ਏਹੁ ਹਮਾਰਾ ਜੀਵਣਾ ਹੈ -380

ਬਰਜਿੰਦਰ ਕੌਰ ਬਿਸਰਾਓ
  (ਸਮਾਜ ਵੀਕਲੀ)- ਬੀਬੋ ਹੁਣ ਸਿਆਣੀ ਉਮਰ ਦੀ ਹੋ ਗਈ ਸੀ ਕਿਉਂਕਿ ਉਸ ਨੇ ਆਪਣੇ ਦੋਵੇਂ ਮੁੰਡੇ ਵਿਆਹ ਲਏ ਸਨ ਤੇ ਉਸ ਦੇ ਵਿਹੜੇ ਵਿੱਚ ਛੋਟੇ ਛੋਟੇ ਪੋਤੇ ਪੋਤੀਆਂ ਦਾ ਸੁੱਖ ਨਾਲ ਰੌਣਕ ਮੇਲਾ ਲੱਗਿਆ ਰਹਿੰਦਾ ਸੀ। ਪੇਕੇ ਘਰ ਵਿੱਚ ਸਾਰਿਆਂ ਭੈਣਾਂ ਭਰਾਵਾਂ ਵਿੱਚੋਂ ਵੱਡੀ ਹੋਣ ਕਰਕੇ ਉਸ ਦੇ ਤਿੰਨੇ ਭਾਈ ਤੇ ਸਾਰਿਆਂ ਤੋਂ ਛੋਟੀ ਭੈਣ ਉਸ ਨੂੰ ਸਤਿਕਾਰ ਨਾਲ ਬੀਬੀ ਆਖ਼ਦੇ ਸਨ। ਦਰ ਅਸਲ ਬੀਬੋ ਦਾ ਵਿਆਹ ਨਾਲ ਦੇ ਪਿੰਡ ਹੀ ਕਲਕੱਤੇ ਵਾਲ਼ਿਆਂ ਦੇ ਘਰ ਹੋਇਆ ਸੀ।ਉਸ ਦਾ ਸਹੁਰਾ ਪਰਿਵਾਰ ਕਲਕੱਤੇ ਹੀ ਰਹਿੰਦਾ ਸੀ।ਪਿੰਡ ਤਾਂ ਉਹ ਕਦੇ ਕਦਾਈਂ ਦਿਨ ਸੁਧ ਨੂੰ ਹੀ ਗੇੜਾ ਲਾਉਂਦੇ ਸਨ ਕਿਉਂਕਿ ਉਸ ਦੀਆਂ ਨਣਾਨਾਂ ਵੀ ਉੱਥੇ ਹੀ ਵਿਆਹੀਆਂ ਹੋਈਆਂ ਸਨ । ਵਿਆਹ ਤੋਂ ਬਾਅਦ ਉਹ ਵੀ ਆਪਣੇ ਪਰਿਵਾਰ ਨਾਲ਼ ਕਲਕੱਤੇ ਚਲੀ ਗਈ ਸੀ। ਉਸ ਦਾ ਪਤੀ ਹਜੂਰਾ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਹੋਣ ਕਰਕੇ ਟਰੱਕਾਂ ਦਾ ਕੰਮ ਆਪ ਹੀ ਸਾਂਭਦਾ ਸੀ। ਕਲਕੱਤੇ ਉਸ ਦੇ ਸਹੁਰੇ ਨੇ ਤਿੰਨ ਗੱਡੀਆਂ ਪਾਈਆਂ ਹੋਈਆਂ ਸਨ। ਹਜੂਰਾ ਸਿੰਘ ਵੀ ਮਿਹਨਤੀ ਹੋਣ ਕਰਕੇ ਕਮਾਈ ਬਹੁਤ ਹੋਣ ਕਰਕੇ ਪਿੰਡ ਦੇ ਕਹਿੰਦੇ ਕਹਾਉਂਦੇ ਘਰਾਂ ਵਿੱਚੋਂ ਹੀ ਜਾਣੇ ਜਾਂਦੇ ਸਨ। ਉਮਰਾਂ ਦੇ ਹਿਸਾਬ ਨਾਲ ਚਾਹੇ ਬੀਬੋ ਦੇ ਸੱਸ ਸਹੁਰਾ ਆਪਣੀ ਵਧੀਆ ਉਮਰ ਭੋਗ ਕੇ ਦੁਨੀਆਂ ਤੋਂ ਰੁਖ਼ਸਤ ਹੋ ਗਏ ਸਨ ਪਰ ਉਹਨਾਂ ਤੋਂ ਮਗਰੋਂ ਹਜੂਰਾ ਸਿੰਘ ਨੇ ਮਿਹਨਤ ਕਰਕੇ ਤਿੰਨ ਗੱਡੀਆਂ ਹੋਰ ਬਣਾ ਲਈਆਂ ਸਨ ਤੇ ਛੇ ਗੱਡੀਆਂ ਦੇ ਮਾਲਕ ਸਨ।
             ਬੀਬੋ ਦੇ ਦੋ ਕੁੜੀਆਂ ਤੇ ਦੋ ਮੁੰਡੇ ਸਨ। ਉਸ ਨੇ ਜਦ ਆਪਣੇ ਬੱਚਿਆਂ ਨਾਲ ਪੰਜਾਬ ਆਉਣਾ ਤਾਂ ਰੇਲਵੇ ਸਟੇਸ਼ਨ ਤੋਂ ਕਾਰ ਕਿਰਾਏ ਤੇ ਲੈਕੇ ਪਿੰਡ ਜਾਣਾ। ਉਸ ਤੋਂ ਬਾਅਦ ਵੀ ਜਦ ਕਿਸੇ ਹੋਰ ਰਿਸ਼ਤੇਦਾਰਾਂ ਦੇ ਜਾਂ ਪੇਕਿਆਂ ਦੇ ਮਿਲ਼ਣ ਜਾਣਾ ਤਾਂ ਉਹ ਕਾਰ ਕਿਰਾਏ ਤੇ ਕਰਕੇ ਹੀ ਜਾਂਦੀ। ਉਹਨਾਂ ਕੋਲੋਂ ਜਦ ਵਧੀਆ ਪਾਉਡਰ ਜਾਂ ਇਤਰ ਦੀ ਮਿੱਠੀ ਮਿੱਠੀ ਖੁਸ਼ਬੋ ਆਉਣੀ ਤਾਂ ਉਸ ਨਾਲ ਰਿਸ਼ਤੇਦਾਰਾਂ ਨੂੰ ਉਹਨਾਂ ਦੀ ਅਮੀਰੀ ਬਾਰੇ ਪੱਕਾ ਪ੍ਰਮਾਣ ਮਿਲ ਜਾਂਦਾ ਸੀ। ਉਸ ਜ਼ਮਾਨੇ ਵਿੱਚ ਬੱਚਿਆਂ ਦੇ ਸੋਹਣੀਆਂ ਸੋਹਣੀਆਂ ਪੁਸ਼ਾਕਾਂ ਪਾਈਆਂ ਹੋਣੀਆਂ ਤਾਂ ਰਿਸ਼ਤੇਦਾਰਾਂ ਦੇ ਜਵਾਕਾਂ ਤੋਂ ਵੱਖਰੇ ਜਿਹੇ ਲੱਗਦੇ ਸਨ।
          ਬੀਬੋ ਦਾ ਵੱਡਾ ਮੁੰਡਾ ਜੱਸੀ ਕਲਕੱਤੇ ਈ ਅੱਠ ਜਮਾਤਾਂ ਪੜ੍ਹ ਕੇ ਹਟ ਗਿਆ ਸੀ। ਹਜੂਰਾ ਸਿੰਘ ਨੂੰ ਮੁੰਡਿਆਂ ਦੀ ਪੜ੍ਹਾਈ ਦਾ ਕੋਈ ਬਹੁਤਾ ਫ਼ਿਕਰ ਨਹੀਂ ਸੀ ਕਿਉਂਕਿ ਉਦੋਂ ਤੱਕ ਤਾਂ ਉਸ ਨੇ ਦਸ ਗੱਡੀਆਂ ਦੀ ਟਰਾਂਸਪੋਰਟ ਬਣਾ ਲਈ ਸੀ। ਉਸ ਦਾ ਨਾਂ ਪੰਜਾਬੀਆਂ ਦੇ ਚੰਗੇ ਚੰਗੇ ਟਰਾਂਸਪੋਰਟਰਾਂ ਵਿੱਚ ਆਉਂਦਾ ਸੀ। ਜੱਸੀ ਨੂੰ ਵੀ ਉਸ ਨੇ ਆਪਣੇ ਨਾਲ ਈ ਟਰੱਕਾਂ ਦੇ ਕਾਰੋਬਾਰ ਵਿੱਚ ਲਾ ਲਿਆ ਸੀ। ਕੁੜੀਆਂ ਵੀ ਦਸ ਦਸ ਜਮਾਤਾਂ ਪੜ੍ਹਾ ਕੇ ਵਿਆਹ ਦਿੱਤੀਆਂ ਸਨ। ਛੋਟਾ ਮੁੰਡਾ ਹਜੇ ਪੜ੍ਹਦਾ ਸੀ। ਜੱਸੀ ਡਰਾਈਵਰਾਂ ਨਾਲ਼ ਗੱਡੀਆਂ ਤੇ ਜਾਂਦਾ ਜਾਂਦਾ ਕਦ ਮੋਟੀ ਅਫ਼ੀਮ ਖਾਣ ਲੱਗ ਪਿਆ ਸੀ ਕਿਸੇ ਨੂੰ ਪਤਾ ਈ ਨਾ ਚੱਲਿਆ। ਕਾਰੋਬਾਰ ਘਟਣ ਲੱਗ ਪਿਆ ਸੀ ਤੇ ਗੱਡੀਆਂ ਵੀ ਹੌਲ਼ੀ ਹੌਲ਼ੀ ਘਟ ਕੇ ਤਿੰਨ ਰਹਿ ਗਈਆਂ ਸਨ। ਹਜੂਰਾ ਸਿੰਘ ਦੀ ਤਬੀਅਤ ਖ਼ਰਾਬ ਰਹਿਣ ਲੱਗੀ ਸੀ।ਉਸ ਨੇ ਸੋਚਿਆ ਕਿ ਛੋਟੇ ਮੁੰਡੇ ਮਨੀ ਨੂੰ ਪਿੰਡ ਹੀ ਜ਼ਮੀਨ ਦੀ ਖੇਤੀਬਾੜੀ ਸਾਂਭਣ ਲਈ ਲਾ ਦੇਵੇਗਾ ਤੇ ਵੱਡਾ ਗੱਡੀਆਂ ਸਾਂਭੀ ਜਾਵੇਗਾ। ਉਹਨਾਂ ਨੇ ਪੱਕੇ ਤੌਰ ਤੇ ਕਲਕੱਤਾ ਛੱਡ ਕੇ ਪਿੰਡ ਵੱਲ ਨੂੰ ਕੂਚ ਕਰ ਲਿਆ। ਹੁਣ ਉਹਨਾਂ ਦੀ ਨਾ ਤਾਂ ਪਹਿਲਾਂ ਵਾਲ਼ੀ ਕੋਈ ਠਾਠ ਸੀ ਤੇ ਨਾ ਪਹਿਲਾਂ ਵਾਂਗ ਪੱਲੇ ਬਹੁਤਾ ਪੈਸਾ ਧੇਲਾ ਸੀ। ਜੱਸੀ ਨੂੰ ਜਿਹੋ ਜਿਹਾ ਰਿਸ਼ਤਾ ਆਇਆ,ਉਸ ਨੇ ਸਾਦਾ ਜਿਹਾ ਵਿਆਹ ਕਰਨ ਦੀ ਸੋਚੀ। ਇਸੇ ਤਰ੍ਹਾਂ ਦੋ ਤਿੰਨ ਕੁ ਸਾਲ ਬਾਅਦ ਮਨੀ ਨੂੰ ਜਿਹੋ ਜਿਹਾ ਰਿਸ਼ਤਾ ਆਇਆ ਤੇ ਉਸ ਦਾ ਵਿਆਹ ਕਰ ਲਿਆ। ਜੱਸੀ ਕੋਲ ਇੱਕ ਟਰੱਕ ਹੀ ਰਹਿ ਗਿਆ ਸੀ , ਉਸ ਉੱਤੇ ਵੀ ਕਿਸ਼ਤਾਂ ਭਰਨ ਵਾਲੀਆਂ ਖੜ੍ਹੀਆਂ ਸਨ। ਹਜੂਰਾ ਸਿੰਘ ਨੂੰ ਕੈਂਸਰ ਦੀ ਬੀਮਾਰੀ ਹੋ ਗਈ ਸੀ ਪਰ ਇਲਾਜ ਲਈ ਪੈਸਾ ਧੇਲਾ ਵੀ ਨਹੀਂ ਸੀ,ਕਦੇ ਕਿਸੇ ਰਿਸ਼ਤੇਦਾਰਾਂ ਤੋਂ ਕਦੇ ਕਿਸੇ ਰਿਸ਼ਤੇਦਾਰਾਂ ਤੋਂ ਪੈਸੇ ਮੰਗ ਕੇ ਇਲਾਜ ਕਰਵਾਉਣ ਦੀ ਨੌਬਤ ਆ ਗਈ ਸੀ। ਉਸ ਦੇ ਆਖਰੀ ਸਮੇਂ ਦੀ ਗ਼ਰੀਬੀ ਤੇ ਜਵਾਨੀ ਵਿੱਚ ਸ਼ਾਹਾਂ ਵਾਲ਼ੀ ਜ਼ਿੰਦਗੀ ਦੀਆਂ ਅਕਸਰ ਲੋਕ ਕਹਾਣੀਆਂ ਆਪਣੇ ਬੱਚਿਆਂ ਨੂੰ ਦੱਸਦੇ। ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਉਸ ਨੇ ਆਰਥਿਕ ਤੰਗੀ ਨਾਲ ਬਿਤਾਉਂਦੇ ਹੋਏ ਦਮ ਤੋੜ ਦਿੱਤਾ ਸੀ।
         ਓਧਰ ਬੀਬੋ ਦਾ ਸਾਰਾ ਝੁਕਾਅ ਵੱਡੀ ਨੂੰਹ ਵੱਲ ਸੀ। ਦੋਹਾਂ ਮੁੰਡਿਆਂ ਨੂੰ ਅੱਡ ਕਰਦੇ ਸਮੇਂ ਉਸ ਨੇ ਐਨਾ ਵਿਤਕਰਾ ਕੀਤਾ ਕਿ ਵੱਡੇ ਮੁੰਡੇ ਨੂੰਹ ਨੂੰ ਸਾਰਾ ਨਵਾਂ ਬਣਿਆ ਪੱਕਾ ਘਰ ਦੇ ਦਿੱਤਾ ਤੇ ਮਨੀ ਨੂੰ ਪੁਰਾਣਾ ਕੱਚਾ ਘਰ ਦੇ ਦਿੱਤਾ। ਕਿਸੇ ਪੰਚਾਇਤੀ ਨੇ ਕਹਿ ਦਿੱਤਾ,” ਤਾਈ ਜੀ….. ਤੁਸੀਂ ਛੋਟੇ ਮੁੰਡੇ ਨਾਲ ਐਨਾ ਵਿਤਕਰਾ ਕਿਉਂ ਕਰਦੇ ਹੋ….. ਓਹ ਕਿਹੜਾ ਮਤਰੇਆ ਹੈ….. ਤੁਹਾਡਾ ਆਪਣਾ ਮੁੰਡਾ ਈ ਤਾਂ ਹੈ….!” ਬੀਬੋ ਬੋਲੀ,”…..ਮੇਰੇ ਜੱਸੀ ਨੂੰ ਕਿੰਨਾ ਚਿਰ ਹੋ ਗਿਆ ਕਮਾਈਆਂ ਕਰਦੇ ਨੂੰ…..ਇਹ ਨੀ ਕੋਈ ਦੇਖਦਾ….!”  ਪੰਚਾਇਤੀ ਦੇ ਮੂੰਹੋਂ ਨਿਕਲ ਹੀ ਗਿਆ,” ਤਾਈ ਗੁੱਸਾ ਨਾ ਕਰੀਂ….. ਕਮਾਈ ਕਰਦੇ ਨੂੰ ਜਾਂ ਕਮਾਈ ਰੋੜ੍ਹਦੇ ਨੂੰ ਕਿੰਨਾ ਚਿਰ ਹੋ ਗਿਆ…. ਅਰਸ਼ ਤੋਂ ਫਰਸ਼ ਤੇ ਸੁੱਟ ਦਿੱਤਾ…..ਇਹ ਕਸੂਰ ਕੀਹਦਾ….?” ਸਾਰੇ ਚੁੱਪ ਕਰ ਗਏ ਪਰ ਬੀਬੋ ਆਪਣੇ ਫੈਸਲੇ ਤੇ ਅਟਲ ਰਹੀ।
      ਮਨੀ ਦੀ ਘਰਵਾਲ਼ੀ ਲੋਕਾਂ ਦੇ ਕੱਪੜੇ ਸੀਊਂਦੀ,ਮਨੀ ਖੇਤੀ ਕਰਦਾ, ਹੌਲ਼ੀ ਹੌਲ਼ੀ ਦੋ ਤਿੰਨ ਸਾਲਾਂ ਵਿੱਚ ਉਹਨਾਂ ਨੇ ਵੀ ਆਪਣੀ ਛੱਤ ਪੱਕੀ ਕਰਾ ਕੇ ਕੰਧਾਂ ਤੇ ਪਲਸਤਰ ਕਰਵਾ ਕੇ ਘਰ ਪੱਕਾ ਕਰ ਲਿਆ ਸੀ। ਓਧਰ ਜੱਸੀ ਦੀ ਘਰਵਾਲ਼ੀ ਦਾ ਰਵੱਈਆ ਬੀਬੋ ਨਾਲ ਬਦਤਰ ਹੁੰਦਾ ਜਾ ਰਿਹਾ ਸੀ। ਇੱਕ ਦਿਨ ਤਾਂ ਜੱਸੀ ਦੀ ਵਹੁਟੀ ਨੇ ਇੱਥੋਂ ਤੱਕ ਕਹਿ ਦਿੱਤਾ,” ਬੁੜੀਏ…. ਤੂੰ ਬੈਠੀ ਮੰਜੇ ਤੇ ਰੋਟੀ ਖਾਂਦੀ ਆਂ….. ਇਹ ਰੋਟੀ ਨੀ ਕੂੜ ਖਾਨੀਂ ਆਂ….. ਕਿੱਥੇ ਸਾਨੂੰ ਪੱਕੀ ਦੱਦ ਲੱਗੀ ਹੋਈ ਆਂ…..!” ਹਰ ਵੇਲੇ ਬੀਬੋ ਦੀ ਉਹ ਇਸ ਤਰ੍ਹਾਂ ਹੀ ਕੁੱਤੇ ਖਾਣੀ ਕਰਦੀ….. ਦੋ ਰੋਟੀਆਂ ਦੇ ਨਾਲ ਨਾਲ ਬੀਬੋ ਨੂੰ ਉਸ ਦੀਆਂ ਬਹੁਤ ਗਾਲ਼ਾਂ ਵੀ ਸੁਣਨੀਆਂ ਪੈਂਦੀਆਂ। ਬੀਬੋ ਨੇ ਵੀ ਤਾਂ ਮਨੀ ਨਾਲ ਧੱਕਾ ਕਰ ਕੇ ਆਪਣੀਆਂ ਜੜ੍ਹਾਂ ਆਪ ਵੱਢੀਆਂ ਸਨ। ਇਹੀ ਬੋਲ ਕੁਬੋਲ ਸੁਣਦੀ ਬੀਬੋ ਬਹੁਤ ਬੀਮਾਰ ਹੋ ਗਈ। ਓਧਰ ਜੱਸੀ ਦੇ ਸਾਲ਼ੇ ਦਾ ਵਿਆਹ ਆ ਗਿਆ। ਜੱਸੀ ਦੀ ਘਰਵਾਲ਼ੀ ਨੇ ਬੀਬੋ ਤੋਂ ਛੁਟਕਾਰਾ ਪਾਉਣ ਲਈ ਉਸ ਨੂੰ ਸ਼ਹਿਰ ਜੱਸੀ ਦੇ ਮਾਮੇ ਦੇ ਘਰ ਨੇੜੇ ਹੀ ਹਸਪਤਾਲ ਵਿੱਚ ਦਾਖ਼ਲ ਕਰਵਾ ਦਿੱਤਾ ਤੇ ਉਹਨਾਂ ਦੇ ਘਰ ਆ ਕੇ ਕਹਿ ਗਏ,” ਮਾਮਾ ਜੀ….. ਸਾਡੇ ਬੀਜੀ ਨੂੰ ਦੋ ਤਿੰਨ ਕੁ ਦਿਨ ਤੁਸੀਂ ਹਸਪਤਾਲ ਦੇਖ ਲਿਓ…. ਸਾਨੂੰ ਕੰਮ ਐਂ….। ” ਬੀਬੋ ਦੇ ਭਰਾ ਭਰਜਾਈ ਆਪਣੀ ਭੈਣ ਨੂੰ ਸਾਂਭਣ ਤੋਂ ਜਵਾਬ ਤਾਂ ਨਹੀਂ ਦੇ ਸਕਦੇ ਸਨ ਚਾਹੇ ਬੀਬੋ ਨੇ ਆਪਣੇ ਚੰਗਿਆਂ ਸਮਿਆਂ ਵਿੱਚ ਆਪਣੇ ਭਰਾਵਾਂ ਦੀ ਕਦੇ ਬਾਤ ਨਹੀਂ ਪੁੱਛੀ ਸੀ । ਉਹੀ ਗੱਲ ਹੋਈ,ਦੋ ਦਿਨ ਬਾਅਦ ਬੀਬੋ ਪੂਰੀ ਹੋ ਗਈ। ਉਸ ਦੇ ਨੂੰਹਾਂ ਪੁੱਤਾਂ ਨੂੰ ਸੁਨੇਹਾ ਭੇਜਿਆ, ਮਨੀ ਨੇ ਆਉਣ ਤੋਂ ਸਾਫ਼ ਨਾਂਹ ਕਰ ਦਿੱਤੀ, ਜੱਸੀ ਨੂੰ ਉਸ ਦੇ ਸਹੁਰਿਆਂ ਤੋਂ ਵੀ ਅਗਾਂਹ ਜਿੱਥੇ ਵਿਆਹੁਣ ਗਏ ਹੋਏ ਸਨ ਉੱਥੇ ਸੁਨੇਹਾ ਭੇਜਿਆ। ਸੁਣਦੇ ਸਾਰ ਜੱਸੀ ਦੀ ਘਰਵਾਲ਼ੀ ਬੋਲੀ,” ਼…… ਇਹਨੇ ਹੁਣ ਈ ਮਰਨਾ ਸੀ ….. ਸਾਡਾ ਸਾਰਾ ਵਿਆਹ ਵੀ ਖ਼ਰਾਬ ਕਰ ਦਿੱਤਾ…… ਮਰਦੀ ਮਰਦੀ ਨੂੰ ਵੀ ਸਾਡੀਆਂ ਖੁਸ਼ੀਆਂ ਨੀ ਬਰਦਾਸ਼ਤ ਹੋਈਆਂ ਬੁੜੀ ਤੋਂ……!”
ਬੀਬੋ ਨੂੰ ਹਸਪਤਾਲ ਲੈਣ ਪਹੁੰਚੇ ਤਾਂ ਜੱਸੀ ਤੇ ਉਸ ਦੀ ਘਰਵਾਲ਼ੀ ਨੇ ਮਾਮੇ ਨੂੰ ਬਿਲ ਭਰਨ ਤੋਂ ਇਹ ਕਹਿ ਕੇ ਜਵਾਬ ਦੇ ਦਿੱਤਾ,” ਮਾਮਾ ਜੀ ਸਾਡਾ ਤਾਂ ਵਿਆਹ ਤੇ ਖ਼ਰਚਾ ਹੋ ਗਿਆ…. ਤੁਸੀਂ ਬਿਲ ਭਰ ਦਿਓ….. ਅਕਸਰ ਨੂੰ ਸਾਡੀ ਬੀਜੀ…. ਤੁਹਾਡੀ ਵੀ ਤਾਂ ਕੁੜੀ ਹੈ….!”
        ਇਹ ਸਭ ਸੁਣ ਕੇ ਬੀਬੋ ਦਾ ਭਰਾ ਹੱਕਾ ਬੱਕਾ ਰਹਿ ਗਿਆ ਸੀ ਕਿਉਂਕਿ ਜਿਹੜੀ ਬੀਬੋ ਨੇ ਆਪਣੇ ਵੱਡੇਪਣ ਅਤੇ ਅਮੀਰੀ ਦੀ ਟੌਹਰ ਵਿੱਚ ਕਦੇ ਉਹਨਾਂ ਦੇ ਬੱਚਿਆਂ ਨੂੰ ਸਿੱਧੇ ਮੂੰਹ ਬੁਲਾਇਆ ਤੱਕ ਨਹੀਂ ਸੀ ਤੇ ਨਾ ਹੀ ਕਦੇ ਇਹਨਾਂ ਨੂੰ ਮਿਲਣ ਆਉਂਦੀ ਸੀ….. ਅੱਜ ਉਸ ਦੀ ਲਾਸ਼ ਵੀ ਇਸ ਘਰ ਦੀ ਕੁੜੀ ਹੋਣ ਦਾ ਹੱਕ ਜਮਾ ਰਹੀ ਸੀ। ਬੀਬੋ ਦੇ ਭਰਾ ਨੇ ਹਸਪਤਾਲ ਦਾ ਬਿਲ ਭਰਿਆ,ਉਸ ਦੇ ਸਸਕਾਰ ਤੋਂ ਲੈ ਕੇ ਭੋਗ ਤੱਕ ਦਾ ਖਰਚਾ ਕਰਕੇ ਉਸ ਨੂੰ ਆਪਣੇ ਘਰ ਦੀ ਕੁੜੀ ਹੋਣ ਦਾ ਮਾਣ ਦਿੱਤਾ। ਪਰ ਉਹ ਰਿਸ਼ਤਿਆਂ ਦੀਆਂ ਉਲਝੀਆਂ ਤਾਣੀਆਂ ਬਾਰੇ ਸੋਚ ਰਿਹਾ ਸੀ ਕਿ ਕੀ ਏਹੁ ਹਮਾਰਾ ਜੀਵਣਾ ਹੈ ?
ਬਰਜਿੰਦਰ ਕੌਰ ਬਿਸਰਾਓ…
9988901324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੇਂਦਰ ਸਰਕਾਰ ਅਤੇ ਮਨੀਪੁਰ ਸਰਕਾਰ ਵੱਲੋਂ ਗੁੰਡੇ ਅਨਸਰਾਂ ਨੂੰ ਨੱਥ ਨਾ ਪਾਉਣ ਦੀ ਪੁਰਜ਼ੋਰ ਨਿੰਦਾ
Next articleਸੋਹਣੀ ਸੂਰਤ