(ਸਮਾਜ ਵੀਕਲੀ) – ਮਿੰਦਰ ਕੌਰ ਦੀ ਇਕਲੌਤੀ ਧੀ ਸਹਿਜ ਦੀ ਮੰਗਣੀ ਹੋਈ ਸੀ, ਸਾਰੇ ਬਹੁਤ ਖੁਸ਼ ਸਨ। ਕਾਰਜ ਨਿੱਬੜਦੇ ਈ ਸਾਰੇ ਰਿਸ਼ਤੇਦਾਰ, ਭੈਣ ਭਰਾਵਾਂ ਨੂੰ ਇੱਕ ਇੱਕ ਡੱਬਾ ਮਠਿਆਈ ਦਾ ਦੇ ਕੇ ਤੋਰ ਦਿੱਤਾ ਸੀ। ਸਹਿਜ ਚਾਰ ਭਰਾਵਾਂ ਦੀ ਕੱਲੀ ਕੱਲੀ ਭੈਣ ਸੀ। ਘਰ ਵਿੱਚ ਪੂਰਾ ਖੁਸ਼ੀ ਦਾ ਮਾਹੌਲ ਸੀ। ਪਰਮਾਤਮਾ ਦੀ ਐਸੀ ਕਰਨੀ ਹੋਈ ਕਿ ਮੰਗਣੀ ਤੋਂ ਦੂਜੇ ਦਿਨ ਹੀ ਮਿੰਦਰ ਕੌਰ ਦਾ ਸਕਾ ਜੇਠ ਜੋ ਪਿੰਡ ਰਹਿੰਦਾ ਸੀ,ਚਲਾਣਾ ਕਰ ਗਿਆ ਤੇ ਇਹ ਉੱਥੇ ਨਾ ਸਸਕਾਰ ਤੇ ਗਈ ਤੇ ਨਾ ਭੋਗ ‘ਤੇ ਗਈ। ਘਰ ਵਿੱਚ ਸ਼ਗਨਾਂ ਦਾ ਕਾਰਜ ਕੀਤਾ ਹੋਣ ਕਰਕੇ ਉਹ ਮਰਗ ਵਾਲੇ ਘਰ ਜਾਣਾ ਨਹੀਂ ਚਾਹੁੰਦੀ ਸੀ। ਉਲਟਾ ਆਪਣੇ ਘਰਵਾਲੇ ਨੂੰ ਆਖ ਦਿੱਤਾ ਕਿ ਉਹ ਰਿਸ਼ਤੇਦਾਰਾਂ ਨੂੰ ਆਖ ਦੇਵੇ ਕਿ ਉਸ ਨੇ ਘਰੇ ਕਿਸੇ ਨੂੰ ਇਸ ਵਾਰੇ ਦੱਸਿਆ ਹੀ ਨਹੀਂ। ਉਸ ਦੇ ਘਰਵਾਲ਼ੇ ਨੇ ਵੀ ਕਿਸੇ ਨੂੰ ਮਿੰਦਰ ਕੌਰ ਦੀ ਤਬੀਅਤ ਖ਼ਰਾਬ ਹੋਣ ਦੀ ਗੱਲ ਆਖੀ ਤੇ ਕਿਸੇ ਨੂੰ ਘਰੇ ਨਾ ਦੱਸਣ ਵਾਲ਼ੀ ਗੱਲ ਆਖੀ। ਪਰ ਮਿੰਦਰ ਕੌਰ ਦੇ ਮਨ ਦਾ ਵਹਿਮ ਐਨੇ ਨਾਲ਼ ਵੀ ਦੂਰ ਨਹੀਂ ਹੋਇਆ ਸੀ। ਪੰਦਰਾਂ ਕੁ ਦਿਨ ਬਾਅਦ ਉਸ ਨੇ ਆਪਣੇ ਮੁੰਡਿਆਂ ਨਾਲ਼ ਅਤੇ ਪਤੀ ਨਾਲ਼ ਸਲਾਹ ਮਸ਼ਵਰਾ ਕਰਕੇ ਰਿਸ਼ਤੇ ਨੂੰ ਜਵਾਬ ਦੇਣਾ ਸਹੀ ਸਮਝਿਆ ਕਿਉਂਕਿ ਉਸ ਮੁਤਾਬਿਕ ਉਹ ਮੁੰਡਾ ਨਹਿਸ਼ ਸੀ ਜਿਸ ਨਾਲ਼ ਉਹਨਾਂ ਦੀ ਇਕਲੌਤੀ ਕੁੜੀ ਮੰਗੀ ਸੀ। ਉਹ ਸੋਚਦੀ ਸੀ ਕਿ ਜੇ ਉਹਨਾਂ ਨੇ ਉਸ ਨਾਲ ਆਪਣੀ ਕੁੜੀ ਦਾ ਵਿਆਹ ਕਰ ਦਿੱਤਾ ਤਾਂ ਕਿਧਰੇ ਪਰਿਵਾਰ ਵਿੱਚ ਕੋਈ ਐਦੂੰ ਵੱਡੀ ਅਣਹੋਣੀ ਹੀ ਨਾ ਵਾਪਰ ਜਾਵੇ। ਮੁੰਡੇ ਵਾਲਿਆਂ ਦੇ ਘਰ ਹਜੇ ਚਾਅ ਪੂਰੇ ਵੀ ਨਹੀਂ ਹੋਏ ਸਨ ਕਿ ਵਿਚੋਲੇ ਨੂੰ ਬੁਲਾ ਕੇ ਉਹਨਾਂ ਦਾ ਸ਼ਗਨ ਮੋੜ ਦਿੱਤਾ।
ਹੁਣ ਉਹ ਅਖ਼ਬਾਰਾਂ ਰਾਹੀਂ ਨਵੇਂ ਰਿਸ਼ਤੇ ਦੀ ਭਾਲ਼ ਕਰਨ ਲੱਗੇ। ਉਹਨਾਂ ਨੂੰ ਨੇੜੇ ਹੀ ਇੱਕ ਚੰਗੇ ਪਰਿਵਾਰ ਦੇ ਪੜ੍ਹੇ ਲਿਖੇ ਮੁੰਡੇ ਦਾ ਰਿਸ਼ਤਾ ਮਿਲ਼ ਗਿਆ। ਇਸ ਵਾਰ ਉਹਨਾਂ ਨੇ ਰੋਕਾ ਕਰਨ ਲਈ ਬਹੁਤੇ ਰਿਸ਼ਤੇਦਾਰਾਂ ਨੂੰ ਨਾ ਬੁਲਾਇਆ। ਛੇਤੀ ਹੀ ਵਿਆਹ ਦੀ ਤਰੀਕ ਵੀ ਪੱਕੀ ਕਰ ਲਈ। ਸਾਰੇ ਰਿਸ਼ਤੇਦਾਰਾਂ ਨੂੰ ਵਿਆਹ ਦੇ ਸੱਦਾ ਪੱਤਰ ਭੇਜ ਕੇ ਬਹੁਤ ਧੂੰਮ ਧਾਮ ਨਾਲ ਵਿਆਹ ਕਰਨ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਵਿਆਹ ਦੀ ਤਰੀਕ ਵੀ ਆ ਗਈ। ਵਿਆਹ ਬਹੁਤ ਧੂਮ ਧਾਮ ਨਾਲ ਹੋਇਆ। ਮਿੰਦਰ ਕੌਰ ਸਭ ਨੂੰ ਕਹਿੰਦੀ ਫਿਰੇ,”ਮੇਰਾ ਜਵਾਈ ਤਾਂ ਬਹੁਤ ਕਰਮਾਂ ਵਾਲ਼ਾ ਹੈ…. ਜਿਸ ਦਿਨ ਦਾ ਉਸ ਨਾਲ਼ ਸਾਡਾ ਰਿਸ਼ਤਾ ਜੁੜਿਆ…..ਸਾਡੇ ਘਰ ਪੂਰਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ…. ਰੰਗ ਭਾਗ ਲੱਗੇ ਪਏ ਨੇ….!” ਦੂਜੇ ਦਿਨ ਕੁੜੀ ਨੇ ਪੇਕੇ ਘਰ ਫੇਰਾ ਪਾਉਣ ਆਉਣਾ ਸੀ ਤਾਂ ਵੱਡਾ ਮੁੰਡਾ ਵਿਹੜੇ ਦੇ ਇੱਕ ਨੁੱਕਰੇ ਹਲਵਾਈ ਕੋਲ਼ ਖਾਣ ਪੀਣ ਲਈ ਤਾਜ਼ਾ ਤਾਜ਼ਾ ਖਾਣ ਪੀਣ ਦਾ ਸਮਾਨ ਤਿਆਰ ਕਰਵਾਉਣ ਲਈ ਹਦਾਇਤ ਕਰਨ ਗਿਆ ਤਾਂ ਗਰਮ ਗਰਮ ਘਿਓ ਵਾਲ਼ੀ ਕੜਾਹੀ ਮੁੰਡੇ ਵੱਲ ਨੂੰ ਉੱਛਲ ਗਈ ਤੇ ਉਸ ਦੇ ਹੱਥ ਗਰਮ ਘਿਓ ਨਾਲ਼ ਸੜ ਗਏ। ਉਸੇ ਸਮੇਂ ਉਸ ਨੂੰ ਹਸਪਤਾਲ ਲਿਜਾ ਕੇ ਮੁੱਢਲੀ ਸਹਾਇਤਾ ਦਿੱਤੀ। ਮਿੰਦਰ ਕੌਰ ਫਿਰ ਵੀ ਆਖੇ ,” ਮੇਰੇ ਮੁੰਡੇ ਦਾ ਬਚਾਅ ਹੋ ਗਿਆ…. ਮੇਰਾ ਜਵਾਈ ਤਾਂ ਕੋਈ ਕਰਮਾਂ ਵਾਲਾ ਜੀਅ ਆ….ਜੀਹਦੇ ਕਰਕੇ ਮੇਰੇ ਪੁੱਤ ਦਾ ਬਚਾਅ ਹੋ ਗਿਆ…. ਐਨੇ ਨਾਲ਼ ਈ ਸਰ ਗਿਆ….. ਨਹੀਂ ਤਾਂ ਭਾਈ ਕੋਈ ਵੀ ਭਾਣਾ ਵਾਪਰ ਸਕਦਾ ਸੀ…..ਇਹ ਤਾਂ ਸਾਨੂੰ ਰਿਸ਼ਤੇਦਾਰ ਈ ਬਹੁਤੇ ਵਧੀਆ ਟੱਕਰਗੇ….. ਤਾਂ ਹੀ ਤਾਂ ਲੋਕਾਂ ਦੀਆਂ ਨਜ਼ਰਾਂ ਲੱਗਦੀਆਂ ਨੇ……!”
ਕੁੜੀ ਫੇਰਾ ਵੀ ਪਾ ਗਈ। ਵਿਆਹ ਦਾ ਸਾਰਾ ਕਾਰਜ ਖੁਸ਼ੀ ਖੁਸ਼ੀ ਨਿੱਬੜ ਗਿਆ। ਮਿੰਦਰ ਕੌਰ ਆਪਣੇ ਰਿਸ਼ਤੇਦਾਰਾਂ ਜਾਂ ਆਂਢ ਗੁਆਂਢ ਦੇ ਲੋਕਾਂ ਕੋਲ਼ ਵਿਆਹ ਅਤੇ ਨਵੇਂ ਰਿਸ਼ਤੇਦਾਰਾਂ ਦੀਆਂ ਤੇ ਆਪਣੇ ਜਵਾਈ ਦੀਆਂ ਵਡਿਆਈਆਂ ਕਰਦੀ ਨਾ ਥੱਕੇ। ਸੁਣਨ ਵਾਲੇ ਨੂੰ ਇੰਝ ਲੱਗਦਾ ਕਿ ਜਿਵੇਂ ਅੱਜ ਤੱਕ ਕਿਸੇ ਨੇ ਕੁੜੀ ਹੀ ਨਾ ਵਿਆਹੀ ਹੋਵੇ ਜਾਂ ਫਿਰ ਇਸ ਦੇ ਰਿਸ਼ਤੇਦਾਰ ਕੋਈ ਧਰਤੀ ਤੇ ਉੱਤਰੇ ਫ਼ਰਿਸ਼ਤੇ ਹੋਣ…. ਇਹਨਾਂ ਦਾ ਜਵਾਈ ਹੀ ਦੁਨੀਆ ਦਾ ਸਭ ਤੋਂ ਸੁਨੱਖਾ ਤੇ ਹੋਣਹਾਰ ਮੁੰਡਾ ਹੋਵੇ ਜਾਂ ਫਿਰ ਇਹਨਾਂ ਨੇ ਹੀ ਦੁਨੀਆ ਤੋਂ ਅਲਹਿਦਾ ਵਿਆਹ ਕੀਤਾ ਹੋਵੇ। ਮਿੰਦਰ ਕੌਰ ਦੇ ਮੂੰਹੋਂ ਵਡਿਆਈਆਂ ਸੁਣਨ ਵਾਲੇ ਨੇ ਆਪਣੇ ਆਲੇ ਦੁਆਲੇ ਹੋਏ ਵੱਡੇ ਵੱਡੇ ਵਿਆਹ ਸ਼ਾਦੀਆਂ ਬਾਰੇ ਸੋਚ ਕੇ ਮਨ ਹੀ ਮਨ ਵਿੱਚ ਹਿਸਾਬ ਕਿਤਾਬ ਲਾਉਣ ਲੱਗਣਾ ਤੇ ਚੁੱਪ ਰਹਿ ਕੇ ਉਸ ਦੀਆਂ ‘ਆਪਣੇ ਮੂੰਹੋਂ ਮੀਆਂ ਮਿੱਠੂ ‘ ਵਾਲ਼ੀਆਂ ਵਡਿਆਈਆਂ ਸੁਣੀ ਜਾਣੀਆਂ ਤੇ ਮਨ ਵਿੱਚ ਹੱਸ ਛੱਡਣਾ।
ਵਿਆਹ ਤੋਂ ਦਸ ਦਿਨ ਬਾਅਦ ਪਰਮਾਤਮਾ ਦੀ ਐਸੀ ਕਰਨੀ ਹੋਈ ਕਿ ਮਿੰਦਰ ਕੌਰ ਦੇ ਘਰਵਾਲ਼ੇ ਨੂੰ ਦਿਲ ਦਾ ਦੌਰਾ ਪੈ ਗਿਆ ਤੇ ਉਸ ਨੂੰ ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਹੀ ਉਹਨਾਂ ਦੇ ਹੱਥਾਂ ਵਿੱਚ ਹੀ ਦੇਖਦੇ ਦੇਖਦੇ ਦਮ ਤੋੜ ਦਿੱਤਾ। ਜਿਵੇਂ ਜਿਵੇਂ ਸਾਰੇ ਰਿਸ਼ਤੇਦਾਰ ਤੇ ਦੋਸਤ ਮਿੱਤਰ ਆਉਣ ਲੱਗੇ ਉਹ ਤੇ ਉਸ ਦੀਆਂ ਨੂੰਹਾਂ ਉੱਚੀ ਉੱਚੀ ਰੋ ਕੇ ਵਿਰਲਾਪ ਕਰਦੀਆਂ ਨਾ ਦੇਖੀਆਂ ਜਾਣ। ਜਿਵੇਂ ਹੀ ਨਵੀਂ ਵਿਆਹੀ ਜੋੜੀ ਨੇ ਘਰ ਵਿੱਚ ਪ੍ਰਵੇਸ਼ ਕੀਤਾ ਮਿੰਦਰ ਕੌਰ ਤੇ ਉਸ ਦਾ ਪਰਿਵਾਰ ਕੀਰਨੇ ਪਾਉਂਦੇ ਲੋਕਾਂ ਨੂੰ ਸੁਣਾਉਣ ਲੱਗੇ,” ਹਾਏ….. ਲੋਕਾਂ ਤੋਂ…..ਸਾਡੀਆਂ ਖੁਸ਼ੀਆਂ ….ਬਰਦਾਸ਼ਤ ਨਹੀਂ ਹੋਈਆਂ……. ਮੇਰਾ ਜਵਾਈ ਤਾਂ…..ਬਹੁਤ ਕਰਮਾਂ ਵਾਲਾ ਜੀਅ ਆ…… ਪਰ ਸਾਨੂੰ ਤਾਂ ਲੋਕਾਂ ਦੀਆਂ… ਨਜ਼ਰਾਂ ਖਾ ਗਈਆਂ…… ਸਾਡੇ ਵਿਆਹ ਨੂੰ ਵੇਖ ਕੇ…. ਤਾਂ ਦੁਨੀਆਂ ਸੜੀ ਪਈ ਸੀ…… ਮੈਂ ਆਪਣੇ ਘਰ ਨੂੰ ਕਿਵੇਂ ਲੁਕਾਵਾਂ ਦੁਨੀਆਂ ਦੀਆਂ ਭੈੜੀਆਂ ਨਜ਼ਰਾਂ ਤੋਂ…..!” ਉੱਥੇ ਖੜ੍ਹੇ ਸਾਰੇ ਰਿਸ਼ਤੇਦਾਰਾਂ ਅਤੇ ਆਂਢੀਆਂ ਗੁਆਂਢੀਆਂ ਨੂੰ ਇੰਝ ਲੱਗ ਰਿਹਾ ਸੀ ਕਿ ਜਿਵੇਂ ਉਨ੍ਹਾਂ ਦੇ ਇਸ ਦੁੱਖ਼ ਦੇ ਜ਼ਿੰਮੇਵਾਰ ਉਹੀ ਹੋਣ…. ਉਹਨਾਂ ਨਾਲ ਉਹ ਦੁੱਖ ਵੰਡਾਉਣ ਨਹੀਂ ਉਹਨਾਂ ਤੋਂ ਗਾਲ਼ਾਂ ਖਾਣ ਆਏ ਹੋਣ…. ਦੁੱਖ ਦੇ ਸਮੇਂ ਵੀ ਉਹਨਾਂ ਦੇ ਮੂੰਹੋਂ ਇਹੋ ਜਿਹੇ ਕੌੜੇ ਬੋਲ ਸੁਣ ਕੇ ਸਾਰਿਆਂ ਦੇ ਮਨ ਵਿੱਚ ਉਸ ਪਰਿਵਾਰ ਪ੍ਰਤੀ ਹਮਦਰਦੀ ਖ਼ਤਮ ਹੋ ਗਈ ਸੀ …..। ਔਖੀ ਘੜੀ ਵਿੱਚ ਵੀ ਹਰ ਕੋਈ ਸਾਥ ਤਾਂ ਹੀ ਦਿੰਦਾ ਹੈ ਜੇ ਕੋਈ ਕੌੜੇ ਬੋਲ ਬੋਲਣ ਨਾਲੋਂ ਚੁੱਪ ਹੀ ਰਹੇ ਕਿਉਂ ਕਿ ਸਮਾਂ ਕੋਈ ਵੀ ਹੋਵੇ ,ਚਾਹੇ ਦੁੱਖ ਦਾ ਜਾਂ ਸੁੱਖ ਦਾ ਹੋਏ ਪਰ ਘਰ ਆਇਆ ਹਰ ਵਿਅਕਤੀ ਸਤਿਕਾਰ ਚਾਹੁੰਦਾ ਹੈ ਕਿਉਂਕਿ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324