ਉਹਨਾਂ ਦੀਆਂ ਦੁਆਵਾਂ ਨਾਲ ਬੱਚਿਆਂ ਦੀ ਕਿਸਮਤ ਦਾ ਖਜ਼ਾਨਾ  ਭਰਦਾ ਰਹਿੰਦਾ ਹੈ । ਇਸ ਕਰਕੇ ਮਾਪਿਆਂ ਨੂੰ ਮਾਣ ਅਤੇ ਸਤਿਕਾਰ ਦੇਣਾ ਬੱਚਿਆਂ ਦਾ ਮੁੱਢਲਾ ਕਰਤੱਵ ਹੈ  ਕਿਉਂ ਕਿ ਇਹ ਸਾਡੀ ਸੱਭਿਅਤਾ ਦਾ ਇੱਕ ਅਹਿਮ ਪੱਖ ਹੈ। ਪਰ ਅੱਜ ਕੱਲ ਰਿਸ਼ਤੇ ਨਾਤੇ ਫਿੱਕੇ ਪੈ ਰਹੇ ਹਨ। ਮਾਂ-ਬਾਪ ਬਿਰਧ ਆਸ਼ਰਮਾਂ ਵਿੱਚ ਰੁਲ਼ ਰਹੇ ਹਨ। ਜਿਹੜੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਉਂਗਲ  ਲਾ ਕੇ ਤੁਰਨਾ ਸਿਖਾਇਆ ਹੁੰਦਾ ਹੈ, ਉਹੀ ਬੱਚੇ ਬੁਢਾਪੇ ਵਿੱਚ ਉਹਨਾਂ ਨੂੰ ਆਪਣੇ ਉੱਤੇ ਬੋਝ ਸਮਝਣ ਲੱਗ ਜਾਂਦੇ ਹਨ । ਬੁੱਢੇ ਮਾਪਿਆਂ ਦੀ ਖੰਘਣ ਦੀ ਆਵਾਜ਼ ਵੀ ਉਸਦੇ ਮਨ ਅੰਦਰ ਬੇਚੈਨੀ ਪੈਦਾ ਕਰਦੀ ਹੈ। ਬਹੁਤ ਸਾਰੇ ਮਾਪੇ ਅਜਿਹੇ ਹੁੰਦੇ ਹਨ, ਜਿਨ੍ਹਾਂ ਦੇ ਤਿੰਨ ਚਾਰ ਪੁੱਤਰ ਹੋਣ, ਉਹ ਵੀ ਰੁਲ਼ਦੇ ਹਨ ਜਾਂ ਆਪਸ ਵਿੱਚ ਦਿਨ ਵੰਡ ਕੇ ਉਹਨਾਂ ਨੂੰ ਵਾਰੀ ਸਿਰ ਮਜ਼ਬੂਰੀ ਵੱਸ ਆਪਣੇ ਕੋਲ ਰੱਖਦੇ ਹਨ।ਕੀ ਕਦੇ ਸੋਚਿਆ ਹੈ ਕਿ ਮਾਪਿਆਂ ਨੇ ਤਾਂ ਸਾਰੇ ਬੱਚਿਆਂ ਨੂੰ ਇੱਕੋ ਜਿਹਾ ਪਿਆਰ ਦਿੱਤਾ ਸੀ ? ਪਰ  ਬੱਚਿਆਂ ਦਾ ਇਸ ਤੇਜ਼ ਰਫ਼ਤਾਰੀ ਜੀਵਨ ਵਿੱਚ ਮਾਪਿਆਂ ਨੂੰ ਅਣਗੌਲਿਆਂ ਕਰਨਾ ਉਹਨਾਂ ਦੀ ਬੁਢਾਪੇ ਵਿੱਚ ਘੱਟ ਰਹੀ ਸਰੀਰਕ ਸ਼ਕਤੀ ਦੇ ਨਾਲ ਨਾਲ ਮਾਨਸਿਕ ਤੌਰ ਤੇ ਵੀ ਉਹਨਾਂ ਨੂੰ ਠੇਸ ਪਹੁੰਚਾਉਂਦਾ ਹੈ। ਇਹ ਗੱਲਾਂ ਅੱਜ ਦੀ ਪੀੜ੍ਹੀ ਵਿੱਚ ਕਿਉਂ ਖ਼ਤਮ ਹੋ  ਰਹੀਆਂ ਹਨ ?  ਬੱਚਿਆਂ ਵਿੱਚ ਮਾਡਰਨ ਜ਼ਿੰਦਗੀ ਜਿਉਣ ਦੇ ਚੱਕਰ ਵਿੱਚ ਮਾਪਿਆਂ ਪ੍ਰਤੀ ਸਤਿਕਾਰ ਦੀ ਭਾਵਨਾ ਬਹੁਤ ਘਟ ਗਈ ਹੈ ,ਜਿਸ ਕਾਰਨ ਉਹ ਬੁੱਢੇ ਮਾਪਿਆਂ ਨੂੰ ਆਪਣੇ ਉੱਪਰ ਬੋਝ ਸਮਝਣ ਲੱਗ ਪਏ ਹਨ। ਪਰ ਜਿਹੜੇ ਘਰਾਂ ਵਿੱਚ ਮਾਪੇ ਬੋਝ ਲੱਗਣ ਲੱਗ ਪੈਣ ਉਹ ਘਰ ਕਦੇ ਸੁਖੀ ਨਹੀਂ ਵਸ ਸਕਦੇ ਕਿਉਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਹੋ ਜਿਹੀ ਸਿੱਖਿਆ ਦੇ ਕੇ ਆਪਣੇ ਬੁਢਾਪੇ ਲਈ ਟੋਇਆ ਪੁੱਟ ਰਹੇ ਹੁੰਦੇ ਹਨ। ਆਪਣੇ ਮਾਪਿਆਂ ਨੂੰ ਬੋਝ ਸਮਝਣ ਦੀ ਬਜਾਏ ਉਹਨਾਂ ਦੀ ਸੰਭਾਲ ਕਰਨਾ ਹੀ ਸਾਡਾ ਸਭ ਦਾ ਮੁੱਢਲਾ ਫਰਜ਼ ਹੈ ।ਰੁਲਦੇ ਬੁਢਾਪੇ,ਸੱਚ ਮੁੱਚ ਇਹ ਇੱਕ ਚਿੰਤਾ ਦਾ ਵਿਸ਼ਾ ਹੈ ਜਿਸ ਦਾ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਤੇ ਉਸ ਤੋਂ ਵੀ ਵੱਧ ਧੀਆਂ ਪੁੱਤਰਾਂ ਦਾ ਚੰਦ ਛਿੱਲੜਾਂ ਦੇ ਲਾਲਚ ਵਿੱਚ ਆ ਕੇ ਬਜ਼ੁਰਗਾਂ ਦੀ ਮੁੱਠ ਹੱਡੀਆਂ ਨੂੰ ਰੋਲਣਾ ਤਾਂ ਸਾਡੇ ਸਮਾਜ ਨੂੰ ਕਲੰਕਿਤ ਕਰਦਾ ਔਲਾਦ ਦਾ ਘਿਨਾਉਣਾ ਕਿਰਦਾਰ ਉੱਭਰ ਕੇ ਸਾਹਮਣੇ ਆ ਰਿਹਾ ਹੈ। ਜ਼ਮੀਨਾਂ ਜਾਇਦਾਦਾਂ ਦੇ ਲਾਲਚ ਵਿੱਚ ਆ ਕੇ ਆਪਣੇ ਬਜ਼ੁਰਗਾਂ ਨੂੰ ਰੋਲਣਾ ਤੇ ਉਹਨਾਂ ਦੇ ਸਿਵਿਆਂ ਦੀ ਮਿੱਟੀ ਨੂੰ ਖ਼ਰਾਬ ਕਰਨਾ,ਕੀ ਏਹੁ ਹਮਾਰਾ ਜੀਵਣਾ ਹੈ?
ਬਰਜਿੰਦਰ ਕੌਰ ਬਿਸਰਾਓ…
9988901324 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿਸ਼ਨ ਇੰਦਰਧਨੁਸ਼ ਤਹਿਤ ਟੀਕਾਕਰਣ ਦੇ ਪਹਿਲੇ ਗੇੜ ਦੀ ਹੋਈ ਸ਼ੁਰੂਆਤ
Next articleਗੁਰੂ ਨਾਨਕ ਨੈਸ਼ਨਲ ਕਾਲਜ ਕੋ- ਐਡ ਨਕੋਦਰ ਦੀ ਵਿਦਿਆਰਥਣ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਸੋਲੋ ਭੰਗੜਾ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ